ਪੁਰਾਣੇ ਸਮਿਆਂ ਵਿੱਚ ਸਾਡੇ ਮੁਲਕ ਦੇ ਅੰਦਰ ਸਿੱਖਿਆ ਦਾ ਅਧਿਕਾਰ ਕੁਝ ਖ਼ਾਸ ਲੋਕਾਂ ਤੱਕ ਹੀ ਸੀਮਤ ਰਿਹਾ ਹੈ, ਪਰ ਹੌਲੀ-ਹੌਲੀ ਆਈ ਤਬਦੀਲੀ ਦੇ ਕਾਰਨ ਹਰ ਵਰਗ ਤੱਕ ਸਿੱਖਿਆ ਪਹੁੰਚਣੀ ਸ਼ੁਰੂ ਹੋਈ ਅਤੇ ਸਿੱਖਿਆ ਦੇ ਦੁਆਰ ਵੀ ਖੁੱਲ੍ਹੇ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ, ਸਾਡੇ ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਦੀ ਹਾਲੇ ਵੀ ਇੰਨੀ ਜ਼ਿਆਦਾ ਘਾਟ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤੀ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਅਤੇ ਇਸ ਦਾ ਵੱਡਾ ਕਾਰਨ ਅਧਿਆਪਕਾਂ ਦੀ ਕਮੀ ਅਤੇ ਸਕੂਲਾਂ ਵਿੱਚ ਮਾਹੌਲ ਚੰਗਾ ਨਾ ਹੋਣਾ ਹੈ। ਸਾਲ-ਦਰ-ਸਾਲ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਦਾ ਮਿਆਰ ਲਗਾਤਾਰ ਉੱਠਣ ਦੀ ਬਜਾਏ, ਡਿੱਗਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਬੱਚਿਆਂ ਉੱਪਰ ਪੈ ਰਿਹਾ ਹੈ ਅਤੇ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਬਲਕਿ ਸਮੇਂ ਦੀਆਂ ਸਰਕਾਰਾਂ ਹੀ ਹਨ, ਜਿਨ੍ਹਾਂ ਵੱਲੋਂ ਵਾਅਦੇ ਅਤੇ ਦਾਅਵੇ ਤਾਂ ਕਈ ਕੀਤੇ ਜਾਂਦੇ ਰਹੇ, ਪਰ ਅਸਲ ਵਿੱਚ ਇਹਨਾਂ ਨੇ ਕੀਤਾ ਕੁਝ ਵੀ ਨਹੀਂ।

ਇਸ ਵਕਤ ਭਾਵੇਂ ਕਿ ਦੇਸ਼ ਦੇ ਲੋਕਾਂ ਦੀਆਂ ਵੱਖੋ-ਵੱਖਰੀਆਂ ਕਈ ਸਮੱਸਿਆਵਾਂ ਹੋਣਗੀਆਂ, ਪਰ ਸਰਹੱਦੀ ਇਲਾਕਿਆਂ ਵਿੱਚ ਇੱਕ ਚਿੰਤਾ ਹੈ ਕਿ ਸਿੱਖਿਆ ਬੱਚਿਆਂ ਤੱਕ ਕਿਵੇਂ ਪਹੁੰਚੇ? ਸਰਕਾਰ ਵੀ ਕੋਸ਼ਿਸ਼ ਕਰਦੀ ਹੈ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ, ਪਰ ਕੀ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਚੰਗੇ ਤਰੀਕੇ ਨਾਲ ਪਹੁੰਚ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇੱਕ ਪਾਸੇ ਤਾਂ ਅਸੀਂ ਚੰਨ ‘ਤੇ ਜਾਣ ਦੀਆਂ ਗੱਲਾਂ ਕਰਦੇ ਹਾਂ ਅਤੇ ਦੂਜੇ ਪਾਸੇ ਜ਼ਮੀਨ ‘ਤੇ ਇਹੋ ਜਿਹਾ ਹਾਲ ਹੈ ਕਿ ਜਿਸ ਨੂੰ ਵੇਖ ਕੇ ਵੀ ਤਰਸ ਆਉਂਦਾ ਹੈ ਕਿ ਮੁਲਕ ਦੇ 78 ਸਾਲਾਂ ਬਾਅਦ ਵੀ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਨਹੀਂ ਮਿਲ ਰਹੀ। ਸਭ ਤੋਂ ਵੱਡੀ ਸਮੱਸਿਆ ਇੱਥੇ ਇਹ ਹੈ ਕਿ ਅਧਿਆਪਕਾਂ ਦੀ ਕਮੀ ਹੈ।
ਅਧਿਆਪਕਾਂ ਦੀ ਕਮੀ ਦਾ ਕਾਰਨ

ਦੱਸ ਦਈਏ ਕਿ ਇੱਕ ਸਮਾਂ ਉਹ ਵੀ ਸੀ ਜਦੋਂ ਅਧਿਆਪਕ ਕਹਿੰਦੇ ਹੁੰਦੇ ਸਨ ਕਿ ਸਾਡੀ ਸਰਹੱਦੀ ਇਲਾਕਿਆਂ ਵਿੱਚ ਡਿਊਟੀ ਲਾਓ ਅਤੇ ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਵਾਂਗੇ-ਲਿਖਾਵਾਂਗੇ ਅਤੇ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਹਲਾਤ ਇਹ ਬਣ ਚੁੱਕੇ ਨੇ ਕਿ ਅਧਿਆਪਕ ਅਤੇ ਮੁਲਾਜ਼ਮ ਵੀ ਨਹੀਂ ਚਾਹੁੰਦੇ ਕਿ ਉਹ ਸਰਹੱਦੀ ਇਲਾਕਿਆਂ ਵਿੱਚ ਜਾ ਕੇ ਪੜ੍ਹਾਉਣ-ਲਿਖਾਉਣ। ਬੇਸ਼ੱਕ ਉਹਨਾਂ ਦੀਆਂ ਆਪਣੀਆਂ ਕੁਝ ਮਜਬੂਰੀਆਂ ਨੇ ਪਰ ਅਸਲੀਅਤ ਇਹੋ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਡਿਊਟੀ ਲਵਾਉਣ ਲਈ ਹੁਣ ਕੋਈ ਅਧਿਆਪਕ ਖੁਸ਼ ਨਹੀਂ ਹੈ। ਇਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ, ਅਧਿਆਪਕਾਂ ਦੇ ਨਾਲ ਜਿਹੜੇ ਵਾਅਦੇ ਸਰਕਾਰ ਬਾਰਡਰ ਏਰੀਏ ਦੇ ਭੱਤੇ ਦੇਣ ਦੀ ਗੱਲ ਕਰਦੀ ਹੈ, ਉਹ ਅਧਿਆਪਕਾਂ ਨੂੰ ਸਮੇਂ ਸਿਰ ਨਹੀਂ ਮਿਲ ਪਾਉਂਦੇ, ਜਿਸ ਕਾਰਨ ਬਹੁਤ ਅਧਿਆਪਕ ਸਕੂਲਾਂ ਵਿਚੋਂ ਬਦਲੀਆਂ ਹੀ ਕਰਵਾ ਲੈਂਦੇ ਨੇ।
ਇਸ ਵੇਲੇ ਵੀ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨੇ। ਭਾਵੇਂ ਸਰਕਾਰ ਨੇ ਇਸੇ ਸਾਲ ਹੀ ਦਾਅਵਾ ਕੀਤਾ ਸੀ ਕਿ ਪੇਂਡੂ ਅਤੇ ਪਛੜੇ ਇਲਾਕਿਆਂ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ, ਜਿਸ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੇ ਵੱਲੋਂ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਰਕਾਰ ਦੇ ਬਿਆਨ ਮਗਰੋਂ ਹੋਇਆ ਇਹ ਕਿ ਆਰਜ਼ੀ ਡਿਊਟੀਆਂ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਲਗਾ ਤਾਂ ਦਿੱਤੀਆਂ ਗਈਆਂ, ਪਰ ਉਹ ਅਧਿਆਪਕ ਕੁਝ ਸਮੇਂ ਬਾਅਦ ਹੀ ਆਪੋ ਆਪਣੇ ਇਲਾਕਿਆਂ ਵਿੱਚ ਵਾਪਸ ਆ ਗਏ। ਅਧਿਆਪਕ ਵੀ ਮਜਬੂਰ ਨੇ, ਉਹ ਕਹਿੰਦੇ ਨੇ ਕਿ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਸਕੂਲਾਂ ਵਿੱਚ ਜਾਣਾ ਪੈਂਦਾ, ਇਹਨਾਂ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸਰਕਾਰ ਤੱਕ ਪਹੁੰਚਾਉਂਦੇ ਨੇ, ਉਸ ਨੂੰ ਹੱਲ ਕਰਨ ਲਈ ਸਰਕਾਰ ਉਹਨਾਂ ਦੀ ਮਦਦ ਨਹੀਂ ਕਰਦੀ।
ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਰਹੇ ਡਿੰਪਲ ਦੇ ਕਹਿਣ ਮੁਤਾਬਕ, ਸਕੂਲਾਂ ਅੰਦਰ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀ ਸਿੱਖਿਆ ਆਰਟਸ, ਵੋਕੇਸ਼ਨਲ ਤੇ ਸਾਇੰਸ ਤੋਂ ਇਲਾਵਾ ਹੋਰ ਵੀ ਕੋਰਸ ਚਲਾਏ ਜਾਂਦੇ ਹਨ। ਪਰ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਅਧਿਆਪਕਾਂ ਦੀ ਭਾਰੀ ਘਾਟ ਹੈ। ਅਧਿਆਪਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ।
ਹੜ੍ਹਾਂ ਨੇ ਰੋਕੀ ਸਿੱਖਿਆ

ਇਸ ਵਾਰ ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਲੱਖਾਂ ਏਕੜ ਕਿਸਾਨਾਂ ਦੀ ਫਸਲ ਨੂੰ ਤਬਾਹ ਕੀਤਾ, ਉੱਥੇ ਹੀ ਦੂਜੇ ਪਾਸੇ ਇਸ ਹੜ੍ਹ ਨੇ ਸਿੱਖਿਆ ਵਿੱਚ ਵੀ ਵੱਡਾ ਰੋਕਾ ਲਾਇਆ ਹੈ। ਹੜ੍ਹਾਂ ਦੇ ਕਾਰਨ ਸਕੂਲ ਕਰੀਬ ਦੋ ਮਹੀਨੇ ਤੱਕ ਬੰਦ ਰਹੇ, ਸਕੂਲਾਂ ਵਿੱਚ ਪਾਣੀ ਭਰ ਗਿਆ ਅਤੇ ਇਹਨਾਂ ਹੜ੍ਹਾਂ ਦੇ ਕਾਰਨ ਹੀ ਬਹੁਤੇ ਅਧਿਆਪਕ ਜਿਹੜੇ ਕਿ ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਆਉਂਦੇ ਸਨ, ਉਹਨਾਂ ਨੇ ਆਪਣੀਆਂ ਡਿਊਟੀਆਂ ਹੀ ਕਟਵਾ ਲਈਆਂ। ਹੜ੍ਹਾਂ ਦੇ ਕਰੀਬ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ।
ਚੰਗੀ ਸਿੱਖਿਆ ਨਾ ਮਿਲਣ ਕਾਰਨ ਨੌਜਵਾਨ ਕੁਰਾਹੇ ਪਏ!

