Mirgavali

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’

ਜ਼ਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ

ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਜਾਣੀ ਪਛਾਣੀ ਹਰਫ਼ਨਮੌਲਾ ਸ਼ਖ਼ਸੀਅਤ ਗੁਰਭਜਨ ਸਿੰਘ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਨੂੰ ਪੜ੍ਹਨ ਅਤੇ ਮਾਣਨ ਦਾ ਮੌਕਾ ਮਿਲਿਆ। ਸੱਜਰੇ ਛਪੇ ਐਡੀਸ਼ਨ ਦੀ ਸਾਹਿਤਕ ਹਲਕਿਆਂ ਵਿੱਚ ਹੋ ਰਹੀ ਚਰਚਾ ‘ਮਿਰਗਾਵਲੀ ਤੇ ਗੁਰਭਜਨ ਗਿੱਲ’ ਦੀ ਪਾਠਕਾਂ ਵਿੱਚ ਮਕਬੂਲੀਅਤ ਨੂੰ ਪ੍ਰਗਟਾਉਂਦੀ ਹੈ। ਆਸਿਫ਼ ਰਜ਼ਾ ਦੇ ਚਿੱਤਰ ਅਤੇ ਇਮਰੋਜ਼ ਦੁਆਰਾ ਅੱਖਰਕਾਰੀ ‘ਮਿਰਗਾਂ ਦੀ ਡਾਰ’ ਅਤੇ ਦਿਲ ਟੁੰਬਦੇ ਰੰਗਾਂ ਨਾਲ ਸ਼ਿੰਗਾਰਿਆ ਮੁੱਖ ਪੰਨਾ ਇਸ ਕਾਵਿ ਸੰਗ੍ਰਹਿ ਅੰਦਰ ਸ਼ਾਮਲ ਗ਼ਜ਼ਲਾਂ ਦੀ ਰੂਹ ਤੇ ਰਸ ਨੂੰ ਚਾਰ ਚੰਨ ਲਗਾਉਂਦਾ ਹੈ।

ਕਵਿਤਾ, ਗ਼ਜ਼ਲ ਜਾਂ ਫਿਰ ਕੋਈ ਵੀ ਰਚਨਾ ਮਨੁੱਖੀ ਹਿਰਦੇ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ, ਜਿਸ ਦੀ ਅਹਿਮੀਅਤ ਇਸ ਅੰਦਰ ਸਮਾਏ ਨਜ਼ਰੀਏ ਦੀ ਹੁੰਦੀ ਹੈ। ਗੁਰਭਜਨ ਗਿੱਲ ਦੀ ਗਜ਼ਲ ਉਸ ਦੇ ਜਜ਼ਬਿਆਂ ਅਤੇ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਹੈ। ਰਚਨਾ ਵਿੱਚ ਰਸ ਅਤੇ ਸਕਾਰਾਤਮਕ ਸੁਨੇਹਾ ਹੈ, ਜੋ ਪਾਠਕ ਦੇ ਮਨ ਤੇ ਗਹਿਰਾ ਤੇ ਚਿਰਜੀਵੀ ਪ੍ਰਭਾਵ ਪਾਉਂਦਾ ਹੈ। ਸ਼ਬਦਾਂ ਦੀ ਚੋਣ ਅਤੇ ਜਾਦੂਗਰੀ ਪਾਠਕ ਦੇ ਮਨ ਉੱਪਰ ਅਸਰ ਛੱਡਦੀ ਹੈ। ਪਾਠਕ ਖ਼ੁਦ-ਬ-ਖ਼ੁਦ ਰਚਨਾ ਦੇ ਸੰਗ ਗੁਫਤਗੂ ਕਰਦਿਆਂ ਉਸ ਦੇ ਨਾਲ ਹੀ ਤੁਰ ਪੈਂਦਾ ਹੈ। ਚੰਗੇ ਲੇਖਕ ਦੀ ਸ਼ਾਹਕਾਰ ਸਿਰਜਣਾ ਦੀ ਨਿਸ਼ਾਨਦੇਹੀ ਕਰਦੀ ਹੈ।

