25 ਮਈ, 1675 ਦਾ ਦਿਨ ਸੀ। ਜ਼ਾਲਮ ਸ਼ਾਸਕ ਔਰੰਗਜੇਬ ਜਬਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਪੀੜਤ ਕਸ਼ਮੀਰੀ ਪੰਡਿਤ ਸੱਭ ਪਾਸੇ ਫਰਿਆਦ ਕਰਕੇ ਥੱਕ ਗਏ ਤਾਂ ਆਪਣੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਣ ‘ਚ ਆਏ ਅਤੇ ਸਾਰੀ ਆਪ ਬੀਤੀ ਕਹਿ ਸੁਣਾਈ। ਸਾਰੇ ਪੰਡਿਤ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮਾਂ ਤੋਂ ਤੰਗ ਆਏ ਹੋਏ ਸਨ। ਇੱਧਰ ਗੁਰੂ ਜੀ ਦੀ ਗੁਰਸਿੱਖੀ ਦੀ ਇਨਕਲਾਬੀ ਵਿਚਾਰਧਾਰਾ ਤੋਂ ਪਹਿਲਾਂ ਹੀ ਮੁਗਲ ਬਹੁਤ ਚਿੜਦੇ ਸਨ ਅਤੇ ਜਦੋਂ ਕਸ਼ਮੀਰੀ ਪੰਡਿਤਾਂ ਦੇ ਆਗੂ ਪੰਡਿਤ ਕਿਰਪਾ ਰਾਮ ਦੀ ਅਗਵਾਈ ‘ਚ 16 ਪੰਡਿਤਾਂ ਦਾ ਵਫਦ ਗੁਰੂ ਜੀ ਕੋਲ ਪਹੁੰਚਿਆ ਤਾਂ ਉਹਨਾਂ ਦੱਸਿਆ ਕਿ ਕਿਵੇਂ ਜ਼ਾਲਮ ਉਹਨਾਂ ਦੇ ਜਨੇਊ ਉਤਾਰ ਰਹੇ ਹਨ, ਮੰਦਿਰ ਢਹਿਢੇਰੀ ਕਰ ਰਹੇ ਹਨ ਅਤੇ ਉਹਨਾਂ ‘ਤੇ ਅਤਿਆਚਾਰ ਰਹੇ ਹਨ ਕਿ ਜਾਂ ਤਾਂ ਮੁਸਲਮਾਨ ਹੋ ਜਾਓ ਨਹੀਂ ਤਾਂ ਮਰਨਾ ਪ੍ਰਵਾਨ ਕਰ ਲਓ। ਗੁਰੂ ਜੀ ਨੇ ਸਾਰੇ ਪੰਡਿਤਾਂ ਨੂੰ ਹੌਂਸਲਾ ਦਿੰਦੇ ਹੋਏ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਗੁਰੂ ਜੀ ਨੇ ਕਿਹਾ: –
‘’ਜੋ ਸਰਣਿ ਆਵੈ ਤਿਸੁ ਕੰਠਿ ਲਾਵੈ’’

ਪੰਡਿਤ ਕਿਰਪਾ ਰਾਮ ਕਸ਼ਮੀਰ ਵਿੱਚ ਸਿੱਖੀ ਸਿਧਾਂਤਾਂ ਦੇ ਵੱਡੇ ਪ੍ਰਚਾਰਕ ਸਨ। ਗੁਰੂ ਜੀ ਨੇ ਕਿਹਾ ਜਾ ਕੇ ਕਹਿ ਦਿਓ ਇਫ਼ਤਿਖ਼ਾਰ ਖ਼ਾਨ ਨੂੰ ਅਤੇ ਦੇ ਦਿਓ ਸੁਨੇਹਾ ਔਰੰਗਜੇਬ ਨੂੰ ਕਿ ਸਾਡੇ ਗੁਰੂ ਦਾ ਧਰਮ ਬਦਲਾ ਦੇ ਸਾਰੇ ਕਸ਼ਮੀਰੀ ਪੰਡਿਤ ਵੀ ਧਰਮ ਬਦਲ ਲੈਣਗੇ। ਗੁਰੂ ਜੀ ਕੁੱਝ ਸੋਚਣ ਲੱਗੇ ਅਤੇ ਫਿਰ ਕਿਹਾ ਕਿ ਅਜਿਹੀਆਂ ਸਰਗਰਮੀਆਂ ਰੋਕਣ ਲਈ ਇੱਕ ਮਹਾਨ ਅਤੇ ਪਵਿੱਤਰ ਆਤਮਾ ਦੇ ਬਲੀਦਾਨ ਜ਼ਰੂਰਤ ਹੈ। ਗੁਰੂ ਜੀ ਦੇ ਵਚਨ ਸੁਣ ਕੇ ਜੱਦ ਸਾਰੀ ਸੰਗਤ ਸੋਚੀਂ ਪਈ ਤਾਂ ਉਹਨਾਂ ਦੇ ਆਪਣੇ 9 ਸਾਲ ਦੇ ਪੁੱਤਰ ਗੁਰੂ ਗੋਬਿੰਦ ਰਾਏ ਨੇ ਝੱਟ ਗੁਰੂ ਜੀ ਨੂੰ ਆਖਿਆ, ’’ ਪਿਤਾ ਜੀ ਆਪ ਜੀ ਤੋਂ ਮਹਾਨ ਅਤੇ ਪਵਿੱਤਰ ਆਤਮਾ ਹੋਰ ਕਿਹੜੀ ਹੈ।’’ ਗੁਰੂ ਜੀ ਬਾਲਕ ਗੋਬਿੰਦ ਰਾਏ ਦੀਆਂ ਗੱਲਾਂ ਸੁਣ, ਸਾਹਸੀ ਅਤੇ ਨਿਡਰਤਾ ਵਾਲੇ ਗੁਣ ਦੇਖ ਬਹੁਤ ਪ੍ਰਸੰਨ ਹੋਏ। ਓਧਰ ਔਰੰਗਜੇਬ ਤੱਕ ਜਦੋਂ ਇਹ ਸੁਨੇਹਾ ਪਹੁੰਚਿਆ ਤਾਂ ਮੁਗਲੀਆ ਸਰਗਰਮੀਆਂ ਤੇਜ਼ ਹੋ ਗਈਆਂ। 8 ਜੁਲਾਈ, 1675 ਨੂੰ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ ਗਏ, ਪਰ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਗੁਰੂ ਜੀ ਨੇ ਬਾਲ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪੀ ਅਤੇ ਕੁੱਝ ਸ਼ਸਤਰਧਾਰੀ ਸਿੱਖਾਂ ਦੇ ਨਾਲ ਆਪ ਹੀ ਔਰੰਗਜੇਬ ਵੱਲ ਚਾਲੇ ਪਾ ਲਏ। ਬੱਸੀ ਪਠਾਣਾ ਦੇ ਨੇੜੇ ਥਾਣਾਦਾਰ ਨੂਰ ਮੁਹੰਮਦ ਖ਼ਾਨ ਵੱਲੋਂ ਉਹਨਾਂ ਨੂੰ ਘੇਰਾ ਪਾ ਲਿਆ ਗਿਆ, ਜਿਸ ਨਾਲ ਵੱਡੀ ਫੌਜ ਸੀ, ਗੁਰੂ ਸਾਹਿਬ ਨੇ ਬੇਲੋੜੇ ਖੂਨ-ਖਰਾਬੇ ਨੂੰ ਰੋਕਣ ਲਈ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ ਖੁਦ ਨੂੰ ਨੂਰ ਮੁਹੰਮਦ ਦੇ ਹਵਾਲੇ ਕਰ ਦਿੱਤਾ ਅਤੇ ਬਾਕੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਾਪਸ ਜਾਣ ਦਾ ਹੁਕਮ ਸੁਣਾ ਦਿੱਤਾ।
ਜੁਲਮ ਦੀ ਅਤਿ ਅਤੇ ਸਿੱਖੀ ਦਾ ਇਮਤਿਹਾਨ

ਪਹਿਲਾਂ 3 ਮਹੀਨੇ ਤਾਂ ਗੁਰੂ ਸਾਹਿਬ ਸਮੇਤ ਚਾਰਾਂ ਨੂੰ ਬੱਸੀ ਪਠਾਣਾ ਦੇ ਕਿਲ੍ਹੇ ਚ ਬੰਦ ਕਰਕੇ ਤਸੀਹੇ ਦਿੱਤੇ ਗਏ ਅਤੇ ਫਿਰ ਔਰੰਗਜੇਬ ਦੇ ਹੁਕਮ ਮੁਤਾਬਕ ਲੋਹੇ ਦੇ ਪਿੰਜਰਿਆਂ ਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ। ਇਤਿਹਾਸਕ ਸਰੋਤਾਂ ਦੀ ਮੰਨੀਏ ਤਾਂ 3 ਨਵੰਬਰ 1675 ਨੂੰ ਉਹਨਾਂ ਦੀ ਚਾਂਦਨੀ ਚੌਂਕ ਦੀ ਕੋਤਵਾਲੀ ਪਹੁੰਚਾਇਆ ਗਿਆ ਅਤੇ ਅਗਲੇ ਦਿਨ ਦਿੱਲੀ ਦੇ ਤਤਕਾਲੀ ਗਵਰਨਰ ਸਾਫੀ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਗਵਰਵਰ ਨੇ ਗੁਰੂ ਸਾਹਿਬ ਨੂੰ ਕੋਈ ਕਰਾਮਾਤ ਵਿਖਾਉਣ ਨੂੰ ਕਿਹਾ ਜਿਸ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। 