ਸਰਹੱਦੀ ਕਿਸਾਨਾਂ ਦੀ ਮੰਨੀਏ ਤਾਂ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਸੂਬੇ ਦੇ ਅੰਦਰ ਰਾਜ ਕੀਤਾ ਹੈ, ਹਰ ਸਰਕਾਰ ਨੇ ਦਾਅਵਾ ਇਹੋ ਕੀਤਾ ਹੈ ਕਿ ਸਰਹੱਦੀ ਇਲਾਕੇ ਦੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ। ਭਾਵੇਂ ਕਿ ਕੁਝ ਸਰਕਾਰਾਂ ਨੇ ਇਸ ਵੱਲ ਧਿਆਨ ਵੀ ਦਿੱਤਾ ਹੈ, ਪਰ ਅਸਲੀਅਤ ਇਹ ਹੈ ਕਿ ਇਸ ਵੇਲੇ ਆਜ਼ਾਦੀ ਦੇ ਕਰੀਬ 78 ਸਾਲ ਬੀਤ ਜਾਣ ਦੇ ਬਾਅਦ ਵੀ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ, ਇਸ ਤੋਂ ਇਲਾਵਾ ਸਕੂਲਾਂ ਦੀਆਂ ਬਿਲਡਿੰਗਾਂ ਵਧੀਆ ਨਹੀਂ ਹਨ ਅਤੇ ਨਾਲ ਦੀ ਨਾਲ ਇੱਥੇ ਕੋਈ ਅਧਿਆਪਕ ਆ ਕੇ ਵੀ ਖੁਸ਼ ਨਹੀਂ। ਸਮੇਂ ਸਮੇਂ ‘ਤੇ ਸਰਕਾਰ ਦੁਆਰਾ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ।
ਸਰਹੱਦੀ ਕਿਸਾਨ ਜਿੱਥੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਨੇ, ਉੱਥੇ ਹੀ ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ਦੇ ਬੱਚੇ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪਰੇਸ਼ਾਨ ਵਿਖਾਈ ਦਿੰਦੇ ਨੇ। ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਚੰਗੀ ਨਾ ਮਿਲਣ ਦੇ ਕਾਰਨ ਨੌਜਵਾਨ ਕੁਰਾਹੇ ਪੈ ਜਾਂਦੇ ਨੇ ਅਤੇ ਉਹ ਇਹੋ ਜਿਹੇ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਜਿਸ ਕਾਰਨ, ਉਹਨਾਂ ਦਾ ਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦਾ ਵੀ ਨਾਮ ਬਦਨਾਮ ਹੋ ਜਾਂਦਾ ਹੈ।
ਜੰਗ ਦੇ ਮੈਦਾਨ ਅਤੇ ਮੁਲਕ ਦਾ ਢਿੱਡ ਭਰਨ ‘ਚ ਪੰਜਾਬੀ ਅੱਗੇ, ਪਰ ਸਿੱਖਿਆ ਖੁਣੋਂ..!

ਵੇਖਿਆ ਜਾਵੇ ਤਾਂ, ਜੰਗ ਦਾ ਮੈਦਾਨ ਹੋਵੇ ਜਾਂ ਫਿਰ ਮੁਲਕ ਦਾ ਢਿੱਡ ਭਰਨਾ ਹੋਵੇ, ਹਰ ਕੰਮ ਵਿੱਚ ਪੰਜਾਬੀ ਅੱਗੇ ਹੋ ਕੇ ਲੜਦੇ ਆਏ ਹਨ ਅਤੇ ਲੜ ਰਹੇ ਹਨ। ਪੰਜਾਬੀਆਂ ਦਾ ਹਮੇਸ਼ਾ ਹੀ ਇਹੋ ਟੀਚਾ ਰਿਹਾ ਹੈ ਕਿ ਉਹ ਦੂਜਿਆਂ ਦੀ ਮਦਦ ਲਈ ਅੱਗੇ ਜ਼ਰੂਰ ਆਉਂਦੇ ਨੇ, ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਪੰਜਾਬੀਆਂ ਦੀ ਮਦਦ ਲਈ ਕੌਣ ਅੱਗੇ ਆਉਂਦਾ ਹੈ? ਭਾਵੇਂ ਕਿ ਦਾਅਵੇ ਅਤੇ ਵਾਅਦੇ ਸਮੇਂ-ਸਮੇਂ ‘ਤੇ ਕੀਤੇ ਜਾਂਦੇ ਰਹੇ ਨੇ ਕਿ ਅਸੀਂ ਪੰਜਾਬੀਆਂ ਦੀ ਮਦਦ ਕਰਦੇ ਹਾਂ, ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਅਤੇ ਹੋਰ ਪਾਰਟੀਆਂ ਵੀ, ਇਸ ਤੋਂ ਇਲਾਵਾ ਬਾਹਰ ਬੈਠੀਆਂ ਧਿਰਾਂ ਵੀ, ਪਰ ਮਦਦ ਕਰਦਾ ਕੌਣ ਹੈ, ਕੋਈ ਵੀ ਨਹੀਂ। ਆਪਣੇ ਪੈਰਾਂ ਸਿਰ ਆਪ ਖੜ੍ਹੇ ਹੋ ਕੇ ਪੰਜਾਬੀ ਅੱਗੇ ਹੋ ਕੇ ਲੜੇ ਨੇ।
ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਮੁਹੱਈਆ ਕਰਾਉਣਾ ਸਮੇਂ ਦੀ ਵੱਡੀ ਲੋੜ – ਗਵਰਨਰ ਕਟਾਰੀਆ

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਦੇ ਵੱਲੋਂ ਤਰਨ ਤਾਰਨ ਦੇ ਭਿੱਖੀਵਿੰਡ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਮੰਨੀ ਸੀ ਕਿ ਸਰਹੱਦੀ ਇਲਾਕਿਆਂ ਵਿੱਚ ਹਾਲੇ ਵੀ ਸਿੱਖਿਆ ਦੀ ਬੇਹੱਦ ਘਾਟ ਹੈ, ਜਿਸ ਦੇ ਕਾਰਨ ਬਹੁਤ ਸਾਰੇ ਮੁੰਡੇ ਕੁੜੀਆਂ ਚੰਗੀ ਸਿੱਖਿਆ ਨਹੀਂ ਹਾਸਲ ਕਰ ਪਾਉਂਦੇ। ਉਨ੍ਹਾਂ ਨੇ ਕਿਹਾ ਸੀ ਕਿ ਅੱਜ ਸਮੇਂ ਦੀ ਲੋੜ ਇਹ ਹੈ ਕਿ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਸਕੂਲ ਕਾਲਜ ਬਣਾਏ ਜਾਣ ਤਾਂ ਜੋ ਇੱਥੇ ਰਹਿਣ ਵਾਲੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਗਵਰਨਰ ਕਟਾਰੀਆਂ ਨੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਗੱਲ ਆਖੀ ਸੀ ਤਾਂ ਜੋ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਸੜਕਾਂ, ਆਵਾਜਾਈ ਸਹੂਲਤਾਂ ਤੋਂ ਇਲਾਵਾ ਆਧੁਨਿਕ ਤੇ ਮਿਆਰੀ ਸਿੱਖਿਆ, ਰੁਜ਼ਗਾਰ, ਪੀਣ ਵਾਸਤੇ ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਬਿਹਤਰ ਢੰਗ ਦੇ ਨਾਲ ਪਹਿਲ ਦੇ ਅਧਾਰ ‘ਤੇ ਮਿਲ ਸਕਣ। ਖੈਰ ਹੁਣ ਤੱਕ ਸਰਕਾਰਾਂ ਨੇ ਦਾਅਵੇ ਅਤੇ ਵਾਅਦੇ ਤਾਂ ਬਥੇਰੇ ਕੀਤੇ ਨੇ, ਪਰ ਦੇਖਦੇ ਹਾਂ ਕਿ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਕਦੋਂ ਤੱਕ ਪਹੁੰਚਦੀ ਹੈ? ਨਹੀਂ ਤਾਂ ਬਗੈਰ ਸਿੱਖਿਆ ਤੋਂ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ।
ਜ਼ਰੂਰਤ ਹੈ…

ਜ਼ਰੂਰਤ ਹੈ ਸਰਕਾਰਾਂ ਵੱਲੋਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦੀ, ਤਨਖਾਹ ਚ ਵਾਧਾ ਜਾਂ ਜੋ ਵੀ ਸਰਕਾਰ ਉਤਸ਼ਾਹਿਤ ਕਰਨ ਲਈ ਮੁਨਾਸਿਬ ਸਮਝੇ ਕਦਮ ਚੁੱਕੇ, ਤਾਂਕਿ ਘੱਟੋ-ਘੱਟ ਨੇੜਲੇ ਅਧਿਆਪਕ ਮਨ-ਮਰਜੀ ਨਾਲ ਆਪਣੀਆਂ ਡਿਊਟੀ ਲਵਾ ਕੇ ਇਸ ਕਮੀ ਨੂੰ ਪੂਰਾ ਕਰ ਸਕਣ।



Leave a Comment