ਬਾਲੀਵੁੱਡ ਦੇ ਉੱਘੇ ਅਦਾਕਾਰ ਧਰਮ ਪਾਜੀ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਕਲਾਕਾਰ ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਯਾਦਗਾਰ ਫ਼ਿਲਮਾਂ ਕੀਤੀਆਂ ਤੇ ਕਈ ਅਜਿਹੇ ਕਈ ਕਿਰਦਾਰ ਨਿਭਾਏ ਜੋ ਲੋਕਾਂ ਦੇ ਦਿਲਾਂ ਦੇ ਬਹੁਤ ਕਰੀਬ ਹਨ। ਸ਼ਾਇਦ ਅੱਜ ਇਸੀ ਕਾਰਨ ਹਰ ਕੋਈ ਉਹਨਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ।
ਪੰਜਾਬ ਨਾਲ ਹੈ ਇਕ ਅਨੋਖਾ ਰਿਸ਼ਤਾ

ਧਰਮਿੰਦਰ ਦੀ ਸਾਦਗੀ, ਉਹਨਾਂ ਦਾ ਅੰਦਾਜ਼, ਉਹਨਾਂ ਦਾ ਆਪਣੀਆਂ ਜੜ੍ਹਾਂ ਨੂੰ ਕਦੇ ਨਾ ਭੁੱਲਣਾ ਉਹਨਾਂ ਦਾ ਪੰਜਾਬ ਦੇ ਪ੍ਰਤੀ ਪਿਆਰ ਦਾ ਪ੍ਰਤੀਕ ਹੈ। ਫਿਰ ਗੱਲ ਭਾਵੇਂ ਆਪਣੇ ਸ਼ਹਿਰ ਦੀ ਮਿਠਾਈ ਦੀ ਹੋਵੇ ਜਾਂ ਫੇਰ ਫ਼ਿਲਮਾਂ ਦੀ ਸ਼ੂਟਿੰਗ ਦੀ, ਉਹ ਕਿਸੇ ਨਾ ਕਿਸੇ ਬਹਾਨੇ ਪੰਜਾਬ ਨਾਲ ਜੁੜੇ ਰਹਿੰਦੇ। ਧਰਮਿੰਦਰ ਨੇ ਆਪਣੀ ਯਾਦਗਾਰੀ ਫਿਲਮ ‘ਝੀਲ ਕੇ ਉਸ ਪਾਰ’ ਲਈ ਸ਼ਾਂਤ ਚਿਤ ਨੰਗਲ ਡੈਮ ਦੀ ਝੀਲ ਅਤੇ ਸਤਲੁਜ ਸਦਨ ਨੂੰ ਮੁੱਖ ਸਥਾਨਾਂ ਵਜੋਂ ਚੁਣਿਆ ਸੀ। ਇਸ ਫਿਲਮ ਦੇ ਕਈ ਦ੍ਰਿਸ਼ ਝੀਲ ਦੇ ਨਾਲ-ਨਾਲ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਸਤਲੁਜ ਸਦਨ ਰੈਸਟ ਹਾਊਸ ਦੇ ਨੇੜੇ ਫਿਲਮਾਏ ਗਏ ਸਨ। ਉਸ ਵੇਲੇ ਵੀ ਹਜ਼ਾਰਾਂ ਲੋਕ ਝੀਲ ਦੇ ਕਿਨਾਰੇ ਸ਼ੂਟਿੰਗ ਦੇਖਣ ਲਈ ਇਕੱਠੇ ਹੋਏ ਸਨ।
ਪੰਜਾਬੀ ਸ਼ੈਲੀ ਅਤੇ ਆਧੁਨਿਕ ਡਿਜ਼ਾਈਨ ਦਾ ਸੁਮੇਲ ਸੰਨੀ ਵਿਲਾ

