ਹਿੰਦੁਸਤਾਨ ਨੂੰ ਸਦੀਆਂ ਤੋਂ ਲੁਟੇਰਿਆਂ, ਧਾੜਵੀਆਂ, ਜਰਵਾਣਿਆਂ ਨੇ ਕਈ ਸੌ ਸਾਲਾਂ ਤੱਕ ਗੁਲਾਮ ਬਣਾ ਕੇ ਰੱਖਿਆ ਤੇ ਇਸ ਦੀ ਇੱਜ਼ਤ ਆਬਰੂ ਨੂੰ ਬੁਰੀ ਤਰ੍ਹਾਂ ਲੁੱਟਿਆ। ਇਥੋਂ ਦੀ ਹਰੇਕ ਚੀਜ਼ ਵਸਤ ਇਥੋਂ ਤੱਕ ਕਿ ਪਸ਼ੂ, ਧਨ, ਦੌਲਤ ਤੇ ਇਨਸਾਨ ਵੀ ਜਿਵੇਂ ਧਾੜਵੀਆਂ ਲਈ ਰਾਖਵੀਆਂ ਚੀਜ਼ਾਂ ਬਣ ਗਈਆਂ। ਮੁਗਲਾਂ ਜਾਂ ਹੋਰ ਵਿਦੇਸ਼ੀ ਹਮਲਾਵਰਾਂ ਦਾ ਜਦੋਂ ਵੀ ਚਿੱਤ ਕਰਦਾ ਉਹ ਧਾਅ ਕੇ ਹਿੰਦੁਸਤਾਨ ’ਤੇ ਹੱਲਾ ਬੋਲਦੇ ਤੇ ਸਭ ਕੁੱਝ ਲੁੱਟ ਕੇ ਤੁਰਦੇ ਬਣਦੇ। ਜਾਂਦੇ-ਜਾਂਦੇ ਇਥੋਂ ਦੀਆਂ ਔਰਤਾਂ ਤੇ ਮਰਦਾਂ ਨੂੰ ਵੀ ਆਪਣੇ ਗੁਲਾਮ ਬਣਾ ਕੇ ਨਾਲ ਲੈ ਟੁਰਦੇ। ਇਸ ਦੇਸ਼ ਦੀ ਜਨਤਾ ਦੀ ਹਾਲਤ ਭੇਡਾਂ ਵਾਂਗ ਹੋ ਗਈ ਸੀ, ਜਿਸ ਨੂੰ ਕਿ ਕੋਈ ਜਦੋਂ ਚਾਹੇ ਮੁੰਨ ਸਕਦਾ ਸੀ। ਇਥੇ ਅਨੇਕਾਂ ਰਾਜਿਆਂ ਨੇ ਰਾਜ ਕੀਤਾ, ਪਰ ਆਪਣੀ ਜਨਤਾ ਦੀ ਰਾਖੀ ਕਰਨ ਵਿਚ ਕੋਈ ਵਿਰਲਾ ਟਾਵਾਂ ਹੀ ਸਫਲ ਰਿਹਾ। ਛੋਟੇ-ਛੋਟੇ ਕੁੱਝ ਰਾਜਾਂ ਦੇ ਰਾਜੇ ਹੀ ਆਪਣੀ ਜਨਤਾ ਲਈ ਜਾਨ ਦੀ ਬਾਜ਼ੀ ਲਗਾਉਣ ਵਾਲੇ ਸਨ, ਨਹੀਂ ਤਾਂ ਸਾਰੇ ਹੀ ਮੁਗਲਾਂ ਦੇ ਹੱਲੇ ਅੱਗੇ ਦੜ ਵੱਟ ਜਾਂਦੇ।

15ਵੀਂ ਸਦੀ ਵਿਚ ਇਕ ਮਹਾਨ ਇਨਕਲਾਬੀ ਪਰਿਵਰਤਨ ਹੋਇਆ। ਇਕ ਮਹਾਨ ਆਤਮਾ ਇਸ ਦੁਨੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਪ੍ਰਗਟ ਹੋਈ। ਉਨ੍ਹਾਂ ਨੇ ਸੁੱਤੀ ਪਈ ਜਨਤਾ ਵਿਚ ਇਕ ਨਵੀਂ ਰੂਹ ਫੂਕੀ। ਡਾ. ਇਕਬਾਲ ਨੇ ਇਕ ਥਾਂ ਲਿਖਿਆ ਹੈ:-
‘‘ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ ਕਾਮਲ ਨੇ ਜਗਾਇਆ ਖਵਾਬ ਸੇ।’’
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਸੱਚ ਨੂੰ ਸੱਚ ਕਹਿਣ ਦੀ ਜਾਚ ਦੱਸੀ ਤੇ ਸੱਚਾ ਸੁੱਚਾ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਲੋਕਾਂ ਨੂੰ ਜਾਤ-ਪਾਤ, ਊਚ-ਨੀਚ, ਭੇਦ-ਭਾਵ ਦੀ ਗੁਲਾਮੀ ਤੋਂ ਕੱਢਣ ਦਾ ਸਾਰਥਕ ਯਤਨ ਕੀਤਾ। ਫੋਕਟ ਕਰਮਾਂ ਕਾਡਾਂ ਤੋਂ ਵਰਜਿਆ ਤੇ ਖ਼ੁਦ ਸਭ ਕੁੱਝ ਆਪ ਕਰਕੇ ਵਿਖਾਇਆ।

ਇਸ ਆਦਰਸ਼ ਮਹਿਲ ਜਿਸ ਦੀ ਕਿ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਨੂੰ ਮੁਕੰਮਲ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। 30 ਮਾਰਚ 1699 ਈਸਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹਾ ਇਨਕਲਾਬੀ ਕੰਮ ਕੀਤਾ, ਜਿਸ ਦੀ ਕਿ ਮਿਸਾਲ ਦੁਨੀਆਂ ਭਰ ’ਚ ਕਿਧਰੇ ਵੀ ਨਹੀਂ ਮਿਲਦੀ। ਦੇਸ਼ ਨੂੰ ਬਾਹਰੀ ਲੁਟੇਰਿਆਂ ਤੋਂ ਵੀ ਭਿਆਨਕ ਰੂਪ ਵਿਚ ਚੰਬੜੀਆਂ ਅਖੌਤੀ ਜਾਤਾਂ-ਪਾਤਾਂ, ਛੂਤ-ਛਾਤ ਦੇ ਭੇਦਭਾਵ ਨੂੰ ਇਕ ਪਾਸੇ ਰੱਖਦਿਆਂ ਗੁਰੂ ਜੀ ਨੇ ਸਾਰੀ ਦੁਨੀਆਂ ਦੀ ਜਾਤ ਇਕ ਇਨਸਾਨੀਅਤ ਦੱਸਦਿਆਂ ਖ਼ਾਲਸਾ ਪੰਥ ਦੀ ਨੀਂਹ ਰੱਖੀ।
ਪੁਰਾਣੇ ਸਮੇਂ ਦੀਆਂ ਮੁਸਲਮਾਨ ਖੁਫੀਆ ਅਧਿਕਾਰੀਆਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ 30 ਮਾਰਚ ਵਾਲੇ ਇਸ ਇਕੱਠ ਵਿਚ 80 ਹਜ਼ਾਰ ਤੋਂ ਵਧੇਰੇ ਸੰਗਤ ਹਾਜ਼ਰ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਇਸ ਸਬੰਧ ਵਿਚ ਵਰਣਨ ਕਰਦੇ ਹੋਏ ਲਿਖਦੇ ਹਨ:²-
‘‘ਦੂਰ ਦੂਰ ਤੇ ਸੰਗਤਿ ਆਈ।
ਜਿਸ ਮਹਿਂ ਪ੍ਰੇਮੀ ਸਿੱਖ ਸੁਮਦਾਈ।
ਚਹੂੰ ਦਿਸ਼ਿਨਿ ਤੇ ਗੁਰੂ ਹਕਾਰੇ।
ਪਠੇ ਹੁਕਮਨਾਮੇ ਪੁਰਿ ਸਾਰੇ।
ਧਰਿ ਧਰਿ ਸ਼ਸਤ੍ਰ ਤਯਾਗਿ ਨਿਜ ਘਰ ਕੋ।
