SHRI GURU AMARDAS JI

ਕਿਸਨੇ ‘ਪਹਿਲੋਂ ਪੰਗਤ ਪਾਛੈ ਸੰਗਤ’ ਦੀ ਪ੍ਰਥਾ ਚਲਾਈ, ਸਤੀ ਪ੍ਰਥਾ ਬੰਦ ਕਰਵਾਈ, ਵਿਧਵਾ ਵਿਆਹ ਸ਼ੁਰੂ ਕਰਵਾਏ, ਜਾਣੋ ਸਭ ਕੁਝ ਤੀਜੇ ਪਾਤਸ਼ਾਹ ਬਾਰੇ

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਬਾਸਰਕੇ ਵਿਖੇ 5 ਮਈ 1479 ਈਸਵੀ (8 ਜੇਠ, ਵਿਸਾਖ ਸੁਦੀ 14, ਸੰਮਤ 1536) ਨੂੰ ਤੇਜ ਭਾਨ ਭੱਲਾ ਖੱਤਰੀ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ (ਲਖਮੀ ਜੀ) ਦੇ ਕੁੱਖੋਂ ਹੋਇਆ। ਆਪ ਜੀ ਦੇ ਮਾਤਾ ਪਿਤਾ ਜੀ ਬਹੁਤ ਹੀ ਧਾਰਮਿਕ ਤੇ ਉੱਚੇ ਸੁੱਚੇ ਜੀਵਨ ਵਾਲੇ ਸਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੀ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਸਿੱਖਾਂ ਦੇ ਤੀਜੇ ਸਤਿਗੁਰੂ ਸਨ। ਆਪ ਜੀ ਦੁਨਿਆਵੀ ਉਮਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਛੋਟੇ ਸਨ। ਉਂਝ ਗੁਰਗੱਦੀ ਤੇ ਬੈਠਣ ਸਮੇਂ ਵੀ ਆਪ ਜੀ ਦੀ ਆਯੂ ਸਭ ਤੋਂ ਵੱਡੀ ਸੀ ਤੇ ਸਭ ਤੋਂ ਲੰਮੀ ਆਯੂ ਵੀ ਆਪ ਜੀ ਨੇ ਹੀ ਭੋਗੀ। ਭੱਟ ਸਾਹਿਬਾਨ ਜੀ ਆਪ ਜੀ ਦੀ ਉਸਤਤ ਵਿਚ ਲਿਖਦੇ ਹਨ:

‘ਭਲਉ ਪ੍ਰਸਿਧੁ ਤੇਜੋ ਤਨੌ ਕਲ੍ਰਜੋੜਿ ਕਰ ਧ੍ਰਾਇਅਓ॥

ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ॥’

