ਸ਼ਹੀਦ ਭਾਈ ਤਾਰੂ ਸਿੰਘ ਜੀ ਸਿੱਖੀ ਦਾ ਇੱਕ ਅਜਿਹਾ ਚਮਕਦਾ ਮੋਤੀ ਹਨ ਜਿਨ੍ਹਾਂ ਦਾ ਨਾਂ ਅਰਦਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ‘ਜਿਨ੍ਹਾਂ ਸਿੰਘਾਂ ਨੇ ਖੋਪਰੀਆਂ ਲੁਹਾਈਆਂ।’
ਭਾਈ ਸਾਹਿਬ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਪੂਹਲਾ ਵਿਖੇ ਇਕ ਗੁਰਸਿੱਖ ਪਰਿਵਾਰ ਦੇ ਘਰ ਹੋਇਆ। ਜਦੋਂ ਆਪ ਜੀ ਦੀ ਉਮਰ ਕਾਫੀ ਛੋਟੀ ਸੀ, ਉਸ ਵੇਲੇ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਜਿਸ ਕਰਕੇ ਆਪ ਜੀ ਦਾ ਪਾਲਣ ਪੋਸ਼ਣ ਆਪ ਜੀ ਦੀ ਗੁਰਸਿੱਖ ਮਾਤਾ ਜੀ ਨੇ ਕੀਤਾ। ਆਪ ਜੀ ਦੀ ਮਾਤਾ ਜੀ ਨੇ ਆਪ ਜੀ ਨੂੰ ਗੁਰਸਿੱਖੀ ਦੀ ਐਸੀ ਗੁੜਤੀ ਦਿੱਤੀ ਕੇ ਗੁਰਮਤਿ ਅਤੇ ਗੁਰਬਾਣੀ ਦੀਆਂ ਸਿੱਖਿਆਵਾਂ ਆਪ ਜੀ ਦੀ ਰਗ-ਰਗ ਵਿੱਚ ਸਮਾ ਗਈਆਂ। ਆਪ ਜੀ ਹਮੇਸ਼ਾਂ ਹੀ ਗੁਰਸਿੱਖਾਂ ਵਾਲਾ ਉੱਚਾ ਸੁੱਚਾ ਜੀਵਨ ਜਿਉਂਦੇ ਸਨ। ਜਿਸ ਕਰਕੇ ਸਾਰੇ ਧਰਮਾਂ ਦੇ ਹੀ ਲੋਕ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਜਦੋਂ ਭਾਈ ਤਾਰੂ ਸਿੰਘ ਜੀ ਕੁਝ ਹੋਰ ਵੱਡੇ ਹੋਏ ਤਾਂ ਆਪ ਜੀ ਆਪਣੇ ਪਿਤਾ ਪੁਰਖੀ ਕੰਮ ਖੇਤੀਬਾੜੀ ‘ਤੇ ਲੱਗ ਗਏ।

ਆਪ ਜੀ ਦਾ ਮੁੱਖ ਨਿਸ਼ਾਨਾ ਕਿਰਤ ਕਰਨਾ ਨਾਮ ਜਪਣਾ ਅਤੇ ਵੰਡ ਕੇ ਛਕਣਾ ਸੀ। ਇਸ ਲਈ ਆਪ ਦਸਾਂ ਨੌਹਾਂ ਦੀ ਕਿਰਤ ਕਰਦੇ ਅਤੇ ਆਪਣੇ ਦਰ ਤੇ ਆਏ ਹਰ ਸਵਾਲੀ ਦੀ ਇੱਛਾ ਪੂਰੀ ਕਰਦੇ। ਇਹ ਅਜਿਹਾ ਸਮਾਂ ਸੀ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਸਿੱਖਾਂ ‘ਤੇ ਬਹੁਤ ਜ਼ੁਲਮ ਹੋਣੇ ਸ਼ੁਰੂ ਹੋ ਗਏ ਸਨ। ਨਾਦਰ ਸ਼ਾਹ ਆਪਣਾ ਜ਼ੁਲਮ ਕਰਕੇ ਜਦੋਂ ਇੱਥੋਂ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਕਈ ਵਾਰ ਉਸਦੇ ਦੰਦ ਖੱਟੇ ਕੀਤੇ ਸਨ। ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਨੂੰ ਇਹ ਚਿਤਾਵਨੀ ਦੇ ਦਿੱਤੀ ਸੀ ਕਿ ਇਹ ਲੰਮੇ ਕੇਸਾਂ ਅਤੇ ਦਾੜ੍ਹੀਆਂ ਵਾਲੇ ਲੋਕ ਛੇਤੀ ਹੀ ਇਸ ਮੁਲਕ ਦੇ ਹਾਕਮ ਬਣ ਜਾਣਗੇ। ਇਹ ਸੁਣਕੇ ਜ਼ਕਰੀਆ ਖ਼ਾਨ ਦਾ ਮਜ਼੍ਹਬੀ ਜਨੂੰਨ ਚਰਮ ਸੀਮਾ ‘ਤੇ ਪਹੁੰਚ ਚੁੱਕਾ ਸੀ ਅਤੇ ਉਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਆ ਗਿਆ ਸੀ। ਅਜਿਹੇ ਵੇਲੇ ਸਿੱਖ ਜੰਗਲਾਂ ਬੇਲਿਆਂ ਵਿਚ ਜਾ ਵੜੇ ਸਨ।
ਜੰਗਲਾਂ ਵਿੱਚ ਸਿੱਖਾਂ ਲਈ ਕਿਸੇ ਨੇ ਲੰਗਰ ਨਹੀਂ ਸੀ ਲਾਇਆ ਹੋਇਆ ਸਗੋਂ ਉਹ ਬਹੁਤ ਹੀ ਔਖਾ ਸਮਾਂ ਕੱਟ ਰਹੇ ਸਨ। ਪਰ ਭਾਈ ਤਾਰੂ ਸਿੰਘ ਵਰਗੇ ਅਜਿਹੇ ਸਿਰੜੀ ਸਿੱਖ ਵੀ ਸਨ ਜੋ ਕਿ ਰਾਤ ਵੇਲੇ ਲੰਗਰ ਤਿਆਰ ਕਰਕੇ ਸਿੱਖਾਂ ਲਈ ਜੰਗਲਾਂ ਵਿੱਚ ਪਹੁੰਚਾ ਦਿੰਦੇ ਸਨ। ਭਾਈ ਤਾਰੂ ਸਿੰਘ ਜੀ ਦਾ ਸਾਰੇ ਇਲਾਕੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀ ਜਿਸ ਕਰਕੇ ਕੋਈ ਵੀ ਉਨ੍ਹਾਂ ਦਾ ਵਿਰੋਧ ਨਹੀਂ ਸੀ ਕਰਦਾ ਅਤੇ ਉਹ ਨਿਧੜਕ ਹੋ ਕੇ ਆਪਣੇ ਨਗਰ ਵਿਖੇ ਹੀ ਰਹਿ ਰਹੇ ਸਨ। ਆਪ ਭਾਵੇਂ ਇੰਨੇ ਜ਼ਿਆਦਾ ਅਮੀਰ ਨਹੀਂ ਸਨ ਪਰ ਸੱਚੀ ਸੁੱਚੀ ਕਿਰਤ ਕਰਦੇ ਹੋਏ ਲੋਕਾਈ ਦੀ ਸੇਵਾ ਕਰਕੇ ਖੁਸ਼ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਸੀ।

