ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ॥
ਇਸਦਾ ਅਰਥ ਹੈ: ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ—ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਉਹ ਕਹਿੰਦੇ ਹੈ ਨਾ ਕਿ ਵੈਸੇ ਤਾਂ ਵਾਹਿਗੁਰੂ ਦੀ ਮੇਹਰ ਹਰ ਕਿਸੇ ‘ਤੇ ਹੁੰਦੀ ਹੈ. ਇੱਕ ਉਹੀ ਹੈ ਜੋ ਹਰ ਕਿਸੇ ਦੇ ਦੁੱਖ ਦਰਦ ਹਰ ਲੈਂਦਾ ਹੈ, ਜੋ ਉਸ ਉੱਤੇ ਵਿਸ਼ਵਾਸ ਰੱਖਦਾ ਹੈ। ਇਹ ਸਿਰਫ ਪੁਰਾਤਨ ਗੱਲਾਂ ਹੀ ਨਹੀਂ ਬਲਕਿ ਇਹਨਾਂ ਵਿਚ ਉੱਨੀ ਹੀ ਸੱਚਾਈ ਹੈ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਆਪਣੀ ਖਾਸ ਅਹਿਮੀਅਤ ਹੈ। ਸ੍ਰੀ ਦਰਬਾਰ ਸਾਹਿਬ ਦੇ ਵਿਹੜੇ ਵਿੱਚ 3 ਪ੍ਰਾਚੀਨ ‘ਬੇਰ’ ਦੇ ਦਰੱਖਤ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁੱਖ ਭੰਜਨੀ ਬੇਰੀ ਬਾਰੇ, ਜਿਸਦਾ ਮਹਾਤਮ ਅਤੇ ਇਤਿਹਾਸ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨਾਲ ਜੁੜਿਆ ਹੋਇਆ ਹੈ। ਵੈਸੇ ਤਾਂ ਦਰਬਾਰ ਸਾਹਿਬ ਵਿਚ ਸਾਰੀਆਂ ਬੇਰੀਆਂ ਦਾ ਆਪਣਾ ਮਹੱਤਵ ਹੈ ਪਰ ਅਜਿਹੀ ਮਾਨਤਾ ਹੈ ਕਿ ਜਿਸ ਥਾਂ ‘ਤੇ ਦੁੱਖ ਭੰਜਨੀ ਬੇਰੀ ਸੁਸ਼ੋਭਿਤ ਹੈ ਉਸ ਥਾਂ ‘ਤੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦੇ ਇਤਿਹਾਸ ਅਤੇ ਮਹੱਤਤਾ।

ਸੰਨ 1576 ਦੀ ਗੱਲ ਹੈ ਕਿ ਪੱਟੀ ਵਿਖੇ ਇੱਕ ਬਹੁਤ ਹੀ ਅਮੀਰ ਸ਼ਾਹੂਕਾਰ ਦੁਨੀ ਚੰਦ ਰਹਿੰਦਾ ਸੀ, ਜਿਸ ਦੀਆਂ 5 ਧੀਆਂ ਸਨ। ਉਸਨੂੰ ਖ਼ੁਦ ‘ਤੇ ਬਹੁਤ ਹੀ ਹੰਕਾਰ ਸੀ। ਇੱਕ ਦਿਨ ਸੇਠ ਦੁਨੀ ਚੰਦ ਨੇ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੇ ਹੋ। ਇਸ ‘ਤੇ ਚਾਰੇ ਵੱਡੀਆਂ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਭੋਜਨ ਖਾਂਦੇ ਹਾਂ। ਪਰ ਸਭ ਤੋਂ ਛੋਟੀ ਧੀ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੇ ਘਰ ਵਿੱਚ ਪਲਣ ਕਾਰਨ ਗੁਰਮਤਿ ਦੇ ਰਹੱਸ ਨੂੰ ਸਮਝਦੀ ਸੀ , ਉਸ ਨੇ ਸਪੱਸ਼ਟ ਕਹਿ ਦਿੱਤਾ ਕਿ ਸਭ ਦਾ ਪਾਲਣਹਾਰ ਕੇਵਲ ਪਰਮਾਤਮਾ ਹੈ ਅਤੇ ਸਭ ਉਸ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ। ਬੀਬੀ ਰਜਨੀ ਵੱਲੋਂ ਅਜਿਹਾ ਜਵਾਬ ਸੁਣ ਕੇ ਗੁੱਸੇ ਵਿੱਚ ਆਏ ਹੰਕਾਰੀ ਪਿਤਾ ਨੇ ਕਿਹਾ ਕਿ ਮੈਂ ਵੇਖਦਾ ਹਾਂ ਕਿ ਤੇਰਾ ਦਾਤਾ ਤੈਨੂੰ ਕਿਵੇਂ ਭੋਜਨ ਦਿੰਦਾ ਹੈ। ਹੰਕਾਰੀ ਸ਼ਾਹੂਕਾਰ ਦੁਨੀ ਚੰਦ ਨੇ ਜਾਣ ਬੁੱਝ ਕੇ ਬੀਬੀ ਰਜਨੀ ਦਾ ਵਿਆਹ ਇੱਕ ਕੋਹੜੀ ਵਿਅਕਤੀ ਨਾਲ ਕਰ ਦਿੱਤਾ ਅਤੇ ਘਰੋਂ ਬਾਹਰ ਕੱਢ ਦਿੱਤਾ।
ਬੀਬੀ ਰਜਨੀ ਰੱਬ ਦੇ ਵਿਚ ਵਿਸ਼ਵਾਸ ਰੱਖਦੀ ਸੀ। ਉਹਨਾਂ ਨੇ ਕੋਹੜੀ ਪਤੀ ਨੂੰ ਆਪਣਾ ਪਤੀ ਪਰਮੇਸ਼ਵਰ ਮੰਨਿਆ। ਬੀਬੀ ਭਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿੱਚ ਰੱਖ ਸਿਰ ਉੱਪਰ ਚੁੱਕ ਕੇ ਪਿੰਡੋਂ ਪਿੰਡੀ ਹੁੰਦਿਆਂ ਘੁੰਮਦੀ ਅਤੇ ਭੋਜਨ ਦਾ ਪ੍ਰਬੰਧ ਕਰਦੀ। ਉਹਨਾਂ ਨੇ ਕਈ ਧਾਰਮਿਕ ਸਥਾਨਾਂ ‘ਤੇ ਆਪਣੇ ਪਤੀ ਦੀ ਸਿਹਤ ਦੀ ਅਰਦਾਸ ਕੀਤੀ, ਤਾਂ ਜੋ ਉਹ ਠੀਕ ਹੋ ਜਾਵੇ। ਇਕ ਦਿਨ ਆਪਣੇ ਅਤੇ ਆਪਣੇ ਪਤੀ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਇੱਕ ਬੇਰੀ ਦੇ ਦਰੱਖਤ ਦੇ ਹੇਠਾਂ ਕੱਚੇ ਛੱਪੜ ਦੇ ਕੰਢੇ ਬਿਠਾ ਕੇ ਭੋਜਨ ਦਾ ਪ੍ਰਬੰਧ ਕਰਨ ਚਲੀ ਗਈ।

ਬੀਬੀ ਰਜਨੀ ਦੀ ਗੈਰ-ਹਾਜ਼ਰੀ ਵਿਚ ਉਸਦੇ ਪਤੀ ਨੇ ਇੱਕ ਅਦਭੁਤ ਨਜ਼ਾਰਾ ਦੇਖਿਆ। ਇੱਕ ਕਾਲੇ ਕਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਚਿੱਟੇ ਹੰਸ ਦੇ ਰੂਪ ਵਿੱਚ ਬਾਹਰ ਆਇਆ। ਇਹ ਦੇਖ ਕੇ ਉਸ ਦੇ ਮਨ ਵਿਚ ਵੀ ਖਿਆਲ ਆਇਆ ਕਿ ਸ਼ਾਇਦ ਅਜਿਹਾ ਕਰਨ ਨਾਲ ਉਹ ਵੀ ਠੀਕ ਹੋ ਜਾਵੇ। ਇਹ ਸੋਚ ਕੇ ਸਾਹਸ ਕਰਦੇ ਹੋਏ ਉਸਨੇ ਆਪਣੀ ਟੋਕਰੀ ਵਿਚੋਂ ਰੇਂਗ ਕੇ ਬੇਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਭੀ ਲਾਈ। ਉਹ ਆਪਣੇ ਸੱਜੇ ਹੱਥ ਦੇ ਅੰਗੂਠੇ ਨਾਲ ਘਾਹ ਫੂਸ ਫੜੀ ਬੈਠਾ ਸੀ। ਇਸ ਲਈ ਇਸ ਅੰਗੂਠੇ ਨੂੰ ਛੱਡ ਕੇ ਉਸ ਦੇ ਸਰੀਰ ਦਾ ਸਾਰਾ ਕੋੜ੍ਹ ਗੁਰੂ ਦੀ ਕ੍ਰਿਪਾ ਨਾਲ ਠੀਕ ਹੋ ਗਿਆ ਅਤੇ ਉਸਦੀ ਦੇਹ ਅਰੋਗ ਹੋ ਗਈ। ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਉਹ ਇਸ ਸੁੰਦਰ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਨੂੰ ਆਸ਼ੰਕਾ ਹੋਈ ਕਿ ਸ਼ਾਇਦ ਇਸ ਨੌਜਵਾਨ ਨੇ ਉਸਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ।

ਜਦ ਇਹ ਮਸਲਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਬੀਬੀ ਦਾ ਆਸ਼ੰਕਾ ਦੂਰ ਕਰਦਿਆਂ ਕਿਹਾ ਕਿ ਬੀਬੀ , ਤੇਰੀ ਸੇਵਾ , ਸ਼ਰਧਾ , ਦ੍ਰਿੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ , ਦੁੱਖ ਭੰਜਨੀ ਸਾਹਿਬ ਰੱਖਿਆ, ਜਿਸਦਾ ਅਰਥ ਹੈ ਦੁੱਖਾਂ ਨੂੰ ਦੂਰ ਕਰਨ ਵਾਲਾ। ਇਸ ਅਸਥਾਨ ਤੇ ਬੇਰੀ ਦੇ ਦਰੱਖਤ ਦਾ ਨਾਂ ਉਸ ਦਿਨ ਤੋਂ ਹੀ ਦੁਖ ਭੰਜਨੀ ਬੇਰੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਇਸ ਪਾਵਨ ਅਸਥਾਨ ਨੂੰ ਗੁਰਦੁਆਰਾ ਦੁਖ ਭੰਜਨੀ ਬੇਰੀ ਸਾਹਿਬ ਕਿਹਾ ਜਾਂਦਾ ਹੈ। ਸਦੀਆਂ ਬੀਤ ਗਈਆਂ, ਉਦੋਂ ਤੋਂ ਚਲਦੀ ਆ ਰਹੀ ਮਾਨਤਾ ਦੇ ਮੁਤਾਬਕ ਸੰਗਤਾਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਇਸ ਪਵਿੱਤਰ ਅਸਥਾਨ ‘ਤੇ ਇਸ਼ਨਾਨ ਕਰਦੀਆਂ ਹਨ ਤੇ ਉਹਨਾਂ ਦੇ ਅਨੇਕਾਂ ਕਸ਼ਟ ਵਾਹਿਗੁਰੂ ਦੀ ਕਿਰਪਾ ਨਾਲ ਕੱਟੇ ਜਾਂਦੇ ਹਨ।



Leave a Comment