ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਪੈਂਦੀ ਤਹਿਸੀਲ ਅਜਨਾਲਾ ‘ਚ ਅੰਮ੍ਰਿਤਸਰ ਤੋਂ 13-14 ਕਿਲੋਮੀਟਰ ਦੀ ਦੂਰੀ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ’ਚ ਖਾਲਸਾ ਰਾਜ ਕਾਇਮ ਕੀਤਾ, ਉਸ ਤੋਂ ਬਾਦ ਮਿਸਲਾਂ ਹੋਂਦ ‘ਚ ਆਈਆਂ ਤੇ ਸਿੱਖ ਰਾਜ ਕਾਇਮ ਹੋਇਆ।

ਉਸ ਵੇਲੇ ਸਿੱਖ ਸਰਦਾਰਾਂ ਨੇ ਇਲਾਕੇ ਦੀ ਸੰਗਤ ਦੀ ਗੱਲ ਮੰਨਦਿਆਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਇਕ ਉਦਾਸੀ ਸਾਧੂ ਨੂੰ ਨਿਯੁਕਤ ਕੀਤਾ। ਇਹ ਉਦਾਸੀ ਸਿੱਖ ਮਹੰਤ ਬਣ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਈ ਸਾਲ ਤੱਕ ਵੇਖਦਾ ਰਿਹਾ। ਇਸੇ ਦੌਰਾਨ ਜਦੋਂ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਮਰਿਆਦਾ ਅਨੁਸਾਰ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਗੁਰਦੁਆਰਾ ਗੁਰੂ ਕੇ ਬਾਗ ਦਾ ਪ੍ਰਬੰਧ ਵੀ ਆਪਣੇ ਹੱਥਾਂ ’ਚ ਲੈਣ ਲਈ ਵਿਚਾਰਾਂ ਹੋਈਆਂ। ਉਸ ਵੇਲੇ ਗੁਰਦੁਆਰਾ ਗੁਰੂ ਕੇ ਬਾਗ ਦਾ ਮਹੰਤ ਸੁੰਦਰ ਦਾਸ ਨਾਂ ਦਾ ਵਿਅਕਤੀ ਸੀ ਜੋ ਕਿ ਆਚਰਨ ਪੱਖੋਂ ਅੱਤ ਦਾ ਨੀਚ, ਸ਼ਰਾਬੀ-ਕਬਾਬੀ ਤੇ ਐਬੀ ਸੀ।

ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆ ਚੁੱਕੀ ਸੀ ਤੇ ਇਲਾਕੇ ਦੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਕੋਲ ਵੀ ਮਹੰਤ ਸੁੰਦਰ ਦਾਸ ਦੀਆਂ ਸ਼ਿਕਾਇਤਾਂ ਕੀਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਦੀ ਡਿਊਟੀ ਇਸ ਲਈ ਲਗਾਈ ਕਿ ਉਹ ਮਹੰਤ ਸੁੰਦਰ ਦਾਸ ਨਾਲ ਮਿਲ ਕੇ ਗੱਲਬਾਤ ਕਰੇ ਤੇ ਉਸ ਨੂੰ ਗੁਰਮਤਿ ਮਰਿਆਦਾ ਅਨੁਸਾਰ ਚੱਲਣ ਲਈ ਪ੍ਰੇਰਿਤ ਕਰੇ, ਪਰ ਮਹੰਤ ਇੰਨੀ ਛੇਤੀ ਮੰਨਣ ਵਾਲਾ ਨਹੀਂ ਸੀ। 