Baba Deep SIngh Ji

ਸਿੱਖ ਸੂਰਮੇ, ਬ੍ਰਹਮ ਗਿਆਨੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਨੂੰ ਇਹ ਮਾਣ ਹਾਸਲ ਹੈ ਕਿ ਆਪ ਜੀ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 2 ਸਾਲ ਤੱਕ ਆਨੰਦਪੁਰ ਸਾਹਿਬ ਵਿਖੇ ਹੀ ਰਹੇ। ਇੱਥੇ ਰਹਿੰਦਿਆਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰਮੁਖੀ, ਅਰਬੀ, ਫਾਰਸੀ, ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਆਪ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਗੁਰਬਾਣੀ ਤੇ ਹੋਰ ਗ੍ਰੰਥਾਂ ਦਾ ਅਧਿਐਨ ਕਰਵਾਇਆ।

ਜ਼ਿਲਾ ਲਾਹੌਰ (ਅੰਮ੍ਰਿਤਸਰ ਸਾਹਿਬ) ਦੇ ਪਿੰਡ ਪਹੂਵਿੰਡ ਦੇ ਰਹਿਣ ਵਾਲੇ ਭਾਈ ਭਗਤੂ ਜੀ ਤੇ ਉਨ੍ਹਾਂ ਦੀ ਪਤਨੀ ਜੀਊਣੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਵਿਚ ਅਕਸਰ ਹੀ ਜਾਂਦੇ ਰਹਿੰਦੇ ਸਨ। ਇਹ ਇਕ ਗੁਰਸਿੱਖ ਪਰਿਵਾਰ ਸੀ। ਇਨ੍ਹਾਂ ਦੇ ਗ੍ਰਹਿ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਹੋਇਆ। ਜਦੋਂ ਬਾਲ ਅਵਸਥਾ ਵਿਚ ਬਾਬਾ ਦੀਪ ਸਿੰਘ ਜੀ ਦੇ ਮਾਪੇ ਇਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਗਏ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਪਿਆਂ ਤੋਂ ਇਹ ਆਗਿਆ ਮੰਗੀ ਕਿ ਉਨ੍ਹਾਂ ਨੂੰ ਆਨੰਦਪੁਰ ਵਿਖੇ ਹੀ ਗੁਰੂ ਦੀ ਸੰਗਤ ਵਿਚ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵੱਡੇ ਹੋ ਜਾਓਗੇ ਤਾਂ ਜਰੂਰ ਹੀ ਆਨੰਦਪੁਰ ਸਾਹਿਬ ਵਿਖੇ ਆ ਕੇ ਰਹਿ ਸਕਦੇ ਹਨ।

ਸੰਨ 1700 ਦੀ ਵਿਸਾਖੀ ਮੌਕੇ ਆਪ ਦੇ ਮਾਪਿਆਂ ਨੇ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਰਪਨ ਕਰ ਦਿੱਤਾ। ਗੁਰੂ ਜੀ ਨੇ ਆਪ ਜੀ ਨੂੰ ਅੰਮ੍ਰਿਤਪਾਨ ਕਰਵਾਇਆ। ਹਥਿਆਰਾਂ ਦੀ ਟ੍ਰੇਨਿੰਗ ਦਿੱਤੀ। ਬਾਬਾ ਦੀਪ ਸਿੰਘ ਜੀ 1702 ਈਸਵੀ ਵਿਚ ਸ਼ਾਦੀ ਹੋ ਗਈ। ਤਿੰਨ ਸਾਲ ਆਪਣੇ ਪਰਿਵਾਰ ਨਾਲ ਬਿਤਾਉਣ ਮਗਰੋਂ ਜਦੋਂ ਬਾਬਾ ਜੀ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ ਬਾਰੇ ਪਤਾ ਲੱਗਾ ਤਾਂ ਆਪ ਜੀ ਗੁਰੂ ਜੀ ਕੋਲ 1705 ਈਸਵੀ ਵਿਚ ਤਲਵੰਡੀ ਸਾਬੋ ਵਿਖੇ ਆ ਗਏ।