ਜੁਹੂ ਦਾ ਸੰਨੀ ਵਿਲਾ, ਜਿੱਥੇ ਧਰਮਿੰਦਰ ਨੇ ਲਏ ਆਖਰੀ ਸਾਹ. ਇਹ ਬੰਗਲਾ ਦਿਓਲ ਪਰਿਵਾਰ ਦੀਆਂ 3 ਪੀੜ੍ਹੀਆਂ ਦਾ ਘਰ ਰਿਹਾ ਹੈ ਅਤੇ ਇਸਨੂੰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਪਰਿਵਾਰਕ ਜਾਇਦਾਦਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੰਨੀ ਵਿਲਾ ਦੀ ਆਰਕੀਟੈਕਚਰ ਵਿੰਟੇਜ ਪੰਜਾਬੀ ਸ਼ੈਲੀ ਅਤੇ ਆਧੁਨਿਕ ਡਿਜ਼ਾਈਨ ਦਾ ਸੁਮੇਲ ਹੈ। ਪੁਰਾਤਨ ਲੱਕੜ ਦਾ ਫਰਨੀਚਰ, ਸਜਾਵਟ, ਅਤੇ ਭਾਰਤੀ ਕਲਾਕ੍ਰਿਤੀਆਂ ਇੱਕ ਸ਼ਾਹੀ ਅਹਿਸਾਸ ਦਿੰਦੀਆਂ ਹਨ।
ਅਦਾਕਾਰੀ ਤੋਂ ਪਹਿਲਾਂ ਰਾਮ ਲੀਲਾ ‘ਚ ਕੀਤਾ ਪ੍ਰਦਰਸ਼ਨ
ਧਰਮਿੰਦਰ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਅਦਾਕਾਰੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਕੌਮੀ ਸੇਵਕ ਰਾਮ ਲੀਲਾ ਕਮੇਟੀ ਦੁਆਰਾ ਆਯੋਜਿਤ ਸਥਾਨਕ ਰਾਮ ਲੀਲਾ ਪ੍ਰਦਰਸ਼ਨ ਵਿੱਚ ਉਨ੍ਹਾਂ ਨੂੰ ‘ਸਿਕੰਦਰ’ ਦੀ ਭੂਮਿਕਾ ਲਈ ਰੱਦ ਕਰ ਦਿੱਤਾ ਗਿਆ ਸੀ। ਸਾਲਾਂ ਬਾਅਦ ਇੱਕ ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਮਜ਼ਾਕ ਵਿੱਚ ਪੁੱਛਿਆ, “ਕੀ ਮੈਂ ਹੁਣ ਰਾਮ ਲੀਲਾ ਵਿੱਚ ਕੋਈ ਰੋਲ ਕਰ ਸਕਦਾ ਹਾਂ?” ਇਹ ਇੱਕ ਅਜਿਹਾ ਸਵਾਲ ਸੀ ਜਿਸ ਨੇ ਉਨ੍ਹਾਂ ਦੇ ਦੋਸਤਾਂ ਨੂੰ ਹੰਝੂਆਂ ਵਿੱਚ ਮੁਸਕਰਾਉਣ ਲਈ ਮਜਬੂਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਸੁਪਰਸਟਾਰ ਅਜੇ ਵੀ ਇੱਕ ਛੋਟੇ ਕਸਬੇ ਦੇ ਮੁੰਡੇ ਦਾ ਦਿਲ ਆਪਣੇ ਨਾਲ ਲੈ ਕੇ ਘੁੰਮ ਰਿਹਾ ਹੈ।
