ਭਗਤ ਨਾਮਦੇਵ ਜੀ ਦਾ ਜਨਮ ਮਹਾਰਸ਼ਟਰ ਸੂਬੇ ਦੇ ਪਿੰਡ ਨਰਸੀ ਬਾਂਮਣੀ ਵਿਖੇ ਪਿਤਾ ਦਾਮਸ਼ੇਟੀ ਦੇ ਘਰ ਮਾਤਾ ਗੋਨਾਬਾਈ ਜੀ ਦੇ ਉਦਰ ਤੋਂ ਸੰਮਤ 1328 ਵਿਚ ਹੋਇਆ ਸੀ। ਭਗਤ ਜੀ ਦੀ ਸ਼ਾਦੀ ਗੋਬਿੰਦ ਸ਼ੇਟੀ ਜੀ ਦੀ ਬੇਟੀ ਰਾਜਾਬਾਈ ਜੀ ਨਾਲ ਹੋਈ ਤੇ ਆਪ ਜੀ ਦੇ ਘਰ ਪੰਜ ਬੱਚੇ ਪੈਦਾ ਹੋਏ। ਚਾਰ ਪੁੱਤਰ ਨਾਰਾਇਣ, ਮਹਾਦੇਵ, ਗੋਵਿੰਦ ਅਤੇ ਵਿੱਠਲ ਅਤੇ ਇੱਕ ਪੁੱਤਰੀ ਬੀਬੀ ਲੰਬਾ ਬਾਈ ਜੀ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ ਕਿ ਭਗਤ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸ਼ਨੂੰ ਜੀ ਦੀ ਪੂਜਾ ਵਿਚ ਬੀਤੀ ਪਰ ਵਿਸ਼ੋਬਾ ਖੇਚਰ ਅਤੇ ਗਿਆਨਦੇਵ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਵਿਚ ਰਹਿ ਕੇ ਆਪ ਜੀ ਨੂੰ ਆਤਮਗਿਆਨ ਦੀ ਪ੍ਰਾਪਤੀ ਹੋਈ। ਆਪ ਜੀ ਦੀ ਉਮਰ ਦਾ ਵੱਡਾ ਹਿੱਸਾ ਪੰਡਰਪੁਰ ਜਾਂ ਪੁੰਡਰੀਪੁਰ (ਜ਼ਿਲਾ ਸ਼ੋਲਾਪੁਰ ) ਵਿਖੇ ਬੀਤਿਆ। ਆਪ ਜੀ ਦੇ ਰਚੇ ਹੋਏ ਬਹੁਤ ਸਾਰੇ ਪਦ ਜਿਨ੍ਹਾਂ ਨੂੰ ਅਭੰਗ ਕਿਹਾ ਜਾਂਦਾ ਹੈ, ਮਰਾਠੀ ਭਾਸ਼ਾ ਵਿਚ ਮਿਲਦੇ ਹਨ ਤੇ ਬਹੁਤ ਪ੍ਰਸਿੱਧ ਹਨ। ਆਪ ਜੀ ਦੀ ਬਾਣੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਆਪ ਜੀ ਦਾ ਜਿਸ ਮਕਾਨ ਵਿਚ ਜਨਮ ਹੋਇਆ ਸੀ ਉਸਦੇ ਅੰਦਰਲੇ ਹਿੱਸੇ ਨੂੰ ਅਜੇ ਤੱਕ ਪੁਰਾਤਨ ਰੂਪ ਵਿਚ ਹੀ ਸਾਂਭਿਆ ਹੋਇਆ ਸੀ। ਭਗਤ ਨਾਮਦੇਵ ਜੀ ਦੇ ਇਸ ਮਕਾਨ ਦੀ ਸਾਂਭ ਸੰਭਾਲ ਇਕ ਤੇਲੀ ਪਰਿਵਾਰ ਨੇ ਕੀਤੀ ਸੀ। ਬਾਅਦ ਵਿਚ ਉਸਦੀ ਔਲਾਦ ਵੱਧਦੀ ਗਈ ਤੇ ਛੇ ਪਰਿਵਾਰ ਹੋ ਗਏ ਸਨ, ਜੋ ਕਿ ਹੁਣ ਤੱਕ ਇਥੇ ਰਹਿੰਦੇ ਰਹੇ। ਭਗਤ ਜੀ ਦੀ ਯਾਦਗਾਰ ਨੂੰ ਹਾਸਲ ਕਰਨ ਲਈ ਇਹ ਮਕਾਨ ਖਾਲੀ ਕਰਵਾਉਣ ਵਾਸਤੇ 6 ਮਕਾਨ ਬਾਹਰ ਬਣਾ ਕੇ ਦੇਣੇ ਪਏ। ਇਨ੍ਹਾਂ ਪਰਿਵਾਰਾਂ ਨੇ ਪੁਰਾਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ, ਜੋ ਕਿ ਇਕ ਚੰਗੀ ਗੱਲ ਹੈ। ਜਦੋਂ ਅਸੀਂ ਤੰਗ ਜਿਹੀਆਂ ਗਲੀਆਂ ਵਿਚੋਂ ਹੁੰਦੇ ਹੋਏ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਵਿਚ ਪ੍ਰਵੇਸ਼ ਕਰਦੇ ਹਾਂ ਤਾਂ ਇਸ ਮਕਾਨ ਦੇ ਅੰਦਰ ਇਕ ਲਗਭਗ 5 ਕੁ ਫੁੱਟ ਉੱਚਾ ਤੇ 6 ਕੁ ਫੁੱਟ ਚੌੜਾਈ ਵਾਲਾ ਇਕ ਛੋਟਾ ਜਿਹਾ ਬੰਕਰ ਨੁਮਾ ਛੋਟਾ ਕਮਰਾ ਤਿਆਰ ਕੀਤਾ ਹੋਇਆ ਨਜ਼ਰੀਂ ਪੈਂਦਾ ਹੈ। ਜੇਕਰ ਸੌਖੇ ਸ਼ਬਦਾਂ ਵਿਚ ਸਮਝਾਉਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਿਵੇਂ ਪਿੰਡਾਂ ਵਿਚ ਬਿਸਕੁਟ ਬਣਾਉਣ ਵਾਲੇ ਬੇਕਰੀ ਲਈ ਇਕ ਭੱਠੀ ਤਿਆਰ ਕਰਦੇ ਸਨ, ਉਸੇ ਤਰ੍ਹਾਂ ਦਾ ਇਹ ਬੰਕਰ ਨੁਮਾ ਅਸਥਾਨ ਭਗਤ ਨਾਮਦੇਵ ਜੀ ਦੇ ਪਿੱਤਰੀ ਮਕਾਨ ਵਿਚ ਬਣਿਆ ਹੋਇਆ ਹੈ।

ਇਸ ਇਕ ਵੱਡੇ ਕਮਰੇ ਵਿਚ ਬਣੇ ਹੋਏ ਬੰਕਰ ਨੁਮਾ ਛੋਟੇ ਅਸਥਾਨ ਨੂੰ ਵੇਖ ਕੇ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇਸ ਥਾਂ ’ਤੇ ਮੌਜੂਦ ਸੇਵਾਦਾਰ ਕੋਲੋਂ ਜਦੋਂ ਅਸੀਂ ਇਸ ਬੰਕਰ ਨੁਮਾ ਅਸਥਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਸਾਨੂੰ ਬਹੁਤ ਹੀ ਦਿਲਚਸਪ ਗੱਲ ਦੱਸੀ। ਸੇਵਾਦਾਰ ਨੇ ਦੱਸਿਆ ਕਿ ਕਈ ਸੌ ਸਾਲ ਪਹਿਲਾਂ ਜਦੋਂ ਭਗਤ ਜੀ ਦਾ ਜਨਮ ਹੋਇਆ ਸੀ, ਉਸ ਵੇਲੇ ਡਾਕਟਰੀ ਸਹੂਲਤਾਂ ਬਹੁਤ ਘੱਟ ਹੁੰਦੀਆਂ ਸਨ। ਉਨ੍ਹਾਂ ਦੱਸਿਆ ਕਿ ਉਸ ਵੇਲੇ ਇਸ ਇਲਾਕੇ ਵਿਚ ਇਹ ਪ੍ਰਥਾ ਪ੍ਰਚਲਿਤ ਸੀ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਸੀ ਤਾਂ ਉਸ ਵੇਲੇ ਮਕਾਨ ਦੇ ਅੰਦਰ ਹੀ ਇਕ ਜਗ੍ਹਾ ’ਤੇ ਬੰਕਰ ਜਿਹਾ ਪੁੱਟ ਲਿਆ ਜਾਂਦਾ, ਜਿਸ ਨੂੰ ਪੱਥਰਾਂ ਰਾਹੀਂ ਪੱਕਾ ਕਰ ਲਿਆ ਜਾਂਦਾ ਅਤੇ ਬਾਅਦ ਵਿਚ ਜੱਚਾ ਤੇ ਬੱਚਾ ਨੂੰ ਇਸ ਬੰਕਰ ਨੁਮਾ ਅਸਥਾਨ ਵਿਚ ਲਗਭਗ 40 ਦਿਨਾਂ ਲਈ ਰੱਖਿਆ ਜਾਂਦਾ। ਇਸ ਪਿੱਛੇ ਮੁੱਖ ਮਕਸਦ ਇਹ ਹੁੰਦਾ ਸੀ ਕਿ ਜੱਚਾ ਜਾਂ ਬੱਚਾ ਨੂੰ ਬਾਹਰ ਦੀ ਪ੍ਰਦੂਸ਼ਿਤ ਹਵਾ ਜਾਂ ਵਾਤਾਵਰਨ ਦੀ ਕਿਸੇ ਤਬਦੀਲੀ ਕਾਰਨ ਕੋਈ ਇਨਫੈਕਸ਼ਨ ਨਾ ਹੋ ਜਾਵੇ।
