Abhi Uday Pratap Singh

ਨਾਭਾ ਰਿਆਸਤ: 124 ਸਾਲਾਂ ਬਾਅਦ ਮੁੜ ਪਰਤੀਆਂ ਰੌਣਕਾਂ ਅਤੇ ਸ਼ਾਹੀ ਵਿਰਾਸਤ ਦਾ ਗੌਰਵਮਈ ਇਤਿਹਾਸ

ਪੰਜਾਬ ਦੀਆਂ ਇਤਿਹਾਸਕ ਫੂਲਕੀਆਂ ਰਿਆਸਤਾਂ ਵਿੱਚੋਂ ਆਪਣੀ ਵੱਖਰੀ ਤੇ ਦੇਸ਼-ਭਗਤ ਪਛਾਣ ਰੱਖਣ ਵਾਲੀ ਨਾਭਾ ਰਿਆਸਤ ਇੱਕ ਵਾਰ ਫਿਰ ਵਿਸ਼ਵ ਭਰ ਦੇ ਸਿੱਖ ਜਗਤ ਅਤੇ ਇਤਿਹਾਸਕਾਰਾਂ ਦੀ ਚਰਚਾ ਦਾ ਕੇਂਦਰ ਬਣੀ ਹੈ। ਹਾਲ ਹੀ ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ ਛੇਵੀਂ ਪੀੜ੍ਹੀ ਅਤੇ ਕ੍ਰਾਂਤੀਕਾਰੀ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਅਭੀ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਨਾਭਾ ਦੇ ਇਤਿਹਾਸਕ ਕਿਲ੍ਹੇ ਵਿੱਚ ਪੂਰੀ ਸ਼ਾਹੀ ਸ਼ਾਨੋ-ਸ਼ੌਕਤ ਨਾਲ ਅਦਾ ਕੀਤੀ ਗਈ।

ਅਭੀ ਉਦੈ ਪ੍ਰਤਾਪ ਸਿੰਘ ਦੇ ਮਾਤਾ ਪ੍ਰੀਤੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ “ਰਾਜੇ-ਮਹਾਰਾਜੇ ਹੀ ਨਹੀਂ ਸਗੋਂ ਸਿੱਖ ਪਰਿਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਪਹਿਲੀ ਵਾਰ ਬੱਚੇ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ। 124 ਸਾਲ ਪਹਿਲਾਂ ਭਾਈ ਨਰਾਇਣ ਸਿੰਘ ਨੇ ਇੱਕ ਚੌਂਕੜੇ ਉੱਤੇ ਅਖੰਡ ਪਾਠ ਕੀਤਾ ਸੀ ਅਤੇ ਉਹ ਦੋਬਾਰਾ ਇਸ ਮਹਿਲ ਵਿੱਚ ਉਹੀ ਰਸਮ ਦੋਹਰਾਈ ਗਈ।” ਇਹ ਸਮਾਗਮ ਸਿਰਫ਼ ਇੱਕ ਪਰਿਵਾਰਕ ਰਸਮ ਨਹੀਂ ਸੀ, ਸਗੋਂ 124 ਸਾਲਾਂ ਬਾਅਦ ਨਾਭਾ ਦੀ ਧਰਤੀ ‘ਤੇ ਸ਼ਾਹੀ ਰਿਵਾਇਤਾਂ ਦਾ ਮੁੜ ਸੁਰਜੀਤ ਹੋਣਾ ਸੀ।

ਅਭੀ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ

ਇਤਿਹਾਸਕਾਰਾਂ ਅਨੁਸਾਰ, ਨਾਭਾ ਰਿਆਸਤ ਦੇ ਅੰਦਰੂਨੀ ਕਿਲ੍ਹੇ ਵਿੱਚ ਲਗਭਗ ਸਵਾ ਸਦੀ (124 ਸਾਲ) ਬਾਅਦ ਅਜਿਹਾ ਸ਼ਾਹੀ ਦਰਬਾਰ ਸਜਿਆ ਹੈ। ਮਹਾਰਾਜਾ ਪ੍ਰਤਾਪ ਸਿੰਘ ਦੇ ਵੰਸ਼ਜ ਅਭੀ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਨੇ ਰਿਆਸਤ ਦੀਆਂ ਸੱਭਿਆਚਾਰਕ ਰਿਵਾਇਤਾਂ ਨੂੰ ਮੁੜ ਜੀਵਤ ਕੀਤਾ ਹੈ। ਇਸ ਸਮਾਗਮ ਵਿੱਚ ਸਿਆਸੀ ਤੇ ਧਾਰਮਿਕ ਹਸਤੀਆਂ ਨੇ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ, ਅਭੀ ਉਦੈ ਪ੍ਰਤਾਪ ਸਿੰਘ ਭਾਨੂੰ ਪ੍ਰਤਾਪ ਸਿੰਘ ਅਤੇ ਪ੍ਰੀਤੀ ਸਿੰਘ ਦੇ ਪੁੱਤਰ ਹਨ। ਪ੍ਰੀਤੀ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੋਤੇ ਦੀ ਪਤਨੀ ਹੈ ਤੇ ਅੱਜ-ਕੱਲ੍ਹ ਆਪਣੇ ਬੇਟੇ ਅਭੀ ਉਦੈ ਸਿੰਘ ਨਾਲ ਨਾਭਾ ਦੇ ਆਪਣੇ ਵਿਰਾਸਤੀ ਮਹਿਲ ਵਿੱਚ ਰਹਿ ਰਹੇ ਹਨ।

