Tore the jaws of lions with his hands fi

ਸ਼ੇਰ ਦੇ ਜਬੜੇ ਨੂੰ ਹੱਥਾਂ ਨਾਲ ਪਾੜਿਆ, ਅੱਗ ਦੇ ਭਰੇ ਘੜ੍ਹੇ ਹਿੱਕ ਨਾਲ ਰੋਕੇ

ਫ਼ਖ਼ਰ ਏ ਕੌਮ – ਹਰੀ ਸਿੰਘ ਨਲਵਾ

ਸ਼ੇਰ: ਜੰਗਲ ਦਾ ਰਾਜ਼ਾ, ਤਾਕਤ ਤੇ ਜ਼ੋਰ ਦਾ ਪ੍ਰਤੀਕ, ਪਰ ਸ਼ੇਰ ਦੇ ਜਬੜੇ ਨੂੰ ਹੱਥਾਂ ਨਾਲ ਪਾੜ ਕੇ ਸੁੱਟ ਦੇਣ ਵਾਲਾ ਕੌਣ ?

ਪਠਾਣਾ ਨੂੰ ਸਲਵਾਰਾਂ ਪਵਾ ਦੇਣ ਵਾਲਾ ਕੌਣ ਸੀ?

ਕਿਸ ਦਾ ਡਰਾਵਾ ਦੇ ਕੇ ਪਠਾਣਾ ਮਾਵਾਂ ਬੱਚਿਆਂ ਨੂੰ ਸੁਆਉਂਦੀਆਂ ਸਨ?

ਓਹ ਐ ਹਰੀ ਸਿੰਘ ਨਲਵਾ। ਦਰਅਸਲ ਹਰੀ ਸਿੰਘ ਨਲਵਾ ਨੂੰ “ਨਲਵਾ” ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ। ਪ੍ਰਚਿਲਤ ਕਹਾਣੀ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਛੋਟਾ ਕਾਫ਼ਲਾ ਜੰਗਲ ਵਿੱਚ ਦੀ ਲੰਘ ਰਿਹਾ ਸੀ, ਜਿਸ ਸਮੇਂ ਕਾਫ਼ਿਲੇ ਉੱਪਰ ਇੱਕ ਸ਼ੇਰ (ਬਾਘ) ਨੇ ਹਮਲਾ ਕਰ ਦਿੱਤਾ, ਤਾਂ ਉਸ ਸਮੇਂ ਹਰੀ ਸਿੰਘ ਨਲਵਾ ਨੇ ਬਾਘ ਦੇ ਮੂੰਹ ‘ਚ ਹੱਥ ਪਾਕੇ ਦੋਵਾਂ ਹੱਥਾਂ ਨਾਲ ਉਸਦਾ ਜਬੜਾ ਪਾੜ ਸੁੱਟਿਆ, ਹਰੀ ਸਿੰਘ ਦੀ ਦਲੇਰੀ ਤੇ ਬਲ ਸਮਰੱਥਾ ਤੋਂ ਪ੍ਰਭਾਵਿਤ ਹੋਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਤੁਲਨਾ ਮਹਾਂਭਾਰਤ ਦੇ ਇੱਕ ਰਾਜਾ ਨੱਲ (ਨਲਾ) ਨਾਲ ਕੀਤੀ, ਜੋ ਸ਼ੇਰ ਅਤੇ ਹੋਰਨਾਂ ਖਤਰਨਾਕ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਜਾਣਿਆ ਜਾਂਦਾ ਸੀ, ਇਸੇ ਘਟਨਾ ਤੋਂ ਬਾਅਦ ਹੀ ਹਰੀ ਸਿੰਘ ਦਾ ਨਾਮ ਹਰੀ ਸਿੰਘ ਨਲਵਾ (ਜਾਂ ਨਲੂਆ) ਪੈ ਗਿਆ।

Pride of the Nation Hari Singh Nalwa

ਹਰੀ ਸਿੰਘ ਨਲਵਾ ਵੱਲੋਂ ਅਫ਼ਗਾਨਾ ਉੱਪਰ ਕੀਤੇ ਗਏ ਹਮਲਿਆਂ ਦਾ ਖੌਫ ਅਫ਼ਗਾਨਾ ਵਿੱਚ ਇਸ ਹੱਦ ਤੱਕ ਆ ਗਿਆ ਸੀ ਕਿ ਉਸ ਸਮੇਂ ਅਫ਼ਗ਼ਾਨ ਦੇ ਮਰਦਾਂ ਵੱਲੋਂ ਵੀ ਔਰਤਾਂ ਦਾ ਪਹਿਰਾਵਾ ਭਾਵ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਕਿਉੰਕਿ ਸਿੱਖ ਫੌਜਾਂ ਔਰਤ ਤੇ ਹਮਲਾ ਨਹੀਂ ਕਰਦੀਆਂ ਸਨ, ਇਹਨਾਂ ਹਲਾਤਾਂ ਦੀ ਜਾਣਕਾਰੀ ਮੀਆਂਗੁਲ ਔਰੰਗਜ਼ੇਬ ਦੇ ਇੱਕ ਖੁੱਲ੍ਹੇ ਪੱਤਰ ਚ ਮਿਲਦੀ ਹੈ, ਜਿਸ ਵਿੱਚ ਉਹ ਮੰਨਦਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੇ ਸਿੱਖ ਫ਼ੌਜ ਤੋਂ ਬਚਣ ਲਈ ਪੰਜਾਬੀ ਔਰਤਾਂ ਵਾਲਾ ਪਹਿਰਾਵਾ (ਸਲਵਾਰ-ਕਮੀਜ਼) ਆਪਣਾ ਲਿਆ  ਸੀ।

ਇਸੇ ਤਰ੍ਹਾਂ ਹੀ ਦੱਸਿਆ ਜਾਂਦਾ ਹੈ ਕਿ ਉਹਨਾ ਸਮਿਆਂ ਵਿੱਚ ਹੀ ਅਫ਼ਗਾਨੀ ਔਰਤਾਂ ਆਪਣੇ ਰੋਂਦੇ ਬੱਚੇ ਨੂੰ ਸੁਲਾਉਣ ਲਈ ਹਰੀਂ ਸਿੰਘ ਨਲਵਾ ਦੇ ਨਾਮ ਦੇ ਡਰ ਦਾ ਸਹਾਰਾ ਲੈਂਦੀਆਂ ਸਨ, ਦਰਅਸਲ ਉਸ ਸਮੇਂ ਅਫ਼ਗਾਨੀ ਮਾਵਾਂ ਵਿੱਚ ਇੱਕ ਕਥਨ ਮਸ਼ਹੂਰ ਸੀ, ““ਚੁੱਪ ਸ਼ਾ, ਹਰੀ ਸਿੰਘ ਰਾਘਲੇ”, ਜਿਸਦਾ ਪੰਜਾਬ ਚ ਭਾਵ “ਚੁੱਪ ਹੋ ਜਾ, ਹਰੀ ਸਿੰਘ ਆ ਰਿਹਾ ਹੈ”।

ਇਹਨਾਂ ਹਲਾਤਾਂ ਦੀ ਜਾਣਕਾਰੀ ਮੀਆਂਗੁਲ ਔਰੰਗਜ਼ੇਬ ਦੇ ਇੱਕ ਖੁੱਲ੍ਹੇ ਪੱਤਰ ਵਿੱਚ ਮਿਲਦੀ ਹੈ ਅਤੇ ਵਨੀਤ ਨਲਵਾ ਦੀ ਕਿਤਾਬ “ਹਰੀ ਸਿੰਘ ਨਲਵਾ – ਚੈਂਪੀਅਨ ਆਫ ਖ਼ਾਲਸਾ ਜੀ” ਵਿੱਚ ਵੀ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ ਅਤੇ ਇਸਦੇ ਨਾਲ ਹੀ ਡਾ. ਐਸ. ਪੀ. ਸਿੰਘ, ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਜਨਮ ਅਤੇ ਮੁੱਢਲਾ ਜੀਵਨ

