ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪੈਂਦੇ ਪਿੰਡ ਕੈਂਬੋਵਾਲ ਵਿਖੇ ਹੋਇਆ। ਜਦੋਂ ਆਪ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਸੀ ਤਾਂ ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟਾ ਕਰ ਗਏ। ਉਸ ਵੇਲੇ ਅਕਸਰ ਹੀ ਸ਼ਰਧਾਲੂ ਆਪਣੇ ਬੱਚਿਆਂ ਨੂੰ ਸੰਤ ਮਹਾਂਪੁਰਸ਼ਾਂ ਦੇ ਡੇਰੇ ਤੇ ‘ਚੜ੍ਹਾ’ ਦਿਆ ਕਰਦੇ ਸਨ। ਇਸ ਲਈ ਛੋਟੀ ਅਵਸਥਾ ਤੋਂ ਹੀ ਭਾਈ ਮਨੀ ਸਿੰਘ ਨੌਵੇਂ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਰਹੇ। ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕਿਆ ਅਤੇ ਮਨੀਏ ਤੋਂ ਆਪ ਜੀ ਦਾ ਨਾਂ ਮਨੀ ਸਿੰਘ ਰੱਖ ਦਿੱਤਾ ਗਿਆ। ਸੰਮਤ 1761 ਬਿਕਰਮੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਤਾਂ ਆਪ ਜੀ ਦੀ ਡਿਊਟੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਲੈ ਕੇ ਜਾਣ ਦੀ ਲਗਾਈ ਗਈ ਜਿਸ ਵਿੱਚ ਆਪ ਨੇ ਬਹੁਤ ਹੀ ਨਿਪੁੰਨਤਾ ਨਾਲ ਸਫਲਤਾ ਹਾਸਿਲ ਕੀਤੀ ਅਤੇ ਦੋਵੇਂ ਮਾਤਾਵਾਂ ਨੂੰ ਦਿੱਲੀ ਪਹੁੰਚਾ ਦਿੱਤਾ। ਗੁਰੂ ਜੀ ਦੀ ਆਗਿਆ ਅਨੁਸਾਰ ਆਪ ਜੀ ਮਾਤਾਵਾਂ ਦੇ ਕੋਲ ਹੀ ਰਹਿੰਦੇ ਰਹੇ।
ਭਾਈ ਮਨੀ ਸਿੰਘ ਜੀ ਨੂੰ ਨਾ ਸਿਰਫ਼ ਉਨ੍ਹਾਂ ਦੀ ਸ਼ਹਾਦਤ ਲਈ ਯਾਦ ਕੀਤਾ ਜਾਂਦਾ ਹੈ, ਸਗੋਂ ਸਿੱਖ ਬੌਧਿਕ ਪਰੰਪਰਾ ਦੀ ਰੱਖਿਆ ਲਈ ਵੀ ਯਾਦ ਕੀਤਾ ਜਾਂਦਾ ਹੈ, ਜਦੋਂ ਸੰਪਰਦਾਇ ਦੀ ਭੌਤਿਕ ਹੋਂਦ ਅਤੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਦੋਵੇਂ ਖ਼ਤਰੇ ਵਿੱਚ ਸਨ। ਉਨ੍ਹਾਂ ਦਾ ਜੀਵਨ ਵਿਦਵਤਾ, ਅਧਿਆਤਮਿਕ ਅਨੁਸ਼ਾਸਨ ਅਤੇ ਨਿਡਰ ਵਿਰੋਧ ਦਾ ਇੱਕ ਦੁਰਲੱਭ ਸੁਮੇਲ ਦਰਸਾਉਂਦਾ ਹੈ। ਜਦੋਂ ਦਿੱਲੀ ਵਿਖੇ ਆਪ ਜੀ ਨੂੰ ਇਹ ਸੂਚਨਾ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚ ਗਏ ਹਨ ਤਾਂ ਆਪ ਜੀ ਦੋਵੇਂ ਮਾਤਾਵਾਂ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਦਮਦਮਾ ਸਾਹਿਬ ਵਿਖੇ ਪਹੁੰਚ ਗਏ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕੀਤੀ ਜਿਸ ਨੂੰ ਕਿ ਬਾਅਦ ਵਿੱਚ ਗੁਰਤਾਗੱਦੀ ਦਿੱਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੌਜੂਦਾ ਸਰੂਪ ਹੀ ਅੱਜ ਕੱਲ੍ਹ ਪ੍ਰਚਲਿਤ ਹੈ। ਭਾਈ ਮਨੀ ਸਿੰਘ ਜੀ ਨੇ ਇਸ ਸਾਰੇ ਗ੍ਰੰਥ ਦੀ ਲਿਖਾਈ ਕੀਤੀ। ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਲਿਖਵਾਉਂਦੇ ਗਏ ਅਤੇ ਆਪ ਜੀ ਲਿਖਦੇ ਰਹੇ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸਮੇਂ ਕਾਗਜ਼ ਸਿਆਹੀ ਅਤੇ ਕਲਮਾਂ ਦੀ ਸੇਵਾ ਕਰਦੇ ਰਹੇ। ਭਾਈ ਮਨੀ ਸਿੰਘ ਜੀ ਸਿਰਫ਼ ਗ੍ਰੰਥੀ ਹੀ ਨਹੀਂ ਸਨ, ਸਗੋਂ ਆਪਣੇ ਸਮੇਂ ਦੇ ਗੁਰਬਾਣੀ ਦੇ ਮੋਹਰੀ ਵਿਦਵਾਨਾਂ ਵਿੱਚੋਂ ਇੱਕ ਸਨ। ਰਾਗ-ਅਧਾਰਿਤ ਬਣਤਰ, ਭਾਸ਼ਾਈ ਸੂਖਮਤਾਵਾਂ ਅਤੇ ਮੌਖਿਕ ਪਰੰਪਰਾ ਦੀ ਉਨ੍ਹਾਂ ਦੀ ਡੂੰਘੀ ਸਮਝ ਨੇ ਉਨ੍ਹਾਂ ਨੂੰ ਦਮਦਮੀ ਬੀੜ ਦੀ ਤਿਆਰੀ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਲਈ ਵਿਲੱਖਣ ਤੌਰ ‘ਤੇ ਯੋਗ ਬਣਾਇਆ।

1778 ਸੰਮਤ ਬਿਕਰਮੀ ਮੁਤਾਬਿਕ 1721 ਈਸਵੀ ਨੂੰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਥਾਪ ਕੇ ਉਥੇ ਭੇਜਿਆ। ਇੱਥੇ ਰਹਿੰਦਿਆਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਿਲੱਖਣ ਬੀੜ ਤਿਆਰ ਕੀਤੀ। ਇਸ ਵਿਚ ਸਾਰੇ ਗੁਰੂ ਸਾਹਿਬਾਨ ਦੀ ਅੱਡ-ਅੱਡ ਬਾਣੀ ਅੱਡ-ਅੱਡ ਰਾਗਾਂ ਵਿਚ ਦਿੱਤੀ ਗਈ। ਪ੍ਰੰਤੂ ਖ਼ਾਲਸਾ ਪੰਥ ਨੇ ਇਸ ਗ੍ਰੰਥ ਨੂੰ ਸਵੀਕਾਰ ਨਾ ਕੀਤਾ ਅਤੇ ਆਪ ਜੀ ਨੂੰ ਸਰਾਪ ਦੇ ਦਿੱਤਾ ਕਿ ਆਪ ਜੀ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੰਡਿਤ ਕੀਤਾ ਹੈ ਉਸੇ ਤਰ੍ਹਾਂ ਆਪ ਜੀ ਦੇ ਅੰਗ-ਅੰਗ ਜੁਦਾ ਹੋਣਗੇ।
ਇਸੇ ਦੌਰਾਨ ਲਾਹੌਰ ਦੇ ਦੀਵਾਨ ਲੱਖਪਤ ਰਾਏ ਨੇ ਅਚਾਨਕ ਸਿੱਖਾਂ ਉਤੇ ਜ਼ੁਲਮ ਕਰਨੇ ਕਾਫ਼ੀ ਵਧਾ ਦਿੱਤੇ। ਉਸ ਨੇ ਬੁੱਢਾ ਦਲ ਨੂੰ ਬਾਰੀ ਦੋਆਬ ਵਿਚੋਂ ਬਾਹਰ ਕੱਢ ਦਿੱਤਾ। ਬੁੱਢਾ ਦਲ ਉੱਥੋਂ ਚੱਲ ਕੇ ਮਾਲਵੇ ਵਿੱਚ ਆ ਗਿਆ ਜਿੱਥੇ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਬਰਨਾਲਾ ਵਿੱਚ ਬੁੱਢਾ ਦਲ ਦਾ ਹਾਰਦਿਕ ਸਵਾਗਤ ਕੀਤਾ ਅਤੇ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ। ਇਸੇ ਦੌਰਾਨ ਜਦੋਂ ਬੁੱਢਾ ਦਲ ਤਾਜ਼ਾ ਦਮ ਹੋ ਕੇ ਮਾਝੇ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਲਖਪਤ ਰਾਏ ਨੇ ਸੱਤ ਹਜ਼ਾਰ ਸੈਨਿਕਾਂ ਦੀ ਫੌਜ ਆਪਣੀ ਕਮਾਨ ਥੱਲੇ ਲੈ ਕੇ ਬੁੱਢਾ ਦਲ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਬੁੱਢਾ ਦਲ ਦਾ ਕਾਫੀ ਨੁਕਸਾਨ ਹੋਇਆ। ਜਦੋਂ ਇਸ ਘਟਨਾ ਦਾ ਤਰੁਣਾ ਦਲ ਨੂੰ ਪਤਾ ਲੱਗਾ ਤਾਂ ਉਹ ਬੜੀ ਤੇਜ਼ੀ ਨਾਲ ਬੁੱਢਾ ਦਲ ਦੀ ਮਦਦ ਲਈ ਪਹੁੰਚਿਆ। ਦੋਵੇਂ ਦਲਾਂ ਨੇ ਇਕੱਠੇ ਹੋ ਕੇ ਮੁਗਲ ਫ਼ੌਜ ਉੱਤੇ ਹਮਲਾ ਬੋਲ ਦਿੱਤਾ ਕਿਉਂਕਿ ਮੁਗਲ ਫ਼ੌਜ ਅਜੇ ਤੱਕ ਲਾਹੌਰ ਵਿਖੇ ਨਹੀਂ ਸੀ ਪਹੁੰਚੀ।
ਹੁਜਰਾ ਸਾਹ ਮੁਕੀਮ ਦੇ ਨੇੜੇ ਗਹਿਗੱਚ ਲੜਾਈ ਹੋਈ ਜਿੱਥੇ ਸਿੱਖਾਂ ਨੇ ਮੁਗਲਾਂ ਨੂੰ ਭਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਉਸ ਦੇ ਦੋ ਪ੍ਰਸਿੱਧ ਫ਼ੌਜਦਾਰ ਤਾਤਾਰ ਖ਼ਾਨ ਅਤੇ ਜਮਾਲ ਖਾਂ ਵੀ ਮਾਰੇ ਗਏ। ਸਿੱਖਾਂ ਦੇ ਇਸ ਜਿੱਤ ਤੋਂ ਹੌਸਲੇ ਵੱਧ ਗਏ ਅਤੇ ਉਨ੍ਹਾਂ ਅੰਮ੍ਰਿਤਸਰ ਤੱਕ ਦੇ ਸਾਰੇ ਇਲਾਕੇ ਵਿਚ ਤਰਥੱਲੀ ਮਚਾ ਦਿੱਤੀ ਅਤੇ ਮੁਗਲਾਂ ਨੂੰ ਘੇਰ-ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸਰਕਾਰ ਦੁਬਾਰਾ ਹਰਕਤ ਵਿੱਚ ਆ ਗਈ ਅਤੇ ਉਨ੍ਹਾਂ ਅੰਮ੍ਰਿਤਸਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ। ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਸਰਕਾਰ ਨੇ ਸਿੱਖਾਂ ਦੇ ਵਿਰੁੱਧ ਦਮਨ ਚੱਕਰ ਚਲਾਇਆ ਅਤੇ ਹਜ਼ਾਰਾਂ ਹੀ ਸਿੱਖ ਕਤਲ ਕਰ ਦਿੱਤੇ ਗਏ। ਭਾਈ ਮਨੀ ਸਿੰਘ ਜੀ ਲਈ, ਗੁਰਬਾਣੀ ਸਿਰਫ਼ ਇੱਕ ਪਾਠ ਨਹੀਂ ਸੀ, ਸਗੋਂ ਇੱਕ ਜਿਉਂਦਾ ਵਿਰੋਧ ਸੀ। ਗੁਰੂ ਦੇ ਬਚਨ ਨੂੰ ਸੰਭਾਲਣਾ, ਸੰਗਤ ਨੂੰ ਇਕੱਠੇ ਹੋਣ ਦੇਣਾ, ਅਤੇ ਸਮੂਹਿਕ ਸਿੱਖ ਅਭਿਆਸਾਂ ਨੂੰ ਕਾਇਮ ਰੱਖਣਾ ਜ਼ੁਲਮ ਦੇ ਵਿਰੁੱਧ ਅਧਿਆਤਮਿਕ ਵਿਰੋਧ ਦੇ ਕਾਰਜ ਸਨ।

ਇਸ ਮੌਕੇ ਉਸ ਸਮੇਂ ਦੇ ਮਹਾਨ ਵਿਦਵਾਨ ਅਤੇ ਬਹੁਤ ਹੀ ਆਦਰਯੋਗ ਸਿੱਖ ਭਾਈ ਮਨੀ ਸਿੰਘ ਜੀ ਨੇ ਵਿਚ ਲਾਹੌਰ ਦੇ ਗਵਰਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਮੇਲਾ ਭਰਨ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਇਹ ਆਗਿਆ ਇਸ ਸ਼ਰਤ ਉੱਤੇ ਦਿੱਤੀ ਕਿ ਮੇਲਾ ਭਰਨ ਦੀ ਸੂਰਤ ਵਿੱਚ ਪੰਜ ਹਜ਼ਾਰ ਰੁਪਏ ਸਰਕਾਰ ਕੋਲ ਜਮ੍ਹਾ ਕਰਾਉਣੇ ਪੈਣਗੇ। ਭਾਈ ਮਨੀ ਸਿੰਘ ਜੀ ਨੇ ਦਸ ਦਿਨ ਤੱਕ ਇਹ ਮੇਲਾ ਜਾਰੀ ਰੱਖਣ ਦੀ ਆਗਿਆ ਹਾਸਲ ਕਰ ਲਈ। ਉਨ੍ਹਾਂ ਨੂੰ ਉਮੀਦ ਸੀ ਕਿ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਤਰ ਹੋਵੇਗੀ ਜਿਸ ਵਿੱਚੋਂ ਭੇਟਾਵਾਂ ਇਕੱਠੀਆਂ ਕਰਕੇ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਅਦਾ ਕਰ ਦਿੱਤੇ ਜਾਣਗੇ। ਪਰੰਤੂ ਗਵਰਨਰ ਨੇ ਇਸ ਮੌਕੇ ਨੂੰ ਚੰਗਾ ਮੌਕਾ ਜਾਣਦਿਆਂ ਸਿੱਖਾਂ ਦਾ ਕਤਲੇਆਮ ਕਰਨ ਦਾ ਫੈਸਲਾ ਕਰ ਲਿਆ। ਦੀਵਾਨ ਲਖਪਤ ਰਾਏ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਇੱਕ ਫੌਜ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤੀ ਗਈ। ਇਸ ਫੌਜ ਨੇ ਰਾਮ ਤੀਰਥ ਵਾਲੇ ਸਥਾਨ ਤੇ ਆਪਣਾ ਡੇਰਾ ਲਾਇਆ। ਭਾਈ ਮਨੀ ਸਿੰਘ ਵੱਲੋਂ ਪਹਿਲਾਂ ਸਿੱਖ ਸੰਗਤਾਂ ਨੂੰ ਦੂਰ-ਦੂਰ ਤੱਕ ਪੱਤਰ ਲਿਖ ਦਿੱਤੇ ਗਏ ਸਨ ਕਿ ਇਸ ਵਾਰ ਦੀਵਾਲੀ ਦਾ ਮੇਲਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਭਰੇਗਾ। ਪ੍ਰੰਤੂ ਜਦੋਂ ਉਨ੍ਹਾਂ ਨੂੰ ਸੂਹੀਆ ਤੋਂ ਇਹ ਖ਼ਬਰ ਮਿਲੀ ਕਿ ਜੇਕਰ ਸਿੱਖ ਇੱਥੇ ਇਕੱਠੇ ਹੋ ਗਏ ਤਾਂ ਉਨ੍ਹਾਂ ਦਾ ਕਤਲੇਆਮ ਕਰ ਦਿੱਤਾ ਜਾਵੇਗਾ ਤਾਂ ਭਾਈ ਮਨੀ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਬੰਦੇ ਭੇਜ ਕੇ ਆਪਣੀ ਪਹਿਲਾਂ ਵਾਲੀ ਸੂਚਨਾ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਇਹ ਸੂਚਨਾ ਨਾ ਪਹੁੰਚ ਸਕੀ ਤੇ ਸਿੱਖ ਕਾਫ਼ੀ ਗਿਣਤੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਸਨ। ਮੁਗਲ ਸੈਨਾ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਜਿਸ ਕਰਕੇ ਮੇਲਾ ਖਿੰਡ ਪੁੰਡ ਗਿਆ ਅਤੇ ਭੇਟਾਵਾਂ ਇਕੱਤਰ ਨਾ ਹੋ ਸਕੀਆਂ। ਸਰਕਾਰ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਇਸ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਿ ਉਨ੍ਹਾਂ ਨੇ ਨਿਰਧਾਰਤ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਅਦਾ ਨਹੀਂ ਕੀਤਾ। ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਪੈਸੇ ਜਮ੍ਹਾ ਕਰਵਾਉਣ ਨਹੀਂ ਤਾਂ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੌਤ ਤੋਂ ਬਚਣ ਲਈ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪ੍ਰੰਤੂ ਭਾਈ ਮਨੀ ਸਿੰਘ ਜੀ ਨੇ ਆਪਣਾ ਸਿੱਖੀ ਧਰਮ ਨਾ ਛੱਡਦੇ ਹੋਏ ਉਲਟਾ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਮੇਲਾ ਭਰ ਲੈਣ ਦਿੰਦੀ ਤਾਂ ਕਰ ਸਰਕਾਰ ਨੂੰ ਅਦਾ ਕਰ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਬੇਈਮਾਨੀ ਕੀਤੀ ਹੈ। ਇਹ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਇੱਥੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਭਾਈ ਮਨੀ ਸਿੰਘ ਜੀ ਸ਼ਹੀਦ ਕੀਤੇ ਗਏ ਉਹ ਪਵਿੱਤਰ ਸ਼ਹੀਦਗੰਜ ਲਾਹੌਰ ਦੇ ਕਿਲ੍ਹੇ ਦੇ ਨੇੜੇ ਸਥਿਤ ਹੈ। ਇਸ ਮੌਕੇ ਇਕੱਲਾ ਭਾਈ ਮਨੀ ਸਿੰਘ ਜੀ ਨੂੰ ਹੀ ਸ਼ਹੀਦ ਨਹੀਂ ਕੀਤਾ ਗਿਆ ਬਲਕਿ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੂੰ ਵੀ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਇਤਿਹਾਸਕ ਸਿੱਖ ਸਰੋਤਾਂ ਅਨੁਸਾਰ, ਭਾਈ ਮਨੀ ਸਿੰਘ ਜੀ ਨੂੰ ਅੰਗਾਂ ਦੇ ਟੁਕੜੇ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ – ਇੱਕ ਸਜ਼ਾ ਜਿਸਦਾ ਉਦੇਸ਼ ਲੋਕਾਂ ਵਿੱਚ ਡਰ ਪੈਦਾ ਕਰਨਾ ਸੀ। ਭਾਈ ਸਾਹਿਬ ਨੇ ਇਸ ਸਜ਼ਾ ਨੂੰ ਸ਼ਾਂਤੀ ਨਾਲ ਸਵੀਕਾਰ ਕੀਤਾ, ਇਸ ਤਰ੍ਹਾਂ ਅਤਿਅੰਤ ਜ਼ੁਲਮ ਦੇ ਸਾਮ੍ਹਣੇ ਅਟੁੱਟ ਵਿਸ਼ਵਾਸ ਦੇ ਸਿੱਖ ਆਦਰਸ਼ ਦੀ ਉਦਾਹਰਣ ਦਿੱਤੀ। ਭਾਈ ਮਨੀ ਸਿੰਘ ਜੀ ਦਾ ਨਾਮ ਨਾ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਗੋਂ ਰੋਜ਼ਾਨਾ ਸਿੱਖ ਅਰਦਾਸ ਵਿੱਚ ਵੀ ਰਹਿੰਦਾ ਹੈ। ਉਨ੍ਹਾਂ ਦੀ ਕੁਰਬਾਨੀ ਭਾਈਚਾਰੇ ਨੂੰ ਯਾਦ ਦਿਵਾਉਂਦੀ ਹੈ ਕਿ ਵਿਸ਼ਵਾਸ ਬਣਾਈ ਰੱਖਣਾ ਅਕਸਰ ਨਿੱਜੀ ਕੀਮਤ ‘ਤੇ ਆਉਂਦਾ ਹੈ, ਅਤੇ ਅਧਿਆਤਮਿਕ ਅਗਵਾਈ ਦੇ ਨਾਲ ਨੈਤਿਕ ਜ਼ਿੰਮੇਵਾਰੀ ਵੀ ਹੁੰਦੀ ਹੈ। ਭਾਈ ਮਨੀ ਸਿੰਘ ਜੀ ਨੇ ਸਿਰਫ਼ ਸਿੱਖ ਪਰੰਪਰਾ ਦੀ ਰੱਖਿਆ ਹੀ ਨਹੀਂ ਕੀਤੀ – ਉਨ੍ਹਾਂ ਨੇ ਆਪਣੀ ਜਾਨ ਦੀ ਕੀਮਤ ‘ਤੇ ਇਸਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ।



Leave a Comment