ਗੁਰਭਜਨ ਗਿੱਲ ਦਾ ਵਿਸ਼ਾਲ ਸਾਹਿਤਕ ਸੰਸਾਰ…

Gurbhajan Gill

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਬਹੁਤੀ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਜਾਨਣ ਤੇ ਚਾਹੁਣ ਵਾਲਿਆਂ ਦਾ ਘੇਰਾ ਵਿਸ਼ਾਲ ਹੈ। ਬਹੁਵਿਧਾਵੀ ਅਤੇ ਸਮਰੱਥ ਸਾਹਿਤਕਾਰ ਜਿਸ ਨੇ ਗੀਤ, ਗ਼ਜ਼ਲ, ਕਵਿਤਾ, ਵਾਰਤਕ ਵਿੱਚ ਵਿਲੱਖਣ ਪੈੜਾਂ ਪਾਈਆਂ ਹਨ। ਇਸ ਦੇ ਨਾਲ ਹੀ ਉਹ ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿਤ ਸੰਪਾਦਨ, ਪੇਂਡੂ ਖੇਡਾਂ ਤੇ ਸੱਭਿਆਚਾਰਕ ਮੇਲਿਆਂ ਦੇ ਸਰਪ੍ਰਸਤ ਵਜੋਂ ਵੀ ‘ਪੂਰੇ ਦਾ ਪੂਰਾ’ ਸਰਗਰਮ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਮੌਜੂਦਾ ਚੇਅਰਮੈਨ ਹਨ। ਅਨੇਕਾਂ ਸਨਮਾਨਾਂ ਨਾਲ ਸਨਮਾਨਿਤ ਪੰਜਾਬੀ ਸਾਹਿਤ ਦੇ ਇਸ ਧਰੂ-ਤਾਰੇ ਨੇ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਪਾ ਰਿਹਾ ਹੈ। ‘ਧੁਰ ਰੂਹ ਤੋਂ ਪੰਜਾਬੀ’ ਗੁਰਭਜਨ ਗਿੱਲ ਦੀ ਸਿਰਜਣਾਤਮਕ ਕ੍ਰਿਆਸ਼ੀਲਤਾ ਉਸ ਦੇ ‘ਜੀਨਜ’ ਵਿੱਚ ਹੈ, ਜੋ ਖ਼ੁਦ-ਬ-ਖ਼ੁਦ ਪ੍ਰਗਟ ਹੁੰਦੀ ਜਾ ਰਹੀ ਹੈ। ਅੱਧੀ ਸਦੀ ਤੋਂ ਵੀ ਲੰਮੇ ਸਾਹਿਤਕ ਸਫ਼ਰ ਦੇ ਪੈਂਡਿਆਂ ‘ਤੇ ਤੁਰਦਿਆਂ ਉਨ੍ਹਾਂ ਬਹੁਤ ਹੋਰ ਨਵੇਂ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਨਾਲ ਤੋਰਿਆ। ਸਾਹਿਤਕ ਸੱਜਣਾਂ ਦਾ ਇਹ ਕਾਫਲਾ ਹੋਰ ਵੱਡਾ ਹੁੰਦਿਆਂ ਅੱਗੇ ਵੱਧ ਰਿਹਾ ਹੈ।

ਗੁਰਭਜਨ ਗਿੱਲ ਦੀ ਲੇਖਣੀ ‘ਤੇ ਮੋਟੀ ਜਿਹੀ ਹੀ ਨਜ਼ਰ ਮਾਰਦਿਆਂ ਉਨਾਂ ਦੀ ਅਥਾਹ ਸਿਰਜਣਾਤਮਕ ਸ਼ਕਤੀ ਦਾ ਇਜ਼ਹਾਰ ਹੋ ਜਾਂਦਾ ਹੈ। ਉਨ੍ਹਾਂ ਦਾ ਪਲੇਠਾ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ” 1978 ਵਿੱਚ ਪਾਠਕਾਂ ਦੇ ਸਨਮੁਖ ਹੋਇਆ ਸੀ। 16 ਕਾਵਿ / ਗਜ਼ਲ ਸੰਗ੍ਰਹਿ, 5 ਹੋਰਨਾਂ ਵੱਲੋਂ ਸੰਪਾਦਤ ਕਾਵਿ/ਗ਼ਜ਼ਲ ਸੰਗ੍ਰਹਿ, 1 ਵਾਰਤਕ, 1 ਹਿੰਦੀ ਕਾਵਿ ਸੰਗ੍ਰਹਿ, 2 ਗੀਤ ਸੰਗ੍ਰਹਿ ਸੰਪਾਦਨ ਤੋਂ ਇਲਾਵਾ 6 ਕਾਵਿ ਸੰਗ੍ਰਹਿਆਂ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਨ, ਗੁਰਭਜਨ ਗਿੱਲ ਦੀ ਚੜ੍ਹਦੇ, ਲਹਿੰਦੇ ਅਤੇ ਗਲੋਬਲ ਪੰਜਾਬ ਵਿੱਚ ਮਕਬੂਲੀਅਤ ਦਾ ਪ੍ਰਤੀਕ ਹੈ।

