ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਜੇ ਕਿਸੇ ਖਿਡਾਰੀ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ, ਜੁਝਾਰੂ ਜਜ਼ਬੇ ਅਤੇ ਅਟੱਲ ਹੌਂਸਲੇ ਨਾਲ ਖ਼ਾਸ ਪਛਾਣ ਬਣਾਈ ਹੈ, ਤਾਂ ਉਹ ਨਾਮ ਹੈ ਯੁਵਰਾਜ ਸਿੰਘ। ਉਹ ਸਿਰਫ ਇੱਕ ਮਹਾਨ ਕ੍ਰਿਕਟਰ ਹੀ ਨਹੀਂ, ਸਗੋਂ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਨੂੰ ਜਿੱਤ ਕੇ ਲੱਖਾਂ ਲੋਕਾਂ ਲਈ ਪ੍ਰੇਰਣਾ ਬਣੇ ਹਨ। ਅਤੇ ਇਹ ਪਛਾਣ ਹੈ 6 ਬਾਲਾਂ ਵਿੱਚ 6 ਛਿੱਕੇ ਮਾਰਨ ਦਾ। ਅਤੇ ਇਹ ਰਿਕਾਰਡ ਬਣਿਆ 2007 ਵਿੱਚ ਟੀ-20 ਵਿਸ਼ਵ ਕੱਪ । 12 ਦਸੰਬਰ 1981 ਨੂੰ ਚੰਡੀਗੜ੍ਹ ਵਿੱਚ ਜਨਮੇ ਯੁਵਰਾਜ ਨੇ ਨਾ ਸਿਰਫ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਬੋਲਿੰਗ ਨਾਲ ਕ੍ਰਿਕਟ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ, ਸਗੋਂ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨੂੰ ਹਰਾ ਕੇ ਵਾਪਸੀ ਕਰਕੇ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣੇ।
ਯੁਵਰਾਜ ਪੰਜਾਬ ਦੇ ਮਸ਼ਹੂਰ ਕ੍ਰਿਕਟਰ ਅਤੇ ਐਕਟਰ ਯੋਗਰਾਜ ਸਿੰਘ ਦੇ ਪੁੱਤਰ ਹਨ, ਜੋ ਖ਼ੁਦ ਭਾਰਤ ਲਈ ਟੈਸਟ ਅਤੇ ਵਨ-ਡੇ ਮੈਚ ਖੇਡ ਚੁੱਕੇ ਸਨ। ਆਪਣੇ ਪਿਤਾ ਦੀ ਸਖ਼ਤ ਨਿਗਰਾਨੀ ਅਤੇ ਸਿਖਲਾਈ ਹੇਠ ਤਿਆਰ ਹੋਏ ਯੁਵਰਾਜ ਨੇ ਛੋਟੀ ਉਮਰ ਤੋਂ ਹੀ ਕ੍ਰਿਕਟ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਯੁਵਰਾਜ ਦਾ ਪਾਲਣ-ਪੋਸ਼ਣ ਇੱਕ ਕ੍ਰਿਕਟ ਪ੍ਰੇਮੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਇੱਕ ਸਖ਼ਤ ਅਨੁਸ਼ਾਸਨ ਪ੍ਰੇਮੀ ਕੋਚ ਸਨ, ਜਿਨ੍ਹਾਂ ਨੇ ਯੁਵਰਾਜ ਨੂੰ ਬਚਪਨ ਤੋਂ ਹੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੇ ਸਬਕ ਸਿਖਾਏ। ਯੁਵਰਾਜ ਰੋਜ਼ਾਨਾ ਘੰਟਿਆਂ ਤੱਕ ਅਭਿਆਸ ਕਰਦੇ ਸਨ ਅਤੇ ਆਪਣੀ ਤਕਨੀਕ ਨੂੰ ਨਿਖਾਰਨ ਵਿੱਚ ਲੱਗੇ ਰਹਿੰਦੇ ਸਨ।
