ਸਿੱਖ ਇਤਿਹਾਸ ਦਾ ਪੰਨਾ ਜਦੋਂ ਵੀ ਪੋਹ ਦੇ ਮਹੀਨੇ ‘ਤੇ ਆ ਕੇ ਰੁਕਦਾ ਹੈ, ਤਾਂ ਕਲਮ ਲਹੂ ਦੇ ਹੰਝੂ ਕੇਰਨ ਲੱਗਦੀ ਹੈ। ਇਹ ਉਹ ਸਮਾਂ ਸੀ ਜਦੋਂ ਸਰਸਾ ਦੇ ਵਿਛੋੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਪਰਿਵਾਰ ਨੂੰ ਵੱਖੋ-ਵੱਖ ਕਰ ਦਿੱਤਾ ਸੀ। ਜਿੱਥੇ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਜੰਗ-ਏ-ਮੈਦਾਨ ਵਿੱਚ ਜੂਝ ਰਹੇ ਸਨ, ਉੱਥੇ ਹੀ ਦੂਜੇ ਪਾਸੇ ਮੋਰਿੰਡਾ ਦੀ ਧਰਤੀ ਇੱਕ ਅਜਿਹੇ ਕਾਲੇ ਇਤਿਹਾਸ ਦੀ ਗਵਾਹ ਬਣ ਰਹੀ ਸੀ, ਜਿਸ ਨੇ ਮਨੁੱਖਤਾ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਮੋਰਿੰਡਾ ਵਿੱਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਕੇਵਲ ਇੱਕ ਇਮਾਰਤ ਨਹੀਂ, ਸਗੋਂ ਧਰਮ ਦੀ ਰੱਖਿਆ ਲਈ ਦਿੱਤੀ ਗਈ ਪਹਿਲੀ ਗ੍ਰਿਫ਼ਤਾਰੀ ਦਾ ਪਵਿੱਤਰ ਯਾਦਗਾਰੀ ਅਸਥਾਨ ਹੈ।
ਵੈਸੇ ਤਾਂ, ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ ਕੁਰਬਾਨੀਆਂ ਅਤੇ ਦੁੱਖਾਂ ਦੀ ਅਜਿਹੀ ਦਾਸਤਾਨ ਹੈ, ਜਿਸ ਨੂੰ ਸੁਣ ਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ। ਮੋਰਿੰਡਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਉਸ ਕੜੀ ਦਾ ਇੱਕ ਅਹਿਮ ਹਿੱਸਾ ਹੈ, ਜਿੱਥੇ ਦੁਨੀਆ ਦੇ ਸਭ ਤੋਂ ਮਾਸੂਮ ਕੈਦੀਆਂ—ਬਾਬਾ ਜ਼ੋਰਾਵਰ ਸਿੰਘ ਜੀ (7 ਸਾਲ) ਅਤੇ ਬਾਬਾ ਫ਼ਤਿਹ ਸਿੰਘ ਜੀ (5 ਸਾਲ)—ਨੂੰ ਉਨ੍ਹਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਸਮੇਤ ਕੈਦ ਕੀਤਾ ਗਿਆ ਸੀ।
ਆਓ ਜਾਣਦੇ ਹਾਂ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ…