ਬਾਬਾ ਦੀਪ ਸਿੰਘ ਜੀ ਜਿੱਥੇ ਮਹਾਨ ਯੋਧੇ ਸਨ, ਉੱਥੇ ਉੱਘੇ ਵਿਦਵਾਨ ਵੀ ਸਨ। ਆਪ ਜੀ ਬਹੁਤ ਹੀ ਤੀਖਣ ਬੁੱਧੀ ਦੇ ਮਾਲਕ ਸਨ। ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ਵਿਚ ਵੀ ਆਪ ਜੀ ਇਕ ਸਮਾਨ ਰਹਿੰਦੇ ਸਨ ਤੇ ਉਸਦਾ ਹੱਲ ਕੱਢਣਾ ਆਪ ਜੀ ਦੇ ਖੱਬੇ ਹੱਥ ਦੀ ਖੇਡ ਸੀ। ਤਲਵੰਡੀ ਸਾਬੋ ਵਿਖੇ ਜਦੋਂ ਗੁਰੂ ਜੀ ਨੇ ਦਮਦਮੀ ਬੀੜ (ਆਦਿ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਤਿਆਰ ਕੀਤੀ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਦੀ ਸਿਆਹੀ ਤੇ ਕਾਗਜ਼ਾਂ ਆਦਿ ਵਿਚ ਮਦਦ ਕੀਤੀ। ਬਾਅਦ ਵਿਚ ਆਪ ਜੀ ਨੇ ਇਸ ਪਵਿੱਤਰ ਬੀੜ ਦੇ ਚਾਰ ਉਤਾਰੇ ਕੀਤੇ। ਇਹ ਚਾਰੇ ਉਤਾਰੇ ਚਾਰ ਤਖਤ ਸਾਹਿਬਾਨ ਤੇ ਭੇਜੇ ਗਏ ਜਿੱਥੇ ਕਿ ਅਜੇ ਵੀ ਮੌਜੂਦ ਹਨ। ਇਹ ਬੀੜ ਸਿੱਖਾਂ ਵਿਚ ਪੂਰੀ ਤਰਾਂ ਪ੍ਰਮਾਣਿਕ ਮੰਨੀ ਜਾਂਦੀ ਹੈ। ਜਦੋਂ ਗੁਰੂ ਜੀ ਤਲਵੰਡੀ ਸਾਬੋ ਤੋਂ ਦੱਖਣ ਵੱਲ ਰਵਾਨਾ ਹੋਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਦਾ ਮੁਖੀ ਥਾਪ ਕੇ ਗਏ ਤੇ ਆਗਿਆ ਕੀਤੀ ਕਿ ਇੱਥੇ ਰਹਿ ਕੇ ਹੀ ਸੇਵਾ ਕਰਨੀ ਹੈ। ਭਾਈ ਮਨੀ ਜੀ ਨੂੰ ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਗਰੰਥੀ ਥਾਪ ਕੇ ਅੰਮ੍ਰਿਤਸਰ ਭੇਜ ਦਿੱਤਾ।

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਏ ਤਾਂ 1709 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਨੇ ਬਾਬਾ ਜੀ ਦੀ ਫੌਜ ਨਾਲ ਮਿਲ ਕੇ ਸਢੌਰਾ ਅਤੇ ਸਰਹਿੰਦ ਦੀਆਂ ਜੰਗਾਂ ਵਿਚ ਹਿੱਸਾ ਲਿਆ ਅਤੇ ਫਤਿਹ ਹਾਸਲ ਕੀਤੀ। ਆਪ ਜੀ ਦਾ ਸਿੱਖਾ ਵਿਚ ਬਹੁਤ ਸਤਿਕਾਰ ਸੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਆਪ ਜੀ ਨੂੰ ਦਲ ਖ਼ਾਲਸਾ ਦੇ ਇਕ ਜਥੇ ਦੀਆ ਫੌਜਾਂ ਦਾ ਮੁਖੀ ਬਣਾ ਕੇ ਸਨਮਾਨ ਦਿੱਤਾ। 1748 ਈਸਵੀ ਨੂੰ ਬਾਬਾ ਜੀ ਨੂੰ ਸ਼ਹੀਦਾਂ ਮਿਸਲ ਦੇ ਮੁਖੀ ਬਣਾਇਆ ਗਿਆ। ਇਸੇ ਦੌਰਾਨ ਜਦੋਂ ਅਹਿਮਦ ਸ਼ਾਹ ਦੁਰਾਨੀ ਭਾਰਤ ‘ਤੇ ਹਮਲੇ ਕਰ ਰਿਹਾ ਸੀ ਅਤੇ ਇੱਥੋਂ ਦੀਆਂ ਹਿੰਦੂ ਨੂੰਹਾਂ ਤੇ ਕੁੜੀਆਂ ਨੂੰ ਬੰਨ੍ਹ ਕੇ ਆਪਣੇ ਨਾਲ ਲੈ ਜਾਂਦਾ ਤੇ ਕਾਫੀ ਸਾਰਾ ਧੰਨ ਮਾਲ ਵੀ ਲੁੱਟ ਕੇ ਲੈ ਜਾਂਦਾ ਤਾਂ ਸਿੱਖ ਰਸਤੇ ਵਿਚ ਉਸਨੂੰ ਲੁੱਟ ਲੈਂਦੇ। ਸਿੱਖ ਦੁਰਾਨੀ ਕੋਲੋਂ ਹਿੰਦੂ ਨੂੰਹਾਂ ਤੇ ਕੁੜੀਆਂ ਨੂੰ ਛੁਡਵਾ ਲੈਂਦੇ ਅਤੇ ਦੁਰਾਨੀ ਵੱਲੋਂ ਲੁੱਟਿਆ ਧਨ ਮਾਲ ਖੋਹ ਲੈਂਦੇ।

ਮਾਰਚ 1757 ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਚੌਥਾ ਹਮਲਾ ਕਰਨ ਲਈ ਆਇਆ ਸੀ ਤਾਂ ਉਸਨੇ ਕਾਫੀ ਲੁੱਟ ਮਾਰ ਕੀਤੀ। ਦਿੱਲੀ ਰਾਜਧਾਨੀ ਤੋਂ ਅਤੇ ਧਾਰਮਿਕ ਅਸਥਾਨਾਂ ਤੋਂ ਹੀਰੇ ਜਵਾਹਰਾਤ ਆਦਿ ਲੁੱਟ ਲਏ। ਤੈਮੂਰ ਅਤੇ ਜਹਾਨ ਖਾਂ ਇਹ ਲੁੱਟਿਆ ਮਾਲ ਲੈ ਕੇ ਲਾਹੌਰ ਵੱਲ ਜਾ ਰਹੇ ਸਨ ਤਾਂ ਬਾਬਾ ਦੀਪ ਸਿੰਘ ਜੀ ਦੀ ਫੌਜ ਨੇ ਕੁਰੂਕਸ਼ੇਤਰ ਦੇ ਨੇੜੇ ਇਨ੍ਹਾਂ ਤੇ ਹਮਲਾ ਕਰਕੇ ਵੱਡੀ ਗਿਣਤੀ ਵਿਚ ਹਿੰਦੂਆਂ ਦੀਆਂ ਲੜਕੀਆਂ ਤੇ ਔਰਤਾਂ ਛੁਡਵਾ ਲਈਆਂ, ਧਨ ਮਾਲ ਅਸਬਾਬ ਖੋਹ ਲਿਆ। ਅਹਿਮਦ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਆਪਣੇ ਅਧੀਨ ਸਾਰੇ ਹੀ ਭਾਰਤੀ ਇਲਾਕਿਆਂ ਦਾ ਵਾਇਸਰਾਇ ਨਿਯੁਕਤ ਕਰ ਦਿੱਤਾ ਅਤੇ ਸਖਤ ਹਿਦਾਇਤ ਕਰ ਦਿੱਤੀ ਕਿ ਜਿਸ ਤਰਾਂ ਵੀ ਹੋਵੇ, ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰ ਦੇਣਾ ਹੈ।