ਪ੍ਰਸਥਾਨੇ ਸਭ ਆਨਂਦ ਪੁਰਿ ਕੋ।

ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤ ਦੇ ਵਿਚ ਆਏ ਅਤੇ ਇਕ ਅਜੀਬ ਕੌਤਕ ਹੋਇਆ। ਗੁਰੂ ਜੀ ਦੇ ਹੱਥ ਵਿਚ ਇਕ ਨੰਗੀ ਤਲਵਾਰ ਫੜੀ ਹੋਈ ਸੀ ਅਤੇ ਚਿਹਰੇ ’ਤੇ ਇਕ ਵੱਖਰਾ ਹੀ ਜਲਾਲ ਸੀ। ਜਦੋਂ ਗੁਰੂ ਜੀ ਨੇ ਸੰਗਤ ਤੋਂ ਸੀਸ ਦੀ ਮੰਗ ਕੀਤੀ ਤਾਂ ਸਾਰੇ ਦੀਵਾਨ ਵਿਚ ਚੁੱਪ ਛਾ ਗਈ ਅਤੇ ਲੋਕ ਇਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ। ਜਦੋਂ ਸੰਗਤ ਗੁਰੂ ਜੀ ਦੇ ਚਿਹਰੇ ਵੱਲ ਦੇਖਦੀ ਤਾਂ ਗੁਰੂ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਾ ਜਾਂਦਾ। ਚਾਰੇ ਪਾਸੇ ਚੁੱਪ ਛਾਂ ਗਈ ਵੇਖ ਕੇ ਗੁਰੂ ਜੀ ਨੇ ਇਕ ਵਾਰ ਫੇਰ ਸੰਗਤ ਨੂੰ ਲਲਕਾਰਦਿਆਂ ਸੀਸ ਦੀ ਮੰਗ ਕੀਤੀ। ਇਸ ਵਾਰ ਵੀ ਕੋਈ ਅੱਗੇ ਨਾਲ ਵਧਿਆ। ਸੰਗਤ ਵਿਚ ਖੁਸਰ-ਫੁਸਰ ਸ਼ੁਰੂ ਹੋ ਗਈ ਅਤੇ ਸਹਿਮ ਵੀ ਬੈਠ ਗਿਆ। ਜਦੋਂ ਤੀਸਰੀ ਵਾਰ ਗੁਰੂ ਜੀ ਨੇ ਇਹੋ ਵਚਨ ਦੁਹਰਾਇਆ ਤਾਂ ਲਾਹੌਰ ਦਾ ਰਹਿਣ ਵਾਲਾ ਖੱਤਰੀ ਜਾਤੀ ਦਾ ਭਾਈ ਦਇਆ ਰਾਮ ਹੱਥ ਬੰਨ੍ਹ ਕੇ ਖਲ੍ਹੋ ਗਿਆ ਅਤੇ ਗੁਰੂ ਜੀ ਦੇ ਅੱਗੇ ਆ ਕੇ ਆਪਣੀ ਗਰਦਨ ਝੁਕਾ ਲਈ। ਭਾਈ ਦਇਆ ਰਾਮ ਜੀ ਨੇ ਕਿਹਾ,‘‘ਹੇ! ਦੀਨ ਦੁਨੀਆਂ ਦੇ ਮਾਲਕ, ਹੇ! ਸੱਚੇ ਪਾਤਸ਼ਾਹ ਇਹ ਸੀਸ ਆਪ ਜੀ ਦਾ ਹੀ ਹੈ। ਇਸ ਨੂੰ ਜਿਵੇਂ ਚਾਹੋ, ਤਿਵੇਂ ਵਰਤੋ।’’ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-
‘‘ਦਯਾ ਸਿੰਘ ਇਕ ਬਸੈ ਲਹੌਰ।
ਛੱਤ੍ਰੀ ਸਭਿ ਸਿੰਘਨਿ ਸਿਰਮੌਰ।’’
ਅਤੇ
‘‘ਬਿਨਤੀ ਭਨੀ ਜੋਰਿ ਜੁਗ ਕਰ ਕੋ।
ਲੀਜਹਿ ਸਤਿਗੁਰ ਮੇਰੇ ਸਿਰ ਕੋ।
ਸੁਨਿ ਕਲਗ਼ੀਧਰ ਤਜਯੋ ਪ੍ਰਯੰਕਾ।
ਦੇਨੋ ਸਿਰ ਤੋਂ ਆਇ ਨਿਸ਼ੰਕਾ।’’
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਦਾਇਆ ਰਾਮ ਜੀ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਤੰਬੂ ਦੇ ਅੰਦਰ ਲੈ ਗਏ।

ਇਸੇ ਤਰ੍ਹਾਂ ਵਾਰੀ-ਵਾਰੀ ਚਾਰ ਹੋਰ ਸੂਰਮੇ ਅੱਗੇ ਵੱਧੇ ਤੇ ਆਪਣੇ ਸੀਸ ਭੇਂਟ ਕੀਤੇ। ਇਹ ਸਨ ਉੱਤਰ ਪ੍ਰਦੇਸ਼ ਦੇ ਹਸਤਨਾਪੁਰ ਵਿਖੇ ਰਹਿਣ ਵਾਲੇ ਧਰਮ ਚੰਦ ਜੀ ਜੋ ਕਿ ਜਾਤ ਦੇ ਜੱਟ ਸਨ। ਤੀਜੇ ਸਨ ਉੜੀਸਾ ਰਾਜ ਵਿਚ ਜਗਨਨਾਥ ਪੁਰੀ ਦੇ ਝਿਊਰ ਜਾਤੀ ਦੇ ਭਾਈ ਹਿੰਮਤ ਚੰਦ ਜੀ, ਚੌਥੇ ਸਨ ਦੁਆਰਕਾ ਦੇ ਛੀਂਬੇ ਮੋਹਕਮ ਚੰਦ ਜੀ ਤੇ ਪੰਜਵੇਂ ਸਨ ਕਰਨਾਟਕ ਦੇ ਬਿਦਰ ਤੋਂ ਨਾਈ ਜਾਤੀ ਦੇ ਸਾਹਿਬ ਚੰਦ।
ਇਸ ਮੌਕੇ ਸਿਰਾਂ ਦੀ ਮੰਗ ਕਰਨ ਲੱਗਿਆਂ ਗੁਰੂ ਜੀ ਨੇ ਇਹ ਨਹੀਂ ਸੀ ਕਿਹਾ ਕਿ ਕੋਈ ਕਿਸੇ ਖਾਸ ਜਾਤ ਦਾ ਜਾਂ ਖਾਸ ਜਗ੍ਹਾ ਦਾ ਵਿਅਕਤੀ ਅੱਗੇ ਆਵੇ, ਸਗੋਂ ਇਹ ਕਿਹਾ ਸੀ ਕਿ ਕੋਈ ਖਰਾ ਇਨਸਾਨ ਅੱਗੇ ਆਵੇ। ਇਸ ਤਰ੍ਹਾਂ ਕਹਿਣ ਨੂੰ ਭਾਵੇਂ ਇਹ ਪੰਜੇ ਹੀ ਅੱਡ-ਅੱਡ ਅਖੌਤੀ ਜਾਤਾਂ ਦੇ ਸਨ, ਪਰ ਗੁਰੂ ਜੀ ਨੇ ਸਭਨਾਂ ਦੀਆਂ ਜਾਤਾਂ ਮਿਟਾ ਕੇ ਇਕੋ ਜਾਤ ਸ਼ੁੱਧਤਾ ਬਣਾ ਦਿੱਤੀ। ਇਹ ਪੰਜ ਵੀ ਆਪਣੀ ਜਾਨ ਨੂੰ ਪਿਆਰੀ ਸਮਝ ਕੇ ਅੱਗੇ ਨਹੀਂ ਸਨ ਆਏ, ਸਗੋਂ ਮੌਤ ਨੂੰ ਮਖੌਲ ਕਰਦੇ ਹੋਏ ਗੁਰੂ ਦੇ ਸਨਮੁੱਖ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:-
‘‘ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗ ਪੈਰ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥’’
ਪੰਜਾਂ ਨੇ ਇਸ ਗੱਲ ’ਤੇ ਅਮਲ ਕੀਤਾ।