ਯੁਵਰਾਜ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਪੰਜਾਬ ਦੀ ਅੰਡਰ-19 ਟੀਮ ਤੋਂ ਕੀਤੀ। 1997-98 ਦੇ ਸੀਜ਼ਨ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਮੈਚ ਖੇਡਿਆ। 2000 ਵਿੱਚ ਅੰਡਰ-19 ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਨੇ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਰਤ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਯੁਵਰਾਜ ਸਿੰਘ ਨੇ 3 ਅਕਤੂਬਰ 2000 ਨੂੰ ਕੀਨੀਆ ਦੇ ਖਿਲਾਫ਼ ਨੈਰੋਬੀ ਵਿੱਚ ਆਪਣਾ ਪਹਿਲਾ ਵਨ-ਡੇ ਅੰਤਰਰਾਸ਼ਟਰੀ ਮੈਚ ਖੇਡਿਆ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਬੱਲੇਬਾਜ਼ ਵਜੋਂ ਟੀਮ ਵਿੱਚ ਜਗ੍ਹਾ ਮਿਲੀ।
ਯੁਵਰਾਜ ਦੇ ਕਰੀਅਰ ਦਾ ਇੱਕ ਯਾਦਗਾਰੀ ਪਲ 13 ਜੁਲਾਈ 2002 ਨੂੰ ਲਾਰਡਜ਼ ਵਿੱਚ ਇੰਗਲੈਂਡ ਦੇ ਖਿਲਾਫ਼ ਨੈਟਵੈਸਟ ਟ੍ਰਾਫੀ ਦੇ ਫਾਈਨਲ ਵਿੱਚ ਆਇਆ। ਭਾਰਤ ਨੂੰ 326 ਦੌੜਾਂ ਦਾ ਵਿਸ਼ਾਲ ਟੀਚਾ ਮਿਲਿਆ ਸੀ। ਜਦੋਂ ਭਾਰਤ ਦੀ ਸਥਿਤੀ ਕਮਜ਼ੋਰ ਸੀ, ਤਾਂ ਯੁਵਰਾਜ ਨੇ 69 ਗੇਂਦਾਂ ‘ਤੇ 69 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੁਹੰਮਦ ਕੈਫ ਨਾਲ ਮਿਲ ਕੇ ਭਾਰਤ ਨੂੰ ਜਿੱਤ ਵੱਲ ਲੈ ਗਏ। ਇਹ ਮੈਚ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ।
ਟੀ-20 ਵਿਸ਼ਵ ਕੱਪ – ਛੇ ਛੱਕਿਆਂ ਦਾ ਇਤਿਹਾਸ

19 ਸਤੰਬਰ 2007 ਨੂੰ ਡਰਬਨ ਵਿੱਚ ਇਹ ਇਤਿਹਾਸਕ ਪਲ ਆਇਆ। ਯੁਵਰਾਜ ਸਿੰਘ ਦਾ ਨਾਮ ਹਮੇਸ਼ਾ ਲਈ 2007 ਟੀ-20 ਵਿਸ਼ਵ ਕੱਪ ਨਾਲ ਜੁੜ ਗਿਆ, ਜਦੋਂ ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰੌਡ ਦੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਯੁਵਰਾਜ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਜੜਨ ਵਾਲੇ ਪਹਿਲੇ ਬੱਲੇਬਾਜ਼ ਬਣੇ।