ਗੁਰਭਜਨ ਗਿੱਲ ਵਰਗੀ ਸਮੁੰਦਰ ਨੁਮਾ ਸ਼ਖ਼ਸੀਅਤ ਨੂੰ ਕੁੱਜੇ ਵਿੱਚ ‘ਕੱਠੇ ਕਰਨਾ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨਾਲ ਜਦ ਵੀ ਗੱਲ ਕਰਦਾ ਹਾਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੇਰਾ ਵੱਡਾ ਭਾਈ ਰੰਗਲੇ ਪੰਜਾਬ ਦੀਆਂ ਰੰਗਾਂ, ਰਾਗਾਂ ਤੇ ਰਸਾਂ ਨਾਲ ਲਬਰੇਜ਼ ਬਾਤਾਂ ਪਾਉਂਦਾ ਹੋਵੇ। ਮਾਨਵੀ ਕਦਰਾਂ ਕੀਮਤਾਂ ਦੇ ਨਿਘਾਰ, ਬੇਇਨਸਾਫ਼ੀ ਅਤੇ ਸ਼ੋਸ਼ਣ ਨੂੰ ਲੰਮੇ ਹੱਥੀਂ ਲੈਂਦਾ ਹੈ। ਸਮੁੱਚੀ ਮਾਨਵਤਾ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਅਤੇ ਸਕਾਰਾਤਮਕ ਸੋਚ ਵਾਲੀਆਂ… ਗੱਲਾਂ.. ਤੇ.. ਬਾਤਾਂ ਕਰਦਾ ਹੈ! ਮਿਠਬੋਲੜਾ, ਮਿਲਣਸਾਰ ਤੇ ਮੁਹੱਬਤੀ ਸ਼ਖ਼ਸੀਅਤ ਵਾਲਾ ਵਿਦਵਾਨ ਹੈ।

ਮਿਰਗਾਵਲੀ… ਜ਼ਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ!

ਖ਼ੂਬਸੂਰਤ ਟਾਈਟਲ ਪੇਜ ਨਾਲ ਸ਼ਿੰਗਾਰੇ 120 ਪੰਨੇ ਦੇ ਇਸ ਗ਼ਜ਼ਲ ਸੰਗ੍ਰਹਿ ਨੂੰ ਗੁਰਭਜਨ ਗਿੱਲ ਨੇ ਆਪਣੇ ਸਾਹਿਤਕ ਅਤੇ ਅਧਿਆਪਨ ਦੇ ਕਾਰਜਕਾਲ ਦੌਰਾਨ ਸ਼ਬਦ-ਸਿਰਜਣਾ ਲਈ ਮਿਲੀ ਮੁਹੱਬਤ ਦੇ ਨਾਮ ਇੰਜ ਕੀਤਾ ਹੈ…

ਰੰਗ, ਰਾਗ ਤੇ ਸ਼ਬਦ ਮੁਕੰਮਲ ਜ਼ਿੰਦਗੀ ਅੰਦਰ ਰਸ ਭਰਦੇ ਨੇ।
ਇਨ੍ਹਾਂ ਤੋਂ ਬਿਨ ਰੂਹ ਦੇ ਪੰਛੀ, ਗਗਨ ਉਡਾਰੀ ਕਦ ਭਰਦੇ ਨੇ।

‘ਮਿਰਗਾਵਲੀ’ ਗ਼ਜ਼ਲ ਸੰਗ੍ਰਹਿ ਦੀ ਰੂਹ ਦੇ ਅੰਦਰ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਸਾਫ਼ ਝਲਕ ਪੈਂਦੀ ਹੈ। ਅਨੁਭਵਾਂ, ਰੰਗਾਂ ਤੇ ਰਸਾਂ ਨੂੰ ਪ੍ਰਗਟਾਉਂਦੇ ਸ਼ਬਦ ਰੂਹ ਨੂੰ ਧੂਅ ਪਾਉਂਦੇ ਹਨ, ਚੰਗੇ ਵੀ ਲੱਗਦੇ ਹਨ ਅਤੇ ਵਕਤ ਦੇ ਘੁੰਮ ਰਹੇ ਪਹੀਏ ਵਾਂਗ ਆਪਣੀ ਮੰਜ਼ਿਲ ਵੱਲ ਤੁਰਦੇ ਰਹਿਣ ਲਈ ਪ੍ਰੇਰਦਿਆਂ ਚੰਗੇਰੀਆਂ ਪੈੜਾਂ ਪਾ ਰਹੇ ਹਨ।

ਦੋਸਤੋ, ਕਿਸੇ ਕਾਰਨ ਦੀ ਵਜ੍ਹਾ ਹੁੰਦਿਆਂ ਜਾਂ ਨਾ-ਹੁੰਦਿਆਂ ਹੋਇਆਂ ਵੀ ਅਜੋਕਾ ਇਨਸਾਨ ਖ਼ੁਦ ਦੀ ਭਾਲ ਵਿੱਚ ਹੀ ਗੁਆਚਾ ਫਿਰਦਾ ਹੈ। ਖ਼ੁਦ ਦੇ ਅੰਦਰ ਨਹੀਂ ਝਾਕਦਾ। ਉਸ ਦੇ ਪੈਰ ਵੀ ਜ਼ਮੀਨ ਤੋਂ ਉੱਖੜ ਗਏ ਹਨ। ਉੱਚੀਆਂ ਉਡਾਰੀਆਂ ‘ਚੋਂ ਪੰਛੀ ਝਾਤ ਮਾਰਦਾ ਹੈ ਤਾਂ ਉਸ ਨੂੰ ਸਭ ਸੰਸਾਰ ਖ਼ੁਦ ਤੋਂ ਬਹੁਤ ਛੋਟਾ ਅਤੇ ਥੱਲੇ ਲੱਗਦਾ ਹੈ। ਔਖੇ ਵੇਲੇ ਤੇ ਅਸਮਾਨੋਂ ਡਿੱਗਦੇ ਹੋਏ ਨੂੰ ਮਾਂ ਜਾਂ ਧਰਤੀ ਮਾਂ ਹੀ ਬੋਚਦੀ ਹੈ। ਠੋਕਰ ਲਗਦੀ ਹੈ ਤਾਂ ਉਸ ਦੇ ਚੁੱਪ ਮਨ ਜਾਂ ਜ਼ੁਬਾਨ ਵਾਲੇ ਮੁੱਖ ਵਿੱਚੋਂ ‘ਹਾਏ ਮਾਂ’ ਦੀ ਪੁਕਾਰ ਆਪ ਮੁਹਾਰੇ ਨਿਕਲਦੀ ਹੈ…।
“ਸੱਤ ਸਮੁੰਦਰ ਪਾਰ” ਗ਼ਜ਼ਲ ਦੀਆਂ ਕੁਝ ਖ਼ੂਬਸੂਰਤ ਲਾਈਨਾਂ ਇੰਜ ਬੋਲ ਰਹੀਆਂ ਹਨ…

ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ।
ਖ਼ੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ।
ਮਾਂ ਹੀ ਚੇਤੇ ਆਵੇ ਜਾਂ ਫਿਰ ਧਰਤੀ ਮਾਂ,
ਵਿੱਚ ਮੁਸੀਬਤ ਜਦ ਵੀ ਆਪਾਂ ਘਿਰਦੇ ਹਾਂ।

Post navigation

Leave a Comment

Leave a Reply

Your email address will not be published. Required fields are marked *