5 ਨਵੰਬਰ ਨੂੰ ਸ਼ਾਹੀ ਹੁਕਮ ਆਇਆ ਕਿ ਜੇਕਰ ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਵਿਖਾਉਣੀ ਤਾਂ ਉਹ ਇਸਲਾਮ ਕਬੂਲ ਕਰ ਲੈਣ। ਕਾਜ਼ੀ ਅਬਦੁਲ ਵਹਾਬ ਨੇ ਫਤਵਾ ਦਿੱਤਾ ਕਿ ਇਹਨਾਂ ਤੋਂ ਇਸਲਾਮ ਕਬੂਲ ਕਰਵਾਉਣ ਲਈ ਹਰ ਸੰਭਵ ਜਤਨ ਕੀਤਾ ਜਾਵੇ। ਤਿੰਨ ਦਿਨ ਤੱਕ ਤਸੀਹਿਆਂ ਸਖ਼ਤ ਤਸੀਹਿਆਂ ਦਾ ਕੰਮ ਚੱਲਿਆ ਅਤੇ ਜਦੋਂ ਗੁਰੂ ਸਾਹਿਬ ਤੇ ਇਸਦਾ ਕੋਈ ਅਸਰ ਨਾ ਹੋਇਆ ਤਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਗੁਰੂ ਜੀ ਦੇ ਸਾਹਮਣੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ। 10 ਨਵੰਬਰ 1675 ਨੂੰ ਉਹ ਦਿਨ ਆਇਆ ਜਦੋਂ ਗੁਰੂ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਤਿੰਨਾਂ ਸਾਥੀਆਂ ਨੂੰ ਉਹ ਤਸੀਹੇ ਦਿੱਤੇ ਗਏ ਜਿਸ ਦਾ ਜ਼ਿਕਰ ਕਰਦਿਆਂ ਅੱਜ ਵੀ ਸੰਗਤਾਂ ਦੇ ਲੂੰ-ਕੰਢੇ ਖੜੇ ਹੋ ਜਾਂਦੇ ਨੇ ਪਰ ਗੁਰੂ ਬਖ਼ਸ਼ਿਸ਼ ਨਾਲ ਸਹਿਣ ਸ਼ਕਤੀ ਦੀ ਮਿਸਾਲ ਤੇ ਮਾਣ ਵੀ ਮਹਿਸੂਸ ਹੁੰਦਾ ਹੈ। ਭਾਈ ਮਤੀ ਦਾਸ ਆਰੇ ਨਾਲ ਚੀਰ ਦਿੱਤਾ ਗਿਆ, ਭਾਈ ਸਤੀ ਦਾਸ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਅਤੇ ਭਾਈ ਦਿਆਲਾ ਜੀ ਨੂੰ ਪਾਣੀ ਨਾਲ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਗਿਆ। ਇਹ ਸੱਭ ਗੁਰੂ ਜੀ ਨੂੰ ਪੈਰਾਂ ਤੋਂ ਹਿਲਾਉਣ ਵਾਸਤੇ ਕੀਤਾ ਗਿਆ ਪਰ ਗੁਰੂ ਜੀ ਅਡੋਲ ਰਹੇ। ਗੁਰੂ ਜੀ ਤੇ ਇਹਨਾਂ ਤਸੀਹਿਆਂ ਦਾ ਕੋਈ ਅਸਰ ਨਾ ਹੁੰਦਾ ਦੇਖ ਕਾਜ਼ੀ ਨੇ ਗੁਰੂ ਜੀ ਦਾ ਸੀਸ ਤਲਵਾਰ ਨਾਲ ਲਾਹੁਣ, ਉਹਨਾਂ ਦੇ ਸਰੀਰ ਦੇ ਚਾਰ ਟੁੱਕੜੇ ਕਰਨ ਅਤੇ ਚਾਰਾਂ ਨੂੰ ਦਿੱਲੀ ਦੇ ਚਾਰੇ ਗੇਟਾਂ (ਦਿੱਲੀ ਗੇਟ, ਅਜਮੇਰੀ ਗੇਟ, ਲਾਹੌਰੀ ਗੇਟ ਅਤੇ ਕਸ਼ਮੀਰੀ ਗੇਟ) ਤੇ ਟੰਗਣ ਦਾ ਅੰਤਿਮ ਫਤਵਾ ਸੁਣਾ ਦਿੱਤਾ। 11 ਨਵੰਬਰ 1675 ਨੂੰ ਕਾਜ਼ੀ ਦੇ ਫਤਵੇ ਤੇ ਅਮਲ ਕਰਦਿਆਂ ਜੱਲਾਦ ਜਲਾਲੂਦੀਨ ਨੇ ਚਾਂਦਨੀ ਚੌਂਕ ਦੇ ਬਰੋਟੇ ਹੇਠ ਗੁਰੂ ਤੇਗ ਬਾਹਦਰ ਸਾਹਿਬ ਦਾ ਸੀਸ ਤਲਵਾਰ ਨਾਲ ਵਾਰ ਕਰਕੇ ਧੜ ਨਾਲੋਂ ਜੁਦਾ ਕਰ ਦਿੱਤਾ। ਦਿੱਲੀ ਵਾਸੀ ਖੌਫ਼ ਹੇਠ ਇਸ ਖੌਫ਼ਨਾਕ ਮੰਜ਼ਰ ਨੂੰ ਵੇਖਦੇ ਰਹੇ।

