From kitchen to employment

ਰਸੋਈ ਤੋਂ ਰੁਜ਼ਗਾਰ ਤੱਕ: ਪੰਜਾਬ ਦੀ ਰਾਜਵਿੰਦਰ ਕੌਰ ਨੇ “ਘਰੇਲੂ ਸਵਾਦ” ਨੂੰ ਬਣਾਇਆ ਇੱਕ ਮਜ਼ਬੂਤ ਬਿਜ਼ਨੈੱਸ ਬ੍ਰਾਂਡ

ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨਾਲ ਜਨਮ ਲੈਂਦੀਆਂ ਅਜਿਹੀਆਂ ਕਹਾਣੀਆਂ ਜੋ ਮੁਸ਼ਕਲਾਂ ਨੂੰ ਮੌਕਿਆਂ ਵਿੱਚ ਬਦਲ ਦਿੰਦਿਆ ਹਨ। ਅੱਜ ਦਾ ਪੰਜਾਬ ਸਿਰਫ ਖੇਤੀਬਾੜੀ ਲਈ ਹੀ ਨਹੀਂ, ਸਗੋਂ ਆਪਣੀਆਂ ਧੀਆਂ ਦੇ ਅਟੁੱਟ ਹੌਸਲੇ ਅਤੇ ਜਨੂੰਨ ਲਈ ਵੀ ਜਾਣਿਆ ਜਾਂਦਾ ਹੈ। ਪੰਜਾਬ ਦੀ ਪਵਿੱਤਰ ਮਿੱਟੀ ਤੋਂ ਜਨਮੀ ਰਾਜਵਿੰਦਰ ਕੌਰ ਦੀ ਇਹ ਅਨੋਖੀ ਕਹਾਣੀ ਹੈ, ਜਿਸ ਦਾ ਜਨੂੰਨ ਉਸ ਦੀ ਪਛਾਣ ਨੂੰ ਪਰਿਭਾਸ਼ਿਤ ਕਰਦੀ ਹੈ। ਇਹ ਕਹਾਣੀ ਸਾਬਤ ਕਰਦੀ ਹੈ ਕਿ ਸੱਚੀ ਲਗਨ ਨਾਲ ਕਿਸੇ ਵੀ ਰੁਕਾਵਟ ਨੂੰ ਸਫਲਤਾ ਦੀ ਪੌੜੀ ਬਣਾਇਆ ਜਾ ਸਕਦਾ ਹੈ।

ਬਚਪਨ ਦੇ ਸ਼ੌਕ ਤੋਂ ਕਾਰੋਬਾਰ ਤੱਕ ਦਾ ਸਫ਼ਰ

ਰਾਜਵਿੰਦਰ ਕੌਰ ਨੂੰ ਬਚਪਨ ਤੋਂ ਹੀ ਕੁਝ ਨਵਾਂ ਸਿੱਖਣ ਅਤੇ ਬਣਾਉਣ ਦਾ ਸ਼ੌਕ ਸੀ। ਉਹ ਦੱਸਦੇ ਹਨ ਕਿ ਨਵੀਆਂ ਚੀਜ਼ਾਂ ਸਿੱਖਣਾ ਉਸ ਦੇ ਸੁਭਾਅ ਵਿੱਚ ਹੈ। ਜਦੋਂ ਵੀ ਕਿਤੇ ਉਨ੍ਹਾਂ ਨੂੰ ਟ੍ਰੇਨਿੰਗ ਲੈਣ ਦਾ ਮੌਕਾ ਮਿਲਦਾ, ਉਹ ਬਿਨਾਂ ਕਿਸੇ ਦੇਰੀ ਦੇ ਤਿਆਰ ਹੋ ਜਾਂਦੀ ਸੀ। ਉਨ੍ਹਾਂ ਦੇ ਇਸ ਸਫ਼ਰ ਦੀ ਨੀਂਹ ਵਿਆਹ ਤੋਂ ਪਹਿਲਾਂ ਹੀ ਰੱਖੀ ਗਈ ਸੀ।