ਗੁਰੂ ਅਮਰਦਾਸ ਜੀ ਨੇ ਕਈ ਕ੍ਰਾਂਤੀਕਾਰੀ ਪਰਿਵਰਤਨ ਕੀਤੇ। ਆਪ ਜੀ ਨੇ ਸਭ ਤੋਂ ਮਹਾਨ ਕੰਮ ਸੰਗਤ ਪੰਗਤ ਦਾ ਕੀਤਾ। ਗੋਇੰਦਵਾਲ ਸਾਹਿਬ ਵਿਖੇ ਇਹ ਗੱਲ ਪ੍ਰਸਿੱਧ ਸੀ ਕਿ ਜੇਕਰ ਕਿਸੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਣਾ ਹੈ ਤਾਂ ਪਹਿਲਾਂ ਪੰਗਤ ਵਿਚ ਸਾਰਿਆਂ ਦੇ ਨਾਲ ਬੈਠ ਕੇ ਲੰਗਰ ਛਕਣਾ ਪਵੇਗਾ। ‘ਪਹਿਲੋਂ ਪੰਗਤ ਪਾਛੈ ਸੰਗਤ’ ਦੀ ਪ੍ਰਥਾ ਤੀਜੇ ਸਤਿਗੁਰੂ ਜੀ ਨੇ ਹੀ ਸ਼ੁਰੂ ਕੀਤੀ ਸੀ। ਆਪ ਜੀ ਪੱਕੇ ਵੈਸ਼ਨਵ ਸਨ ਤੇ ਆਪਣੇ ਪਿਤਾ ਜੀ ਵਾਂਗ ਹਰ ਸਾਲ ਗੰਗਾ ਜੀ ਦੇ ਦਰਸ਼ਨਾਂ ਲਈ ਵੀ ਜਾਇਆ ਕਰਦੇ ਸਨ। 24 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਸਣਖਤਰੇ ਪਿੰਡ ਦੇ ਸ੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਬੇਟੀ ਰਾਮ ਕੌਰ (ਮਣਸਾ ਦੇਵੀ ਜੀ) ਨਾਲ ਹੋ ਗਈ ਸੀ। ਆਪ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਬੇਟੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ। ਆਪ ਜੀ 20 ਸਾਲ ਲਗਾਤਾਰ ਗੰਗਾ ਜੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਜਦੋਂ 20ਵੀਂ ਵਾਰੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ ਤਾਂ ਇਕ ਸਾਧੂ ਨੇ ਆਪ ਜੀ ਨੂੰ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਆਪਣਾ ਕੋਈ ਵੀ ਗੁਰੂ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਸਾਧੂ ਨੇ ਕਿਹਾ ਕਿ ਜਦ ਤਕ ਮਨੁੱਖ ਕਿਸੇ ਗੁਰੂ ਦੀ ਸ਼ਰਣ ਵਿਚ ਨਹੀਂ ਜਾਂਦਾ ਤਦ ਤਕ ਉਸ ਨੂੰ ਆਤਮਿਕ ਸੁਖ ਮਿਲ ਹੀ ਨਹੀਂ ਸਕਦਾ।

ਆਪ ਜੀ ਇਹ ਸੁਣ ਕੇ ਬਹੁਤ ਬੇਚੈਨ ਹੋ ਗਏ ਤੇ ਸਾਰੀ ਰਾਤ ਨੀਂਦ ਨਾਂ ਪਈ। ਆਪ ਜੀ ਨੂੰ ਆਪਣੇ ਨਿਗੁਰੇ ਹੋਣ ਦੀ ਚਿੰਤਾ ਵੱਢ ਵੱਢ ਖਾ ਰਹੀ ਸੀ। ਅੰਮ੍ਰਿਤ ਵੇਲੇ ਆਪ ਜੀ ਦੇ ਕੰਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਏ ਤੇ ਮਿੱਠੀ ਆਵਾਜ਼ ਵਿਚ ਇਹ ਸ਼ਬਦ ਕੋਈ ਹੋਰ ਨਹੀਂ ਬਲਕਿ ਬੀਬੀ ਅਮਰੋ ਜੀ ਹੀ ਗਾ ਰਹੇ ਸਨ। ਨਾਲ ਦੀ ਨਾਲ ਦੁੱਧ ਵੀ ਰਿੜਕੀ ਜਾ ਰਹੇ ਸਨ। ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਸਨ ਜੋ ਕਿ ਆਪ ਜੀ ਦੇ ਭਰਾ ਦੇ ਲੜਕੇ ਨੂੰ ਵਿਆਹੇ ਹੋਏ ਸਨ। ਆਪ ਜੀ ਬੀਬੀ ਅਮਰੋ ਦੇ ਸਹੁਰੇ ਦੇ ਥਾਂ ਲਗਦੇ ਸਨ ਪਰ ਗੁਰਬਾਣੀ ਦੀ ਆਵਾਜ਼ ਸੁਣ ਕੇ ਆਪ ਰਹਿ ਨਾਂ ਸਕੇ ਤੇ ਦੁਨਿਆਵੀ ਰੀਤੀਆਂ ਮਰਿਆਦਾ ਨੂੰ ਪਾਸੇ ਛੱਡਦੇ ਹੋਏ ਆਪ ਜੀ ਬੀਬੀ ਅਮਰੋ ਜੀ ਕੋਲ ਜਾ ਖਲੋਤੇ। ਬੀਬੀ ਅਮਰੋ ਜੀ ਇਹ ਸ਼ਬਦ ਗਾ ਰਹੇ ਸਨ:

‘ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥

ਚਿਤ ਚੇਤਸਿ ਕੀ ਨਹੀ ਬਾਵਰਿਆ॥

ਹਰਿ ਬਿਸਰਤ ਤੇਰੇ ਗੁਣ ਗਲਿਆ॥1॥

ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ॥2॥

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥

ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਰੀ ਚਿੰਤ ਭਈ॥3॥

ਭਇਆ ਮਨੂਰੁ ਕੰਚਨ ਫਿਰਿ ਹੋਵੈ ਜੇ ਗੁਰ ਮਿਲੈ ਤਿਨੇਹਾ॥

ਏਕੁ ਨਾਮੁ ਅੰਮ੍ਰਿਤ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥4॥’

ਆਪ ਜੀ ਨੇ ਕਿਹਾ ਪੁੱਤਰੀ ਤੁਸੀਂ ਕਿਸਦਾ ਕਲਾਮ ਗਾ ਰਹੇ ਹੋ? ਬੀਬੀ ਅਮਰੋ ਜੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਹਨ ਤੇ ਉਨ੍ਹਾਂ ਦੇ ਥਾਂ ਤੇ ਅੱਜਕੱਲ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ ਜੋ ਕਿ ਮੇਰੇ ਪਿਤਾ ਜੀ ਹਨ। ਆਪ ਜੀ ਨੇ ਕਿਹਾ ਕਿ, ‘ਪੁੱਤਰੀ ਕੀ ਤੁਸੀਂ ਮੈਨੂੰ ਉਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕਰਵਾ ਸਕਦੇ ਹੋ?’ ਬੀਬੀ ਅਮਰੋ ਜੀ ਨੇ ਹਾਮੀ ਭਰ ਦਿੱਤੀ। ਇਸ ਵੇਲੇ ਆਪ ਜੀ ਦੀ ਦੁਨਿਆਵੀ ਉਮਰ ਲਗਭਗ 61 ਕੁ ਸਾਲ ਦੀ ਸੀ ਤੇ ਆਪ ਜੀ ਕੁੱਝ ਦਿਨ ਬਾਅਦ ਹੀ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਨੂੰ ਚਲੇ ਗਏ ਤਾਂ ਜੋ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਸਕਣ।

ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਸਦਾ ਹੀ ਗੁਰੂ ਜੀ ਦੇ ਹੋ ਕੇ ਰਹਿ ਗਏ। ਹਾਲਾਂਕਿ ਆਪ ਜੀ ਗੁਰੂ ਜੀ ਦੇ ਕੁੜਮ ਲਗਦੇ ਸਨ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਆਪ ਦੇ ਸਤਿਕਾਰ ਵਿਚ ਖੜ੍ਹੇ ਹੋ ਕੇ ਸਵਾਗਤ ਕਰਨਾ ਚਾਹਿਆ ਪਰ ਆਪ ਜੀ ਪਹਿਲਾਂ ਹੀ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ। ਆਪ ਜੀ ਖਡੂਰ ਸਾਹਿਬ ਵਿਖੇ ਹੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ। ਲੰਗਰ ਵਿਚ ਬਰਤਨ ਸਾਫ ਕਰਨੇ, ਸੰਗਤਾਂ ਲਈ ਜਲ ਦਾ ਪ੍ਰਬੰਧ ਕਰਨਾ ਅਤੇ ਬਿਆਸ ਦਰਿਆ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਤਾਜ਼ੇ ਪਾਣੀ ਦੀ ਰੋਜ਼ਾਨਾ ਗਾਗਰ ਭਰ ਕੇ ਲਿਆਉਣਾ ਆਪ ਜੀ ਦੀ ਨਿਤ ਕ੍ਰਿਆ ਵਿਚ ਸ਼ਾਮਿਲ ਹੋ ਗਿਆ। ਆਪ ਜੀ ਦੀ ਅਪਾਰ ਸੇਵਾ ਅਤੇ ਆਪ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਾਰਨ ਆਪ ਜੀ ਨੂੰ ਗੁਰੂ ਜੀ ਨੇ ਗੁਰਗੱਦੀ ਦੇ ਲਈ ਸਭ ਤੋਂ ਯੋਗ ਜਾਣਦਿਆਂ 29 ਮਾਰਚ 1552 ਈਸਵੀ ਨੂੰ ਆਪ ਜੀ ਨੂੰ ਤੀਸਰਾ ਗੁਰੂ ਥਾਪ ਦਿੱਤਾ।