ਪੋਹ ਦੇ ਮਹੀਨੇ ਵਿੱਚ ਰਾਤ ਸਮੇਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ, ਮੁਗਲ ਫ਼ੌਜਾਂ ਨੇ ਵਾਅਦਾ ਖ਼ਿਲਾਫ਼ੀ ਕਰਦਿਆਂ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਭਾਰੀ ਜੰਗ ਹੋਈ। ਇਸੇ ਹਫੜਾ-ਦਫੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨਦੀ ਦੇ ਤੇਜ਼ ਵਹਾਅ ਨੂੰ ਪਾਰ ਕਰਕੇ ਇੱਕ ਪਾਸੇ ਨਿਕਲ ਗਏ। ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ—ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ—ਨਦੀ ਦੇ ਕੰਢੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਪਹੁੰਚੇ। ਉੱਥੇ ਦੋ ਦਿਨ ਲਛਮੀ ਨਾਂਅ ਦੀ ਇੱਕ ਸ਼ਰਧਾਲੂ ਬ੍ਰਾਹਮਣੀ ਉਨ੍ਹਾਂ ਨੂੰ ਭੋਜਨ ਛਕਾਉਂਦੀ ਰਹੀ। ਉੱਥੇ ਉਨ੍ਹਾਂ ਨੂੰ ਗੁਰੂ ਘਰ ਦੇ ਲੰਗਰ ਦਾ ਪੁਰਾਣਾ ਸੇਵਾਦਾਰ ਗੰਗੂ ਬ੍ਰਾਹਮਣ ਮਿਲਿਆ।
ਇਸ ਦੌਰਾਨ ਗੰਗੂ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਗੰਗੂ ਦੀ ਨੀਅਤ ਮਾਤਾ ਜੀ ਕੋਲ ਮੋਹਰਾਂ ਨਾਲ ਭਰੀ ਥੈਲੀ ਦੇਖ ਕੇ ਬਦਲ ਗਈ। ਉਸ ਨੇ ਲਾਲਚ ਵਿੱਚ ਆ ਕੇ ਮੋਹਰਾਂ ਚੋਰੀ ਕਰ ਲਈਆਂ ਅਤੇ ਰੌਲਾ ਪਾ ਦਿੱਤਾ ਕਿ ਚੋਰੀ ਹੋ ਗਈ ਹੈ। ਮਾਤਾ ਜੀ ਨੇ ਬੜੇ ਧੀਰਜ ਨਾਲ ਕਿਹਾ, “ਗੰਗੂ, ਤੂੰ ਰੌਲਾ ਨਾ ਪਾ, ਘਰ ਵਿੱਚ ਕੋਈ ਬਾਹਰੋਂ ਨਹੀਂ ਆਇਆ, ਮੋਹਰਾਂ ਇੱਥੇ ਹੀ ਹੋਣਗੀਆਂ,” ਤਾਂ ਗੰਗੂ ਨੇ ਇਸ ਗੱਲ ਦਾ ਗੁੱਸਾ ਮਨਾਇਆ ਅਤੇ ਮਾਤਾ ਜੀ ‘ਤੇ ਹੀ ਇਲਜ਼ਾਮ ਲਗਾਉਣ ਲੱਗਾ।
ਗੰਗੂ ਦੀ ਗਦਾਰੀ

ਗੰਗੂ ਨੇ ਉਲਟਾ ਮਾਤਾ ਜੀ ‘ਤੇ ਹੀ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਫ਼ਾਦਾਰੀ ਦਾ ਨਾਟਕ ਰਚਿਆ। ਉਸ ਦੀ ਨੀਅਤ ਇੰਨੀ ਡਿੱਗ ਗਈ ਕਿ ਮੋਹਰਾਂ ਤਾਂ ਉਸ ਨੇ ਲਈਆਂ ਹੀ ਸਨ, ਪਰ ਉਹ ਸਰਕਾਰੀ ਇਨਾਮ ਦੇ ਲਾਲਚ ਵਿੱਚ ਵੀ ਆ ਗਿਆ।
ਲਾਲਚ ਅਤੇ ਗੁੱਸੇ ਵਿੱਚ ਅੰਨ੍ਹੇ ਹੋਏ ਗੰਗੂ ਨੇ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲਿਆ ਅਤੇ ਮੋਰਿੰਡਾ ਦੇ ਥਾਣਾ ਕੋਤਵਾਲੀ ਪਹੁੰਚ ਗਿਆ। ਉੱਥੇ ਉਸ ਨੇ ਡਿਊਟੀ ‘ਤੇ ਤਾਇਨਾਤ ਦੋ ਥਾਣੇਦਾਰਾਂ, ਜਾਨੀ ਖਾਂ ਅਤੇ ਮਾਨੀ ਖਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਆਪਣੇ ਘਰ ਹੋਣ ਦੀ ਸੂਚਨਾ ਦਿੱਤੀ। ਮੁਖ਼ਬਰੀ ਦੇ ਆਧਾਰ ‘ਤੇ ਜਾਨੀ ਖਾਂ ਅਤੇ ਮਾਨੀ ਖਾਂ ਆਪਣੀ ਫ਼ੌਜੀ ਟੁਕੜੀ ਨਾਲ ਸਹੇੜੀ ਪਿੰਡ ਪਹੁੰਚੇ ਅਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਪੈਦਲ ਤੋਰ ਕੇ ਮੋਰਿੰਡਾ ਲਿਆਂਦਾ ਗਿਆ। ਇਤਿਹਾਸਕਾਰ ਦੱਸਦੇ ਨੇ ਕਿ, ਉਸ ਸਮੇਂ ਮੋਰਿੰਡਾ ਵਿੱਚ ਇੱਕ ਪੁਰਾਣੀ ਕੋਤਵਾਲੀ (ਜੇਲ੍ਹ) ਸੀ, ਜਿਸ ਦੇ ਨਿਸ਼ਾਨ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੁਰੱਖਿਅਤ ਹਨ। ਇਨ੍ਹਾਂ ਮਾਸੂਮ ਜਿੰਦਾਂ ਨੂੰ ਉਸ ਹਨੇਰੀ ਅਤੇ ਠੰਡੀ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਗਿਆ।
ਕੋਤਵਾਲੀ ‘ਚ ਕੱਟੀ ਸੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਕੈਦ

ਮਾਤਾ ਜੀ ਅਤੇ ਮਾਸੂਮ ਸਾਹਿਬਜ਼ਾਦਿਆਂ ਨੇ ਇੱਕ ਰਾਤ ਮੋਰਿੰਡਾ ਦੀ ਇਸੇ ਕੋਤਵਾਲੀ (ਜੇਲ੍ਹ) ਵਿੱਚ ਕੱਟੀ। ਇਤਿਹਾਸਕਾਰਾਂ ਅਨੁਸਾਰ, ਉਨ੍ਹਾਂ ਨੂੰ ਨਾ ਖਾਣ ਲਈ ਅੰਨ ਦਿੱਤਾ ਗਿਆ ਅਤੇ ਨਾ ਹੀ ਪੀਣ ਲਈ ਪਾਣੀ। ਪੋਹ ਦੀ ਕੜਾਕੇ ਦੀ ਠੰਡ ਵਿੱਚ ਬਚਣ ਲਈ ਕੋਈ ਗਰਮ ਕੱਪੜਾ ਜਾਂ ਬਿਸਤਰਾ ਨਹੀਂ ਦਿੱਤਾ ਗਿਆ। ਇਤਿਹਾਸਕ ਹਵਾਲਿਆਂ ਅਨੁਸਾਰ, ਇਹ ਉਹ ਸਮਾਂ ਸੀ ਜਦੋਂ ਮੁਗਲ ਹਾਕਮ ਚਾਹੁੰਦੇ ਸਨ ਕਿ ਠੰਡ ਅਤੇ ਭੁੱਖ ਨਾਲ ਇਹ ਮਾਸੂਮ ਟੁੱਟ ਜਾਣ ਅਤੇ ਇਸਲਾਮ ਕਬੂਲ ਕਰ ਲੈਣ। ਪਰ ਗੁਰੂ ਦੇ ਲਾਲ ਅਡੋਲ ਰਹੇ। ਅਗਲੀ ਸਵੇਰ ਹੁੰਦਿਆਂ ਹੀ ਉਨ੍ਹਾਂ ਨੂੰ ਇੱਥੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ, ਸਰਹਿੰਦ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਵਰਗੇ ਸ਼ਰਧਾਲੂਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੁੱਧ ਦੀ ਸੇਵਾ ਕੀਤੀ ਸੀ।
ਮਹਾਨ ਸ਼ਹਾਦਤ ਦੀ ਸ਼ੁਰੂਆਤ ਇਸੇ ਕੋਤਵਾਲੀ ਤੋਂ ਹੋਈ

ਸਰਹਿੰਦ ਵਿਖੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਅਤੇ ਫਿਰ ਨੀਹਾਂ ਵਿੱਚ ਚਿਣੇ ਜਾਣ ਦੀ ਦਾਸਤਾਨ ਲਿਖੀ ਗਈ। ਪਰ ਉਸ ਮਹਾਨ ਸ਼ਹਾਦਤ ਦੀ ਬੁਨਿਆਦ ਮੋਰਿੰਡਾ ਦੀ ਇਸੇ ਕੋਤਵਾਲੀ ਵਿੱਚ ਰੱਖੀ ਗਈ ਸੀ। ਅੱਜ ਜਦੋਂ ਸੰਗਤਾਂ ਇਸ ਅਸਥਾਨ ‘ਤੇ ਨਤਮਸਤਕ ਹੁੰਦੀਆਂ ਹਨ, ਤਾਂ ਉਹ ਪੁਰਾਣੀਆਂ ਕੰਧਾਂ ਅੱਜ ਵੀ ਉਸ ਦਰਦ ਦੀ ਗਵਾਹੀ ਦਿੰਦੀਆਂ ਮਹਿਸੂਸ ਹੁੰਦੀਆਂ ਹਨ।
ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹਰ ਸਾਲ ਪੋਹ ਦੇ ਮਹੀਨੇ ਭਾਰੀ ਸ਼ਹੀਦੀ ਸਭਾਵਾਂ ਹੁੰਦੀਆਂ ਹਨ। ਸੰਗਤਾਂ ਨੂੰ ਉਹ “ਕੋਠੜੀ” ਦਿਖਾਈ ਜਾਂਦੀ ਹੈ ਜਿੱਥੇ ਮਾਤਾ ਜੀ ਤੇ ਗੁਰੂ ਸਾਹਿਬ ਦੇ ਲਾਲਾਂ ਨੂੰ ਰੱਖਿਆ ਗਿਆ ਸੀ। ਇਹ ਅਸਥਾਨ ਸਾਨੂੰ ਸਿਖਾਉਂਦਾ ਹੈ ਕਿ ਧਰਮ ਅਤੇ ਸੱਚਾਈ ਲਈ ਦਿੱਤੀਆਂ ਕੁਰਬਾਨੀਆਂ ਕਦੇ ਅਜਾਈਂ ਨਹੀਂ ਜਾਂਦੀਆਂ।



Leave a Comment