ਆਪਣੀ ਮਾਂ ਨੂੰ ਕੱਪੜੇ ਸਿਉਂਦੇ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਵੀ ਸਿਲਾਈ-ਕਢਾਈ ਦਾ ਸ਼ੌਕ ਪੈਦਾ ਹੋਇਆ। ਉਹ ਚੋਰੀ-ਛਿਪੇ, ਆਪਣੀ ਮਾਂ ਦੀ ਗੈਰ-ਹਾਜ਼ਰੀ ਵਿੱਚ ਕੱਪੜੇ ਕੱਟ ਕੇ ਸਿਉਣ ਦੀ ਕੋਸ਼ਿਸ਼ ਕਰਦੀ ਸੀ। ਹਾਲਾਂਕਿ, ਸ਼ੁਰੂਆਤ ਵਿੱਚ ਕਈ ਗਲਤੀਆਂ ਹੋਈਆਂ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਆਪਣੀਆਂ ਗਲਤੀਆਂ ਤੋਂ ਸਿੱਖਦਿਆਂ ਉਨ੍ਹਾਂ ਨੇ ਸਿਰਫ ਕੱਪੜੇ ਹੀ ਨਹੀਂ, ਸਗੋਂ ਟੈਡੀ ਬੀਅਰ ਬਣਾਉਣ ਵਰਗੀਆਂ ਕਲਾਵਾਂ ਵਿੱਚ ਵੀ ਮੁਹਾਰਤ ਹਾਸਲ ਕੀਤੀ। ਅੱਜ, ਉਹੀ ਬਚਪਨ ਦਾ ਸ਼ੌਕ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਕਾਰੋਬਾਰੀ ਅਧਾਰ ਬਣ ਚੁੱਕਾ ਹੈ।

ਵੇਸਟ ਕੱਪੜਿਆਂ ਤੋਂ ਬਿਹਤਰੀਨ ਉਤਪਾਦ

ਰਾਜਵਿੰਦਰ ਨੇ ਆਪਣਾ ਕਾਰੋਬਾਰ ਇੱਕ ਬੁਟੀਕ ਨਾਲ ਸ਼ੁਰੂ ਕੀਤਾ। ਪਰ ਉਨ੍ਹਾਂ ਦਾ ਮਕਸਦ ਸਿਰਫ ਸੂਟ ਸਿਲਾਈ ਕਰਨਾ ਨਹੀਂ ਸੀ। ਉਨ੍ਹਾਂ ਨੇ ਬਾਜ਼ਾਰ ਵਿੱਚ ਉਪਲੱਬਧ ਉਤਪਾਦਾਂ ਦੀਆਂ ਕਮੀਆਂ ਨੂੰ ਪਛਾਣਿਆ। ਉਨ੍ਹਾਂ ਦੇਖਿਆ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਬੈਗ ਅਤੇ ਆਰਗੇਨਾਈਜ਼ਰ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦੀਆਂ ਜ਼ਿੱਪਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ।

ਇਥੋਂ ਹੀ, ਉਨ੍ਹਾਂ ਦੇ ਮਨ ਵਿੱਚ ਇੱਕ ਨਵਾਂ ਵਿਚਾਰ ਆਇਆ, ਘਰ ਵਿੱਚ ਪਏ ਵੇਸਟ ਕੱਪੜਿਆਂ ਦੀ ਵਰਤੋਂ ਕਰਕੇ ਮਜ਼ਬੂਤ ਅਤੇ ਟਿਕਾਊ ਚੀਜ਼ਾਂ ਬਣਾਉਣ ਦਾ। ਉਨ੍ਹਾਂ ਨੇ ਅਜਿਹੇ ਬੈਗ, ਟਿਫ਼ਨ ਕਵਰ ਅਤੇ ਆਰਗੇਨਾਈਜ਼ਰ ਬਣਾਏ ਜੋ ਨਾ ਸਿਰਫ ਦੇਖਣ ਵਿੱਚ ਸੋਹਣੇ ਸਨ, ਸਗੋਂ ਕੁਆਲਿਟੀ ਵਿੱਚ ਵੀ ਬਾਜ਼ਾਰੀ ਸਮਾਨ ਨਾਲੋਂ ਕਿਤੇ ਬਿਹਤਰ ਸਨ। ਉਨ੍ਹਾਂ ਦੇ ਉਤਪਾਦਾਂ ਦੀ ਖ਼ਾਸੀਅਤ ਇਹ ਸੀ ਕਿ ਉਹ ਮਜ਼ਬੂਤ ਕੱਪੜਾ, ਵਧੀਆ ਜ਼ਿੱਪ ਅਤੇ ਟਿਕਾਊ ਲੌਕ ਵਰਤੇ ਜਾਂਦੇ ਸਨ, ਜਿਸ ਕਾਰਨ ਲੋਕਾਂ ਵਿੱਚ ਇਨ੍ਹਾਂ ਦੀ ਮੰਗ ਤੇਜ਼ੀ ਨਾਲ ਵਧਣ ਲੱਗੀ।

ਲੌਕਡਾਊਨ ਅਤੇ ਨਵੀਂ ਸ਼ੁਰੂਆਤ

ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਕਾਰਨ ਰੁਕ ਗਈ ਸੀ, ਤਾਂ ਰਾਜਵਿੰਦਰ ਦਾ ਬੁਟੀਕ ਕੰਮ ਵੀ ਠੱਪ ਹੋ ਗਿਆ। ਅਜਿਹੇ ਸਮੇਂ ਵਿੱਚ, ਬਹੁਤ ਸਾਰੇ ਲੋਕ ਨਿਰਾਸ਼ ਹੋ ਗਏ, ਪਰ ਰਾਜਵਿੰਦਰ ਨੇ ਇਸ ਮੁਸ਼ਕਲ ਸਮੇਂ ਨੂੰ ਇੱਕ ਨਵੇਂ ਮੌਕੇ ਵਜੋਂ ਦੇਖਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਭਾਵੇਂ ਸਭ ਕੁਝ ਬੰਦ ਹੈ, ਪਰ ਖਾਣ-ਪੀਣ ਦਾ ਕੰਮ ਹਮੇਸ਼ਾ ਚੱਲਦਾ ਰਹਿੰਦਾ ਹੈ। ਇਸੇ ਸੋਚ ਨਾਲ, ਉਨ੍ਹਾਂ ਨੇ ਪੇਸ਼ੇਵਰ “ਕੁਕਿੰਗ” ਦੀ ਦੁਨੀਆ ਵਿੱਚ ਕਦਮ ਰੱਖਿਆ। ਜਿਹੜੇ ਹੱਥ ਪਹਿਲਾਂ ਸੂਈ-ਧਾਗੇ ਨਾਲ ਕਲਾਕਾਰੀ ਕਰਦੇ ਸਨ, ਉਹ ਹੁਣ ਸਵਾਦਿਸ਼ਟ ਪਿੰਨੀਆਂ ਅਤੇ ਬਿਸਕੁਟ ਬਣਾਉਣ ਲੱਗੇ। ਉਨ੍ਹਾਂ ਨੇ ਅਲਸੀ ਦੀਆਂ ਪਿੰਨੀਆਂ, ਤਿਲ ਦੀਆਂ ਪਿੰਨੀਆਂ, ਬੇਕਰੀ ਉਤਪਾਦ ਅਤੇ ਇਥੋਂ ਤੱਕ ਕਿ ਗੁਜਰਾਤੀ ‘ਫ਼ਾਫੜਾ’ ਵੀ ਬਣਾਉਣਾ ਸ਼ੁਰੂ ਕੀਤਾ।

ਸਿਹਤ ਅਤੇ ਸ਼ੁੱਧਤਾ: ਘਰੇਲੂ ਸਵਾਦ ਦੀ ਗਾਰੰਟੀ

ਰਾਜਵਿੰਦਰ ਦੇ ਖਾਣ-ਪੀਣ ਦੇ ਉਤਪਾਦਾਂ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਹੈ। ਉਹ ਆਪਣੀਆਂ ਅਲਸੀ ਦੀਆਂ ਪਿੰਨੀਆਂ ਵਿੱਚ ਭਰਪੂਰ ਡ੍ਰਾਈ ਫਰੂਟਸ (ਕਾਜੂ, ਬਦਾਮ, ਮਗ਼ਜ਼) ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਉਹ ਘਿਓ ਦੀ ਮਾਤਰਾ ਬਹੁਤ ਘੱਟ ਰੱਖਦੇ ਹਨ ਤਾਂ ਜੋ BP ਜਾਂ ਸਿਹਤ ਸਮੱਸਿਆਵਾਂ ਵਾਲੇ ਲੋਕ ਵੀ ਇਸਦਾ ਅਨੰਦ ਲੈ ਸਕਣ।

ਉਨ੍ਹਾਂ ਦਾ ਮੰਨਣਾ ਹੈ ਕਿ ਹਲਵਾਈਆਂ ਕੋਲ ਅਕਸਰ ਤਾਜ਼ਾ ਸਾਮਾਨ ਨਹੀਂ ਮਿਲਦਾ, ਪਰ ਉਹ ਹਮੇਸ਼ਾ ਛੋਟੇ ਪੱਧਰ ‘ਤੇ ਕੰਮ ਕਰਦਿਆਂ ਤਾਜ਼ਾ ਸਾਮਾਨ ਤਿਆਰ ਕਰਦੇ ਹਨ। ਸਾਫ਼-ਸਫ਼ਾਈ, ਸ਼ੁੱਧ ਬਰਤਨ ਅਤੇ ਹੱਥਾਂ ਦੀ ਸਫ਼ਾਈ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਹੀ ਕਾਰਨ ਹੈ ਕਿ ਗਾਹਕਾਂ ਦਾ ਉਨ੍ਹਾਂ ‘ਤੇ ਅਟੁੱਟ ਵਿਸ਼ਵਾਸ ਬਣਿਆ ਹੋਇਆ ਹੈ।