ਫਗਵਾੜਾ ਲਈ ਅਜੇ ਵੀ ਪਿਆਰ ਬਰਕਰਾਰ
ਧਰਮਿੰਦਰ ਸਾਲ 2006 ‘ਚ ਪੁਰਾਣੇ ਪੈਰਾਡਾਇਜ਼ ਥੀਏਟਰ ਵਾਲੀ ਜਗ੍ਹਾ ‘ਤੇ ਬਣੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕਰਨ ਲਈ ਕਸਬੇ ਦਾ ਦੌਰਾ ਕਰਨ ਆਏ ਸਨ। ਇਹ ਉਹੀ ਥੀਏਟਰ ਸੀ ਜਿਸ ਵਿੱਚ ਧਰਮਿੰਦਰ ਨੇ ਫ਼ਿਲਮਾਂ ਦੇਖੀਆਂ ਅਤੇ ਸਿਲਵਰ ਸਕ੍ਰੀਨ ਦੀ ਦੁਨੀਆਂ ਦੇ ਸੁਫ਼ਨੇ ਦੇਖੇ। ਦਹਾਕਿਆਂ ਬਾਅਦ ਉਸੀ ਜਗ੍ਹਾ ‘ਤੇ ਮੁੜ ਖੜੇ ਹੋ ਅਦਾਕਾਰ ਦੀਆਂ ਅੱਖਾਂ ਭਰ ਆਈਆਂ। ਧਰਮਿੰਦਰ ਨੇ ਉਸ ਜਗ੍ਹਾ ਲਈ ਆਪਣਾ ਅਮਿੱਟ ਪਿਆਰ ਫਗਵਾੜਾ ਜ਼ਿੰਦਾਬਾਦ ਦਾ ਨਾਅਰਾ ਲਗਾ ਕੇ ਜ਼ਾਹਰ ਕੀਤਾ. ਉਹਨਾਂ ਦੇ ਸ਼ਬਦ ਅੱਜ ਵੀ ਲੋਕਾਂ ਨੂੰ ਯਾਦ ਹੈ : “ਮੈਂ ਪੰਜਾਬ ਦਾ ਇੱਕ ਕਿਸਾਨ ਪੁੱਤਰ ਹਾਂ, ਅਤੇ ਅੱਜ ਮੈਂ ਜੋ ਕੁਝ ਵੀ ਹਾਂ, ਉਹ ਇਸ ਧਰਤੀ ਅਤੇ ਇੱਥੋਂ ਦੇ ਲੋਕਾਂ ਦਾ ਦੇਣਦਾਰ ਹਾਂ।”
ਲੁਧਿਆਣਾ ਦੇ ਪੁਰਾਣੇ ਥੀਏਟਰ ਸਾਹਮਣਿਓਂ ਲੰਘਦੀਆਂ ਧਰਮਿੰਦਰ ਹੋਏ ਭਾਵੁਕ

ਜੁਲਾਈ 2020 ਵਿੱਚ ਲੁਧਿਆਣਾ ਦੇ ਇਕ ਥੀਏਟਰ ਸਾਹਮਣਿਓਂ ਲੰਘਦਿਆਂ ਧਰਮਿੰਦਰ ਭਾਵੁਕ ਹੋ ਗਏ। ਉਹਨਾਂ ਨੇ ਟਵੀਟ ਕਰਦਿਆਂ ਲੁਧਿਆਣਾ ਦੇ ਇਤਿਹਾਸਿਕ ਰੇਖੀ ਸਿਨੇਮਾ ਦੀ ਖਰਾਬ ਹਾਲਤ ‘ਤੇ ਦੁੱਖ ਜਤਾਇਆ ਅਤੇ ਨਿਰਾਸ਼ਾ ਪ੍ਰਗਟ ਕੀਤੀ। ਰੇਖੀ ਥੀਏਟਰ 1933 ਵਿੱਚ ਬਣਿਆ ਸੀ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰੇਖੀ ਸਿਨੇਮਾ ’ਚ ਜੋ ਆਖਰੀ ਫਿਲਮ ਦੇਖੀ ਸੀ ਉਹ ਦਿਲੀਪ ਕੁਮਾਰ ਦੀ ਫਿਲਮ ‘ਦੀਦਾਰ’ ਸੀ।
ਬਾਲੀਵੁੱਡ ਹੀ ਨਹੀਂ ਪਾਲੀਵੁੱਡ ‘ਚ ਵੀ ਧਰਮਿੰਦਰ ਨੇ ਜਿੱਤੇ ਦਿਲ

ਸਾਹਨੇਵਾਲ (ਲੁਧਿਆਣਾ) ਦੀ ਧਰਤੀ ਤੋਂ ਨਿਕਲ ਕੇ ਮੁੰਬਈ ਤੱਕ ਦਾ ਉਨ੍ਹਾਂ ਦਾ ਸਫ਼ਰ ਭਾਵੇਂ ਹਿੰਦੀ ਫ਼ਿਲਮਾਂ ਰਾਹੀਂ ਚਮਕਿਆ ਹੋਵੇ, ਪਰ ਉਨ੍ਹਾਂ ਦੀਆਂ ਜੜ੍ਹਾਂ, ਭਾਸ਼ਾ, ਆਪਣਾਪਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਹਮੇਸ਼ਾ ਪੰਜਾਬ ਨਾਲ ਹੀ ਜੁੜੀਆਂ ਰਹੀਆਂ। ਧਰਮਿੰਦਰ ਦਾ ਬਚਪਨ ਪੂਰੀ ਤਰ੍ਹਾਂ ਪੇਂਡੂ ਮਾਹੌਲ ਵਿੱਚ ਬੀਤਿਆ। ਸਰ੍ਹੋਂ ਦੇ ਖੇਤ ਅਤੇ ਪਿੰਡ ਦੀ ਜੀਵਨ ਸ਼ੈਲੀ ਨੇ ਉਨ੍ਹਾਂ ਦੀ ਸੋਚ ਤੇ ਸ਼ਖਸੀਅਤ ਨੂੰ ਆਕਾਰ ਦਿੱਤਾ। ਮੁੰਬਈ ਜਾਣ ਤੋਂ ਬਾਅਦ ਵੀ, ਧਰਮਿੰਦਰ ਦੀ ਭਾਸ਼ਾ ਅਜੇ ਵੀ ਉਨ੍ਹਾਂ ਦੇ ਪਿੰਡ ਲਈ ਪਿਆਰ ਨੂੰ ਉਜਾਗਰ ਕਰਦੀ ਹੈ। ਧਰਮਿੰਦਰ ਨੂੰ ਪੰਜਾਬੀ ਬੋਲਣ ਵਿੱਚ ਸਭ ਤੋਂ ਵੱਧ ਖੁਸ਼ੀ ਹੁੰਦੀ।
“ਮੈਂ ਜੱਟ ਯਮਲਾ ਪਗਲਾ ਦੀਵਾਨਾ…”

ਧਰਮਿੰਦਰ ਨੇ ਕਈ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ, ਜਿਵੇਂ ਕਿ “ਆਪਨੇ”, ਜੋ ਪੰਜਾਬ ਦੇ ਸੱਭਿਆਚਾਰ, ਖੇਤਾਂ ਤੇ ਪੰਜਾਬੀ ਭਾਵਨਾ ਨੂੰ ਦਰਸਾਉਂਦੀ ਹੈ। ਧਰਮਿੰਦਰ ਨੇ ਨਾ ਸਿਰਫ਼ ਹਿੰਦੀ ਵਿੱਚ ਸਗੋਂ ਪੰਜਾਬੀ ਫ਼ਿਲਮਾਂ ਵਿੱਚ ਵੀ ਮਹੱਤਵਪੂਰਨ ਕੰਮ ਕੀਤਾ। ਧਰਮਿੰਦਰ ਦੀਆਂ ਮੁੱਖ ਪੰਜਾਬੀ ਫ਼ਿਲਮਾਂ – ਪੁੱਤ ਜੱਟਾਂ ਦੇ, ਸੈਕਿੰਡ ਹੈਂਡ ਹਸਬੈਂਡ, ਤੇਰੀ ਮੇਰੀ ਇੱਕ ਜ਼ਿੰਦੜੀ, ਕੁਰਬਾਨੀ ਜੱਟ ਦੀ, ਡਬਲ ਦ ਟ੍ਰਬਲ, ਸੰਤੋ ਬੰਤੋ, ਗਿੱਧਾ ਅਤੇ ਰਾਂਝਣ ਮੇਰਾ ਯਾਰ।