ਸੇਵਾਦਾਰ ਨੇ ਦੱਸਿਆ ਕਿ ਭਗਤ ਨਾਮਦੇਵ ਜੀ ਤੇ ਉਨ੍ਹਾਂ ਦੀ ਮਾਤਾ ਜੀ ਨੂੰ ਵੀ ਇਸ ਬੰਕਰ ਨੁਮਾ ਅਸਥਾਨ ਵਿਚ ਸਵਾ ਮਹੀਨੇ ਲਈ ਰੱਖਿਆ ਗਿਆ ਸੀ ਤੇ ਇਹ ਪੁਰਾਤਨ ਅਸਥਾਨ ਹੈ, ਜੋ ਕਿ ਭਗਤ ਨਾਮਦੇਵ ਜੀ ਦੇ ਸ਼ਰਧਾਲੂਆਂ ਲਈ ਪੂਜਣਯੋਗ ਅਸਥਾਨ ਹੈ। ਇਸ ਅਸਥਾਨ ਅੰਦਰ ਜਾਣ ਲਈ ਛੋਟੇ-ਛੋਟੇ ਦੋ ਦਰਵਾਜ਼ੇ ਬਣੇ ਹੋਏ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਕ ਦਰਵਾਜ਼ੇ ਰਾਹੀਂ ਪਲੰਘ ਜਾਂ ਮੰਜਾ ਅੰਦਰ ਪਹੁੰਚਾਇਆ ਗਿਆ ਹੋਵੇਗਾ ਅਤੇ ਦੂਜੇ ਦਰਵਾਜ਼ੇ ਰਾਹੀਂ ਜੱਚਾ-ਬੱਚਾ ਨੂੰ ਖਾਣਾ ਆਦਿ ਪਹੁੰਚਾਇਆ ਜਾਂਦਾ ਹੋਵੇਗਾ। ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਅਸਥਾਨ ਨੂੰ ਅਜੇ ਵੀ ਪੁਰਾਤਨ ਅਵਸਥਾ ਵਿਚ ਹੀ ਸਾਂਭਿਆ ਹੋਇਆ ਹੈ ਅਤੇ ਇਸਦੇ ਅੰਦਰ ਭਗਤ ਜੀ ਦੀ ਤਸਵੀਰ ਵੀ ਲਗਾਈ ਹੋਈ ਹੈ। ਲੋਕੀਂ ਜਦੋਂ ਭਗਤ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਜ਼ਰੂਰ ਹੀ ਕਰਦੇ ਹਨ। ਸੇਵਾਦਾਰ ਨੇ ਦੱਸਿਆ ਕਿ ਇਸ ਅਸਥਾਨ ’ਤ ਕੋਈ ਵੀ ਨਵੀਂ ਉਸਾਰੀ ਨਹੀਂ ਕੀਤੀ ਗਈ, ਬਲਕਿ ਅੰਦਰ ਵਾਲੇ ਹਿੱਸੇ ਵਿਚ ਹੇਠਲੇ ਪਾਸੇ ਪੱਥਰਾਂ ਦਾ ਫਰਸ਼ ਹੀ ਬਣਾਇਆ ਗਿਆ ਹੈ। ਬਾਕੀ ਸਾਰਾ ਸਮਾਨ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ।
ਪਿੰਡ ਨਰਸੀ ਨਾਮਦੇਵ ਦੀ ਜੂਹ ਵਿਚੋਂ ਕਿਆਦੂ ਨਾਂਅ ਦੀ ਨਦੀ ਵੀ ਲੰਘਦੀ ਹੈ। ਇਸ ਨਦੀ ਦੇ ਕਿਨਾਰੇ ’ਤੇ ਪੁਰਾਤਨ ਮੰਦਰ ਬਣੇ ਹੋਏ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਅਸਥਾਨ ’ਤੇ ਭਗਤ ਨਾਮਦੇਵ ਜੀ ਭਗਤੀ ਕਰਿਆ ਕਰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਭਗਤ ਨਾਮਦੇਵ ਜੀ ਅਤੇ ਇਸ ਇਲਾਕੇ ਦੇ ਹੋਰ ਸ਼ਰਧਾਲੂਆਂ ਦਾ ਖਾਨਦਾਨੀ ਮੰਦਰ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਦੇ ਪਿਤਾ ਜੀ ਵੀ ਭਗਤ ਬਿਰਤੀ ਦੇ ਮਾਲਕ ਸਨ ਤੇ ਸਦਾਚਾਰੀ ਤੇ ਸੁਚੱਜੀ ਬਿਰਤੀ ਦੇ ਨਾਲ ਆਪਣਾ ਕਾਰਵਿਵਹਾਰ ਕਰਦੇ ਸਨ ਅਤੇ ਬਹੁਤ ਹੀ ਸ਼ਰਧਾ ਤੇ ਭਗਤੀ ਨਾਲ ਰੋਜ਼ਾਨਾ ਕੀਰਤਨ ਕਰਦੇ, ਪਿੰਡ ਦੇ ਕੇਸ਼ੀ ਰਾਜ (ਵਿਸ਼ਨੂੰ ਭਗਵਾਨ)ਨੂੰ ਭੋਗ ਲਗਾਉਣ ਤੋਂ ਬਾਅਦ ਹੀ ਅੰਨ ਜਲ ਛਕਿਆ ਕਰਦੇ ਸਨ। ਇਕ ਦਿਨ ਕਿਸੇ ਕਾਰ ਵਿਵਹਾਰ ਦੇ ਸਿਲਸਿਲੇ ਵਿਚ ਭਗਤ ਨਾਮਦੇਵ ਜੀ ਦੇ ਪਿਤਾ ਦਾਮ ਸ਼ੇਟੀ ਜੀ ਨੂੰ ਦੂਰ ਕਿਸੇ ਪਿੰਡ ਵਿਚ ਜਾਣਾ ਪੈ ਗਿਆ। ਆਪਣੇ ਪਿੱਛੋਂ ਉਹ ਭਗਵਾਨ ਦੀ ਮੂਰਤੀ ਨੂੰ ਭੋਗ ਲਗਵਾਉਣ ਦੀ ਡਿਊਟੀ ਭਗਤ ਨਾਮਦੇਵ ਜੀ ਦੀ ਲਗਾ ਗਏ। ਭਗਤ ਨਾਮਦੇਵ ਜੀ ਉਦੋਂ ਬਾਲ ਅਵਸਥਾ ਵਿਚ ਸਨ।

ਭਗਤ ਨਾਮਦੇਵ ਜੀ ਨੇ ਭੋਜਨ ਦਾ ਸਮਾਂ ਹੋਣ ’ਤੇ ਥਾਲੀ ਵਿਚ ਭੋਜਨ ਪਰੋਸਿਆ ਅਤੇ ਬੜੀ ਸ਼ਰਧਾ ਨਾਲ ਇਹ ਥਾਲੀ ਲੈ ਕੇ ਭਗਵਾਨ ਕੇਸ਼ੀ ਰਾਜ ਜੀ ਦੇ ਮੰਦਰ ਵਿਚ ਜਾ ਪਹੁੰਚੇ। ਮੰਦਰ ਵਿਚ ਉਨ੍ਹਾਂ ਭਗਵਾਨ ਦੀ ਮੂਰਤੀ ਅੱਗੇ ਭੋਜਨ ਦੀ ਥਾਲੀ ਰੱਖ ਕੇ ਬਹੁਤ ਸ਼ਰਧਾ ਭਾਵਨਾ ਨਾਲ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਹੇ ਭਗਵਾਨ ਭੋਜਨ ਨੂੰ ਭੋਗ ਲਗਾਓ। ਭਗਤ ਨਾਮਦੇਵ ਜੀ ਇਹ ਦੇਖਕੇ ਬਹੁਤ ਹੀ ਹੈਰਾਨ ਰਹਿ ਗਏ ਕਿ ਭਗਵਾਨ ਕੇਸ਼ੀ ਰਾਜ ਦੀ ਮੂਰਤੀ ਨਾ ਤਾਂ ਹਿੱਲੀ-ਡੁੱਲੀ ਅਤੇ ਨਾ ਹੀ ਪ੍ਰਸ਼ਾਦ ਛਕਿਆ। ਬਾਲ ਨਾਮਦੇਵ ਜੀ ਦੇ ਮਨ ਵਿਚ ਸ਼ੰਕਾ ਉਪਜੀ ਕਿ ਇਹ ਤਾਂ ਕੋਈ ਵੱਡਾ ਹੀ ਅਨਰਥ ਹੋਣ ਵਾਲਾ ਹੈ। ਉਨ੍ਹਾਂ ਸੋਚਿਆ ਕਿ ਜਦੋਂ ਰੋਜ਼ਾਨਾ ਉਨ੍ਹਾਂ ਦੇ ਪਿਤਾ ਜੀ ਦੇ ਹੱਥੋਂ ਭਗਵਾਨ ਜੀ ਪ੍ਰਸ਼ਾਦ ਛਕਦੇ ਹਨ ਤਾਂ ਅੱਜ ਉਨ੍ਹਾਂ ਦੇ ਹੱਥ ਤੋਂ ਪ੍ਰਸ਼ਾਦ ਕਿਉਂ ਨਹੀਂ ਛਕ ਰਹੇ। ਉਨ੍ਹਾਂ ਭਗਵਾਨ ਅੱਗੇ ਬਹੁਤ ਅਰਦਾਸਾਂ ਕੀਤੀਆਂ ਅਤੇ ਸਿਦਕ ਦਿਲੀ ਨਾਲ ਬੇਨਤੀਆਂ ਕਰਨ ਲੱਗ ਪਏ, ਪਰ ਫੇਰ ਵੀ ਭਗਵਾਨ ਨੇ ਪ੍ਰਸ਼ਾਦ ਨਹੀਂ ਛਕਿਆ। ਅਖੀਰ ਭਗਤ ਨਾਮਦੇਵ ਜੀ ਨੇ ਇਕ ਕੌਲੀ ਵਿਚ ਦੁੱਧ ਪਾ ਕੇ ਤੇ ਪ੍ਰਸਾਦ ਦੀ ਥਾਲੀ ਅੱਗੇ ਕਰਕੇ ਦ੍ਰਿੜ੍ਹਤਾ ਨਾਲ ਭਗਵਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੇਰੇ ਹੱਥ ਤੋਂ ਹੁਣੇ ਇਹ ਦੁੱਧ ਲੈ ਕੇ ਨਹੀਂ ਪੀਤਾ ਅਤੇ ਪ੍ਰਸ਼ਾਦ ਨਹੀਂ ਛਕਿਆ ਤਾਂ ਮੈਂ ਇਸੇ ਵੇਲੇ ਇਸੇ ਮੰਦਰ ਵਿਚ ਆਪਣੇ ਪ੍ਰਾਣ ਤਿਆਗ ਦਿਆਂਗਾ।
ਕਿਹਾ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਦੀ ਭਗਤੀ ਨੂੰ ਦੇਖ ਕੇ ਭਗਵਾਨ ਵਿਸ਼ਨੂੰ ਜੀ ਦਾ ਸਿੰਘਾਸਨ ਡੋਲ ਗਿਆ ਤੇ ਤੁਰੰਤ ਸਾਕਾਰ ਰੂਪ ਵਿਚ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਵਲੋਂ ਲਿਆਂਦਾ ਪ੍ਰਸ਼ਾਦ ਛਕਿਆ ਅਤੇ ਦੁੱਧ ਵੀ ਪੀਤਾ। ਫੇਰ ਭਗਵਾਨ ਜੀ ਨੇ ਭਗਤ ਜੀ ਨੂੰ ਆਸ਼ੀਰਵਾਦ ਵੀ ਦਿੱਤਾ। ਉਸ ਵੇਲੇ ਤੱਕ ਕੁੱਝ ਹੋਰ ਲੋਕ ਵੀ ਭਗਵਾਨ ਕੇਸ਼ੀ ਰਾਜ ਜੀ ਦੇ ਮੰਦਰ ਵਿਚ ਪਹੁੰਚ ਚੁਕੇ ਸਨ। ਇਹ ਕ੍ਰਿਸ਼ਮਾ ਸਾਰੇ ਹੀ ਪਿੰਡ ਨਰਸੀ ਵਿਚ ਹੀ ਨਹੀਂ, ਬਲਕਿ ਸਾਰੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਚਰਚਿਤ ਹੋ ਗਿਆ। ਇਹ ਕੌਤਕ ਵੇਖ ਕੇ ਸਾਰੇ ਹੀ ਲੋਕੀਂ ਭਗਤ ਜੀ ਨੂੰ ਵਿਸ਼ੇਸ਼ ਹਸਤੀ ਮੰਨਣ ਲੱਗ ਪਏ। ਕਿਹਾ ਜਾਂਦਾ ਹੈ ਕਿ ਇਸ ਮੂਰਤੀ ਦੇ ਹੱਥਾਂ ’ਤੇ ਅਜੇ ਵੀ ਦੁੱਧ ਦੇ ਛਿੱਟੇ ਸਾਫ ਦੇਖੇ ਜਾ ਸਕਦੇ ਹਨ।
