ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਿੰਦਗੀ ਦੇ ਪੜਾਅ
ਪੰਜ – ਆਬ ਯਾਨੀ ਪੰਜ ਦਰਿਆਵਾਂ ਦੀ ਉਹ ਧਰਤੀ, ਜਿਸਨੇ ਆਪਣੀ ਕੁੱਖ ‘ਚ ਅਣਖਾਂ, ਨਸਲਾਂ ਤੇ ਫਸਲਾਂ ਨੂੰ ਪਾਲ ਕੇ ਵੱਡਾ ਕੀਤਾ, ਉਹ ਧਰਤੀ ਜਿਸਨੂੰ ਅਨੇਕਾਂ ਹੀ ਮਹਾਨ ਯੋਧਿਆਂ ਨੇ ਆਪਣੇ ਖੂਨ ਨਾਲ ਸਿੰਜਿਆ, ਜਿੱਥੇ ਦੇਗ ਤੇਗ ਫਤਿਹ ਦੇ ਜੈਕਾਰੇ ਗੂੰਜਦੇ ਰਹੇ, ਜੁਲਮ ਤੇ ਜਬਰ ਨਾਲ ਅਨੇਕਾਂ ਹੀ ਸੂਰਮਿਆਂ ਦੀਆਂ ਤਲਵਾਰਾਂ ਤੇ ਟਾਕਰੇ ਹੁੰਦੇ ਰਹੇ, ਭਾਵੇਂ ਸ਼ਹੀਦਾਂ ਸੂਰਮਿਆਂ ਦੀ ਇਸ ਧਰਤੀ ਦਾ ਭੂਗੋਲਿਕ ਖੇਤਰਫਲ ਕਈ ਵੱਡੇ ਸਾਮਰਾਜਾਂ ਤੋਂ ਘੱਟ ਹੀ ਸੀ, ਪਰ ਇਸ ਧਰਤੀ ਦਾ ਇਤਿਹਾਸ ਐਸਾ ਬਣਿਆ ਕਿ ਪੂਰੀ ਦੁਨੀਆਂ ਵਿੱਚ ਕੋਈ ਪੰਜਾਬ ਵਰਗੀ ਸ਼ਹਾਦਤਾਂ ਦੀ ਮਿਸਾਲ ਨਹੀਂ ਮਿਲਦੀ।
ਹਿੰਮਤ, ਦਲੇਰੀ, ਕੁਰਬਾਨੀ, ਪਿਆਰ, ਜਜ਼ਬੇ ਅਤੇ ਅਪਣੱਤ ਨਾਲ ਭਿੱਜੀ ਪੰਜਾਬ ਦੀ ਇਸੇ ਧਰਤੀ ਤੇ ਹੀ ਕਰੀਬ 400 ਸਾਲ ਪਹਿਲਾਂ ਇੱਕ ਬੈਰਾਗੀ ਸਾਧ “ਮਾਧੋ ਦਾਸ” ਨੇ ਦਲੇਰੀ ਅਤੇ ਕੁਰਬਾਨੀ ਦੀ ਉਹ ਮਿਸਾਲ ਪੇਸ਼ ਕੀਤੀ ਜਿਸਨੂੰ ਵੇਖਕੇ ਅਸਮਾਨ ਤੱਕ ਕੰਬ ਉੱਠਿਆ।
ਗੱਲ ਕਰ ਰਹੇ ਹਾਂ, ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ, ਜਿਹਨਾਂ ਦਾ ਜਨਮ 27 ਅਕਤੂਬਰ 1670 ਨੂੰ ਭਾਰਤ ਦੇ ਉੱਤਰ ਵਿੱਚ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਹੋਇਆ, ਸ਼ੁਰੂਆਤ ‘ਚ ਮਾਪਿਆਂ ਨੇ ਨਾਮ ਦਿੱਤਾ “ਲਛਮਣ ਦੇਵ”, ਪਿਤਾ ਇੱਕ ਰਾਜਪੂਤ ਕਿਸਾਨ ਸਨ, ਪਰ ਲਛਮਣ ਦੇਵ ਦੀ ਰੁਚੀ ਬਚਪਨ ਤੋਂ ਹੀ ਸ਼ਿਕਾਰ ਕਰਨ, ਘੋੜਸਵਾਰੀ ਅਤੇ ਤਲਵਾਰਬਾਜ਼ੀ ਕਰਨ ‘ਚ ਸੀ, ਬਚਪਨ ਤੋਂ ਜਵਾਨੀ ਵੱਲ ਵੱਧਦਾ “ਲਛਮਣ ਦੇਵ” ਅਕਸਰ ਹੀ ਆਪਣਾ ਤੀਰ ਕਮਾਨ ਲੈਕੇ ਸ਼ਿਕਾਰ ਖੇਡਣ ਜਾਇਆ ਕਰਦਾ ਸੀ, ਸਮਾਂ ਬੀਤਦਾ ਗਿਆ ਤੇ ਲਛਮਣ ਦੇਵ ਦਾ ਨਿਸ਼ਾਨਾ ਹੋਰ ਵੀ ਅਣਖੁੰਝਵਾਂ ਹੁੰਦਾ ਗਿਆ, ਕਰੀਬ 15 ਸਾਲ ਦੀ ਉਮਰ ਵਿੱਚ ਲਛਮਣ ਦੇਵ ਦੀ ਕਮਾਨ ‘ਚੋਂ ਇੱਕ ਅਜਿਹਾ ਤੀਰ ਨਿਕਲਿਆ ਜਿਸਨੇ ਇੱਕ ਗਰਭਪਤੀ ਹਿਰਨੀ ਦੇ ਢਿੱਡ ਨੂੰ ਚੀਰ ਸੁੱਟਿਆ, ਇਸ ਤੀਰ ਨੇ ਹਿਰਨ ਅਤੇ ਉਸਦੀ ਕੁੱਖ ‘ਚ ਪਲ ਰਹੇ ਬੱਚੇ ਤਾਂ ਕਤਲ ਕੀਤੇ ਹੀ, ਸਗੋਂ ਪਲਾਂ ਵਿੱਚ ਹੀ ਲਛਮਣ ਦੇਵ ਦੀ ਜਿੰਦਗੀ ਦੇ ਇੱਕ ਪੜਾਅ ਦਾ ਵੀ ਅੰਤ ਕਰ ਦਿੱਤਾ।
ਲੱਛਮਣ ਦੇਵ ਬਣੇ ਮਾਧੋ ਦਾਸ ਬੈਰਾਗੀ
ਦਰਅਸਲ ਆਪਣੀ ਕਮਾਨ ‘ਚੋਂ ਨਿਕਲੇ ਤੀਰ ਨਾਲ ਵਾਪਰਿਆ ਦੁਖਾਂਤ ਵੇਖਕੇ ਲਛਮਣ ਦੇਵ ਦੀ ਰੂਹ ਬੁਰੀ ਤਰਾਂ ਝਿੰਜੋੜੀ ਗਈ। ਅਜਿਹਾ ਸਦਮਾ ਲੱਗਿਆ ਕਿ “ਲਛਮਣ ਦੇਵ” ਤੀਰ ਕਮਾਨ, ਘੋੜ ਸਵਾਰੀ ਤੇ ਸੰਸਾਰਕ ਮੋਹ ਮਾਇਆ ਛੱਡ ਸੰਨਿਆਸੀ ਹੋ ਤੁਰਿਆ, ਤੇ ਇੱਕ ਬੈਰਾਗੀ ਸਾਧ ਜਾਨਕੀ ਪ੍ਰਸਾਧ ਦਾ ਚੇਲਾ ਬਣ ਗਿਆ, ਜਿਸਨੇ ਲਛਮਣ ਦੇਵ ਨੂੰ ਇੱਕ ਨਵਾਂ ਨਾਮ ਦਿੱਤਾ “ਮਾਧੋ ਦਾਸ”, ਜਿੱਥੋਂ ਲਛਮਣ ਦੇਵ ਭਾਵ ਮਾਧੋ ਦਾਸ ਦੀ ਜਿੰਦਗੀ ਦਾ ਦੂਜਾ ਪੜਾਅ ਆਰੰਭ ਹੋ ਗਿਆ।
ਉੱਤਰ ‘ਚ ਰਾਜਪੂਤਾਨਾ ਕਿਸਾਨ ਦੇ ਘਰ ਜਨਮਿਆ “ਲਛਮਣ ਦੇਵ” ਹੁਣ ਇੱਕ ਸੰਨਿਆਸੀ ਬਣਕੇ ਘੁੰਮਦਾ ਫਿਰਦਾ ਸੀ, ਤੇ ਆਪਣੇ ਇਸੇ ਸੰਨਿਆਸੀ ਸਫ਼ਰ ਦੌਰਾਨ ਉਹ ਭਾਰਤ ਦੇਸ਼ ਦੀ ਦੱਖਣ ਦਿਸ਼ਾ ਵੱਲ ਨੂੰ ਹੋ ਤੁਰਿਆ, ਤੇ ਨਾਸਿਕ ਦੇ ਜੰਗਲਾਂ ਵਿੱਚ ਜਾ ਕੇ ਇੱਕ ਤਾਂਤਰਿਕ ਵਿੱਦਿਆ ਦੇ ਮਾਹਿਰ ਯੋਗੀ “ਔਘੜ ਨਾਥ” ਦੀ ਸ਼ਰਨ ਵਿੱਚ ਚਲਾ ਗਿਆ।
ਕਰੀਬ ਪੰਜ ਸਾਲ “ਮਾਧੋ ਦਾਸ” ਭਾਵ ਲਛਮਣ ਦੇਵ ਨੇ “ਔਘੜ ਨਾਥ” ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ, ਸੇਵਾ ਤੋਂ ਖੁਸ਼ ਹੋਕੇ ਔਘੜ ਨਾਥ ਨੇ ਮਾਧੋ ਦਾਸ ਨੂੰ ਰਿੱਧੀਆਂ-ਸਿੱਧੀਆਂ, ਤੇ ਤਾਂਤਰਿਕ ਵਿੱਦਿਆ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ, ਆਪਣੀ ਲਗਨ ਸਦਕਾ ਮਾਧੋ ਦਾਸ ਨੇ ਸ਼ਿਕਾਰ ਵਾਂਗ ਹੀ ਚਮਤਕਾਰੀ ਸ਼ਕਤੀਆਂ ਤੇ ਤਾਂਤਰਿਕ ਵਿੱਦਿਆ ਵਿੱਚ ਵੀ ਜਲਦ ਹੀ ਨਿਪੁੰਨਤਾ ਹਾਸਿਲ ਕਰ ਲਈ।