ਭਾਰਤ ਹੀ ਨਹੀਂ ਪਾਕਿਸਤਾਨ ‘ਚ ਵੀ ਛਾਇਆ ਧਰਮਿੰਦਰ ਦਾ ਜਾਦੂ
ਭਾਰਤ ਨੂੰ ਛੱਡ ਪਾਕਿਸਤਾਨ ਤੱਕ ਵੀ ਰਹੀ ਧਰਮਿੰਦਰ ਦੀ ਫੈਨ ਫੋਲੋਵਿੰਗ। ਪਾਕਿ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਵੀ ਧਰਮਿੰਦਰ ਨੂੰ ਕਰਦੇ ਸਨ ਪਸੰਦ। ਨਵਾਜ਼ ਸ਼ਰੀਫ ਨੇ ਧਰਮਿੰਦਰ ਨਾਲ ਮੁਲਾਕਾਤ ਦੌਰਾਨ ਕਿੱਸਾ ਸੁਣਾਇਆ ਸੀ ਕਿ ਆਪਣੇ ਭਾਰਤ ਦੌਰੇ ਦੌਰਾਨ ਉਹਨਾਂ ਦਾ ਪਰਿਵਾਰ ਕਾਰ ਰਾਹੀਂ ਜਾ ਰਿਹਾ ਸੀ, ਨਵਾਜ਼ ਸ਼ਰੀਫ ਨੇ ਉਹਨਾਂ ਦੇ ਘਰ ਸਾਹਮਣੇ ਕਾਰ ਰੁਕਵਾਈ ਅਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਦੱਸਿਆ ਕਿ ਇਹ ਹੈ ਅਦਾਕਾਰ ਧਰਮਿੰਦਰ ਦਾ ਘਰ।
ਦਿਲੀਪ ਕੁਮਾਰ ਦੀ ਅਦਾਕਾਰੀ ਨੇ ਦਿਖਾਇਆ ਭਵਿੱਖ ਦਾ ਰਸਤਾ

ਧਰਮਿੰਦਰ ਫਿਲਮ ਅਦਾਕਾਰ ਦਿਲੀਪ ਕੁਮਾਰ ਦੀ ਅਦਾਕਾਰੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਵੀ ਫ਼ਿਲਮੀ ਦੁਨੀਆਂ ‘ਚ ਆਪਣੀ ਕਿਸਮਤ ਤੈਅ ਕਰ ਲਈ। ਧਰਮਿੰਦਰ ਉਸ ਸਮੇਂ ਮਾਲੇਰਕੋਟਲਾ ‘ਚ ਨੌਕਰੀ ਕਰ ਰਹੇ ਸਨ. ਉਹ ਜਾਨ ਮੁਹੰਮਦ ਫੋਟੋ ਸਟੂਡੀਓ ਗਏ ਅਤੇ ਕਿਹਾ ਕਿ ਕੁਝ ਅਜਿਹਾ ਕਰੋ ਕਿ ਸਿਲੈਕਸ਼ਨ ਹੋ ਜਾਵੇ … ਤੇ ਹੋਇਆ ਵੀ ਕੁਝ ਅਜਿਹਾ ਹੀ ਤੇ ਪਿੰਡ ਦਾ ਮੁੰਡਾ ਬਾਲੀਵੁੱਡ ਦਾ ਸਿਤਾਰਾ ਬਣ ਗਿਆ।
ਐਕਟਿੰਗ ਮੇਰੀ ਮਹਿਬੂਬਾ … ਕਦੇ ਮੈਂ ਰੁੱਸ ਜਾਂਦਾ, ਕਈ ਵਾਰ ਇਹ