ਭਾਈ ਤਾਰੂ ਸਿੰਘ ਜੀ ਦੀ ਵੱਧ ਰਹੀ ਪ੍ਰਸਿੱਧੀ ਨੂੰ ਦੇਖਦਿਆਂ ਜੰਡਿਆਲਾ ਨਿਵਾਸੀ ਅਕਿਲ ਦਾਸ (ਜਿਸਨੂੰ ਕਿ ਹਰਿਭਗਤ ਨਿਰੰਜਨੀਆ ਮਹੰਤ ਵੀ ਕਿਹਾ ਜਾਂਦਾ ਸੀ) ਨੂੰ ਬਹੁਤ ਹੀ ਤਕਲੀਫ ਸੀ। ਭਾਈ ਤਾਰੂ ਸਿੰਘ ਅਤੇ ਉਨ੍ਹਾਂ ਦੀ ਭੈਣ ਬੀਬੀ ਤਾਰ ਕੌਰ (ਤਾਰੋ) ਸਿੰਘਾਂ ਨੂੰ ਜੰਗਲ ਵਿਚ ਜਾ ਕੇ ਭੋਜਨ ਖੁਆਇਆ ਕਰਦੇ ਸਨ। ਨਿਰੰਜਨੀਏ ਮਹੰਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਤੇ ਉਸਨੇ ਭਾਈ ਸਾਹਿਬ ਜੀ ਦੀ ਝੂਠੀ ਸ਼ਿਕਾਇਤ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਕੋਲ ਕਰ ਦਿੱਤੀ ਤੇ ਦੋਸ਼ ਇਹ ਲਾਇਆ ਕਿ ਭਾਈ ਤਾਰੂ ਸਿੰਘ ਜੀ ਇਕ ਤਾਂ ਡਾਕੂਆਂ ਨੂੰ ਪਨਾਹ ਦਿੰਦੇ ਹਨ ਤੇ ਦੂਜਾ ਚੋਰੀਆਂ ਕਰਵਾਉਂਦੇ ਹਨ। ਜ਼ਕਰੀਆ ਖਾਂ ਨੇ 20 ਸਿਪਾਹੀ ਦੇ ਕੇ ਹਰਭਗਤ ਨਿਰੰਜਨੀਆਂ ਨੂੰ ਹੀ ਭਾਈ ਤਾਰੂ ਜੀ ਨੂੰ ਗ੍ਰਿਫਤਾਰ ਕਰਕੇ ਲਿਆਉਣ ਲਈ ਕਿਹਾ। ਤੜਕੇ ਮੂੰਹ ਹਨ੍ਹੇਰੇ ਹੀ ਸਿਪਾਹੀਆਂ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ।

ਭਾਈ ਸਾਹਿਬ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਜ਼ੋਰ ਪਾਇਆ ਗਿਆ ਪਰ ਭਾਈ ਜੀ ਨੇ ਸਾਫ ਇਨਕਾਰ ਕਰ ਦਿੱਤਾ। ਜ਼ਕਰੀਆ ਖ਼ਾਨ ਨੇ ਕਈ ਤਰ੍ਹਾਂ ਆਪ ਜੀ ਨੂੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਆਪਣਾ ਧਰਮ ਕਿਸੇ ਵੀ ਤਰ੍ਹਾਂ ਤਿਆਗਣਾ ਸਵੀਕਾਰ ਨਾਂ ਕੀਤਾ। ਅਖੀਰ ਗੁੱਸੇ ਵਿਚ ਆ ਕੇ ਨਵਾਬ ਨੇ ਭਾਈ ਸਾਹਿਬ ਜੀ ਦੇ ਸਿਰ ਦੇ ਕੇਸ ਕਤਲ ਕਰਾਉਣ ਲਈ ਹੁਕਮ ਜਾਰੀ ਕਰ ਦਿੱਤਾ। ਭਾਈ ਸਾਹਿਬ ਨੇ ਕਿਹਾ ਕਿ ਤੂੰ ਸਣੇ ਕੇਸਾਂ ਦੇ ਖੋਪਰੀ ਲਾਹ ਕੇ ਚਾਅ ਉਤਾਰ ਲੈ। ਨਵਾਬ ਨੇ ਜਲਾਦ ਨੂੰ ਹੁਕਮ ਕੀਤਾ ਕਿ ਇਸ ਸਿੱਖ ਦੀ ਖੋਪਰੀ ਕੇਸਾਂ ਸਮੇਤ ਉਤਾਰ ਕੇ ਮੇਰੇ ਪੈਰਾਂ ਵਿਚ ਧਰ ਦੇ। ਮੈਂ ਇਸ ਸਿੱਖ ਨੂੰ ਜੁੱਤੀ ਦੀ ਨੋਕ ਤੇ ਪਰਲੋਕ ਭੇਜਣਾ ਹੈ। ਭਾਈ ਤਾਰੂ ਜੀ ਦੇ ਮੂੰਹੋਂ ਸਹਿਜ ਭਾਵ ਨਾਲ ਇਹ ਸ਼ਬਦ ਨਿਕਲੇ ਕਿ ਜ਼ਕਰੀਆ ਖ਼ਾਨ, ਤੂੰ ਕਰਤਾਰ ਦੇ ਰੰਗ ਵੇਖਦਾ ਜਾਹ। ਮੇਰੇ ਛਿੱਤਰ ਖਾ-ਖਾ ਕੇ ਤੂੰ ਮੇਰੇ ਅੱਗੇ-ਅੱਗੇ ਨਰਕ ਨੂੰ ਜਾਵੇਂਗਾ। ਮੈਂ ਤਾਂ ਆਪਣੇ ਪਿਤਾ ਗੁਰੂ ਜੀ ਦੀ ਗੋਦ ਵਿਚ ਜਾ ਬਿਰਾਜਣਾ ਹੈ।

ਉੱਧਰ ਜਲਾਦ ਨੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ ਪਰ ਆਪ ਜੀ ਫਿਰ ਵੀ ਜ਼ਿੰਦਾ ਰਹੇ। ਦੱਸਿਆ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਖੋਪਰੀ ਉਤਾਰਨ ਤੋਂ 22 ਦਿਨ ਬਾਅਦ ਤਕ ਵੀ ਜ਼ਿੰਦਾ ਰਹੇ। ਇਸੇ ਦੌਰਾਨ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਹਕੀਮਾਂ ਨੇ ਜ਼ੋਰ ਲਾ ਕੇ ਵੇਖ ਲਿਆ ਪਰ ਕਈ ਦਿਨਾਂ ਦੇ ਇਲਾਜ ਮਗਰੋਂ ਵੀ ਆਰਾਮ ਨਾ ਆਇਆ। ਦਰਦ ਕਾਰਨ ਜ਼ਕਰੀਆ ਖ਼ਾਨ ਦਾ ਬੁਰਾ ਹਾਲ ਸੀ। ਅਖੀਰ ਜ਼ਕਰੀਆ ਖ਼ਾਨ ਨੂੰ ਪਛਤਾਵਾ ਹੋਇਆ ਅਤੇ ਉਸਨੇ ਭਾਈ ਸੁਬੇਗ ਸਿੰਘ ਨੂੰ ਦਲ ਖ਼ਾਲਸਾ ਕੋਲ ਭੇਜਿਆ ਤਾਂ ਜੋ ਸਿੱਖਾਂ ‘ਤੇ ਕੀਤੀਆਂ ਜ਼ਿਆਦਤੀਆਂ ਦੀ ਮੁਆਫੀ ਮੰਗ ਸਕੇ। ਦਲ ਖ਼ਾਲਸਾ ਦੇ ਜਥੇਦਾਰ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਕਹਿੰਦੇ ਸਨ ਕਿ ਉਹ ਆਪਣੇ ਛਿੱਤਰ ਨਾਲ ਜ਼ਕਰੀਆ ਖ਼ਾਨ ਨੂੰ ਮੂਹਰੇ ਲਾ ਕੇ ਤੋਰਨਗੇ, ਇਸ ਲਈ ਉਨ੍ਹਾਂ ਦਾ ਛਿੱਤਰ ਸਿਰ ਵਿਚ ਮਾਰੋ। ਸ਼ਾਇਦ ਪਿਸ਼ਾਬ ਦਾ ਬੰਨ੍ਹ ਖੁੱਲ੍ਹ ਹੀ ਜਾਵੇ।