31 ਜਨਵਰੀ 1921 ਈਸਵੀ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਮੂਹ ਪੰਥ ਦਰਦੀਆਂ ਦਾ ਇੱਕ ਵੱਡਾ ਭਾਰੀ ਇਕੱਠ ਹੋਇਆ। ਇਸ ਮੌਕੇ ਲੋਕਾਂ ’ਚ ਭਾਵੇਂ ਬਹੁਤ ਰੋਸ ਸੀ ਪਰ ਫਿਰ ਵੀ ਮੋਹਰੀ ਸਿੱਖਾਂ ਨੇ ਸੰਗਤਾਂ ਨੂੰ ਜਾਬਤੇ ’ਚ ਰੱਖਦੇ ਹੋਏ ਮਹੰਤ ਸੁੰਦਰ ਦਾਸ ਨੂੰ ਇਕ ਵਾਰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਕਿਹਾ ਗਿਆ ਕਿ ਉਹ ਅਨੇਕਾਂ ਇਸਤਰੀਆਂ ਨਾਲ ਸਬੰਧ ਰੱਖਣ ਦੀ ਥਾਂ ਕਿਸੇ ਇਕ ਔਰਤ ਨਾਲ ਵਿਆਹ ਕਰ ਲਵੇ ਤੇ ਅੰਮ੍ਰਿਤ ਛਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਰਹੇ। ਸਾਰੀਆਂ ਸੰਗਤਾਂ ਦੇ ਸਾਹਮਣੇ ਤਾਂ ਮਹੰਤ ਨੇ ਇਹ ਸ਼ਰਤਾਂ ਮੰਨ ਲਈਆਂ ਤੇ ਇਕਰਾਰਨਾਮੇ ’ਤੇ ਆਪਣੇ ਹਸਤਾਖਰ ਵੀ ਕਰ ਦਿੱਤੇ। ਮੌਕੇ ’ਤੇ ਹੀ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ 11 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ। ਹੋਰ ਤਾਂ ਹੋਰ 8 ਫਰਵਰੀ 1921 ਨੂੰ ਮਹੰਤ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਗਿਆ ਤੇ ਆਪਣੀਆਂ ਪਿਛਲੀਆਂ ਗਲਤੀਆਂ ਲਈ ਮੁਆਫ਼ੀ ਮੰਗਦੇ ਹੋਏ ਉਸ ਨੇ ਅੰਮ੍ਰਿਤ ਵੀ ਛੱਕ ਲਿਆ। ਉਸ ਦਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ ਤੇ ਜਿਸ ਔਰਤ ਨਾਲ ਉਸ ਨੇ ਵਿਆਹ ਕੀਤਾ ਸੀ ਉਸ ਦਾ ਨਾਂ ਗਿਆਨ ਕੌਰ ਰੱਖਿਆ ਗਿਆ।

ਕੁਝ ਸਮਾਂ ਉਹ ਠੀਕ ਰਿਹਾ ਪਰ ਜਦੋਂ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਸਰਕਾਰ ਨੇ ਗੁਰਦੁਆਰਾ ਪ੍ਰਬੰਧ ਦੇ ਸੁਧਾਰਕਾਂ ਤੇ ਅਕਾਲੀਆਂ ਦੇ ਵਿਰੁੱਧ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਮਹੰਤ ਸੁੰਦਰ ਦਾਸ ਉਰਫ਼ ਜੋਗਿੰਦਰ ਸਿੰਘ ਦੁਬਾਰਾ ਅੱਯਾਸ਼ੀ ਬਣ ਬੈਠਾ ਤੇ ਪਹਿਲਾਂ ਵਾਲੇ ਹੀ ਚਾਲੇ ਫੜ ਲਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 23 ਅਗਸਤ 1921 ਈਸਵੀ ਨੂੰ ਸਿੱਖਾਂ ਦਾ ਇੱਕ ਜਥਾ ਭੇਜ ਕੇ ਇਸ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰ ਲਿਆ। ਮਹੰਤ ਵੀ ਟਿਕ ਕੇ ਨਹੀਂ ਸੀ ਬੈਠਾ ਉਸ ਨੇ ਪੁਲਿਸ ਦੀ ਮਦਦ ਮੰਗ ਲਈ। ਪੁਲਿਸ ਕਪਤਾਨ ਨੇ ਮੌਕੇ ’ਤੇ ਅਕਾਲੀਆਂ ਦਾ ਕਬਜ਼ਾ ਹੋਣ ‘ਤੇ ਪ੍ਰਬੰਧ ਠੀਕ ਹੋਣ ਦੀ ਪੁਸ਼ਟੀ ਕਰਦੇ ਹੋਏ ਉਲਟਾ ਅਕਾਲੀ ਪ੍ਰਬੰਧਕਾਂ ਦੀ ਰੱਖਿਆ ਲਈ ਪੁਲਿਸ ਤਾਇਨਾਤ ਕਰ ਦਿੱਤੀ। ਕੁਝ ਸਮਾਂ ਸਾਰਾ ਕੁਝ ਠੀਕ-ਠਾਕ ਚੱਲਦਾ ਰਿਹਾ ਪਰ 8 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਲਈ ਕੁਝ ਸੁੱਕੀਆਂ ਕਿਕਰਾਂ ਕੱਟ ਕੇ ਲਿਆਂਦੀਆਂ ਤਾਂ ਮਹੰਤ ਨੇ ਉਨ੍ਹਾਂ ‘ਤੇ ਚੋਰੀ ਦਾ ਦੋਸ਼ ਲਾਉਂਦੇ ਹੋਏ 9 ਅਗਸਤ ਨੂੰ 5 ਅਕਾਲੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਸੇ ਦਿਨ ਹੀ ਇਨ੍ਹਾਂ ਪੰਜ ਅਕਾਲੀਆਂ ਨੂੰ 6-6 ਮਹੀਨੇ ਦੀ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ ਲੰਗਰ ਲਈ ਉਸੇ ਸਾਂਝੀ ਜ਼ਮੀਨ ਤੋਂ ਲੱਕੜਾਂ ਆਉਂਦੀਆਂ ਰਹੀਆਂ ਪਰ ਕਿਸੇ ਨੇ ਕੁਝ ਨਾ ਕਿਹਾ। ਅਖੀਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਧੜਾਧੜ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। 25 ਅਗਸਤ ਤੱਕ 210 ਅਕਾਲੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ। ਛੇਤੀ ਹੀ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਚਾਰੇ ਪਾਸੇ ਰੋਸ ਫੈਲ ਗਿਆ ਜਿਸ ਕਰਕੇ ਸਿੱਖ ਜਥੇ ਬਣਾ ਕੇ ਗ੍ਰਿਫ਼ਤਾਰੀਆਂ ਦੇਣ ਲੱਗ ਪਏ। ਨਵੰਬਰ ਤੱਕ ਗ੍ਰਿਫਤਾਰ ਸਿੱਖਾਂ ਦੀ ਗਿਣਤੀ 5605 ਹੋ ਚੁੱਕੀ ਸੀ ਜਿੰਨ੍ਹਾਂ ’ਚੋਂ 35 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ।

ਜਦੋਂ ਗੁਰੂ ਕੇ ਬਾਗ ਦੇ ਮੋਰਚੇ ’ਚ ਗ੍ਰਿਫਤਾਰ ਕੀਤੇ ਗਏ ਸਿੰਘਾਂ ਦਾ ਇਕ ਜਥਾ ਅਟਕ ਜੇਲ੍ਹ ਲਈ ਭੇਜਿਆ ਜਾ ਰਿਹਾ ਸੀ ਤੇ ਉਨ੍ਹਾਂ ਨੂੰ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ, ਤਾਂ ਜਿਸ ਸਟੇਸ਼ਨ ਤੋਂ ਵੀ ਰੇਲ ਗੱਡੀ ਲੰਘਦੀ ਉਥੇ ਹੀ ਸੰਗਤਾਂ ਇਸ ਜਥੇ ਦੀ ਸੇਵਾ ਕਰਦੀਆਂ ਤੇ ਲੰਗਰ ਲਗਾ ਦਿੰਦੀਆਂ। ਗੁਰਦੁਆਰਾ ਪੰਜਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਦੋਂ ਇਸ ਜਥੇ ਦੇ ਅਟਕ ਵੱਲ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰੇਲਵੇ ਸਟੇਸ਼ਨ ’ਤੇ ਤਾਇਨਾਤ ਸਟੇਸ਼ਨ ਮਾਸਟਰ ਨੂੰ ਅਪੀਲ ਕੀਤੀ ਕਿ ਉਹ ਇਸ ਰੇਲ ਗੱਡੀ ਨੂੰ ਪੰਜਾ ਸਾਹਿਬ ਵਿਖੇ ਕੁਝ ਸਮੇਂ ਲਈ ਰੋਕ ਦੇਵੇ ਤਾਂ ਜੋ ਪੰਜਾ ਸਾਹਿਬ ਦੀਆਂ ਸੰਗਤਾਂ ਵੀ ਇਸ ਜਥੇ ਦੀ ਸੇਵਾ ਕਰ ਸਕਣ। ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਨਾਂਹ ਕਰ ਦਿੱਤੀ। ਉਧਰੋ ਗੱਡੀ ਪੰਜਾ ਸਾਹਿਬ ਸਟੇਸ਼ਨ ਦੇ ਨੇੜੇ ਆ ਗਈ ਤੇ ਇਧਰ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਪਟੜੀ ਦੀ ਇੱਕ-ਇੱਕ ਲਾਈਨ ’ਤੇ ਬੈਠ ਗਏ। ਡਰਾਇਵਰ ਨੇ ਦੂਰੋਂ ਹੀ ਵਿ੍ਹਸਲਾਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਇਹ ਸਿੱਖ ਉਥੋਂ ਨਾ ਹਿੱਲੇ। ਉਨ੍ਹਾਂ ਨੂੰ ਵੇਖ ਕੇ ਹੋਰ ਸਿੱਖ ਵੀ ਰੇਲ ਗੱਡੀ ਦੀ ਲਾਈਨ ‘ਤੇ ਬੈਠ ਗਏ। ਇਕ ਵਾਰ ਡਰਾਇਵਰ ਨੇ ਗੱਡੀ ਰੋਕਣ ਦੀ ਥਾਂ ਉਸ ਦੀ ਸਪੀਡ ਤੇਜ਼ ਕਰ ਦਿੱਤੀ ਤੇ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ ਦੋਵੇਂ ਹੀ ਗੱਡੀ ਦੇ ਪਹੀਆਂ ਹੇਠ ਆ ਕੇ ਸ਼ਹੀਦ ਹੋ ਗਏ। ਉਨ੍ਹਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬਾਕੀ ਦੇ ਸਿਖ ਰੇਲਵੇ ਲਾਈਨ ’ਤੇ ਲੰਮੇ ਪੈ ਗਏ। ਜਦੋਂ ਡਰਾਇਵਰ ਨੇ ਵੇਖਿਆ ਕਿ ਕੋਈ ਸਿੱਖ ਪਾਸੇ ਨਹੀਂ ਹੱਟ ਰਿਹਾ ਤਾਂ ਉਸ ਨੂੰ ਮਜਬੂਰੀ ਵਸ ਗੱਡੀ ਰੋਕਣੀ ਪਈ। ਭਾਵੇਂ ਦੋ ਸਿਖ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਨ੍ਹਾਂ ਕੈਦੀ ਬਣਾ ਕੇ ਲਿਜਾਏ ਜਾ ਰਹੇ ਸਿੱਖ ਜਥੇ ਦੀ ਬੜੇ ਚਾਅ ਨਾਲ ਸੇਵਾ ਕੀਤੀ। ਅੱਜ ਵੀ ਪੰਜਾ ਸਾਹਿਬ ਦੇ ਸਾਕੇ ਨੂੰ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਹਨ। ਇਹ ਘਟਨਾ ਆਉਂਦੀਆਂ ਪੀੜੀਆਂ ਨੂੰ ਵੀ ਪ੍ਰੇਰਨਾ ਦਿੰਦੀ ਰਹੇਗੀ।



Leave a Comment