ਗੁਰੂ ਜੀ ਪੰਜਾਂ ਨੂੰ ਵਾਰੀ-ਵਾਰੀ ਤੰਬੂ ਅੰਦਰ ਲੈ ਗਏ ਤੇ ਨਿਮਰਤਾ, ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ। ਗੁਰੂ ਜੀ ਕਾਫੀ ਸਮੇਂ ਲਈ ਤੰਬੂ ਦੇ ਅੰਦਰ ਹੀ ਰਹੇ। ਜਦੋਂ ਕੁਝ ਘੰਟਿਆਂ ਬਾਦ ਗੁਰੂ ਜੀ ਤੰਬੂ ਤੋਂ ਬਾਹਰ ਆਏ ਤਾਂ ਸੰਗਤ ਇਹ ਦੇਖ ਕੇ ਹੈਰਾਨ ਰਹਿ ਗਈ ਤਾਂ ਉਨ੍ਹਾਂ ਦੇ ਨਾਲ ਉਹ ਪੰਜ ਸ਼ਰਧਾਵਾਨ ਸਿਖ ਵੀ ਜੀਵਤ ਖਲੋਤੇ ਸਨ ਜਿਨਾਂ ਨੂੰ ਗੁਰੂ ਜੀ ਇਕ-ਇਕ ਕਰਕੇ ਆਪਣੇ ਨਾਲ ਤੰਬੂ ’ਚ ਲੈ ਗਏ ਸਨ ਤੇ ਸੰਗਤ ਨੇ ਜਿਨਾਂ ਬਾਰੇ ਸਮਝਿਆ ਸੀ ਕਿ ਉਨ੍ਹਾਂ ਦੇ ਸੀਸ ਗੁਰੂ ਜੀ ਦੀ ਤਲਵਾਰ ਨਾਲ ਕੱਟੇ ਗਏ। ਜੋ ਅੰਮ੍ਰਿਤ ਪੰਜਾਂ ਨੂੰ ਛਕਾਇਆ, ਉਸ ਵਿਚ ਪਤਾਸੇ ਨਿਮਰਤਾ, ਖੰਡਾ ਸ਼ਕਤੀ ਦਾ ਤੇ ਬਾਣੀ ਭਗਤੀ ਦਾ ਪ੍ਰਤੀਕ ਸੀ। ਸਭਨਾਂ ’ਚ ਪ੍ਰੇਮ ਵਧਾਉਣ ਲਈ ਇਕੋ ਬਾਟੇ ਵਿਚ ਅੰਮ੍ਰਿਤ ਛਕਾਇਆ ਤੇ ਅਖੌਤੀ ਜਾਤਾਂ ਮਿਟਾ ਕੇ ਇਕੋ ਇਕ ਜਾਤ ਖਾਲਸਾ ਰੱਖੀ। ਉਨ੍ਹਾਂ ਦੇ ਨਾਮ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ਸਿੰਘ ਜੋੜ ਕੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਬਣਾ ਦਿੱਤਾ। ਇਕੋ ਇਕ ਤਰ੍ਹਾਂ ਦਾ ਲਿਬਾਸ ਕੇਸਰੀ ਬਾਣਾ ਬਖਸ਼ਿਆ, ਭਾਈ ਦਇਆ ਸਿੰਘ ਨੂੰ ਪੰਜਾਂ ਦਾ ਜੱਥੇਦਾਰ ਥਾਪਿਆ। ਫਿਰ ਇਹ ਐਲਾਨ ਕੀਤਾ ਕਿ ਅੱਜ ਤੋਂ ਇਨ੍ਹਾਂ ਪੰਜਾਂ ਕੋਲ ਸਾਰੀ ਸ਼ਕਤੀ ਹੈ। ਇਹ ਸੀ ਸੱਚੇ ਮਾਇਨਿਆ ਵਿਚ ਸੱਤਾ ਦਾ ਵਿਕੇਂਦਰੀਕਰਨ।

ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿੱਤਾ ਤੇ ਸਾਰਿਆਂ ਦੀਆਂ ਜਾਤਾਂ, ਪਾਤਾਂ ਨੂੰ ਖਤਮ ਕਰਕੇ ਉਨ੍ਹਾਂ ਦੇ ਨਾਂ ਦੇ ਨਾਲ ‘ਸਿੰਘ’ ਸ਼ਬਦ ਲਗਾ ਦਿੱਤਾ। ਹੁਣ ਸੰਗਤ ਨੇ ਇਕ ਅਸ਼ਚਰਜ ਕੌਤਕ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਪੰਜ ਪਿਆਰਿਆਂ ਦੇ ਅੱਗੇ ਗੋਡਿਆਂ ਪਰਨੇ ਹੋ ਕੇ ਬੈਠ ਗਏ ਤੇ ਹੱਥ ਬੰਨ ਕੇ ਇਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ। ਸਾਰੀ ਸੰਗਤ ਇਸ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਗੁਰੂ ਜੀ ਸਿਖਾਂ ਅੱਗੇ ਹੱਥ ਜੋੜ ਕੇ ਕਿਉਂ ਖਲੋਤੇ ਹਨ। ਗੁਰੂ ਜੀ ਨੇ ਇਸ ਭੇਤ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਇਹ ਪੰਜ ਪਿਆਰੇ ਅੱਜ ਤੋਂ ਬਾਦ ਗੁਰੂ ਦਾ ਰੂਪ ਹੋਣਗੇ ਤੇ ਅੰਮ੍ਰਿਤ ਦੇਣ ਦਾ ਅਧਿਕਾਰ ਕੇਵਲ ਪੰਜ ਪਿਆਰਿਆਂ ਕੋਲ ਹੀ ਹੋਵੇਗਾ। ਗੁਰੂ ਜੀ ਨੇ ਇਨ੍ਹਾਂ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਤੇ ਆਪਣਾ ਨਾਂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਰੱਖ ਲਿਆ। ਉਨ੍ਹਾਂ ਨੂੰ ਆਪਣੇ ਗੁਰੂ ਸਮਝ ਕੇ ਉਨ੍ਹਾਂ ਤੋਂ ਖੁਦ ਅੰਮ੍ਰਿਤ ਦੀ ਦਾਤ ਮੰਗੀ। ਅੱਗੋਂ ਲਈ ਕਿਸੇ ਵੀ ਕੰਮ ਕਰਨ ਲਈ ਮਨਜ਼ੂਰੀ ਦਾ ਅਧਿਕਾਰ ਪੰਜਾਂ ਨੂੰ ਦਿੱਤਾ। ਇਥੋਂ ਤੱਕ ਕਿ ਬਾਅਦ ਵਿਚ ਇਨ੍ਹਾਂ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਵੀ ਸਜ਼ਾ ਲਗਾਈ ਸੀ। ਇੰਝ ਗੁਰੂ ਜੀ ਨੇ ਗੁਰੂ ਤੇ ਚੇਲੇ ਵਿਚਲਾ ਫਰਕ ਮਿਟਾ ਦਿੱਤਾ।