ਨਾਭਾ ਰਿਆਸਤ ਦੀ ਸਥਾਪਨਾ ਅਤੇ ਇਤਿਹਾਸ

ਨਾਭਾ ਰਿਆਸਤ ਦੀ ਸਥਾਪਨਾ 1755 ਈਸਵੀ ਵਿੱਚ ਰਾਜਾ ਹਮੀਰ ਸਿੰਘ ਨੇ ਕੀਤੀ ਸੀ। ਇਹ ਰਿਆਸਤ ਫੂਲਕੀਆ ਮਿਸਲ ਦੀਆਂ ਤਿੰਨ ਪ੍ਰਮੁੱਖ ਰਿਆਸਤਾਂ (ਪਟਿਆਲਾ, ਨਾਭਾ ਅਤੇ ਜੀਂਦ) ਵਿੱਚੋਂ ਇੱਕ ਸੀ। ਇਤਿਹਾਸਕਾਰਾਂ ਮੁਤਾਬਿਕ, 1783 ਵਿੱਚ ਹਮੀਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਦੇ ਪੁੱਤਰ ਜਸਵੰਤ ਸਿੰਘ ਨੇ 8 ਸਾਲ ਦੀ ਉਮਰ ਵਿੱਚ ਗੱਦੀ ਸੰਭਾਲੀ। ਇਸ ਤੋਂ ਬਾਅਦ 1846 ਵਿੱਚ ਦੇਵਿੰਦਰ ਸਿੰਘ ਨੇ ਰਿਆਸਤ ਨੂੰ ਅੱਗੇ ਤੋਰਿਆ।

ਇਸ ਮਗਰੋਂ 1871-1911 ਤੱਕ ਮਹਾਰਾਜਾ ਹੀਰਾ ਸਿੰਘ ਦੀ ਅਗਵਾਈ ਵਿੱਚ ਨਾਭਾ ਰਿਆਸਤ ਨੇ ਬੇਮਿਸਾਲ ਤਰੱਕੀ ਕੀਤੀ। ਉਨ੍ਹਾਂ ਨੇ ਹੀ ਵਿਸ਼ਵ ਪ੍ਰਸਿੱਧ ‘ਮਹਾਨ ਕੋਸ਼’ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਰਪ੍ਰਸਤੀ ਦਿੱਤੀ। ਇਸ ਤੋਂ ਬਾਅਦ 1911 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਧ ਸਤਿਕਾਰਤ ਰਾਜਾ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨਾਲੋਂ ਸਿੱਖ ਸਿਧਾਂਤਾਂ ਨੂੰ ਉੱਪਰ ਰੱਖਿਆ। ਉਨ੍ਹਾਂ ਨੇ ਅੰਗਰੇਜ਼ ਅਧਿਕਾਰੀਆਂ ਦੀ ਬਜਾਏ ਸੰਤ ਅਤਰ ਸਿੰਘ ਮਸਤੂਆਣਾ ਪਾਸੋਂ ਸਿੱਖ ਮਰਿਆਦਾ ਅਨੁਸਾਰ ਦਸਤਾਰਬੰਦੀ ਕਰਵਾਈ। ਉਨ੍ਹਾਂ ਨੇ ਸਿੱਖ ਵਿਆਹਾਂ ਨੂੰ ਹਿੰਦੂ ਵਿਆਹਾਂ ਨਾਲੋਂ ਵੱਖਰੀ ਪਛਾਣ ਦਿਵਾਉਣ ਲਈ ਇਸ ਐਕਟ ਨੂੰ ਪਾਸ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਜੈਤੋ ਦੇ ਮੋਰਚੇ ਦੌਰਾਨ ਅਕਾਲੀ ਜਥਿਆਂ ਨੂੰ ਰਸਦ ਅਤੇ ਸੇਧ ਪ੍ਰਦਾਨ ਕੀਤੀ। ਮਹਾਰਾਜਾ ਦੀ ਗੱਦੀ ਬਹਾਲੀ ਲਈ ਸਿੱਖਾਂ ਨੇ ਇਤਿਹਾਸਕ ‘ਜੈਤੋ ਦਾ ਮੋਰਚਾ’ ਲਗਾਇਆ, ਜਿਸ ਵਿੱਚ ਸੈਂਕੜੇ ਸਿੱਖ ਸ਼ਹੀਦ ਹੋਏ। ਨਾਭਾ ਰਿਆਸਤ ਦਾ ਇਤਿਹਾਸ ਕੁਰਬਾਨੀਆਂ ਦੀ ਇਸ ਗਾਥਾ ਕਾਰਨ ਬਾਕੀ ਰਿਆਸਤਾਂ ਨਾਲੋਂ ਵੱਖਰਾ ਤੇ ਸਤਿਕਾਰਤ ਹੈ।

ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਮੂਰਤੀਆਂ ਹਟਾਉਣ ਦੀ ਆਲੋਚਨਾ

ਮਹਾਰਾਜਾ ਰਿਪੁਦਮਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਮੂਰਤੀਆਂ ਹਟਾਉਣ ਦੀ ਆਲੋਚਨਾ ਕੀਤੀ ਅਤੇ ਸਿੱਖ ਮਰਿਆਦਾ ਨੂੰ ਬਹਾਲ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਇਸੇ ਯੋਗਦਾਨ ਕਾਰਨ ਸੈਂਟਰਲ ਸਿੱਖ ਮਿਊਜ਼ੀਅਮ ਵਿੱਚ ਉਨ੍ਹਾਂ ਦੀ ਤਸਵੀਰ ਸੁਸ਼ੋਭਿਤ ਹੈ। ਮਹਾਰਾਜਾ ਰਿਪੁਦਮਨ ਸਿੰਘ ਦੀਆਂ ਪੰਥਕ ਅਤੇ ਰਾਸ਼ਟਰਵਾਦੀ ਗਤੀਵਿਧੀਆਂ ਅੰਗਰੇਜ਼ਾਂ ਨੂੰ ਰੜਕਦੀਆਂ ਸਨ। 1923 ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਗੱਦੀਓਂ ਲਾਹ ਦਿੱਤਾ ਗਿਆ। ਉਨ੍ਹਾਂ ਦੇ ਪਿੱਛੋਂ ਪਰਿਵਾਰ ਨੂੰ ਈਸਾਈ ਧਰਮ ਵੱਲ ਪ੍ਰੇਰਿਤ ਕਰਨ ਅਤੇ ਸਿੱਖੀ ਤੋਂ ਦੂਰ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ, ਪਰ 124 ਸਾਲਾਂ ਬਾਅਦ ਅਭੀ ਉਦੈ ਪ੍ਰਤਾਪ ਸਿੰਘ ਦੁਆਰਾ ਕੇਸ ਰੱਖਣ ਦੇ ਫੈਸਲੇ ਨੇ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਨੂੰ ਮਾਤ ਦੇ ਦਿੱਤੀ ਹੈ।

ਨਾਭਾ ਦੇ ਕਿਲ੍ਹੇ ਵਿਚੋਂ ਸਿੱਖੀ ਦਾ ਸੁਨੇਹਾ

ਨਾਭਾ ਰਿਆਸਤ ਸਿਰਫ਼ ਜੰਗਾਂ ਜਾਂ ਰਾਜਨੀਤੀ ਲਈ ਹੀ ਨਹੀਂ, ਸਗੋਂ ਸਾਹਿਤ ਲਈ ਵੀ ਜਾਣੀ ਜਾਂਦੀ ਹੈ। ਨਾਭਾ ਰਿਆਸਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੇ ਸ਼ਾਸਕਾਂ ਦਾ ਅੰਗਰੇਜ਼ ਹਕੂਮਤ ਪ੍ਰਤੀ ਵਿਦਰੋਹੀ ਤੇ ਪੰਥਕ ਰਵੱਈਆ ਸੀ। ਮਹਾਰਾਜਾ ਰਿਪੁਦਮਨ ਸਿੰਘ (1911-1923) ਨੇ ਇਸ ਰਿਆਸਤ ਨੂੰ ਇੱਕ ਨਵੀਂ ਪਛਾਣ ਦਿੱਤੀ। ਨਾਭਾ ਰਿਆਸਤ ਦਾ ਇਤਿਹਾਸ ਸਿਰਫ਼ ਰਾਜਿਆਂ ਦੀ ਕਹਾਣੀ ਨਹੀਂ, ਸਗੋਂ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਦਾ ਪ੍ਰਤੀਕ ਹੈ। ਅਭੀ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਨਾਲ ਨਾਭਾ ਦੇ ਕਿਲ੍ਹੇ ਵਿੱਚੋਂ ਜੋ ਸਿੱਖੀ ਦਾ ਸੁਨੇਹਾ ਨਿਕਲਿਆ ਹੈ, ਉਹ ਪੂਰੇ ਪੰਜਾਬ ਅਤੇ ਵਿਸ਼ਵ ਭਰ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਇਹ ਸਮਾਗਮ ਸਾਬਤ ਕਰਦਾ ਹੈ ਕਿ ਵਿਰਾਸਤ ਦੀਆਂ ਜੜ੍ਹਾਂ ਜਿੰਨੀਆਂ ਮਰਜ਼ੀ ਦੂਰ ਚਲੀਆਂ ਜਾਣ, ਪਰ ਖ਼ੂਨ ਦੀ ਖ਼ੁਸ਼ਬੂ ਹਮੇਸ਼ਾ ਆਪਣੀ ਮਿੱਟੀ ਵੱਲ ਮੁੜਦੀ ਹੈ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *