babu singh maan 1

ਪੰਜਾਬੀ ਲੋਕ ਧਾਰਾ ਦਾ ਜੀਵੰਤ ਵਿਸ਼ਵ ਕੋਸ਼ ਹੈ ਗੀਤਕਾਰ ਬਾਬੂ ਸਿੰਘ ਮਾਨ (ਭਾਗ ੨)

ਬਹੁਤੇ ਲੋਕਾਂ ਲਈ ਇਹ ਗੱਲ ਸ਼ਾਇਦ ਮੰਨਣਯੋਗ ਨਾ ਹੋਵੇ ਪਰ ਇਹ ਅੱਖਰ ਅੱਖਰ ਸੱਚ ਹੈ ਕਿ ਬਾਬੂ ਸਿੰਘ ਮਾਨ ਨੂੰ ਔਖੀ ਸ਼ਬਦਾਵਲੀ ਵਾਲੀ ਕਵਿਤਾ ਦੀ ਜਿੱਲ੍ਹਣ ਚੋਂ ਕੱਢ ਕੇ ਲੋਕ ਸੰਗੀਤ ਦੇ ਅੰਬਰ ਵਿੱਚ ਤਾਰੀਆਂ ਲਾਉਣ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਨਾਵਲਕਾਰ ਤੇ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿੱਚ ਸ. ਬਾਬੂ ਸਿੰਘ ਮਾਨ ਦੇ ਅੰਗਰੇਜ਼ੀ ਅਧਿਆਪਕ ਪ੍ਰੋ. ਸੁਰਿੰਦਰ ਸਿੰਘ ਨਰੂਲਾ ਸਨ। ਉਨ੍ਹਾਂ ਹੀ ਮਾਨ ਸਾਹਿਬ ਦੀ ਭਾਰੀ ਭਰਤੀ ਸ਼ਬਦਾਵਲੀ ਵਾਲੀ ਕਵਿਤਾ ਸੁਣ ਕੇ ਪੁੱਛਿਆ ਸੀ ਕਿ ਪੁੱਤਰਾਂ! ਤੂੰ ਕਿੱਥੋਂ ਪੜ੍ਹਨ ਆਉਂਦੈ? ਮਾਨ ਸਾਹਿਬ ਨੇ ਆਪਣਾ ਪਿੰਡ ਮਰਾੜ ਦੱਸਿਆ। ਨਰੂਲਾ ਸਾਹਿਬ ਬੋਲੇ, ਜੇ ਤੁਸੀਂ ਪੇਂਡੂ ਮੁੰਡੇ ਵੀ ਪੰਡਤਾਊ ਕਿਤਾਬੀ ਕਵਿਤਾ ਲਿਖਣ ਲੱਗ ਪਏ ਤਾਂ ਪਿੰਡ ਦੀ ਜ਼ਬਾਨ ਕੌਣ ਸੰਭਾਲੇਗਾ? ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਮਾਨ ਸਾਹਿਬ ਨੇ ਇਹ ਸਬਕ ਅੱਜ ਤੀਕ ਨਹੀਂ ਵਿਸਾਰਿਆ। ਮਿਸਾਲ ਵਜੋਂ ਬਾਬੂ ਸਿੰਘ ਮਾਨ ਦੇ ਲਿਖੇ ਤੇ ਨਰਿੰਦਰ ਬੀਬਾ ਜੀ ਦੇ ਗਾਏ ਓਪੇਰਾ ਸੱਸੀ ਪੁੰਨੂ ਦਾ ਇਹ ਗੀਤ ਵੇਖੋ।

ਮੇਰੀਏ ਨੀ ਮਾਏ
ਮੇਰੇ ਮਨ ਦੀਏ ਮਹਿਰਮੇ ਨੀ
ਬੁੱਝ ਮੇਰੀ ਮੁੱਠੀ ਵਿੱਚ ਕੀ

ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇਡ ਉੱਤੇ ,
ਕਦੇ ਕਦੇ ਹਾਸਾ ਜਿਹਾ ਆਏ।
ਚੌਦਾਂ ਦਿਨ ਹੋਏ ਪੂਰੇ, ਚੰਦ ਦੇ ਆਕਾਰ ਨੂੰ ਮੈਂ ,
ਨਿੱਤ ਵਿੰਹਦੀ ਰਹਿਨੀ ਆਂ ਨੀ ਮਾਏ।
ਚਿੱਤ ਕਰੇ ਰਿਸ਼ਮਾ ਦੇ ਨੂਰ ਦਾ ਸੁਨਹਿਰੀ ਕਾਸਾ,
ਡੀਕ ਲਾ ਕੇ ਜਾਵਾਂ ਸਾਰਾ ਪੀ।
ਬੁੱਝ ਮੇਰੀ ਮੁੱਠੀ ਵਿੱਚ ਕੀ…

ਨਿੱਕੇ ਜੇਹੇ ਮੂੰਹ ‘ਚੋ ਪਹਾੜ ਜਿੱਡੀ ਗੱਲ ,
ਤੈਥੋਂ ਦੱਸ ਮਾਏ ਪੁੱਛਾਂ ਕਿ ਮੈਂ ਨਾ।
ਫੇਰ ਕੀ ਤੂੰ ਦੇਵੇਂਗੀ ਜਵਾਬ ਮਾਏ ਮੇਰੀਏ ਨੀ,
ਜੇ ਮੈਂ ਭਲਾ ਪੁੱਛ ਵੀ ਲਵਾਂ।
ਗਿੱਠ ਗਿੱਠ ਲਾਲੀਆਂ ਕੁਆਰੇ ਅੰਗਾਂ ਉੱਤੇ ਆਈਆਂ ,
ਕੋਠੇ ਜਿੱਡੀ ਹੋਈ ਤੇਰੀ ਧੀ।
ਬੁੱਝ ਮੇਰੀ ਮੁੱਠੀ ਵਿੱਚ ਕੀ…

ਕੂਲੇ ਕੂਲੇ ਸੁੱਚੇ ਸੁੱਚੇ ਮਹਿਕ-ਭਿੰਨੇ ਖਿਆਲ,
ਮੇਰੇ ਸਿਰ ਉੱਤੇ ਹੋਏ ਅਸਵਾਰ।
ਅੱਸੂ ਦੇ ਮਹੀਨੇ ਜਿਵੇਂ ਬਾਜਰੇ ਦੇ ਸਿੱਟਿਆਂ ਤੇ ,
ਹਰੇ ਹਰੇ ਤੋਤਿਆਂ ਦੀ ਡਾਰ।
ਮਿੱਠੀ ਮਿੱਠੀ ਨਿੱਘੀ ਨਿੱਘੀ ਅੱਸੂ ਦੀ ਦੁਪਹਿਰ ਵਿੱਚ ਉਡੂੰ ਉਡੂੰ ਕਰੇ ਮੇਰਾ ਜੀ।
ਬੁੱਝ ਮੇਰੀ ਮੁੱਠੀ ਵਿੱਚ ਕੀ…

ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ,
ਜੁੱਗ ਜੁੱਗ ਜੀਣ ਮੇਰੇ ਵੀਰ।
ਮਾਏ ਤੇਰੇ ਮੱਥੇ ਦੀ ਤਿਓੜੀ ਵੇਖ ਵੇਖ ਮੇਰਾ ਪਾਣੀ ਪਾਣੀ ਹੋ ਗਿਆ ਸਰੀਰ।
ਵਾਸਤਾ ਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ,
ਕਲ੍ਹੀਆਂ ਦੇ ਬੁੱਲ੍ਹਾਂ ਨੂੰ ਨਾ ਸੀ।

ਸਮਰੱਥ ਗੀਤਕਾਰ ਸ. ਬਾਬੂ ਸਿੰਘ ਮਾਨ ਦਾ ਜਨਮ 10 ਅਕਤੂਬਰ 1942 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਰ੍ਹਾੜ ਵਿੱਚ ਸ. ਇੰਦਰ ਸਿੰਘ ਤੇ ਮਾਤਾ ਜੀ ਆਸ ਕੌਰ ਦੇ ਘਰ ਹੋਇਆ। ਬਾਬੂ ਸਿੰਘ ਮਾਨ ਨੇ ਨੇੜਲੇ ਪਿੰਡ ਜੰਡ ਸਾਹਿਬ ਤੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਉਚੇਰੀ ਸਿੱਖਿਆ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਹਾਸਲ ਕੀਤੀ। ਕਰਤਾਰ ਸਿੰਘ ਬਲੱਗਣ ਦੇ ਸਾਹਿੱਤਕ ਮੈਗਜ਼ੀਨ “ਕਵਿਤਾ” ਵਿੱਚ ਬਾਬੂ ਸਿੰਘ ਮਾਨ ਦਾ ਪਹਿਲਾ ਗੀਤ” ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ “ ਛਪਿਆ। ਉਨ੍ਹਾਂ ਦਾ ਪਹਿਲਾ ਗੀਤ ਸੰਗ੍ਰਹਿ “ ਗੀਤਾਂ ਦਾ ਵਣਜਾਰਾ “ 1963 ਵਿੱਚ ਛਪਿਆ।

ਹੁਣ ਤੀਕ ਪੁਸਤਕਾਂ,ਰੀਕਾਰਡਜ਼, ਸੀਡੀਜ਼ ਤੇ ਹੋਰ ਮਾਧਿਅਮਾਂ ਵਿੱਚ ਆਪ ਦੇ ਹਜ਼ਾਰਾਂ ਗੀਤ ਰਿਕਾਰਡ ਹੋ ਚੁਕੇ ਹਨ। ਪੰਜਾਬੀ ਫਿਲਮ ਸਾਜ਼ ਤੇ ਕਹਾਣੀਕਾਰ ਵਜੋਂ ਵੀ ਆਪ ਨੇ ਮਹੱਤਵਪੂਰਨ ਪਛਾਣ ਬਣਾਈ ਹੈ। ਸ. ਬਾਬੂ ਸਿੰਘ ਮਾਨ ਨੂੰ ਇਸ ਗੱਲ ਦਾ ਬਹੁਤ ਹਿਰਖ ਹੈ ਕਿ ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਨਾਲ ਅਰਥੋਂ ਅਨਰਥ ਕਈ ਲੋਕ ਗੀਤ ਦਾ ਹੁਲੀਆ ਤੇ ਅਰਥ ਵਿਗਾੜ ਦਿੰਦੇ ਹਨ। ਉਨ੍ਹਾਂ ਦਾ ਬਹੁਤ ਹੀ ਖ਼ੂਬਸੂਰਤ ਗੀਤ ਹੈ,-

ਪਿੱਛੇ-ਪਿੱਛੇ ਆਉਂਦਾ ਮੇਰੀ ਪੈੜ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗੁਆਚਾ, ਨਿਗ੍ਹਾ ਮਾਰਦਾ ਆਈਂ ਵੇ।–

ਇਸ ਗੀਤ ਨੂੰ ਪਾਕਿਸਤਾਨ ਮੂਲ ਦੀ ਹੈਮਿਲਟਨ (ਕੈਨੇਡਾ)ਵੱਸਦੀ ਰਹੀ ਗਾਇਕਾ ਸਵਰਗੀ ਮੁਸੱਰਤ ਨਜ਼ੀਰ ਨੇ ਇੰਜ ਗਾ ਕੇ ਸਦਾ ਲਈ ਸਰੋਤੇ ਕੁਰਾਹੇ ਪਾ ਦਿੱਤੇ।

ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ।

ਮਾਨ ਸਾਹਿਬ ਪੁੱਛਦੇ ਹਨ ਕਿ ਭਾਈ ਬੀਬੀ! “ਪੈੜ”ਵੇਖਿਆਂ ਤਾਂ ਲੌਂਗ ਲੱਭ ਸਕਦੈ ਪਰ “ਚਾਲ” ਵੇਖਿਆਂ ਕਿਵੇਂ ਲੱਭੂ?

Post navigation

Leave a Comment

Leave a Reply

Your email address will not be published. Required fields are marked *