ਕੁੱਲ ਲੋਕਾਈ ਦੇ ਰਹਿਬਰ ਬਾਬਾ ਨਾਨਕ:
ਭਾਵੇਂ ਕਿ ਸਿੱਖਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ ਪਰ ਜੇਕਰ ਉਨ੍ਹਾਂ ਨੂੰ ਕੁਲ ਲੋਕਾਈ ਦੇ ਰਹਿਬਰ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਨੇ ਹਰ ਧਰਮ ਦੇ ਲੋਕਾਂ ਦਾ ਪਾਰ ਉਤਾਰਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਸਾਰੇ ਹੀ ਮਨੁੱਖ ਇੱਕੋ ਰੱਬ ਦੇ ਨੂਰ ਵਿੱਚੋਂ ਪੈਦਾ ਹੋਏ ਹਨ, ਚਾਹੇ ਕੋਈ ਚੰਗਾ ਹੈ ਜਾਂ ਕੋਈ ਮਾੜਾ ਹੈ। ਗੁਰੂ ਸਾਹਿਬ ਜੀ ਦੇ ਇਸ ਪਾਵਨ ਵਾਕ ਵਿੱਚ ਹੀ ਸਭ ਕੁੱਝ ਬਾਖ਼ੂਬੀ ਬਿਆਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਆਖਿਆ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਰਾਇ ਭੋਇ ਦੀ ਤਲਵੰਡੀ ਹੁਣ ਪਾਕਿਸਤਾਨ ਵਿਚ ਸਥਿਤ ਹੈ ਅਤੇ ਮੌਜੂਦਾ ਸਮੇਂ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜ਼ਿੰਮੀਦਾਰ ਰਾਇ ਬੁਲਾਰ ਕੋਲ ਨੌਕਰੀ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੁੱਲ ਲੋਕਾਈ ਦੇ ਭਲੇ ਵਾਸਤੇ ਹੋਇਆ ਸੀ। ਗੁਰੂ ਸਾਹਿਬ ਦੇ ਆਗਮਨ ਨੂੰ ਲੈ ਕੇ ਭਾਈ ਗੁਰਦਾਸ ਜੀ ਨੇ ਲਿਖਿਆ :
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜੱਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਭਾਈ ਗੁਰਦਾਸ ਜੀ ਦੇ ਇਸ ਵਾਕ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤ੍ਰਿਤ ਹੋਣਾ ਇੰਝ ਸੀ, ਜਿਵੇਂ ਸੰਘਣੀ ਧੁੰਦ ਵਿੱਚ ਸੂਰਜ ਨਿਕਲ ਆਇਆ ਹੋਵੇ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸੂਰਜ ਬਣਕੇ ਆਏ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਕਾਰਨ ਫੈਲੇ ਹਨ੍ਹੇਰ ਨੂੰ ਦੂਰ ਕਰਨ ਦਾ ਕਾਰਜ ਸ਼ੁਰੂ ਕੀਤਾ।
ਮੁਢਲੀ ਸਿੱਖਿਆ : ਗੁਰੂ ਸਾਹਿਬ ਦੇ ਮਾਪਿਆਂ ਨੇ 1475 ਈ: ਵਿਚ ਬਾਬੇ ਨਾਨਕ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਲਈ ਭੇਜਿਆ। ਗੁਰੂ ਸਾਹਿਬ ਛੋਟੀ ਉਮਰੇ ਹੀ ਅਜਿਹੇ ਸਵਾਲ ਪੰਡਤ ਕੋਲੋਂ ਪੁੱਛਦੇ ਕਿ ਜਿਨ੍ਹਾਂ ਨੂੰ ਸੁਣ ਕੇ ਪੰਡਤ ਜੀ ਵੀ ਹੈਰਾਨ ਰਹਿ ਜਾਂਦੇ। 1478 ਈ: ਵਿਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ ਕੀਤਾ। 1480 ਈ: ਵਿਚ ਕੁਤਬ ਦੀਨ ਮੌਲਾਨਾ ਪਾਸੋਂ ਫ਼ਾਰਸੀ ਦੀ ਸਿੱਖਿਆ ਹਾਸਲ ਕੀਤੀ।
ਮੁਢਲੀ ਸਿੱਖਿਆ ਦੌਰਾਨ ਹੀ ਗੁਰੂ ਸਾਹਿਬ ਨੇ ਪਾਂਧੇ ਨੂੰ ਏਕ ਓਅੰਕਾਰ ਦੇ ਗਿਆਨ ਤੋਂ ਜਾਣੂ ਕਰਵਾਇਆ। ਉਹ ਅਕਾਲ ਪੁਰਖ਼ ਜੋ ਕਣ-ਕਣ ਵਿਚ ਸਮੋਇਆ ਹੈ, ਸਰਵਵਿਆਪੀ ਹੈ।
ਮੋਦੀਖ਼ਾਨੇ ’ਚ ਨੌਕਰੀ : ਬਾਬੇ ਨਾਨਕ ਦੀ ਇਕ ਵੱਡੀ ਭੈਣ ਵੀ ਸੀ, ਜਿਨ੍ਹਾਂ ਦਾ ਨਾਮ ਨਾਨਕੀ ਸੀ। ਸਿੱਖ ਧਰਮ ਵਿਚ ਉਨ੍ਹਾਂ ਬੇਬੇ ਨਾਨਕੀ ਵਜੋਂ ਜਾਣਿਆ ਜਾਂਦਾ ਹੈ। ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਜੈ ਰਾਮ ਜੀ ਨਾਲ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿਚ ਨੌਕਰੀ ਕਰਦੇ ਸਨ। ਗੁਰੂ ਨਾਨਕ ਦਾ ਆਪਣੀ ਭੈਣ ਨਾਲ ਕਾਫ਼ੀ ਪਿਆਰ ਸੀ, ਜਿਸ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਵਿਖੇ ਆਪਣੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉਥੇ ਜਾ ਕੇ ਗੁਰੂ ਸਾਹਿਬ 16 ਸਾਲ ਦੀ ਉਮਰ ਵਿਚ ਮੋਦੀਖਾਨੇ ਵਿਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਨ੍ਹਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ। ਇਸੇ ਦੌਰਾਨ ਗੁਰੂ ਸਾਹਿਬ ਜੀ ਨੇ ਮੋਦੀਖ਼ਾਨੇ ਵਿਚ 13-13 ਦੀ ਬਜਾਏ ਤੇਰਾ-ਤੇਰਾ ਕਰਕੇ ਸੱਭ ਤੋਲ ਦਿੱਤਾ।
ਜਨੇਊ ਧਾਰਣ ਕਰਨ ਤੋਂ ਇਨਕਾਰ ਕਰਨਾ : ਬਾਬਾ ਨਾਨਕ ਬਚਪਨ ਤੋਂ ਹੀ ਅਜਿਹੇ ਕਿਰਦਾਰ ਨਾਲ ਵਿਚਰਨ ਲੱਗੇ ਕਿ ਉਨ੍ਹਾਂ ਦਾ ਹਰ ਕਾਰਜ ਨਿਵੇਕਲਾ ਹੁੰਦਾ ਸੀ। ਉਸ ਸਮੇਂ ਇਕ ਸਮਾਜਿਕ ਰੀਤ ਸੀ ਕਿ ਜਦੋਂ ਬੱਚੇ ਨੂੰ ਸਮਾਜ ਵਿਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸਦੇ ਗਲ ਵਿਚ ਜਨੇਊ (ਸੂਤ ਦੀ ਵੱਟੀ ਡੋਰ) ਪਹਿਨਾਇਆ ਜਾਂਦਾ ਸੀ। ਜਦੋਂ ਬਾਬੇ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ ਦੇ ਗਲ ਜਨੇਊ ਪਾਉਣ ਵਾਸਤੇ ਆਖਿਆ ਤਾਂ ਬਾਬੇ ਨਾਨਕ ਨੇ ਅਜਿਹੇ ਜਨੇਊ ਦੀ ਮੰਗ ਕੀਤੀ ਕਿ ਜੋ ਦਇਆ ਭਰਪੂਰ ਹੋਵੇ, ਸਬਰ, ਸੰਜਮ ਤੇ ਸੰਤੋਖ ਵਾਲਾ ਹੋਵੇ। ਉਹ ਨਾ ਕਦੇ ਟੁੱਟੇ, ਨਾ ਅੱਗ ਵਿਚ ਸੜੇ ਅਤੇ ਹੀ ਕਦੇ ਮੈਲ਼ਾ ਹੋਵੇ। ਬਾਬੇ ਨਾਨਕ ਨੇ ਪੰਡਿਤ ਨੂੰ ਆਖਿਆ :
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜੱਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਕੇ ਬਾਬੇ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ ਪਰ ਪੰਡਤ ਅਜਿਹੇ ਜਨੇਊ ਬਾਰੇ ਕੁੱਝ ਵੀ ਨਹੀਂ ਸੀ ਜਾਣਦਾ। ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੇਊ ਨੂੰ ਪਾਉਣ ਤੋਂ ਕੀਤੀ ਗਈ ਨਾਂਹ ਵਿੱਚੋਂ ਨਵਾਂ ਰਾਹ ਭਾਵ ਸਿੱਖੀ ਦੇ ਰਾਹ ਦੀ ਧਾਰਾ ਫੁੱਟਦੀ ਹੈ, ਇਹ ਸਾਨੂੰ ਅੱਜ ਸਮਝਣਾ ਸੌਖਾ ਹੈ, ਉਦੋਂ ਭਾਵੇਂ ਔਖਾ ਲੱਗਿਆ ਹੋਵੇਗਾ। ਇਹੀ ਤਾਂ ਬਾਬੇ ਨਾਨਕ ਦਾ ਰਾਹ ਹੈ, ਜੋ ਹਨ੍ਹੇਰ ਭਰੇ ਜੱਗ ਵਿਚ ਚਾਨਣ ਕਰਦਾ ਹੈ।
ਉਸ ਸਮੇਂ ਦੇ ਸਮਾਜ ਵਲੋਂ ਔਰਤ ਨੂੰ ਦਰਜੇ ਵਿੱਚ ਨੀਵਾਂ ਸਮਝਿਆ ਜਾਂਦਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੇਖ਼ੌਫ਼ ਹੋ ਕੇ ਇਸ ਰਵਾਇਤ ਦਾ ਵਿਰੋਧ ਕੀਤਾ ਅਤੇ ਔਰਤ ਦੇ ਰੁਤਬੇ ਨੂੰ ਬਹੁਤ ਉਚਾ ਤੇ ਸੁੱਚਾ ਦੱਸਿਆ। ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਹੱਕ ’ਚ ਬਾਬੇ ਨੇ ਅਵਾਜ਼ ਬੁਲੰਦ ਕਰਦਿਆਂ ਆਖਿਆ :
ਭੰਡਿ ਜੰਮੀਐ ਭੰਡ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਮਾੜੀ ਕਿਵੇਂ ਹੋ ਸਕਦੀ ਹੈ।
ਉਦਾਸੀਆਂ: ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਲਈ ਆਪਣੀਆਂ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਤਹਿਤ ਉਹ ਦੂਰ ਦੁਰਾਡੇ ਦੇਸ਼ਾਂ ਵਿੱਚ ਗਏ। ਉਨ੍ਹਾਂ ਦੇ ਨਾਲ ਦੋ ਸਾਥੀ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵੀ ਸਨ। ਬਾਬਾ ਨਾਨਕ ਜਿੱਥੇ ਵੀ ਗਏ, ਉਥੇ ਸੂਝ ਵਿਹੂਣੇ ਲੋਕਾਂ ਦੇ ਹਨੇ੍ਹਰੇ ਮਨਾਂ ਵਿੱਚ ਸੂਝ ਦੇ, ਗਿਆਨ ਦੇ ਦੀਵੇ ਬਾਲੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਚਾਰ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਪਹਿਲੀ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਜਦੋਂ ਜਗਨਨਾਥ ਪੁਰੀ ਦੇ ਮੰਦਰਾਂ ਵਿਚ ਆਰਤੀਆਂ ਹੁੰਦੀਆਂ ਦੇਖੀਆਂ ਤਾਂ ਆਪ ਜੀ ਨੇ ਆਰਤੀ ਲਿਖੀ, ਜਿਸ ਵਿਚ ਆਪ ਜੀ ਨੇ ਲਿਖਿਆ :
ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ॥॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ
ਪਹਿਲੀ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਪ੍ਰਮੁੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਰਾਵੀ ਦਰਿਆ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ ਸੀ। ਇੱਕ ਜਾਣਕਾਰੀ ਅਨੁਸਾਰ ਭਾਈ ਮਰਦਾਨਾ ਜੀ ਦਾ ਪਰਿਵਾਰ ਵੀ ਇੱਥੇ ਹੀ ਆ ਵੱਸ ਗਿਆ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਜੰਮੂ-ਕਸ਼ਮੀਰ, ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਮਾਤਾ ਵੈਸ਼ਨੋ ਦੇਵੀ ਗਏ, ਫਿਰ ਸ੍ਰੀ ਅਮਰਨਾਥ ਅਤੇ ਫਿਰ ਉਸ ਤੋਂ ਵੀ ਉਪਰ ਬਰਫ਼ਾਂ ਲੱਦੀ ਪਰਬਤ ਮਾਲਾ ’ਤੇ ਪੁੱਜੇ, ਜਿੱਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ।