ਸੈਲਫ ਹੈਲਪ ਗਰੁੱਪ: ਔਰਤਾਂ ਦੀ ਆਰਥਿਕ ਆਜ਼ਾਦੀ ਦਾ ਰਾਹ

ਰਾਜਵਿੰਦਰ ਨੇ ਨਾ ਸਿਰਫ ਆਪਣਾ ਵਿਕਾਸ ਕੀਤਾ, ਸਗੋਂ ਹੋਰ ਔਰਤਾਂ ਨੂੰ ਵੀ ਆਪਣੇ ਨਾਲ ਜੋੜਿਆ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਯੋਜਨਾ ਤਹਿਤ 10 ਔਰਤਾਂ ਦਾ ਇੱਕ ‘ਸੈਲਫ ਹੈਲਪ ਗਰੁੱਪ’ ਬਣਾਇਆ। ਇਸ ਗਰੁੱਪ ਦਾ ਮਕਸਦ ਛੋਟੀ-ਛੋਟੀ ਬਚਤ ਕਰਕੇ ਵੱਡਾ ਕਾਰੋਬਾਰ ਖੜ੍ਹਾ ਕਰਨਾ ਸੀ। ਉਹ ਦੱਸਦੇ ਹਨ ਕਿ ਕਿਵੇਂ ਹਰ ਮਹੀਨੇ 100-100 ਰੁਪਏ ਜੋੜ ਕੇ ਉਨ੍ਹਾਂ ਨੇ ਸਰਕਾਰ ਤੋਂ ਫੰਡ ਪ੍ਰਾਪਤ ਕੀਤੇ। ਉਨ੍ਹਾਂ ਨੇ ਖ਼ੁਦ ਸਿਰਫ 3,000 ਰੁਪਏ ਨਾਲ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਅਤੇ ਜਦੋਂ ਮੁਨਾਫ਼ਾ ਹੋਇਆ ਤਾਂ ਉਸ ਪੈਸੇ ਨੂੰ ਕਾਰੋਬਾਰ ਵਿੱਚ ਵਾਪਸ ਲਗਾ ਕੇ ਉਸਨੂੰ ਅੱਗੇ ਵਧਾਇਆ।

ਮੌਸਮ ਦੇ ਅਨੁਸਾਰ ਕਾਰੋਬਾਰੀ ਰਣਨੀਤੀ

ਇੱਕ ਸਫਲ ਉਦਯੋਗਪਤੀ ਵਾਂਗ, ਰਾਜਵਿੰਦਰ ਮਾਰਕੀਟ ਦੀ ਮੰਗ ਅਤੇ ਮੌਸਮ ਦੇ ਮਿਜ਼ਾਜ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦਾ ਕਾਰੋਬਾਰ ਬਹੁਤ ਹੀ ਲਚਕਦਾਰ ਹੈ। ਸਰਦੀਆਂ ਦੇ ਦਿਨਾਂ ਵਿੱਚ, ਜਦੋਂ ਪਿੰਨੀਆਂ ਅਤੇ ਬੇਕਰੀ ਉਤਪਾਦਾਂ ਦੀ ਮੰਗ ਹੁੰਦੀ ਹੈ, ਉਹ ਆਪਣਾ ਪੂਰਾ ਧਿਆਨ ਖਾਣ-ਪੀਣ ਵਾਲੇ ਪਦਾਰਥਾਂ ‘ਤੇ ਲਗਾਉਂਦੇ ਹਨ।