ਆਪ ਜੀ ਨੇ ਗੁਰੂ ਬਣਨ ਤੋਂ ਬਾਅਦ ਕਈ ਕ੍ਰਾਂਤੀਕਾਰੀ ਕੰਮ ਕੀਤੇ। ਗੋਇੰਦਵਾਲ ਨਾਂ ਦਾ ਨਗਰ ਵਸਾਇਆ ਤੇ ਜਨਤਾ ਦੀ ਪਾਣੀ ਦੀ ਕਮੀ ਦੂਰ ਕਰਨ ਲਈ ਉੱਥੇ ਇਕ ਬਾਉਲੀ ਬਣਾਈ। ਧਾਰਮਿਕ ਤੇ ਆਤਮਿਕ ਸਿੱਖਿਆ ਦੇ ਨਾਲ ਨਾਲ ਆਪ ਜੀ ਨੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਬਹੁਤ ਅਣਥਕ ਯਤਨ ਕੀਤੇ। ਆਪ ਜੀ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ।

‘ਸਤੀਆ ਏਹਿ ਨ ਆਖੀਅਨਿ ਜੋ ਮੜੀਆ ਲਗਿ ਜਲੰਨਿ੍ਰ॥

ਨਾਨਕ ਸਤੀਆ ਜਾਣੀਅਨਿ੍ਰ ਜਿ ਬਿਰਹੇ ਚੋੜ ਮਰੰਨਿ੍ਰ॥

ਭੀ ਸੋ ਸਤੀਆ ਜਾਣੀਅਨਿ੍ਰ ਸੀਲ ਸੰਤੋਖਿ ਰਹੰਨਿ੍ਰ॥

ਸੇਵਨਿ ਸਾਈ ਆਪਣਾ ਨਿਤ ਉਠਿ ਸਮ੍ਰਾਲੰਨਿ੍ਰ॥’’

ਔਰਤਾਂ ਨੂੰ ਪਰਦੇ ਦੀ ਪ੍ਰੰਪਰਾ ਤੋਂ ਮੁਕਤੀ ਦਿਵਾਈ। ਵਿਧਵਾ ਵਿਆਹ ਜੋ ਕਿ ਉਸ ਵੇਲੇ ਪਾਪ ਮੰਨਿਆ ਜਾਂਦਾ ਸੀ, ਉਸ ਕੁਰੀਤੀ ਦੇ ਵਿਰੁੱਧ ਆਪ ਜੀ ਨੇ ਡਟ ਕੇ ਆਵਾਜ਼ ਉਠਾਈ ਤੇ ਵਿਧਵਾ ਨੂੰ ਆਪਣੀ ਮਰਜ਼ੀ ਨਾਲ ਦੁਬਾਰਾ ਵਿਆਹ ਕਰਵਾਉਣ ਦੀ ਖੁੱਲ੍ਹ ਦਿੱਤੀ। ਛੂਤ ਛਾਤ ਅਤੇ ਜਾਤ ਪਾਤ ਦੇ ਵਿਰੁੱਧ ਆਪ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਸਾਰਿਆਂ ਨੂੰ ਹੀ ਇਕ ਪਿਤਾ ਪਰਮਾਤਮਾ ਦੀ ਔਲਾਦ ਦੱਸਿਆ। ਬਾਦਸ਼ਾਹ ਅਕਬਰ ਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨਾ ਤੋਂ ਪਹਿਲਾਂ ਪੰਗਤ ਵਿਚ ਸਾਰਿਆਂ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪਿਆ। ਗੁਰੂ ਜੀ ਦਾ ਲੰਗਰ ਦਾ ਪ੍ਰਬੰਧ ਇੰਨਾ ਵਧੀਆ ਅਤੇ ਲੰਗਰ ਦੀ ਕੁਆਲਿਟੀ ਇੰਨੀ ਵਧੀਆ ਸੀ ਕਿ ਬਾਦਸ਼ਾਹ ਅਕਬਰ ਵੀ ਤਾਰੀਫ ਕੀਤੇ ਬਿਨਾਂ ਨਾਂ ਰਹਿ ਸਕਿਆ। ਸੱਤਾ ਜੀ ਆਪਣੀ ਵਾਰ ਵਿਚ ਗੁਰੂ ਜੀ ਦੇ ਲੰਗਰ ਬਾਰੇ ਫੁਰਮਾਉਂਦੇ ਹਨ:

‘ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ॥’

ਗੁਰੂ ਜੀ ਦੇ ਲੰਗਰ ਵਿਚ ਜੋ ਵੀ ਰਾਸ਼ਨ ਆਉਂਦਾ ਸੀ ਉਹ ਹਰ ਰੋਜ਼ ਰਾਤ ਨੂੰ ਸਮਾਪਤ ਕਰਕੇ ਭਾਂਡੇ ਮੂਧੇ ਮਾਰ ਦਿੱਤੇ ਜਾਂਦੇ ਸਨ। ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਲੰਗਰ ਲਈ ਜਗੀਰ ਦੇਣੀ ਚਾਹੀ। ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਤਾਂ ਗੁਰਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਚਲਦਾ ਹੈ। ਫਿਰ ਅਕਬਰ ਨੇ ਬੀਬੀ ਭਾਨੀ ਜੀ ਨੂੰ ਆਪਣੀ ਪੁੱਤਰੀ ਸਮਾਨ ਜਾਣਦਿਆਂ ਵੱਡੀ ਜਗੀਰ ਬੀਬੀ ਭਾਨੀ ਜੀ ਦੇ ਨਾਂ ਲਗਾਈ। ਜਿੱਥੇ ਅੱਜ ਕੱਲ੍ਹ ਬੀੜ ਬਾਬਾ ਬੁੱਢਾ ਜੀ ਦਾ ਇਲਾਕਾ ਹੈ ਉਹ ਜਗੀਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਂ ਲਗਵਾਈ ਸੀ। ਗੁਰੂ ਜੀ ਦੇ ਕਹਿਣ ਤੇ ਬਾਦਸ਼ਾਹ ਨੇ ਹਿੰਦੂ ਤੀਰਥਾਂ ਤੇ ਹਿੰਦੂਆਂ ਤੇ ਲਗਦਾ ਟੈਕਸ ਵੀ ਮਾਫ ਕਰਵਾਇਆ।

ਆਪ ਜੀ ਨੇ ਜਾਤ ਪਾਤ ਨੂੰ ਤੋੜਦਿਆਂ ਇਕ ਕੋਹੜੀ ਪ੍ਰੇਮਾ ਨੂੰ ਪਹਿਲਾਂ ਤਾਂ ਰੋਗ ਮੁਕਤ ਕੀਤਾ ਤੇ ਫਿਰ ਉਸਦੀ ਸ਼ਾਦੀ ਸ਼ੀਂਹੇ ਉੱਪਲ ਦੀ ਬੇਟੀ ਮਥੋ ਨਾਲ ਕੀਤੀ। ਸੱਚਨ ਸੱਚ ਦੀ ਸ਼ਾਦੀ ਵੀ ਜਾਤ ਪਾਤ ਦਾ ਖਿਆਲ ਕੀਤੇ ਬਿਨਾਂ ਕਰਵਾਈ। ਇਹ ਹੀ ਨਹੀਂ ਕਿ ਦੂਜਿਆਂ ਦੀਆਂ ਹੀ ਸ਼ਾਦੀਆਂ ਜਾਤ ਪਾਤ ਦਾ ਖਿਆਲ ਕੀਤੇ ਬਿਨਾਂ ਕੀਤੀਆਂ। ਆਪਣੀਆਂ ਪੁੱਤਰੀਆ ਦੀਆਂ ਸ਼ਾਦੀਆਂ ਵੀ ਇਸੇ ਨਿਯਮ ਅਨੁਸਾਰ ਕੀਤੀਆਂ। ਆਪਣੀ ਬੇਟੀ ਬੀਬੀ ਭਾਨੀ ਜੀ ਦੀ ਸ਼ਾਦੀ ਇਕ ਅਨਾਥ ਸਮਝੇ ਜਾਂਦੇ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਜੇਠਾ ਜੀ ਨਾਲ ਅਤੇ ਵੱਡੀ ਲੜਕੀ ਬੀਬੀ ਦਾਨੀ ਜੀ ਦੀ ਸ਼ਾਦੀ ਸਾਧਾਰਨ ਸਿੱਖ ਭਾਈ ਰਾਮਾ ਜੀ ਨਾਲ ਕੀਤੀ।

ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦੇਣ ਦੀਆਂ ਕੇਵਲ ਗੱਲਾਂ ਹੀ ਨਹੀਂ ਕੀਤੀਆਂ ਬਲਕਿ ਲੰਗਰ ਤੇ ਸੰਗਤ ਵਿਚ ਪ੍ਰੈਕਟੀਕਲੀ ਸਭ ਨੂੰ ਬਰਾਬਰ ਅਧਿਕਾਰ ਦਿੱਤੇ। ਔਰਤਾਂ ਦੇ ਘੁੰਡ ਕੱਢਣ ਦੀ ਪਰੰਪਰਾ ਨੂੰ ਖਤਮ ਕੀਤਾ। ਕਿਸੇ ਬੰਦੇ ਦੀ ਮੌਤ ਮਗਰੋਂ ਜੋ ਭੈੜੀਆਂ ਭੈੜੀਆਂ ਰੀਤੀਆਂ ਸਨ ਉਹ ਸਾਰੀਆਂ ਬੰਦ ਕਰਵਾ ਦਿੱਤੀਆਂ। ਗੁਰਸਿੱਖੀ ਦੇ ਪ੍ਰਚਾਰ ਲਈ ਸਾਰੇ ਦੇਸ਼ ਨੂੰ ਬਾਈ ਹਿੱਸਿਆਂ ਵਿਚ ਵੰਡ ਕੇ ਬਾਈ ਮੰਜੀਆਂ ਦੀ ਸਥਾਪਨਾ ਕੀਤੀ ਤੇ 22 ਪ੍ਰਚਾਰਕ ਵੀ ਥਾਪੇ। ਇਹ ਗੁਰੂ ਜੀ ਦੀ ਦੂਰਅੰਦੇਸ਼ੀ ਸੀ। ਇਹ ਮੰਜੀਆਂ ਦਾ ਅਧਿਕਾਰ ਕੇਵਲ ਪੰਜਾਬ ਹੀ ਨਹੀਂ ਬਲਕਿ ਭਾਰਤ ਤੋਂ ਬਾਹਰ ਟਾਪੂਆਂ ਤੀਕ ਵੀ ਫੈਲਿਆ ਹੋਇਆ ਸੀ। 22 ਮੰਜੀਆਂ ਦੇ ਮੁਖੀ ਸਿੱਖ ਹੀ ਨਹੀਂ ਸਨ ਬਲਕਿ ਵੱਖ ਵੱਖ ਜਾਤੀਆਂ ਦੇ ਜਾਤ ਪਾਤ ਤੋਂ ਉੱਪਰ ਉੱਠ ਚੁਕੇ ਲੋਕ ਸਨ। ਅੱਲਾਯਾਰ ਖਾਂ ਜੋ ਕਿ ਪਹਿਲਾਂ ਮੁਸਲਮਾਨ ਸੀ, ਉਹ ਵੀ ਇਕ ਮੰਜੀ ਦਾ ਮੁਖੀ ਸੀ। ਇਕ ਕੋਹੜੀ ਤੋਂ ਰਾਜ਼ੀ ਹੋਇਆ ਮੁਰਾਰੀ ਵੀ ਇਕ ਮੰਜੀ ਦਾ ਮੁਖੀ ਥਾਪਿਆ ਗਿਆ ਸੀ। ਸੱਚਨ ਸੱਚ, ਸਾਧਾਰਨ, ਸੁੱਖਣ, ਹੰਦਾਲ, ਕੇਦਾਰੀ, ਖੇਡਾ, ਗੰਗੂ ਸ਼ਾਹ, ਦਰਬਾਰੀ, ਪਾਰੋ, ਫੇਰਾ, ਬੂਆ, ਬੇਣੀ, ਮਹੇਸ਼ਾ, ਮਾਈ ਦਾਸ, ਮਾਣਕ ਚੰਦ, ਰਾਜਾ ਰਾਮ, ਰੰਗ ਸ਼ਾਹ, ਰੰਗ ਦਾਸ ਤੇ ਲਾਲੋ ਇਹ ਸਭ ਮੰਜੀਆਂ ਦੇ ਮੁਖੀ ਬਣਾ ਕੇ ਪ੍ਰਚਾਰ ਲਈ ਭੇਜੇ ਸਨ। ਇਸ ਦੇ ਨਾਲ ਹੀ ਆਪ ਜੀ ਨੇ 52 ਪੀਹੜੇ ਵੀ ਬਖ਼ਸ਼ੇ ਜੋ ਕਿ ਸਿੱਖੀ ਪ੍ਰਚਾਰ ਵਿਚ ਬਹੁਤ ਨਿਸ਼ਠਾ ਨਾਲ ਲੱਗੇ ਹੋਏ ਸਨ। ਗੁਰੂ ਜੀ ਦੇ ਸਮੇਂ ਸਿੱਖ ਧਰਮ ਬਹੁਤ ਫੈਲਿਆ ਤੇ ਹਰ ਜਾਤ ਪਾਤ ਤੇ ਧਰਮ ਦਾ ਵਿਅਕਤੀ ਸਿੱਖ ਧਰਮ ਗ੍ਰਹਿਣ ਕਰਨ ਲੱਗਾ। ਆਪ ਜੀ ਨੇ ਹੀ ਗੁਰੂ ਰਾਮਦਾਸ ਜੀ ਨੂੰ ਸਿੱਖੀ ਦਾ ਮਹਾਨ ਕੇਂਦਰ ਕਾਇਮ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਉਣ ਦੀ ਹਦਾਇਤ ਕੀਤੀ।

ਗੁਰੂ ਜੀ ਨੇ ਆਪਣੇ ਦੋਵੇਂ ਪੁੱਤਰਾਂ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੂੰ ਸਿੱਖ ਧਰਮ ਦਾ ਮੁਖੀ ਬਣਨ ਦੇ ਅਯੋਗ ਸਮਝਿਆ ਤੇ ਭਾਈ ਜੇਠਾ ਜੀ ਨੂੰ ਰਾਮਦਾਸ ਨਾਂ ਦੇਕੇ ਉਨ੍ਹਾਂ ਨੂੰ ਚੌਥਾ ਗੁਰੂ ਥਾਪਿਆ। ਗੁਰੂ ਜੀ 1 ਸਤੰਬਰ 1574 ਈਸਵੀ (2 ਅੱਸੂ ਸੰਮਤ 1631) ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ।

ਭਟ ਕੀਰਤ ਜੀ ਆਪ ਜੀ ਬਾਰੇ ਲਿਖਦੇ ਹਨ:

‘ਸਚੁ ਨਾਮੁ ਕਰਤਾਰੁ ਸੁ ਦ੍ਰਿੜ ਨਾਨਕ ਸੰਗ੍ਰਹਿਅਉ॥

ਤਾ ਤੇ ਅੰਗਦੁ ਲਹਿਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ॥

ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਸੁ ਗੁਣ ਕਵਣ ਵਖਾਣਉ॥’

Post navigation

Leave a Comment

Leave a Reply

Your email address will not be published. Required fields are marked *