ਕੁਝ ਸਾਲਾਂ ਦੇ ਵਕਫੇ ਦੌਰਾਨ ਔਘੜ ਨਾਥ ਆਪਣੀ ਜੀਵਨ ਲੀਲਾ ਭੋਗਕੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ, ਤੇ ਮਾਧੋ ਦਾਸ ਨੇ ਨਾਸਿਕ ਦੇ ਜੰਗਲ ਛੱਡ ਮਰਾਠਿਆਂ ਦੀ ਹੀ ਧਰਤੀ ‘ਤੇ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਤੇ ਆਪਣਾ ਡੇਰਾ ਲਾ ਲਿਆ।
ਹਾਲਾਂਕਿ ਹੁਣ “ਲਛਮਣ ਦੇਵ” ਆਪਣੇ ਅੰਦਰ ਦੇ ਸ਼ਿਕਾਰੀ ਨੂੰ ਮਾਰਕੇ ਬੈਰਾਗੀ ਸਾਧ “ਮਾਧੋ ਦਾਸ” ਬਣ ਚੁੱਕਿਆ ਸੀ, ਪਰ ਪਾਖੰਡ, ਹੰਕਾਰ ਅਤੇ ਨਿੱਜ ਅਜੇ ਵੀ ਉਸਦੀ ਬੌਧਿਕਤਾ ਵਿੱਚ ਜਿਉਂਦਾ ਬੈਠਾ ਸੀ, ਮਹਾਂਰਾਸ਼ਟਰ ਨੰਦੇੜ ਦੇ ਇਲਾਕੇ ਵਿੱਚ ਮਾਧੋ ਦਾਸ ਦੀ ਤਾਂਤਰਿਕ ਵਿੱਦਿਆ ਦੇ ਚਰਚੇ ਕੁਝ ਸਮੇਂ ਵਿੱਚ ਹੀ ਦੂਰ ਦੂਰ ਤੱਕ ਹੋਣ ਲੱਗੇ, ਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਉਸਦੇ ਸਰਧਾਲੂ ਅਤੇ ਚੇਲੇ ਬਣ ਗਏ, ਕੁਝ ਸਮਾਂ ਬੀਤਿਆ ਤੇ ਮਾਧੋ ਦਾਸ ਦਾ ਹੰਕਾਰ ਸਿਖਰ ਤੱਕ ਪਹੁੰਚ ਗਿਆ।
ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ

ਏਸੇ ਤਰਾਂ ਹੀ ਇੱਕ ਦਿਨ ਮਾਧੋ ਦਾਸ ਆਪਣੇ ਡੇਰੇ ਤੋਂ ਬਾਹਰ ਸੀ, ਤੇ ਉਸੇ ਦਿਨ ਖਾਲਸਾ ਪੰਥ ਦੇ ਸਿਰਜਣਹਾਰ ਦਸਮ ਪਿਤਾ, “ਸ੍ਰੀ ਗੁਰੂ ਗੋਬਿੰਦ ਸਿੰਘ” ਜੀ ਆਪਣੇ ਕੁਝ ਸਿੰਘਾਂ ਸਮੇਤ ਸ਼ਿਕਾਰ ਖੇਡਦੇ ਹੋਏ ਨੰਦੇੜ ਵਿਖੇ ਮਾਧੋ ਦਾਸ ਦੇ ਡੇਰੇ ਤੇ ਆ ਪਹੁੰਚੇ, ਗੁਰੂ ਸਾਹਿਬ ਨੂੰ ਮਾਧੋ ਦਾਸ ਦੇ ਪਖੰਡ ਤੇ ਉਸਦੀ ਤਾਂਤਰਿਕ ਵਿੱਦਿਆ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੋ ਚੁੱਕੀ ਸੀ, ਡੇਰੇ ਵਿੱਚ ਮਾਧੋ ਦਾਸ ਦੀ ਗੈਰ ਮੌਜੂਦਗੀ ਵੇਖ ਗੁਰੂ ਸਾਹਿਬ ਉਸਦੇ ਪਲੰਘ ਤੇ ਜਾ ਕੇ ਚੌਕੜਾਂ ਮਾਰ ਕੇ ਬਿਰਾਜ਼ਮਾਨ ਹੋ ਗਏ, ਵਾਪਸ ਆ ਕੇ ਜਦੋਂ ਮਾਧੋ ਦਾਸ ਨੇ ਗੁਰੂ ਸਾਹਿਬ ਨੂੰ ਆਪਣੇ ਆਸਣ ‘ਤੇ ਬੈਠੇ ਦੇਖਿਆ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਆਪਣੀਆਂ ਸਾਰੀਆਂ ਤਾਂਤ੍ਰਿਕ ਸ਼ਕਤੀਆਂ ਅਤੇ ਜਾਦੂ-ਟੂਣੇ ਵਰਤ ਕੇ ਗੁਰੂ ਜੀ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਚਾਲ ਕਾਮਯਾਬ ਨਾ ਹੋ ਸਕੀ, ਇਤਿਹਾਸ ਅਨੁਸਾਰ, ਮਾਧੋ ਦਾਸ ਨੇ ਆਪਣੇ ‘ਬੀਰਾਂ’ (ਸ਼ਕਤੀਸ਼ਾਲੀ ਆਤਮਾਵਾਂ) ਨੂੰ ਵੀ ਗੁਰੂ ਸਾਹਿਬ ਨੂੰ ਪਲੰਘ ਸਮੇਤ ਚੁੱਕਣ ਲਈ ਭੇਜਿਆ, ਪਰ ਗੁਰੂ ਸਾਹਿਬ ਨੇ ਪਲੰਘ ਦੇ ਪਾਵਿਆਂ ਵਿੱਚ ਤੀਰ ਗੱਡ ਦਿੱਤੇ, ਜਿਸ ਨਾਲ ਪਲੰਘ ਦਾ ਭਾਰ ਸੈਂਕੜੇ ਮਣ ਹੋ ਗਿਆ ਅਤੇ ਮਾਧੋ ਦਾਸ ਦੀਆਂ ਦੈਵੀ ਸ਼ਕਤੀਆਂ ਪਲੰਘ ਨੂੰ ਹਿਲਾ ਤੱਕ ਨਾ ਸਕੀਆਂ, ਆਪਣੀ ਤਾਂਤਰਿਕ ਵਿੱਦਿਆ ਅਸਫਲ ਹੁੰਦੀ ਵੇਖ ਮਾਧੋ ਦਾਸ ਹੈਰਾਨ ਹੋ ਗਿਆ, ਉਹ ਗੁਰੂ ਜੀ ਦੀ ਮਹਾਨ ਸ਼ਖਸੀਅਤ ਅਤੇ ਉੱਚੇ ਕਿਰਦਾਰ ਦੇ ਸਾਹਮਣੇ ਝੁਕ ਗਿਆ, ਤੇ ਉਹਨਾਂ ਦੇ ਚਰਨਾਂ ਵਿੱਚ ਜਾ ਬੈਠਾ।
ਜਦੋਂ ਗੁਰੂ ਸਾਹਿਬ ਨੇ ਉਸਨੂੰ ਨੂੰ ਪੁੱਛਿਆ, “ਤੂੰ ਕੌਣ ਹੈਂ?” ਤਾਂ ਮਾਧੋ ਦਾਸ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਮੈਂ ਆਪ ਜੀ ਦਾ ਬੰਦਾ (ਸੇਵਕ/ਗੁਲਾਮ) ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ, ਉਸ ਦਾ ਨਾਮ ਬੰਦਾ ਸਿੰਘ ਰੱਖਿਆ ਅਤੇ ‘ਬਹਾਦਰ’ ਦਾ ਖਿਤਾਬ ਉਸਨੂੰ ਬਖਸ਼ਿਆ, ਜਿੱਥੋਂ ਲਛਮਣ ਦੇਵ ਭਾਵ ਮਾਧੋ ਦਾਸ ਦੀ ਜਿੰਦਗੀ ਦਾ ਤੀਜਾ ਪੜਾਅ ਆਰੰਭ ਹੁੰਦਾ ਹੈ:-
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਤੇ ਸਿੱਖ ਰਾਜ ਦੀ ਨੀਂਹ