ਤੈਮੂਰ ਸ਼ਾਹ ਨੇ ਹੁਣ ਅੱਤ ਚੁੱਕ ਲਈ ਸੀ। ਉਸਨੇ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਕੀਤੀ ਤੇ ਹਰਿਮੰਦਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ। ਉਸਨੇ ਜਹਾਨ ਖਾਨ ਨੂੰ ਭਾਰੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ‘ਤੇ ਹਮਲਾ ਕਰਨ ਲਈ ਕਿਹਾ। ਜਹਾਨ ਖਾਂ ਨੇ ਅਤਾਈ ਖਾਨ ਦੀ ਵੀ ਮਦਦ ਮੰਗ ਲਈ। ਅਤਾਈ ਖਾਂ ਵੀ ਕਾਫੀ ਫੌਜ ਨਾਲ ਰੱਖਦਾ ਸੀ। ਸਿੱਖਾਂ ਵਿਰੁੱਧ ਜਹਾਦ ਛੇੜ ਦਿੱਤਾ ਗਿਆ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਬਾਬਾ ਜੀ ਨੇ ਸਿੰਘਾਂ ਨੂੰ ਲਲਕਾਰਿਆ ਤੇ ਐਲਾਨ ਕੀਤਾ ਕਿ ਹੁਣ ਤਾਂ ਦੀਵਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਮਨਾਈ ਜਾਵੇਗੀ। ਬਾਬਾ ਜੀ ਆਪਣਾ ਖੰਡਾ ਹੱਥ ਵਿਚ ਫੜ ਕੇ ਅੰਮ੍ਰਿਤਸਰ ਲਈ ਨਿਕਲ ਪਏ। ਬਾਬਾ ਜੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਸਿੰਘ ਇਕੱਤਰ ਹੋ ਗਏ। ਮਾਝੇ ਵੱਲ ਨੂੰ ਆਉਂਦਿਆਂ ਵੱਡੀ ਗਿਣਤੀ ਵਿਚ ਸਿੰਘ ਬਾਬਾ ਜੀ ਦੀ ਅਗਵਾਈ ਵਿਚ ਇਕੱਠੇ ਹੋ ਗਏ ਤੇ ਤਰਨਤਾਰਨ ਤਕ ਪੁੱਜਦਿਆਂ ਇਹ ਗਿਣਤੀ 5 ਹਜ਼ਾਰ ਤੱਕ ਹੋ ਗਈ।

ਦਿਲਚਸਪ ਗੱਲ ਇਹ ਸੀ ਕਿ ਬਾਬਾ ਜੀ ਦੇ ਸੁਨੇਹੇ ਅਨੁਸਾਰ ਸਿੰਘ ਜੰਝ ਚੜ੍ਹਨ ਵਾਲਿਆਂ ਵਾਂਗ ਭੜਕੀਲੇ ਲਿਬਾਸ ਪਾ ਕੇ ਤੇ ਹੱਥਾਂ ਤੇ ਗਾਨੇ ਬੰਨ੍ਹ ਕੇ, ਆਪਣੇ ਕੱਪੜਿਆਂ ਤੇ ਕੇਸਰ ਛਿੜਕ ਕੇ ਆਏ ਸਨ। ਇਸ ਦਾ ਭਾਵ ਇਹ ਸੀ ਕਿ ਸਾਰੇ ਹੀ ਸ਼ਹੀਦ ਹੋਣ ਦੀ ਭਾਵਨਾ ਨਾਲ ਆਏ ਸਨ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਨਾਲ ਧਰਤੀ ਤੇ ਲਕੀਰ ਖਿਚ ਕੇ ਸਿੰਘਾਂ ਨੂੰ ਲਲਕਾਰਿਆ ਕਿ ਜਿਸ ਨੂੰ ਜਾਨ ਪਿਆਰੀ ਹੈ ਉਹ ਇਸ ਲਾਈਨ ਤੋਂ ਪਾਰਲੇ ਪਾਸੇ ਰਹੇ ਤੇ ਜਿਸਨੇ ਗੁਰ ਘਰ ਲਈ ਆਪਾਂ ਜਾਨਾਂ ਨਿਛਾਵਰ ਕਰਨੀਆਂ ਹਨ ਉਹ ਲਾਈਨ ਟੱਪ ਕੇ ਉਰਲੇ ਪਾਸੇ ਆ ਜਾਵੇ। ਬਾਬਾ ਜੀ ਦੀ ਰੋਹ ਭਰੀ ਤਕਰੀਰ ਸੁਣ ਕੇ ਸਾਰੇ ਹੀ ਸਿੰਘ ਛਾਲਾਂ ਮਾਰ ਕੇ ਲਾਈਨ ਟੱਪ ਆਏ। ਬਾਬਾ ਜੀ ਨੇ ਪ੍ਰਣ ਲਿਆ ਕਿ ਉਨ੍ਹਾਂ ਦਾ ਸੀਸ ਅੰਮ੍ਰਿਤਸਰ ਸਾਹਿਬ ਦੀ ਭੇਟਾ ਹੋਵੇਗਾ। ਨਵੰਬਰ 1757 ਈਸਵੀ ਨੂੰ ਗੋਹਰਵਾਲ ਦੇ ਨੇੜੇ ਬਾਬਾ ਜੀ ਦੇ ਸਿੰਘਾਂ ਅਤੇ ਜਹਾਨ ਖਾਨ ਦੀਆਂ ਫੌਜਾਂ ਦਾ ਟਾਕਰਾ ਹੋ ਗਿਆ। ਦੁਸ਼ਮਣ ਸਿੰਘਾਂ ਅੱਗੇ ਟਿਕ ਨਾ ਸਕੇ। ਉਹ ਖਿੰਡ ਪੁੰਡ ਗਏ ਤੇ ਜਹਾਨ ਖਾਨ ਨੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਭੱਜ ਗਏ। ਇੰਨੇ ਨੂੰ ਅਤਾਈ ਖਾਂ 20 ਹਜ਼ਾਰ ਫੌਜ ਲੈ ਕੇ ਪੁੱਜ ਗਿਆ ਜਿਸ ਕਰਕੇ ਦੁਸ਼ਮਣ ਮੁੜ ਇਕੱਠੇ ਹੋਣੇ ਸ਼ੁਰੂ ਹੋ ਗਏ। ਸਿੰਘ ਦੁਸ਼ਮਣਾਂ ਨੂੰ ਪਿੰਡ ਚੱਬਾ ਤੱਕ ਧਕੇਲ ਕੇ ਲੈ ਆਏ। ਲੜਾਈ ਮੁੜ ਸ਼ੁਰੂ ਹੋ ਗਈ। ਸਿੱਖ ਜਾਨਾਂ ਹੂਲ ਕੇ ਲੜੇ ਅਤੇ ਹਜ਼ਾਰਾਂ ਹੀ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਬਾਬਾ ਦੀਪ ਸਿੰਘ ਜੀ ਨੇ ਅਜਿਹਾ ਖੰਡਾ ਖੜਕਾਇਆ ਕਿ ਦੁਸ਼ਮਣਾਂ ਦੀਆਂ ਰੂਹਾਂ ਕੰਬ ਗਈਆਂ।