ਭਗਤ ਨਾਮਦੇਵ ਜੀ ਪਿੰਡ ਦੇ ਬਾਹਰਵਾਰ ਬਣੇ ਮੰਦਰ ਵਿਚ ਭਗਤੀ ਕਰਿਆ ਕਰਦੇ ਸਨ। ਇਹ ਮੰਦਰ ਕਿਆਦੂ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ। ਇਥੇ ਹੁਣ ਭਗਤ ਨਾਮਦੇਵ ਜੀ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ। ਕਿਆਦੂ ਨਦੀ ਬਾਰੇ ਇਕ ਗੱਲ ਕਾਫੀ ਪ੍ਰਸਿੱਧ ਹੈ ਕਿ ਇਲਾਕੇ ਦੇ ਲੋਕ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਇਸੇ ਨਦੀ ਵਿਚ ਪ੍ਰਵਾਹ ਕਰਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਦੀ ਦੇ ਪਾਣੀ ਵਿਚ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਪ੍ਰਵਾਹ ਕੀਤੀਆਂ ਅਸਥੀਆਂ 24 ਘੰਟੇ ਵਿਚ ਖੁਰ ਕੇ ਪਾਣੀ ਦੇ ਵਿਚ ਹੀ ਮਿਲ ਜਾਂਦੀਆਂ ਹਨ। ਇਥੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਕਦੇ ਨਦੀ ਵਿਚ ਪਾਣੀ ਨਹੀਂ ਹੁੰਦਾ ਤਾਂ ਲੋਕੀਂ ਨਦੀ ਦੀ ਰੇਤ ਨੂੰ ਪੁੱਟ ਕੇ ਉਸਦੇ ਵਿਚ ਅਸਥੀਆਂ ਦਬਾਅ ਦਿੰਦੇ ਹਨ ਅਤੇ 24 ਘੰਟੇ ਤੋਂ ਬਾਅਦ ਉਸ ਥਾਂ ’ਤੇ ਰੇਤ ਹੀ ਰੇਤ ਬਾਕੀ ਬਚਦੀ ਹੈ ਤੇ ਅਸਥੀਆਂ ਰੇਤ ਵਿਚ ਮਿਲ ਜਾਂਦੀਆਂ ਹਨ। ਆਸਪਾਸ ਦੇ ਘੱਟੋ ਘੱਟ 84 ਪਿੰਡਾਂ ਦੇ ਲੋਕਾਂ ਦੀ ਇਸ ਅਸਥਾਨ ਪ੍ਰਤੀ ਬਹੁਤ ਭਾਰੀ ਆਸਥਾ ਹੈ ਅਤੇ ਲੋਕੀਂ ਆਪਣੇ ਰਿਸ਼ਤੇਦਾਰਾਂ ਦੇ ਫੁੱਲ ਜਾਂ ਅਸਥੀਆਂ ਇਸ ਨਦੀ ਵਿਚ ਹੀ ਪ੍ਰਵਾਹ ਕਰਨਾ ਚੰਗਾ ਮੰਨਦੇ ਹਨ।
ਇਸ ਮੰਦਰ ਦੇ ਬਾਹਰ ਭਗਤ ਜੀ ਦੇ ਸਮੇਂ ਤੋਂ ਹੀ ਸਦਾ ਹੀ ਇਕਤਾਰਾ ਵੱਜਦਾ ਰਹਿੰਦਾ ਹੈ। ਜੋ ਵਿਅਕਤੀ ਇਕਤਾਰਾ ਵਜਾਉਂਦੇ ਹਨ, ਉਨ੍ਹਾਂ ਦੀ ਬਕਾਇਦਾ ਰੌਲ ਲੱਗਦੀ ਹੈ। ਸਮੇਂ ਸਮੇਂ ਅਨੁਸਾਰ ਇਕਤਾਰਾ ਵਜਾਉਣ ਵਾਲਿਆਂ ਦੀ ਡਿਊਟੀ ਬਦਲਦੀ ਰਹਿੰਦੀ ਹੈ। ਛੱਤ ਨੂੰ ਰੱਸਾ ਬੰਨ੍ਹ ਕੇ ਛੱਡਿਆ ਹੋਇਆ ਹੈ। ਜਦੋਂ ਇਕਤਾਰਾ ਵਜਾਉਣ ਵਾਲਾ ਥੱਕ ਜਾਂਦਾ ਹੈ ਤਾਂ ਉਹ ਛੱਤ ’ਤੇ ਬੰਨ੍ਹੇ ਰੱਸੇ ਨੂੰ ਫੜ ਲੈਂਦਾ ਹੈ ਤੇ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਕੇ ਇਕਤਾਰਾ ਮੁੜ ਵਜਾਉਣ ਲੱਗ ਪੈਂਦਾ ਹੈ। ਇਲਾਕੇ ਦੇ ਲੋਕੀਂ ਇਕਤਾਰੇ ਨੂੰ ਸੰਧੂਰ ਲਗਾਉਣਾ ਚੰਗਾ ਕਰਮ ਮੰਨਦੇ ਹਨ। ਬੱਚਿਆਂ ਦੀਆਂ ਮਾਵਾਂ ਉਨ੍ਹਾਂ ਨੂੰ ਨਾਲ ਲੈ ਕੇ ਇਥੇ ਆਉਂਦੀਆਂ ਹਨ ਅਤੇ ਇਕਤਾਰੇ ਨੂੰ ਸੰਧੂਰ ਲਗਾਕੇ ਉਸਨੂੰ ਮੱਥਾ ਟੇਕਦੀਆਂ ਹਨ।

ਪਿੰਡ ਨਰਸੀ ਨਾਮਦੇਵ ਦੇ ਬਾਹਰ ਪਿੰਡ ਤੋਂ ਥੋੜੀ ਹੀ ਦੂਰ ਭਗਤ ਨਾਮਦੇਵ ਜੀ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਜਾ ਰਿਹਾ ਹੈ। ਪਿੰਡ ਤੋਂ ਬਾਹਰ ਲਗਭਗ 7 ਏਕੜ ਥਾਂ ਸ਼੍ਰੋਮਣੀ ਭਗਤ ਨਾਮਦੇਵ ਮੈਮੋਰੀਅਲ ਐਸੋਸੀਏਸ਼ਨ ਵਲੋਂ ਖਰੀਦੀ ਗਈ, ਜਿਸ ਥਾਂ ’ਤੇ ਇਹ ਗੁਰੂਘਰ ਉਸਾਰਿਆ ਗਿਆ ਹੈ। 1997 ਤੋਂ ਇਸ ਥਾਂ ’ਤੇ ਕਾਰ ਸੇਵਾ ਜਾਰੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਤਹਿਸੀਲਦਾਰ ਜਗਜੀਤ ਸਿੰਘ ਤੇ ਜਨਰਲ ਸਕੱਤਰ ਪ੍ਰੋ². ਪੂਰਨ ਸਿੰਘ ਦੀ ਦੇਖਰੇਖ ਹੇਠ ਇਸ ਅਸਥਾਨ ਦਾ ਵਿਕਾਸ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਇਹ ਉਹ ਸਥਾਨ ਹੈ, ਜਿਥੇ ਕਿ ਭਗਤ ਨਾਮਦੇਵ ਜੀ ਦੀ ਸ਼ੇਰ ਨਾਲ ਮੁਲਾਕਾਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਆਪਣੇ ਛੋਟੇ ਛੋਟੇ ਸਾਥੀਆਂ ਨਾਲ ਖੇਡਿਆ ਕਰਦੇ ਸਨ ਤਾਂ ਅਕਸਰ ਹੀ ਤੁਰਦੇ ਤੁਰਦੇ ਇਸ ਪਾਸੇ ਆ ਨਿਕਲਦੇ ਸਨ, ਇਧਰ ਉਦੋਂ ਚਾਰੇ ਪਾਸੇ ਜੰਗਲ ਹੁੰਦਾ ਸੀ, ਜਿਸ ਵਿਚ ਜੰਗਲੀ ਜਾਨਵਰ ਵੀ ਆ ਜਾਂਦੇ ਸਨ। ਭਗਤ ਨਾਮਦੇਵ ਜੀ ਹਰੇਕ ਚੀਜ ਵਿਚੋਂ ਰੱਬ ਦਾ ਹੀ ਰੂਪ ਦੇਖਿਆ ਕਰਦੇ ਸਨ। ਇਕ ਦਿਨ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਜਦੋਂ ਇਸ ਜਗ੍ਹਾ ਜੰਗਲ ਵਿਚ ਆਏ ਤਾਂ ਅਚਾਨਕ ਹੀ ਇਕ ਖੂੰਖਾਰ ਸ਼ੇਰ ਇਥੇ ਆ ਨਿਕਲਿਆ। ਸਾਰੇ ਬੱਚੇ ਸ਼ੇਰ ਨੂੰ ਦੇਖਕੇ ਵਾਪਸ ਆਪੋ ਆਪਣੇ ਘਰਾਂ ਨੂੰ ਦੌੜ ਗਏ। ਭਗਤ ਨਾਮਦੇਵ ਜੀ ਨੇ ਸ਼ੇਰ ਵਿਚੋਂ ਵੀ ਰੱਬ ਨੂੰ ਦੇਖਿਆ ਅਤੇ ਕਿਹਾ ਕਿ ਭਗਵਾਨ ਤੁਸੀਂ ਇਸ ਰੂਪ ਵਿਚ ਵੀ ਦਰਸ਼ਨ ਦਿੰਦੇ ਹੋ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਜਦੋਂ ਵੇਖਿਆ ਕਿ ਸ਼ੇਰ ਆਇਆ ਹੈ ਤੇ ਭਗਤ ਨਾਮਦੇਵ ਨੇ ਭੱਜ ਕੇ ਸ਼ੇਰ ਨੂੰ ਜੱਫੀ ਪਾ ਲਈ ਹੈ ਤਾਂ ਉਨ੍ਹਾਂ ਨੇ ਜਾ ਕੇ ਭਗਤ ਜੀ ਦੀ ਮਾਤਾ ਗੋਣਾ ਬਾਈ ਤੇ ਪਿਤਾ ਦਾਮ ਸ਼ੇਟੀ ਜੀ ਨੂੰ ਦੱਸਿਆ ਕਿ ਨਾਮੇ ਨੂੰ ਤਾਂ ਸ਼ੇਰ ਨੇ ਖਾ ਲਿਆ ਹੈ। ਸਾਰੇ ਪਿੰਡ ਵਾਲੇ ਤੇ ਭਗਤ ਜੀ ਦੀ ਮਾਤਾ ਤੇ ਪਿਤਾ ਜੀ ਦੌੜਦੇ ਹੋਏ ਇਧਰ ਆਏ। ਜਦੋਂ ਉਨ੍ਹਾਂ ਦੇਖਿਆ ਤਾਂ ਭਗਤ ਨਾਮਦੇਵ ਜੀ ਸ਼ੇਰ ਨੂੰ ਜੱਫੀ ਪਾਈਂ ਖੜ੍ਹੇ ਸਨ। ਸ਼ੇਰ ਆਰਾਮ ਨਾਲ ਉਨ੍ਹਾਂ ਅੱਗੇ ਸਿਰ ਝੁਕਾਕੇ ਖੜ੍ਹਾ ਸੀ। ਭਗਤ ਨਾਮਦੇਵ ਜੀ ਨੇ ਆਪਣੇ ਮਾਤਾ-ਪਿਤਾ ਤੇ ਆਪਣੇ ਹਾਣੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਆਓ ਭਗਵਾਨ ਦੇ ਦਰਸ਼ਨ ਕਰੋ। ਸਾਰੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ। ਇਸੇ ਤਰ੍ਹਾਂ ਇਕ ਵਾਰ ਜਦੋਂ ਭਗਤ ਜੀ ਕਾਫੀ ਛੋਟੇ ਸਨ ਤਾਂ ਖੇਡਦੇ ਹੋਏ ਚੁੱਲ੍ਹੇ ਵਿਚ ਵੜ ਗਏ ਅਤੇ ਅੱਗ ਨੂੰ ਸੁੰਦਰ ਵਸਤੂ ਸਮਝ ਕੇ ਫੜਨ ਲੱਗ ਪਏ। ਲੋਕੀਂ ਇਹ ਦੇਖ ਕੇ ਡਰ ਗਏ ਛੋਟਾ ਬੱਚਾ ਅੱਗ ਵਿਚ ਸੜ ਜਾਵੇਗਾ, ਪਰ ਭਗਤ ਜੀ ਦੇ ਚੁੱਲ੍ਹੇ ਵਿਚ ਚਰਨ ਪੈਂਦਿਆਂ ਹੀ ਅੱਗ ਠੰਡੀ ਹੋ ਗਈ। ਇਸ ਲਈ ਬਚਪਨ ਤੋਂ ਹੀ ਲੋਕਾਂ ਨੂੰ ਭਗਤ ਨਾਮਦੇਵ ਜੀ ਦੇ ਪੂਰਨ ਸੰਤ ਹੋਣ ਦਾ ਪਤਾ ਲੱਗ ਗਿਆ ਸੀ।
ਇਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਲੰਗਰ ਹਾਲ ਬਣ ਰਿਹਾ ਹੈ ਅਤੇ ਸਰੋਵਰ ਵੀ ਬਣਾਇਆ ਜਾਣਾ ਹੈ। ਭਗਤ ਨਾਮਦੇਵ ਜੀ ਦੇ ਘਰ ਤੋਂ ਮਕਾਨ ਦੀਆਂ ਜੋ ਚੁਗਾਠਾਂ ਨਿਕਲੀਆਂ ਸਨ, ਉਹ ਨਿਸ਼ਾਨੀ ਵਜੋਂ ਇਥੇ ਸਾਂਭ ਕੇ ਰੱਖੀਆਂ ਹੋਈਆਂ ਹਨ।



Leave a Comment