ਗੁਰੂ ਗੋਬਿੰਦ ਸਿੰਘ ਜੀ ਨੇ ਲਛਮਣ ਦੇਵ (ਮਾਧੋ ਦਾਸ) ਦੇ ਰਾਜਪੂਤਾਨਾ ਖੂਨ ਨੂੰ ਮੁਗਲਾਂ ਦੇ ਜ਼ੁਲਮ ਵਿਰੁੱਧ ਲੜਨ ਲਈ ਗਰਮਾਇਆ ਅਤੇ ਪੰਜਾਬ ਵਿੱਚ ਜ਼ਾਲਮਾਂ ਨੂੰ ਸੋਧਣ ਦਾ ਮਹਾਨ ਕਾਰਜ ਉਸਨੂੰ ਸੌਂਪਿਆ, ਇਸ ਤਰ੍ਹਾਂ ਇੱਕ ਸ਼ਿਕਾਰੀ ਤੋਂ ਸੰਨਿਆਸੀ ਬਣਿਆ ਮਾਧੋ ਦਾਸ, ਹੁਣ ਗੁਰੂ ਦਾ ਬੰਦਾ ਬਣ ਕੇ ਸਿੱਖ ਇਤਿਹਾਸ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਜੋਂ ਜਾਣਿਆ ਜਾਣ ਲੱਗਿਆ।ਬਾਬਾ ਬੰਦਾ ਸਿੰਘ ਬਹਾਦੁਰ ਨੇ ਗੁਰੂ ਸਾਹਿਬ ਦਾ ਥਾਪੜਾ ਲੈਣ ਤੋਂ ਬਾਅਦ ਪੰਜਾਬ ਵੱਲ ਚਾਲੇ ਪਾਏ, ਪੰਜਾਬ ਪਹੁੰਚਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਹੀ ਸਮੇਂ ਵਿੱਚ ਇੱਕ ਵਿਸ਼ਾਲ ਫੌਜ ਖੜ੍ਹੀ ਕਰ ਲਈ ਅਤੇ ਮੁਗਲ ਰਾਜ ਦੇ ਖਿਲਾਫ ਇੱਕ ਵੱਡੀ ਬਗਾਵਤ ਸ਼ੁਰੂ ਕਰ ਦਿੱਤੀ।
1709 ਈਸਵੀ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੋਨੀਪਤ, ਕੈਥਲ ਅਤੇ ਕੁੰਜਪੁਰਾ ਵਰਗੇ ਇਲਾਕਿਆਂ ਨੂੰ ਫਤਿਹ ਕੀਤਾ ਅਤੇ ਨਵੰਬਰ 1709 ਵਿੱਚ ਹੀ ਆਪਣੀ ਫੌਜ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣਾ ‘ਤੇ ਧਾਵਾ ਬੋਲ ਦਿੱਤਾ, ਇਹ ਉਹ ਸਥਾਨ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ, ਸ਼ਸ਼ਲ ਬੇਗ ਅਤੇ ਬਸ਼ਲ ਬੇਗ ਰਹਿੰਦੇ ਸਨ। ਸਿੱਖਾਂ ਨੇ ਜਲਾਦਾਂ ਨੂੰ ਸਜ਼ਾ ਦਿੱਤੀ ਅਤੇ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਸਮਾਣੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦੁਰ ਸਰਹਿੰਦ ਵੱਲ ਨੂੰ ਹੋ ਤੁਰੇ ਤੇ ਚੱਪੜਚਿੜੀ ਵਿੱਚ ਮਈ 1710 ਨੂੰ ਇੱਕ ਵੱਡੀ ਲੜਾਈ ਲੜੀ ਗਈ, ਇਹ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਲੜਾਈ ਸੀ, ਜਿਸਦਾ ਮੁੱਖ ਉਦੇਸ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਸੋਧਣਾ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ, ਚੱਪੜਚਿੜੀ ਦੇ ਮੈਦਾਨ ਵਿੱਚ ਮੁਗਲ ਫੌਜ ਨਾਲ ਹੋਈ ਭਿਆਨਕ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਅਤੇ ਸਰਹਿੰਦ ਨੂੰ ਫਤਿਹ ਕਰ ਲਿਆ, ਇਸ ਜਿੱਤ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਸਿੱਖਾਂ ਨੂੰ ਜ਼ੁਲਮ ਵਿਰੁੱਧ ਲੜਨ ਦਾ ਅਥਾਹ ਹੌਂਸਲਾ ਦਿੱਤਾ।
ਸਰਹਿੰਦ ਦੀ ਫਤਿਹ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਸਾਮਰਾਜ ਦਾ ਵਿਸਥਾਰ ਕੀਤਾ, ਜਿਸ ਵਿੱਚ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਦਾ ਵੱਡਾ ਹਿੱਸਾ ਸ਼ਾਮਲ ਸੀ, ਉਨ੍ਹਾਂ ਨੇ ਜ਼ਿਮੀਦਾਰੀ ਪ੍ਰਥਾ ਖਤਮ ਕੀਤੀ ਅਤੇ ਜ਼ਮੀਨ ਦੇ ਮਾਲਕੀ ਹੱਕ ਕਿਸਾਨਾਂ ਨੂੰ ਦੇ ਦਿੱਤੇ, ਓਹਨਾਂ ਵੱਲੋਂ “ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ” ਦੇ ਨਾਮ ‘ਤੇ ਸਿੱਕੇ ਵੀ ਚਲਾਏ ਗਏ।
ਜ਼ੁਲਮ ਦੀ ਇੰਤਹਾ ਅਤੇ ਲਾਸਾਨੀ ਕੁਰਬਾਨੀ
ਸਮਾਂ ਬੀਤਦਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਵੱਧ ਰਹੀ ਚੜ੍ਹਤ ਅਤੇ ਤਾਕਤ ਨੂੰ ਵੇਖਦੇ ਹੋਏ ਇਸਵੀ 1715 ਵਿੱਚ ਦਿੱਲੀ ਦੇ ਮੁਗਲ ਬਾਦਸ਼ਾਹ ਫਰੁੱਖਸੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਫੌਜ ਭੇਜੀ, ਫੌਜ ਨੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਲਗਭਗ 950 ਸਿੰਘਾਂ ਨੂੰ ਗੁਰਦਾਸ ਨੰਗਲ (ਇੱਕ ਕੱਚੀ ਗੜ੍ਹੀ/ਹਵੇਲੀ) ਵਿਖੇ ਅੱਠ ਮਹੀਨਿਆਂ ਲਈ ਘੇਰ ਲਿਆ, ਮੁਗਲ ਫੌਜ ਨੇ ਬਾਹਰੋਂ ਰਸਦ ਆਉਣੀ ਬੰਦ ਕਰ ਦਿੱਤੀ, ਕਰੀਬ ਅੱਠ ਮਹੀਨਿਆਂ ਦੇ ਲੰਮੇ ਅਤੇ ਭਿਆਨਕ ਘੇਰੇ ਦੌਰਾਨ ਭੁੱਖਮਰੀ ਕਾਰਨ ਸਿੱਖ ਫੌਜਾਂ ਬਹੁਤ ਕਮਜ਼ੋਰ ਹੋ ਗਈਆਂ, ਦਸੰਬਰ 1715 ਵਿੱਚ ਮੁਗਲ ਫੌਜਾਂ ਵੱਲੋਂ ਜ਼ਬਰਦਸਤੀ ਹਵੇਲੀ ਦੇ ਦਰਵਾਜ਼ੇ ਖੋਲ੍ਹੇ ਗਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੇੜੀਆਂ ਵਿੱਚ ਜਕੜ ਕੇ ਦਿੱਲੀ ਲਿਆਂਦਾ ਗਿਆ, ਜਿੱਥੇ ਲਗਭਗ ਇੱਕ ਹਫ਼ਤੇ ਤੱਕ ਹਰ ਰੋਜ਼ ਸੈਂਕੜੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ, ਪਰ ਕਿਸੇ ਨੇ ਵੀ ਸਿੱਖ ਸੂਰਮੇ ਨੇ ਆਪਣਾ ਧਰਮ ਨਹੀਂ ਤਿਆਗਿਆ.. ਸਿੱਖਾਂ ਦੀ ਆਪਣੇ ਧਰਮ ਅਤੇ ਗੁਰੂ ਪ੍ਰਤੀ ਦ੍ਰਿੜਤਾ ਨੂੰ ਵੇਖਦੇ ਹੋਏ ਮੁਗਲਾਂ ਵੱਲੋਂ ਉਹਨਾਂ ਨੂੰ ਹੋਰ ਵੀ ਭਿਆਨਕ ਤਸੀਹੇ ਦਿੱਤੇ ਜਾਣ ਲੱਗੇ, ਪਰ ਮੁਗਲ ਫਰੁੱਖਸੀਅਰ, ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਨੂੰ ਆਪਣੀ ਈਨ ਮਨਾਉਣ ‘ਚ ਸਫਲ ਨਾ ਹੋ ਸਕਿਆ।
ਅਖੀਰ ਮੁਗਲ ਫਰੁੱਖਸੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ‘ਤੇ ਆਪਣੇ ਜ਼ਬਰ ਜੁਲਮ ਦੀ ਤਾਕਤ ਅਜ਼ਮਾਉਣੀ ਸ਼ੁਰੂ ਕੀਤੀ, ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਕਤਲ ਕਰ ਦਿੱਤਾ ਤੇ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ, ਮਸੂਮਾਂ ‘ਤੇ ਹੁੰਦਾ ਜੁਲਮ ਵੇਖ ਅਸਮਾਨ ਤੱਕ ਕੰਬ ਉੱਠਿਆ, ਪਰ ਮੁਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੇ ਧਰਮ ਅਤੇ ਜਜ਼ਬੇ ਤੋਂ ਵੱਖ ਨਾ ਕਰ ਸਕੇ।
ਮੁਗਲਾਂ ਵੱਲੋਂ ਤਿੱਖੀਆਂ ਸੂਰੀਆਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਗਰਮ ਸਰੀਏ ਨਾਲ ਉਨ੍ਹਾਂ ਦੇ ਸਰੀਰ ਦਾ ਮਾਸ ਨੋਚਿਆ ਜਾਣ ਲੱਗਿਆ, ਅਤੇ ਉਨ੍ਹਾਂ ਦੇ ਹੱਥ-ਪੈਰ ਕੱਟ ਦਿੱਤੇ ਗਏ।
ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੇ

ਇੰਨੇ ਭਿਆਨਕ ਤਸੀਹੇ ਝੱਲਣ ਦੇ ਬਾਵਜੂਦ, ਬਾਬਾ ਬੰਦਾ ਸਿੰਘ ਬਹਾਦਰ ਨੇ ‘ਵਾਹਿਗੁਰੂ’ ਦਾ ਜਾਪ ਕਰਨਾ ਨਹੀਂ ਛੱਡਿਆ ਅਤੇ ਨਾ ਹੀ ਮੁਗਲਾਂ ਦੀ ਈਨ ਮੰਨੀ, ਬਾਬਾ ਬੰਦਾ ਸਿੰਘ ਬਹਾਦੁਰ ਦੇ ਸਰੀਰ ‘ਚੋਂ ਖੂਨ ਰਿਸਦਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤ ਚਿੱਤ ਅਵਸਥਾ ਵਿੱਚ ਸ਼ਹੀਦੀ ਪਾ ਗਏ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੇ ਪੰਜਾਬ ਵਿੱਚ ਸਿੱਖ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਉਹ ਜ਼ੁਲਮ ਵਿਰੁੱਧ ਲੜਨ ਵਾਲੇ ਯੋਧਿਆਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਬਣੇ, ਅੱਜ ਵੀ ਬਾਬਾ ਬੰਦਾ ਸਿੰਘ ਬਹਾਦੁਰ ਦੀ ਧਰਮ ਪ੍ਰਤੀ ਸਿੱਧਤ ਤੇ ਦਲੇਰੀ ਦੇ ਕਿੱਸੇ ਪੰਜਾਬ ਦੇ ਪਿੰਡਾ ਵਿੱਚ ਮਾਵਾਂ ਆਪਣੇ ਪੁੱਤਾਂ ਨੂੰ ਸੁਣਾਉਂਦੀਆਂ ਨੇ, ਤੇ ਸਿੱਖ ਇਤਿਹਾਸ ਦੇ ਇਸ ਮਹਾਨ ਯੋਧੇ ਦੀ ਲਾਸਾਨੀ ਸਹਾਦਤ ਅੱਗੇ ਅੱਜ ਵੀ ਅਨੇਕਾਂ ਸਿੱਖਾਂ ਦਾ ਸਿਰ ਸਿੱਜਦਾ ਹੁੰਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜਜ਼ਬੇ, ਧਰਮ ਅਤੇ ਗੁਰੂ ਪ੍ਰਤੀ ਵਫਾਦਾਰੀ ਦੀ ਜੋ ਮਿਸਾਲ ਕਾਇਮ ਕੀਤੀ, ਉਹ ਇਸ ਦੁਨਿਆਵੀ ਸੰਸਾਰ ਦੇ ਇਤਿਹਾਸ ਵਿੱਚ ਨਾ ਕਿਤੇ ਹੋਰ ਵੇਖੀ ਗਈ ਐ ਨਾ ਹੀ ਵੇਖੀ ਜਾਵੇਗੀ, ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਹ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਸਿੱਖਾਂ ਦੇ ਜਜ਼ਬੇ ਅਤੇ ਹਿੰਮਤ ਦੀ ਗਵਾਹੀ ਭਰਦੀ ਰਹੇਗੀ….ਤੇ ਜੁਲਮ ਖਿਲਾਫ਼ ਉੱਠਦੀ ਹਰ ਹੱਕ ਸੱਚ ਦੀ ਆਵਾਜ਼ ਨੂੰ ਪ੍ਰੇਰਣਾ ਦਿੰਦੀ ਰਹੇਗੀ।



Leave a Comment