ਹਰੀ ਸਿੰਘ ਨਲਵਾ ਦਾ ਜਨਮ ਪੰਜਾਬ ‘ਚ ਮਾਝੇ ਦੀ ਧਰਤੀ ‘ਤੇ 29 ਅਪ੍ਰੈਲ 1791 ਵਿੱਚ ਗੁਜਰਾਂਵਾਲਾ ਵਿਖੇ ਹੋਇਆ, ਇਹ ਇਲਾਕਾ ਉਸ ਸਮੇਂ ਸੁਕਰਚੱਕੀਆ ਮਿਸਲ ਹੇਠ ਆਉਂਦਾ ਸੀ, ਹਰੀ ਸਿੰਘ ਦੇ ਪਰਿਵਾਰ ਦਾ ਪਹਿਲਾਂ ਤੋਂ ਹੀ ਧਰਮ ਅਤੇ ਧਾਰਮਿਕ ਰਾਜ ਦਰਬਾਰ ਨਾਲ ਸਬੰਧ ਸੀ, ਦੱਸਿਆ ਜਾਂਦਾ ਹੈ ਕਿ ਹਰੀ ਸਿੰਘ ਦੇ ਦਾਦਾ ਹਰਦਾਸ ਸਿੰਘ ਵੀ ਇੱਕ ਸੂਰਵੀਰ ਸਨ ਜੋ 1762 ਵਿੱਚ ਅਹਿਮਦ ਸਾਹ ਦੁਰਾੱਨੀ ਅਤੇ ਉਸਦੀਆਂ ਫੌਜਾਂ ਨਾਲ ਹੋਈ ਜੰਗ ਵਿੱਚ ਸ਼ਹੀਦੀ ਪਾ ਗਏ ਸਨ, ਜਦੋਂ ਕਿ ਹਰੀ ਸਿੰਘ ਨਲਵਾ ਦੇ ਪਿਤਾ ਗੁਰਦਿਆਲ ਸਿੰਘ ਸੁਕਰਚੱਕੀਆ ਸਰਦਾਰ ਚੜ੍ਹਤ ਸਿੰਘ ਅਤੇ ਮਹਾਂ ਸਿੰਘ ਦੀਆਂ ਮੁਹਿੰਮਾਂ ਵਿੱਚ ਸੇਵਾ ਕਰਦੇ ਸਨ, ਜਦੋਂ ਹਰੀ ਸਿੰਘ ਕਰੀਬ 7 ਸਾਲ ਦਾ ਸੀ ਤਾਂ 1798 ਵਿੱਚ ਹੀ ਉਹਨਾਂ ਦੇ ਪਿਤਾ ਗੁਰਦਿਆਲ ਸਿੰਘ ਦੀ ਮੌਤ ਹੋ ਜਾਂਦੀ ਹੈ, ਪਿਤਾ ਦੀ ਮੌਤ ਤੋਂ ਬਾਅਦ ਹਰੀ ਸਿੰਘ ਆਪਣੀ ਮਾਤਾ ਧਰਮ ਕੌਰ ਨਾਲ ਨਾਨਕੇ ਘਰ ਰਹਿਣ ਲੱਗ ਜਾਂਦਾ ਹੈ, ਜਿੱਥੇ ਉਸਨੂੰ ਪੰਜਾਬੀ ਅਤੇ ਫ਼ਾਰਸੀ ਭਾਸ਼ਾ ਦੇ ਨਾਲ ਨਾਲ ਘੁੜਸਵਾਰੀ, ਤਲਵਾਰਬਾਜ਼ੀ ਅਤੇ ਨਿਸ਼ਾਨੇ ਬਾਜ਼ੀ ਦੀ ਵੀ ਸਿਖਲਾਈ ਦੇਣੀ ਸ਼ੁਰੂ ਕੀਤੀ ਜਾਂਦੀ ਹੈ, 10 ਸਾਲ ਦੀ ਉਮਰ ਵਿੱਚ ਹਰੀ ਸਿੰਘ ਨੂੰ ਖ਼ਾਲਸਾਈ ਅੰਮ੍ਰਿਤ ਛਕਾਇਆ ਜਾਂਦਾ ਹੈ।