ਅਖੀਰ ਜ਼ਕਰੀਆ ਖ਼ਾਨ ਨੂੰ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਲੈ ਜਾਇਆ ਗਿਆ ਤੇ ਜ਼ਕਰੀਆ ਖ਼ਾਨ ਨੇ ਭਾਈ ਸਾਹਿਬ ਕੋਲੋਂ ਉਨ੍ਹਾਂ ਦੀ ਜੁੱਤੀ ਦੀ ਭੀਖ ਮੰਗੀ। ਭਾਈ ਸਾਹਿਬ ਜੀ ਦੀ ਜੁੱਤੀ ਲਾਹ ਕੇ ਜਦੋਂ ਜ਼ਕਰੀਆ ਖਾਨ ਨੇ ਆਪਣੇ ਸਿਰ ਵਿਚ ਮਾਰੀ ਤਾਂ ਉਸ ਨੂੰ ਪਿਸ਼ਾਬ ਆ ਗਿਆ। ਜਦੋਂ ਇਹ ਜੁੱਤੀ ਨਵਾਬ ਜ਼ਕਰੀਆ ਖ਼ਾਨ ਦੇ ਸਿਰ ਵਿਚ ਵੱਜਦੀ ਤਾਂ ਉਸਦਾ ਪਿਸ਼ਾਬ ਚੱਲ ਪੈਂਦਾ ਤੇ ਜਦੋਂ ਜੁੱਤੀ ਮਾਰਨੋਂ ਹਟ ਜਾਂਦੇ ਤਾਂ ਪਿਸ਼ਾਬ ਵੀ ਹਟ ਜਾਂਦਾ। ਉੱਧਰ ਜ਼ਕਰੀਆ ਖ਼ਾਨ ਤਾਂ ਬਹੁਤ ਹੀ ਤੰਗ ਆਇਆ ਪਿਆ ਸੀ। ਉਹ ਕਹਿੰਦਾ ਕਿ ਛੇਤੀ ਛੇਤੀ ਉਸ ਦੇ ਛਿੱਤਰ ਮਾਰੋ ਤਾਂ ਜੋ ਉਸਨੂੰ ਬੀਮਾਰੀ ਤੋਂ ਰਾਹਤ ਮਿਲ ਸਕੇ। ਜਿਉਂ ਜਿਉਂ ਜ਼ਕਰੀਆ ਖ਼ਾਨ ਦੇ ਸਿਰ ਵਿਚ ਛਿੱਤਰ ਵੱਜਦੇ ਗਏ ਤਾਂ ਉਸਦਾ ਬੰਨ੍ਹ ਖੁੱਲ੍ਹਦਾ ਗਿਆ। ਤਿੰਨ ਹਫਤਿਆਂ ਤਕ ਜ਼ਕਰੀਆ ਖ਼ਾਨ ਦੇ ਸਿਰ ਵਿਚ ਭਾਈ ਸਾਹਿਬ ਦੀ ਜੁੱਤੀ ਵੱਜਦੀ ਗਈ ਤੇ ਉਸਦਾ ਪਿਸ਼ਾਬ ਨਿਕਲਦਾ ਰਿਹਾ। ਉਸਨੂੰ ਆਰਾਮ ਵੀ ਆਉਂਦਾ ਸੀ। ਅਖੀਰ ਭਾਈ ਸਾਹਿਬ ਜੀ ਦੀ ਜੁੱਤੀ ਨਾਲ ਹੀ ਖ਼ਾਨ ਮਰ ਗਿਆ। ਭਾਈ ਸਾਹਿਬ ਨੇ ਗੱਜ ਕੇ ਜੈਕਾਰਾ ਛੱਡਿਆ ਤੇ ਕਿਹਾ ਕਿ ਇਸ ਪਾਪੀ ਨੇ ਇੱਦਾਂ ਹੀ ਮਰਨਾ ਸੀ। ਖੋਪਰੀ ਉਤਾਰਨ ਤੋਂ 22 ਦਿਨਾਂ ਮਗਰੋਂ 1 ਜੁਲਾਈ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ ਅਤੇ ਸ਼ਹੀਦੀ ਪ੍ਰੰਪਰਾ ਨੂੰ ਨਵਾਂ ਰੂਪ ਦਿੱਤਾ। ਭਾਈ ਤਾਰੂ ਜੀ ਦਾ ਸ਼ਹੀਦਗੰਜ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਦੇ ਕੋਲ ਸਥਿਤ ਹੈ।



Leave a Comment