ਗੁਰੂ ਦੇ ਸਰੀਰ ਨੂੰ ਬੜੀ ਦਲੇਰੀ ਨਾਲ ਬੇਅਦਬੀ ਤੋਂ ਬਚਾਇਆ
ਗੁਰੂ ਸਾਹਿਬ ਸਾਹਿਬ ਦੇ ਧੜ ਤੇ ਸੀਸ ਨੂੰ ਹਕੂਮਤ ਦੀ ਬੇਅਦਬੀ ਤੋਂ ਬਚਾਉਣ ਲਈ ਕੁੱਝ ਸਿੱਖ ਨੌਜਵਾਨ ਇਕੱਠੇ ਹੋਏ , ਜਿਨ੍ਹਾਂ ਰਾਤੋਂ-ਰਾਤ ਗੁਰੂ ਸਾਹਿਬ ਦੇ ਸੀਸ ਤੇ ਧੜ ਨੂੰ ਚਾਂਦਨੀ ਚੌਂਕ ਕੋਤਵਾਲੀ ‘ਚੋਂ ਚੁੱਕ ਲੈਣ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ ਅੱਧੀ ਰਾਤ ਮਗਰੋਂ ਭਾਈ ਜੈਤਾ, ਭਾਈ ਨਾਨੂੰ ਤੇ ਭਾਈ ਊਦਾ ਚਾਂਦਨੀ ਚੌਂਕ ਕੋਤਵਾਲੀ ਪੁੱਜੇ ਤੇ ਬਿਜਲੀ ਦੀ ਫੁਰਤੀ ਨਾਲ ਭਾਈ ਜੈਤਾ ਤੇ ਭਾਈ ਨਾਨੂੰ ਨੇ ਰਾਤ ਦੇ ਹਨ੍ਹੇਰੇ ਵਿੱਚ ਸਤਿਗੁਰਾਂ ਦਾ ਪਵਿੱਤਰ ਸੀਸ ਚੁੱਕ ਲਿਆ ਤੇ ਭਾਈ ਜੈਤਾ ਜੀ ਦੇ ਘਰ ਲੈ ਗਏ। ਅਗਲੇ ਦਿਨ ਭਾਈ ਜੈਤਾ ਤੇ ਭਾਈ ਨਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਤੇ ਸੀਸ ਗੁਰੂ ਗੋਬਿੰਦ ਰਾਏ ਜੀ ਨੂੰ ਸੌਂਪਿਆ, ਜਿਨ੍ਹਾਂ ਪੂਰਨ ਸਤਿਕਾਰ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਕੱਟੇ ਗਏ ਸੀਸ ਦਾ ਸਸਕਾਰ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਦਾ ਧੜ ਭਾਈ ਲਖੀਸ਼ਾਹ ਵਣਜ਼ਾਰੇ ਨੇ ਆਪਣੇ ਤਿੰਨ ਪੁੱਤਰਾਂ ਨਗਾਹੀਆ, ਹੇਮਾ ਤੇ ਹਾੜੀ ਨਾਲ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਚਾਂਦਨੀ ਚੌਂਕ ਕੋਤਵਾਲੀ ਵਿੱਚੋਂ ਚੁੱਕ ਲਿਆ। ਇਹ ਸਾਰੇ ਇੱਕ ਟਾਂਡੇ ਦੇ ਭਰੇ ਗੱਡੇ ‘ਤੇ ਸਵਾਰ ਹੋ ਕੇ ਉਥੇ ਪਹੁੰਚੇ ਤੇ ਬਿਜਲੀ ਦੀ ਫੁਰਤੀ ਨਾਲ ਗੁਰੂ ਸਾਹਿਬ ਦਾ ਧੜ ਚੁੱਕਕੇ ਤੁਰਦੇ ਬਣੇ ਤੇ ਦਿਨ ਚੜ੍ਹਣ ਸਾਰ ਇਨ੍ਹਾਂ ਨੇ ਸਿੱਖ ਮਰਿਯਾਦਾ ਮੁਤਾਬਕ ਆਪਣੇ ਬੇਸ਼ਕੀਮਤੀ ਘਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਰੱਖਕੇ ਸਸਕਾਰ ਕਰ ਦਿੱਤਾ। ਇਨ੍ਹਾਂ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਲਈ ਤੇ ਖੁਦ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਹਕੂਮਤ ਦੇ ਕੁਝ ਸਿਪਾਹੀ ਵੀ ਉਥੇ ਪਹੁੰਚੇ, ਪਰ ਕਿਸੇ ਨੂੰ ਕੁਝ ਨਾ ਪਤਾ ਲੱਗਾ। ਜਿਸ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਗਿਆ, ਉਸ ਥਾਂ ਅੱਜ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ।