ਇਸ ਓਵਰ ਤੋਂ ਪਹਿਲਾਂ, ਉਨ੍ਹਾਂ ਦੀ ਇੰਗਲੈਂਡ ਦੇ ਖਿਲਾਫ਼ ਐਂਡਰਿਊ ਫਲਿੰਟੌਫ ਨਾਲ ਗੱਲਬਾਤ ਹੋਈ ਸੀ, ਜਿਸ ਨੇ ਉਨ੍ਹਾਂ ਨੂੰ ਹੋਰ ਉਤੇਜਿਤ ਕਰ ਦਿੱਤਾ। ਜੋ ਕੁਝ ਅਗਲੇ ਓਵਰ ਵਿੱਚ ਹੋਇਆ, ਉਹ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ। ਯੁਵਰਾਜ ਨੇ ਸਿਰਫ਼ 12 ਗੇਂਦਾਂ ‘ਤੇ 50 ਦੌੜਾਂ ਪੂਰੀਆਂ ਕੀਤੀਆਂ, ਜੋ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਹੈ। ਇਸ ਟੂਰਨਾਮੈਂਟ ਵਿੱਚ ਯੁਵਰਾਜ ਨੇ ਕੁੱਲ 362 ਦੌੜਾਂ ਬਣਾਈਆਂ ਅਤੇ 6 ਵਿਕਟਾਂ ਵੀ ਲਈਆਂ, ਜਿਸ ਨਾਲ ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ। ਯੁਵਰਾਜ ਨੂੰ ਟੂਰਨਾਮੈਂਟ ਦਾ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।
2011 ਵਿਸ਼ਵ ਕੱਪ – ਸ਼ਾਨਦਾਰ ਪ੍ਰਦਰਸ਼ਨ

2011 ਦਾ ਵਿਸ਼ਵ ਕੱਪ ਯੁਵਰਾਜ ਸਿੰਘ ਦੇ ਕਰੀਅਰ ਦਾ ਸਿਖਰ ਸੀ। ਉਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ। ਯੁਵਰਾਜ ਸਿੰਘ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2011 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦ ਟੂਰਨਾਮੈਂਟ’ ਵੀ ਚੁਣਿਆ ਗਿਆ ਅਤੇ ‘2007 ਆਈਸੀਸੀ ਵਿਸ਼ਵ ਟਵੰਟੀ-ਟਵੰਟੀ ਕੱਪ’ ਵਿੱਚ ਵੀ ਉਸਦਾ ਬਹੁਤ ਅਹਿਮ ਯੋਗਦਾਨ ਸੀ। ਇਸ ਤਰ੍ਹਾਂ ਦੋਵੇਂ ਹੀ ਟੂਰਨਾਮੈਂਟ ਭਾਰਤ ਨੇ ਜਿੱਤੇ ਸਨ।
ਯਾਦਗਾਰੀ ਪਾਰੀ

ਸ਼੍ਰੀਲਂਕਾ ਦੇ ਖਿਲਾਫ਼ ਫਾਈਨਲ ਵਿੱਚ ਹਾਲਾਂਕਿ ਉਨ੍ਹਾਂ ਨੂੰ ਬੱਲੇਬਾਜ਼ੀ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ, ਪਰ ਉਨ੍ਹਾਂ ਨੇ 2 ਮਹੱਤਵਪੂਰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਵਿੱਚ ਯੋਗਦਾਨ ਦਿੱਤਾ। ਜੋ ਗੱਲ ਬਹੁਤ ਘੱਟ ਲੋਕ ਜਾਣਦੇ ਸਨ, ਉਹ ਇਹ ਸੀ ਕਿ ਯੁਵਰਾਜ ਇਸ ਪੂਰੇ ਟੂਰਨਾਮੈਂਟ ਦੌਰਾਨ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਖੰਘ ਆਉਂਦੀ ਸੀ, ਖੂਨ ਆਉਂਦਾ ਸੀ, ਅਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਸੀ। ਪਰ ਉਨ੍ਹਾਂ ਨੇ ਦਰਦ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਲਈ ਖੇਡਣਾ ਜਾਰੀ ਰੱਖਿਆ।