ਲੰਡਨ ‘ਚ ਇਕ ਇੰਟਰਵਿਊ ਦੌਰਾਨ ਧਰਮਿੰਦਰ ਨੇ ਕਿਹਾ ਸੀ ਕਿ “ਐਕਟਿੰਗ ਮੇਰੇ ਲਈ ਮਹਿਬੂਬਾ ਹੈ, ਮੈਨੂੰ ਇਸ ਨਾਲ ਮੁਹੱਬਤ ਹੈ। ਜਿਵੇਂ ਆਸ਼ਿਕ ਅਤੇ ਮਾਸ਼ੂਕ ‘ਚ ਲੜਾਈ ਹੋ ਜਾਂਦੀ ਹੈ…. ਕਦੇ ਇਹ ਰੁੱਸ ਜਾਂਦੀ ਹੈ ਅਤੇ ਮੈਂ ਮਨਾ ਲੈਂਦਾ ਹਾਂ, ਕਦੇ ਮੈਂ ਰੁੱਸ ਜਾਂਦਾ ਹਾਂ ਤਾਂ ਇਹ ਮੈਨੂੰ ਮਨਾ ਲੈਂਦੀ ਹੈ। ਪਰ ਮੈਂ ਇਸ ਨੂੰ ਕਿਸੇ ਵੀ ਸੂਰਤ ‘ਚ ਛੱਡਿਆ ਨਹੀਂ ਹੈ।”
ਫਿਲਮ ਇੰਡਸਟਰੀ ਤੋਂ ਇਲਾਵਾ ਸਿਆਸਤ ‘ਚ ਵੀ ਅਜ਼ਮਾਈ ਕਿਸਮਤ

ਧਰਮਿੰਦਰ ਨੇ ਫ਼ਿਲਮਾਂ ਤੋਂ ਇਲਾਵਾ ਰਾਜਨੀਤੀ ‘ਚ ਆਪਣੀ ਕਿਸਮਤ ਅਜ਼ਮਾਈ. ਅਟਲ ਬਿਹਾਰੀ ਵਾਜਪਾਈ ਦੇ ਕਹਿਣ ‘ਤੇ ਉਨ੍ਹਾਂ ਨੇ ਬੀਕਾਨੇਰ ਤੋਂ ਲੋਕ ਸਭਾ ਚੋਣਾਂ ‘ਚ ਹਿੱਸਾ ਲਿਆ ਅਤੇ ਜਿੱਤ ਵੀ ਦਰਜ ਕੀਤੀ, ਪਰ ਸਿਆਸਤ ‘ਚ ਸ਼ਮੂਲੀਅਤ ਨੂੰ ਉਹ ਆਪਣੀ ਸਭ ਤੋਂ ਵੱਡੀ ਭੁੱਲ ਮੰਨਦੇ ਸਨ।
ਉਰਦੂ ਅਤੇ ਸ਼ਾਇਰੀ ਨਾਲ ਧਰਮਿੰਦਰ ਦਾ ਖਾਸ ਲਗਾਵ
ਜਜ਼ਬਾਤੀ, ਰੋਮਾਂਟਿਕ ਅਤੇ ਸ਼ਾਇਰ ਦਾ ਦਿਲ ਰੱਖਣ ਵਾਲੇ ਐਕਸ਼ਨ ਸਟਾਰ ਧਰਮਿੰਦਰ ਅਲਗ ਹੀ ਸ਼ਖ਼ਸੀਅਤ ਦੇ ਮਾਲਕ ਸਨ ਜਿਹਨਾਂ ਨੂੰ ਉਰਦੂ ਅਤੇ ਸ਼ਾਇਰੀ ਨਾਲ ਬਹੁਤ ਲਗਾਵ ਰਿਹਾ।
ਲੁਧਿਆਣਾ ਦੇ ਸਾਹਨੇਵਾਲ ਚ ਜਨਮੇ ਧਰਮਿੰਦਰ ਨੇ ਆਪਣਾ ਜੀਵਨ ਫਗਵਾੜਾ ‘ਚ ਬਿਤਾਇਆ ਅਤੇ ਫਿਰ ਇੱਕ ਸੁਪਨੇ ਨਾਲ ਮੁੰਬਈ ਆ ਗਏ ਤੇ ਇਥੋਂ ਦੇ ਹੀ ਹੋ ਕੇ ਰਹਿ ਗਏ … ਕੁਝ ਦਿਨ ਪਹਿਲਾਂ ਹੀ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ… ਪਰ ਸਾਡੇ ਦਿਲਾਂ ‘ਚ ਹਮੇਸ਼ਾ ਜਿਉਂਦੇ ਰਹਿਣਗੇ … ਅਜਿਹੇ ਮੌਕੇ ‘ਤੇ ਉਹਨਾਂ ਦਾ ਇਕ ਮਸ਼ਹੂਰ ਗੀਤ ਯਾਦ ਆਉਂਦਾ ਹੈ … “ਪਲ-ਪਲ ਦਿਲ ਕੇ ਪਾਸ ਤੁਮ ਰਹਿਤੇ ਹੋ”… We Will Miss U ਧਰਮ ਜੀ…



Leave a Comment