ਗੁਰੂ ਸਾਹਿਬ ਦੀ ਬਾਣੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਚ ਦਰਜ ਹੈ, ਜੋ ਇਸ ਪ੍ਰਕਾਰ ਹੈ : -ਬਿਹਾਗੜਾ ਗਉੜੀ,ਆਸਾ ਦੇਵਗੰਧਾਰ ਸੋਰਠਿ ਧਨਾਸਰੀ ਟੋਡੀ ਤਿਲੰਗ ਬਿਲਾਵਲ ਰਾਮਕਲੀ ਮਾਰੂ ਬਸੰਤ ਬਸੰਤ ਹਿਡੋਲ ਸਾਰੰਗ ਜੈਜੈਵੰਤੀ ਆਦਿ ਰਾਗ ਵਿਸੇਸ ਹਨ ਆਪ ਜੀ ਨੈ ਸਾਰੀ ਬਾਣੀ ਮਨ ਨੂੰ ਸੰਬੋਧਨ ਕਰਕੇ ਉਚਾਰਣ ਕੀਤੀ ਗੁਰੁ ਸਾਹਿਬ ਜੀ ਫੁਰਮਾਉਦੇ ਹਨ ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ । (ਤਿਲੰਗ ਮ 9) ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਧਰਮ ਦੀ ਕੀਰਤਨ ਪਰੰਪਰਾ ਨੂੰ ਸਾਜ ਮਿਦੰਗ ਦੀ ਬਖ਼ਸ਼ੀਸ਼ ਕੀਤੀ।
1 ਅਪ੍ਰੈਲ 1621 ਈ. ਨੂੰ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਅੰਮ੍ਰਿਤਸਰ ਵਿੱਚ ਜਨਮੇ ਗੁਰੂ ਤੇਗ ਬਹਾਦਰ ਜੀ ਆਪਣੇ ਪੰਜ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ ਗੁਰੂ ਜੀ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਹੋਏ ਬੈਠੇ ਰਹਿੰਦੇ । ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਆਪ ਪਿੰਡ ਬਕਾਲਾ ਆ ਕੇ ਉਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਦਵਾਈ ਆਪ ਜੀ ਸੁੰਦਰ, ਵਿਦਵਾਨ ,ਸੂਰਬੀਰ ,ਸ਼ਸਤਰਧਾਰੀ ਤੇ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ। ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਮੁਗਲੀਆ ਸਲਤਨਤ ਵਿੱਚ ਡੋਲਦੇ ਸਨਾਤਨ ਧਰਮ ਨੂੰ ਮੁੜ ਪੈਰਾਂ ਤੇ ਖਲੋਣ ਜੋਗਾ ਕਰ ਦਿੱਤਾ। ਸਮੁੱਚਾ ਹਿੰਦੁਸਤਾਨ ਗੁਰੂ ਸਾਹਿਬ ਦੀ ਇਸ ਕੁਰਬਾਨੀ ਦਾ ਸਦਾ ਰਿਣੀ ਰਹੇਗਾ।



Leave a Comment