ਕੈਂਸਰ ਨਾਲ ਜੰਗ – ਸਭ ਤੋਂ ਵੱਡੀ ਜਿੱਤ

2011 ਵਿਸ਼ਵ ਕੱਪ ਤੋਂ ਬਾਅਦ, ਯੁਵਰਾਜ ਦੀ ਸਿਹਤ ਗੰਭੀਰ ਰੂਪ ਧਾਰਨ ਕਰ ਗਈ। ਜਾਂਚਾਂ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੈ। ਫਰਵਰੀ 2012 ਵਿੱਚ ਉਨ੍ਹਾਂ ਨੇ ਇਸ ਬਾਰੇ ਜਨਤਕ ਤੌਰ ‘ਤੇ ਐਲਾਨ ਕੀਤਾ ਅਤੇ ਕ੍ਰਿਕਟ ਛੱਡ ਕੇ ਅਮਰੀਕਾ ਵਿੱਚ ਇਲਾਜ ਕਰਵਾਉਣ ਤੋਂ ਬਾਅਦ, ਉਹਨਾਂ ਨੇ ਨਾ ਸਿਰਫ ਕੈਂਸਰ ਨੂੰ ਹਰਾਇਆ, ਬਲਕਿ ਟੀਮ ਵਿੱਚ ਵਾਪਸੀ ਕਰਕੇ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇ। ਯੁਵਰਾਜ ਨੇ ਅਮਰੀਕਾ ਵਿੱਚ ਤਿੰਨ ਮਹੀਨਿਆਂ ਤੱਕ ਕੀਮੋਥੈਰੇਪੀ ਦਾ ਇਲਾਜ ਲਿਆ। ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮੁਸ਼ਕਲ ਸਮਾਂ ਸੀ। ਯੁਵਰਾਜ ਨੇ ਕੀਮੋਥੈਰੇਪੀ ਦੇ ਪ੍ਰਭਾਵ, ਸਰੀਰਕ ਕਮਜ਼ੋਰੀ ਅਤੇ ਮਾਨਸਿਕ ਦਬਾਅ – ਸਭ ਕੁਝ ਸਹਿਣਾ ਪਿਆ। ਪਰ ਹਾਰ ਨਹੀਂ ਮੰਨੀ।
ਮਾਰਚ 2012 ਵਿੱਚ, ਉਨ੍ਹਾਂ ਨੇ ਟਵੀਟਰ ‘ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਕਿ ਉਹ ਕੈਂਸਰ ਤੋਂ ਮੁਕਤ ਹੋ ਗਏ ਹਨ। ਇਹ ਖ਼ਬਰ ਸੁਣ ਕੇ ਪੂਰੇ ਦੇਸ਼ ਨੇ ਖ਼ੁਸ਼ੀ ਮਨਾਈ। ਉਨ੍ਹਾਂ ਦੀ ਇਹ ਜਿੱਤ ਕ੍ਰਿਕਟ ਮੈਦਾਨ ‘ਤੇ ਕਿਸੇ ਵੀ ਜਿੱਤ ਨਾਲੋਂ ਵੱਡੀ ਸੀ।
ਸਤੰਬਰ 2012 ਵਿੱਚ, ਯੁਵਰਾਜ ਨੇ ਨਿਊਜ਼ੀਲੈਂਡ ਦੇ ਖਿਲਾਫ ਟੀ-20 ਮੈਚ ਵਿੱਚ ਵਾਪਸੀ ਕੀਤੀ। ਹਾਲਾਂਕਿ ਉਨ੍ਹਾਂ ਨੂੰ ਆਪਣੀ ਪੁਰਾਣੀ ਫਿਟਨੈਸ ਅਤੇ ਫਾਰਮ ਵਾਪਸ ਲਿਆਉਣ ਵਿੱਚ ਸਮਾਂ ਲੱਗਾ, ਪਰ ਉਨ੍ਹਾਂ ਦੀ ਇਹ ਵਾਪਸੀ ਆਪਣੇ ਆਪ ਵਿੱਚ ਇੱਕ ਪ੍ਰੇਰਨਾਦਾਇਕ ਕਹਾਣੀ ਸੀ। ਯੁਵਰਾਜ ਨੇ ਸਾਬਤ ਕਰ ਦਿੱਤਾ ਕਿ ਹੌਸਲੇ ਅਤੇ ਲਗਨ ਨਾਲ ਕੋਈ ਵੀ ਮੁਸ਼ਕਲ ਪਾਰ ਕੀਤੀ ਜਾ ਸਕਦੀ ਹੈ।
ਆਈਪੀਐਲ ਕਰੀਅਰ

ਯੁਵਰਾਜ ਸਿੰਘ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। 2014 ਦੀ ਨਿਲਾਮੀ ਵਿੱਚ, ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਉਨ੍ਹਾਂ ਨੂੰ 14 ਕਰੋੜ ਰੁਪਏ ਵਿੱਚ ਖਰੀਦਿਆ, ਜੋ ਉਸ ਸਮੇਂ ਤੱਕ ਦਾ ਸਭ ਤੋਂ ਉੱਚਾ ਮੁੱਲ ਸੀ। 2015 ਵਿੱਚ, ਦਿੱਲੀ ਡੇਅਰਡੇਵਿਲਜ਼ ਨੇ ਉਨ੍ਹਾਂ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ, ਜੋ ਆਈਪੀਐਲ ਇਤਿਹਾਸ ਵਿੱਚ ਇੱਕ ਰਿਕਾਰਡ ਸੀ। ਯੁਵਰਾਜ ਨੇ ਕਿੰਗਜ਼ ਇਲੈਵਨ ਪੰਜਾਬ, ਪੁਣੇ ਵਾਰੀਅਰਜ਼, ਸਨਰਾਈਜ਼ਰਜ਼ ਹੈਦਰਾਬਾਦ, ਮੁੰਬਈ ਇੰਡੀਅਨਜ਼ ਸਮੇਤ ਕਈ ਟੀਮਾਂ ਲਈ ਖੇਡਿਆ। ਉਨ੍ਹਾਂ ਨੇ 2016 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈਪੀਐਲ ਖਿਤਾਬ ਜਿਤਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਕ੍ਰਿਕਟ ਤੋਂ ਸੰਨਿਆਸ

10 ਜੂਨ 2019 ਨੂੰ, ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਇੱਕ ਭਾਵੁਕ ਪ੍ਰੈੱਸ ਕਾਨਫਰੰਸ ਵਿੱਚ, ਉਨ੍ਹਾਂ ਨੇ ਆਪਣੇ 25 ਸਾਲਾਂ ਦੇ ਕ੍ਰਿਕਟ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੇ ਕੋਚਾਂ, ਸਾਥੀਆਂ, ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਹਾਲਾਂਕਿ, ਉਨ੍ਹਾਂ ਨੇ ਫ੍ਰੈਂਚਾਈਜ਼ੀ ਕ੍ਰਿਕਟ ਖੇਡਣਾ ਜਾਰੀ ਰੱਖਿਆ। ਉਨ੍ਹਾਂ ਨੇ ਵੱਖ-ਵੱਖ ਟੀ-20 ਲੀਗਾਂ ਜਿਵੇਂ ਕਿ ਗਲੋਬਲ ਟੀ-20 ਕੈਨੇਡਾ, ਅਬੂ ਧਾਬੀ ਟੀ-10 ਲੀਗ ਅਤੇ ਰੋਡ ਸੇਫਟੀ ਵਰਲਡ ਸੀਰੀਜ਼ ਵਿੱਚ ਹਿੱਸਾ ਲਿਆ। ਹਾਲ ਹੀ ਵਿੱਚ (2025 ਵਿੱਚ), ਮੁੱਲਾਂਪੁਰ ਸਟੇਡੀਅਮ ਵਿੱਚ ਉਸਦੇ ਨਾਮ ‘ਤੇ ਇੱਕ ਸਟੈਂਡ ਨਾਮਜ਼ਦ ਕੀਤਾ ਗਿਆ ਹੈ। ਯੁਵਰਾਜ ਹੁਣ ਕ੍ਰਿਕਟ ਕਮੈਂਟਰੀ, ਮੈਂਟਰਿੰਗ ਅਤੇ ਚੈਰਿਟੀ ਵਿੱਚ ਸਰਗਰਮ ਹਨ।
ਨਿੱਜੀ ਜੀਵਨ

ਯੁਵਰਾਜ ਸਿੰਘ ਨੇ 30 ਨਵੰਬਰ 2016 ਨੂੰ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੇਜ਼ਲ ਕੀਚ ਨਾਲ ਵਿਆਹ ਕੀਤਾ। ਯੁਵਰਾਜ ਅਤੇ ਹੇਜ਼ਲ ਦੇ ਦੋ ਬੱਚੇ ਹਨ।
ਯੁਵਰਾਜ ਸਿੰਘ – ਇੱਕ ਅਜਿਹਾ ਨਾਮ ਜੋ ਹਮੇਸ਼ਾ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਚਮਕਦਾ ਰਹੇਗਾ। ਉਨ੍ਹਾਂ ਦੀ ਕਹਾਣੀ ਸਿਖਾਉਂਦੀ ਹੈ ਕਿ ਕਿਵੇਂ ਮਿਹਨਤ, ਹੌਸਲਾ ਅਤੇ ਦ੍ਰਿੜਤਾ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।



Leave a Comment