ਦੂਜੇ ਪਾਸੇ, ਗਰਮੀਆਂ ਵਿੱਚ ਉਹ ਸਿਲਾਈ-ਕਢਾਈ ਅਤੇ ਬੁਟੀਕ ਦੇ ਕੰਮ ਨੂੰ ਜ਼ਿਆਦਾ ਸਮਾਂ ਦਿੰਦੇ ਹਨ। ਇਸ ਦੇ ਨਾਲ ਹੀ ਗਰਮੀਆਂ ਦੇ ਸੀਜ਼ਨ ਵਿੱਚ ਅਚਾਰ, ਚਟਣੀਆਂ ਅਤੇ ਦਹੀਂ-ਭੱਲੇ ਵਰਗੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਮਾਰਕੀਟ ਦੀ ਨਬਜ਼ ਪਛਾਣ ਕੇ ਕੰਮ ਕਰਨਾ ਹੀ ਉਨ੍ਹਾਂ ਦੀ ਸਫਲਤਾ ਦਾ ਰਾਜ਼ ਹੈ।

ਸਮਾਜਿਕ ਸੁਨੇਹਾ: ਪਰਿਵਾਰਕ ਸਹਿਯੋਗ ਦੀ ਅਹਿਮੀਅਤ

ਆਪਣੇ ਸਫ਼ਰ ਦੇ ਅਖੀਰ ਵਿੱਚ ਰਾਜਵਿੰਦਰ ਇੱਕ ਬਹੁਤ ਹੀ ਮਹੱਤਵਪੂਰਨ ਸਮਾਜਿਕ ਸੰਦੇਸ਼ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸਮਾਜ ਵਿੱਚ ਅੱਜ ਵੀ ਅਜਿਹੇ ਪਰਿਵਾਰ ਹਨ ਜਿਥੇ ਔਰਤਾਂ ਕੰਮ ਕਰਨਾ ਚਾਹੁੰਦੀਆਂ ਹਨ, ਪਰ ਉਨ੍ਹਾਂ ਨੂੰ ਪਰਿਵਾਰ ਜਾਂ ਮਰਦਾਂ ਵੱਲੋਂ ਸਹਿਯੋਗ ਨਹੀਂ ਮਿਲਦਾ।

ਰਾਜਵਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਮਰਦਾਂ ਅਤੇ ਔਰਤਾਂ ਦੋਵਾਂ ਦਾ ਕੰਮ ਕਰਨਾ ਜ਼ਰੂਰੀ ਹੈ। ਪਰਿਵਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਔਰਤ ਹੁਨਰਮੰਦ ਹੈ, ਤਾਂ ਉਹ ਕਿਸੇ ਵੀ ਔਖੇ ਸਮੇਂ ਵਿੱਚ ਪਰਿਵਾਰ ਦੀ ਢਾਲ ਬਣ ਕੇ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਦਾ ਆਪਣਾ ਸੁਪਨਾ ਸੀ ਕਿ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਨਾਮ ਨਾਲ ਨਹੀਂ, ਸਗੋਂ ਉਨ੍ਹਾਂ ਦੇ ਕੰਮ ਨਾਲ ਹੋਵੇ ਅਤੇ ਅੱਜ ਉਹ ਇਸ ਸੁਪਨੇ ਨੂੰ ਜੀਅ ਰਹੇ ਹਨ।

ਰਾਜਵਿੰਦਰ ਦੀ ਕਹਾਣੀ ਸਿਰਫ ਕਾਰੋਬਾਰੀ ਸਫਲਤਾ ਦੀ ਕਹਾਣੀ ਨਹੀਂ ਹੈ, ਸਗੋਂ ਇਹ “ਕਦੇ ਹਾਰ ਨਾ ਮੰਨਣ” ਵਾਲੇ ਜਜ਼ਬੇ ਦੀ ਕਹਾਣੀ ਹੈ। ਉਨ੍ਹਾਂ ਨੇ ਦਿਖਾ ਦਿੱਤਾ ਕਿ ਹਰ ਮੌਸਮ ਵਿੱਚ ਕਿਵੇਂ ਖਿੜਿਆ ਜਾ ਸਕਦਾ ਹੈ ਅਤੇ ਮੁਸ਼ਕਿਲਾਂ ਨੂੰ ਕਿਵੇਂ ਪੌੜੀਆਂ ਬਣਾ ਕੇ ਸਫਲਤਾ ਦੇ ਸਿਖਰ ‘ਤੇ ਪਹੁੰਚਿਆ ਜਾ ਸਕਦਾ ਹੈ। ਰਾਜਵਿੰਦਰ ਕੌਰ ਅੱਜ ਪੰਜਾਬ ਦੀ ਹਰ ਉਸ ਧੀ ਲਈ ਇੱਕ ਮਿਸਾਲ ਹਨ ਜੋ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦੀਆਂ ਹਨ।

Post navigation

Leave a Comment

Leave a Reply

Your email address will not be published. Required fields are marked *