ਅਖੀਰ ਆਪਣੀ ਫੌਜ ਨੂੰ ਢਿੱਲੀ ਪੈਂਦੀ ਵੇਖਦਿਆਂ ਅਤਾਈ ਖਾਂ ਆਪ ਮੈਦਾਨ ਵਿਚ ਆਇਆ। ਦੋ ਜਰਨੈਲ ਜੰਗੇ ਮੈਦਾਨ ਵਿਚ ਆਹਮੋ ਸਾਹਮਣੇ ਸਨ। ਦੋਵਾਂ ਨੇ ਇਕ ਦੂਜੇ ‘ਤੇ ਵਾਰ ਕੀਤਾ। ਸਾਂਝਾ ਵਾਰ ਹੋਇਆ ਤੇ ਉਸਨੇ ਧੋਖੇ ਨਾਲ ਬਾਬਾ ਜੀ ਦੀ ਗਰਦਨ ਤੇ ਤਲਵਾਰ ਦਾ ਵਾਰ ਕੀਤਾ। ਬਾਬਾ ਜੀ ਅਤੇ ਅਤਾਈ ਖਾਨ ਦੋਵਾਂ ਦੇ ਸਿਰ ਇਸ ਸਾਂਝੇ ਵਾਰ ਨਾਲ ਧੜਾਂ ਤੋਂ ਅਲਗ ਹੋ ਗਏ। ਇਕ ਸਿੰਘ ਨੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਅੰਮ੍ਰਿਤਸਰ ਵਿਖੇ ਜਾ ਕੇ ਸੀਸ ਭੇਟਾ ਕਰਾਂਗੇ ਤੇ ਹੁਣ ਇੱਥੇ ਹੀ ਸ਼ਹੀਦ ਹੋ ਗਏ ਹੋ। ਇਸ ਵੇਲੇ ਇਹ ਅਲੌਕਿਕ ਘਟਨਾ ਵਾਪਰੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ‘ਤੇ ਟਿਕਾ ਲਿਆ ਅਤੇ ਸੱਜੇ ਹੱਥ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਬਿਨਾਂ ਸੀਸ ਤੋਂ ਇਕੱਲੇ ਧੜ ਨੂੰ ਹੀ ਲੜਦਿਆਂ ਵੇਖ ਕੇ ਦੁਸ਼ਮਣ ਡਰ ਕੇ ਭੱਜਣ ਲੱਗੇ। ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਵਿਚ ਆ ਕੇ ਆਪਣਾ ਸੀਸ ਭੇਟਾ ਕਰ ਦਿੱਤਾ ਅਤੇ ਸ਼ਹੀਦ ਹੋ ਗਏ। ਬਾਬਾ ਜੀ ਦੀ ਯਾਦ ਵਿਚ ਇਕ ਅਸਥਾਨ ਪਰਕਰਮਾ ਵਿਚ ਬਣਿਆ ਹੋਇਆ ਹੈ ਜਦਕਿ ਦੂਜਾ ਵੱਡਾ ਅਸਥਾਨ ਰਾਮਸਰ ਦੇ ਕੋਲ ਬਣਿਆ ਹੋਇਆ ਹੈ ਜਿੱਥੇ ਕਿ ਅਖੰਡ ਜੋਤੀ ਜਗ ਰਹੀ ਹੈ। 75 ਸਾਲ ਦੀ ਵਡੇਰੀ ਉਮਰ ਵਿਚ ਵੀ ਬਾਬਾ ਜੀ ਨੇ ਉਹ ਜੌਹਰ ਵਿਖਾਏ ਕਿ ਰਹਿੰਦੀ ਦੁਨੀਆਂ ਤਕ ਲੋਕੀਂ ਬਾਬਾ ਜੀ ਨੂੰ ਯਾਦ ਕਰਦੇ ਰਹਿਣਗੇ ਤੇ ਗੁਰੂ ਘਰ ਦੀ ਰੱਖਿਆ ਕਿਵੇਂ ਕਰਨੀ ਹੈ ਇਸ ਬਾਰੇ ਸਬਕ ਲੈਂਦੇ ਰਹਿਣਗੇ।

Post navigation

Leave a Comment

Leave a Reply

Your email address will not be published. Required fields are marked *