ਸਾਰੇ ਹੀ ਬਰਾਬਰ, ਸਾਰੇ ਹੀ ਖਾਲਸਾ, ਕਿਸੇ ਇਕ ਦੇ ਹੱਥ ਸ਼ਕਤੀ ਨਹੀਂ, ਮਿਲ ਬੈਠ ਕੇ ਸਭ ਫੈਸਲੇ ਲਓ, ਤਰਕਸ਼ੀਲਤਾ ’ਤੇ ਆਧਾਰਿਤ ਫੋਕੇ ਕਰਮਾਂ ਕਾਂਡਾਂ ਤੋਂ ਬਚ ਕੇ ਸੱਚੇ ਸੁੱਚੇ ਆਚਾਰ ਵਾਲਾ ਆਦਰਸ਼ ਜੀਵਨ ਜੀਵੋ। ਕਿਰਤ ਕਰੋ ਧਰਮ ਦੀ, ਸੱਚ ਦੀ ਤੇ ਵੰਡ ਕੇ ਛਕੋ, ਇਕ ਅਕਾਲ ਪੁਰਖ ਨੂੰ ਸਦਾ ਚੇਤੇ ਰੱਖੋ ਤਾਂ ਕਿ ਹਊਮੈ ਨਾ ਆ ਸਕੇ। ਇਹ ਸੰਦੇਸ਼ ਖਾਲਸੇ ਨੂੰ ਦਿੱਤਾ। ਕਿਹਾ ਕਿ ਪਰਾਈਆਂ ਔਰਤਾਂ ਨੂੰ ਮਾਂਵਾਂ-ਧੀਆਂ, ਭੈਣਾਂ ਸਮਝਣਾ। ਔਰਤ ਦੀ ਇੱਜ਼ਤ ਕਰਨਾ।
‘‘ਜਬ ਲਗ ਰਹੈ ਖਾਲਸਾ ਨਿਆਰਾ॥ ਤਬ ਲਗ ਤੇਜ ਦੀਓ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋ ਇਨਕੀ ਪਰਤੀਤ॥’’
ਇਤਿਹਾਸ ਗਵਾਹ ਹੈ ਕਿ ਖਾਲਸੇ ਨੇ ਸਦਾ ਜ਼ੁਲਮ ਨਾਲ ਟੱਕਰ ਲਈ। ਮਜ਼ਲੂਮਾਂ ਤੇ ਗਰੀਬਾਂ ਦੀ ਰਾਖੀ ਕੀਤੀ। ਤਲਵਾਰ ਜ਼ੁਲਮ ਕਰਨ ਲਈ ਨਹੀਂ, ਸਗੋਂ ਜੁਲਮ ਰੋਕਣ ਲਈ ਚੁਕੀ। ਆਚਰਨ ਪੱਖੋਂ ਸਦਾ ਉੱਚਾ ਸੁੱਚਾ ਰਿਹਾ। ਅਬਦਾਲੀ ਵਰਗੇ ਧਾੜਵੀਆਂ ਤੋਂ ਹਿੰਦੁਸਤਾਨ ਦੀਆਂ ਬੰਦੀ ਬਣਾਈਆਂ ਔਰਤਾਂ, ਬੇਟੀਆਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ। ਅੱਜ ਸਮਾਂ ਹੈ ਆਪਣੀ ਪੜਚੌਲ ਦਾ ਤੇ ਵੇਖਣ ਦਾ ਕਿ ਅਸੀਂ ਕਿੰਨੇ ਕੁ ਅਰਥਾਂ ਵਿਚ ਖਾਲਸੇ ਰਹਿ ਗਏ ਹਾਂ? ਪਹਿਲਾਂ ਰਿਆਸਤਾਂ ਦੇ ਰਾਜੇ ਨਿਜ ਲਈ ਲੜਦੇ ਸਨ, ਅੱਜ ਸਾਡੇ ਲੀਡਰ ਚੌਧਰ ਲਈ ਲੜਦੇ ਹਨ। ਨਾ ਪਹਿਲਾਂ ਕਿਸੇ ਨੂੰ ਜਨਤਾ ਦਾ ਖਿਆਲ ਸੀ ਨਾ ਹੁਣ ਹੈ। ਦਿਹਾੜਾ ਮਨਾਉਣ ਦਾ ਤਦ ਹੀ ਫਾਇਦਾ ਹੈ, ਜੇਕਰ ਅਸੀਂ ਗੁਰੂ ਜੀ ਵੱਲੋਂ ਦੱਸੇ ਰਾਹ ’ਤੇ ਚੱਲੀਏ। ਭ੍ਰਿਸ਼ਟਾਚਾਰ, ਬੇਈਮਾਨੀ, ਖ਼ੁਦਗ਼ਰਜ਼ੀ ਵਰਗੇ ਅਬਦਾਲੀਆਂ, ਔਰੰਗਜੇਬਾਂ ਨੂੰ ਮਾਰ ਗਿਰਾਈਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ’ਤੇ ਮਿਹਰ ਕਰਨ ਤਾਂ ਜੋ ਅਸੀਂ ਸਭ ‘ਖਾਲਸੇ’ ਬਣ ਸਕੀਏ।



Leave a Comment