ਇਨ੍ਹਾਂ ਤੋਂ ਇਲਾਵਾ ਬਾਬਾ ਨਾਨਕ ਨੇ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਲੇ ਵਿਚ ਸ਼ਾਮਲ ਹੋ ਕੇ ਮਕਰਾਨ ਦੀ ਯਾਤਰਾ ਕੀਤੀ, ਜਿਸ ਤੋਂ ਬਾਅਦ ਉਹ ਮੱਕਾ ਸ਼ਰੀਫ਼ ਪੁੱਜੇ। ਉਥੇ ਗੁਰੂ ਸਾਹਿਬ ਜੀ ਦਾ ਹਾਜ਼ੀਆਂ ਨਾਲ ਵਿਚਾਰ-ਵਟਾਂਦਰਾ ਹੋਇਆ। ਮੌਲਾਨਾ ਰੁਕਨਦੀਨ ਨਾਲ ਗੁਰੂ ਸਾਹਿਬ ਦੀ ਬਹਿਸ ਹੋਈ। ਇਸ ਮਗਰੋਂ ਆਪ ਜੀ ਨੇ ਮਦੀਨੇ ਦੇ ਚਾਲੇ ਪਾਏ ਅਤੇ ਫਿਰ ਬਸਰੇ, ਕਰਬਲਾ ਤੋਂ ਹੁੰਦਿਆਂ ਇਰਾਕ ਦੇ ਬਗ਼ਦਾਦ ਸ਼ਹਿਰ ਪੁੱਜੇ। ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਅਤੇ ਸਮਰਕੰਦ ਤੋਂ ਹੁੰਦੇ ਹੋਏ ਅਫ਼ਗਾਨਿਸਤਾਨ ਦੇ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਲਾਗੇ ਹਸਨ ਅਬਦਾਲ ਪੁੱਜੇ। ਇਸ ਤੋਂ ਬਾਅਦ ਫਿਰ ਐਮਨਾਬਾਦ ਹੁੰਦੇ ਹੋਏ ਆਪਣੇ ਪਿੰਡ ਕਰਤਾਰਪੁਰ ਆ ਗਏ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਇਸ ਦੌਰਾਨ ਐਮਨਾਬਾਦ ’ਚ ਮੁਗ਼ਲ ਸਾਸ਼ਕ ਬਾਬਰ ਦੇ ਹਮਲੇ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਨੇ ਲਿਖਿਆ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨਾ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦੁ ਨ ਆਇਆ॥
ਉਸ ਸਮੇਂ ਜਿਹੜੇ ਬ੍ਰਾਹਮਣ ਅਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰਾਂ ਵਿਚ ਪਾ ਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਸੀ ਅਤੇ ਲੋਕਾਂ ਨੂੰ ਰੱਬ ਨਾਲ ਮੇਲਣ ਦੇ ਨਾਂਅ ’ਤੇ ਲੋਕਾਂ ਦੀ ਲੁੱਟ ਕਰਦੇ ਸੀ। ਬਾਬੇ ਨਾਨਕ ਨੇ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਹੋਏ ਜਮ ਕੇ ਭੰਡਿਆ ਹੈ :
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਇੱਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ, ਜੋ ਆਪ ਜੀ ਦੇ ਹੋ ਕੇ ਰਹਿ ਗਏ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਅਜਿਹਾ ਗਲੇ ਲਗਾਇਆ ਕਿ ਉਹ ਭਾਈ ਲਹਿਣਾ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 1539 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਜੋਤ ਵਿਚ ਸਮਾ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਅਜਿਹੀ ਸ਼ਕਤੀ ਮੌਜੂਦ ਹੈ ਕਿ ਜੇਕਰ ਕੋਈ ਉਨ੍ਹਾਂ ’ਤੇ ਚੱਲ ਕੇ ਜੀਵਨ ਬਤੀਤ ਕਰਦਾ ਹੈ ਤਾਂ ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ। ਸੋ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ।
ਨੋਟ : ਗੁਰਬਾਣੀ ਦੀਆਂ ਤੁਕਾਂ ਇੰਟਰਨੈੱਟ ਤੋਂ ਲਈਆਂ ਗਈਆਂ ਹਨ ਜੀ।



Leave a Comment