12 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਹੀ ਹਰੀ ਸਿੰਘ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ, ਪਹਿਲਾਂ ਉਸਨੇ ਆਪਣੇ ਪਿਤਾ ਦੀ ਜਾਇਦਾਦ ਦਾ ਪ੍ਰਬੰਧਨ ਕਰਨਾ ਸ਼ੁਰੂ ਕੀਤਾ, ਪਿਤਾ ਦੀ ਮੌਤ ਤੋਂ ਤਕਰੀਬਨ 6 ਸਾਲਾਂ ਦੇ ਵਕਫੇ ਬਾਅਦ ਜਦੋਂ ਹਰੀ ਸਿੰਘ 13 ਸਾਲ ਦਾ ਹੋਇਆ ਤਾਂ ਮਾਤਾ ਧਰਮ ਕੌਰ ਉਸ ਨੂੰ ਨਾਲ ਲੈਕੇ ਵਾਪਿਸ ਆਪਣੇ ਸਹੁਰੇ ਘਰ ਗੁਜਰਾਂਵਾਲਾ ਆਕੇ ਰਹਿਣ ਲੱਗ ਜਾਂਦੀ ਹੈ, ਜਿੱਥੇ ਹਰੀ ਸਿੰਘ ਆਪਣੀ ਵਿੱਦਿਆ, ਘੁੜਸਵਾਰੀ ਅਤੇ ਤਲਵਾਰਬਾਜ਼ੀ ਦੇ ਅਭਿਆਸ ਨੂੰ ਜਾਰੀ ਰੱਖਦਾ ਹੈ।

ਫੌਜੀ ਸੇਵਾ ਦਾ ਮਿਲਣਾ ਅਤੇ ਰਾਜ ਦਰਬਾਰ ਚ ਦਾਖ਼ਲਾ

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਰੀ ਸਿੰਘ ਨਲਵਾ ਦੀ ਤੁਰੰਤ ਹਾਜ਼ਰੀ ਦਾ ਕਾਰਨ ਇੱਕ ਜਾਇਦਾਦ ਦਾ ਵਿਵਾਦ ਸੀ, 1804 ਵਿੱਚ 14 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨੂੰ ਮਾਤਾ ਧਰਮ ਕੌਰ ਨੇ ਇੱਕ ਰਾਜਸੀ ਸੁਣਵਾਈ ਲਈ ਮਹਾਰਾਜਾ ਦੇ ਦਰਬਾਰ ਵਿੱਚ ਭੇਜ ਦਿੱਤਾ ਸੀ, ਹਰੀ ਸਿੰਘ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਆਪਣਾ ਕੇਸ ਨਾ ਸਿਰਫ਼ ਕਾਨੂੰਨੀ ਅਧਾਰਾਂ ‘ਤੇ ਪੇਸ਼ ਕੀਤਾ ਸਗੋਂ ਸੁਕਰਚੱਕੀਆ ਪੂਰਵਜਾਂ ਪ੍ਰਤੀ ਆਪਣੇ ਪਰਿਵਾਰ ਦੀ ਵਫ਼ਾਦਾਰੀ ‘ਤੇ ਵੀ ਜ਼ੋਰ ਦਿੱਤਾ, ਉਹਨਾਂ ਨੇ ਮਹਾਰਾਜਾ ਅੱਗੇ ਇੱਕ ਚੰਗੇ ਘੁੜਸਵਾਰ ਅਤੇ ਬੰਦੂਕਚੀ ਵਜੋਂ ਵੀ ਆਪਣੀ ਮੁਹਾਰਤ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ। ਹਰੀ ਸਿੰਘ ਦੀ ਯੋਗਤਾ, ਹੁਨਰ, ਅਤੇ ਪਿਛੋਕੜ ਤੋਂ ਪ੍ਰਭਾਵਿਤ ਹੋ ਕੇ ਰਣਜੀਤ ਸਿੰਘ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਤੁਰੰਤ ਹਰੀ ਸਿੰਘ ਨਲਵਾ ਨੂੰ ਇੱਕ ਨਿੱਜੀ ਸੇਵਾਦਾਰ ਵਜੋਂ ਦਰਬਾਰ ਵਿੱਚ ਨਿਯੁਕਤ ਕਰ ਦਿੱਤਾ।

ਇਸਤੋਂ ਬਾਅਦ ਹੀ ਹਰੀ ਸਿੰਘ ਦਾ ਸਾਹਮਣਾ ਮਹਾਰਾਜ ਦੀ ਇੱਕ ਸ਼ਾਹੀ ਫੇਰੀ ਦੌਰਾਨ ਸ਼ੇਰ ਨਾਲ ਹੁੰਦਾ ਹੈ ਜਿਸਦਾ ਇਕੱਲਿਆਂ ਹੀ ਸ਼ਿਕਾਰ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨੂੰ “ਨਲਵਾ” ਦਾ ਖਿਤਾਬ ਦਿੰਦੇ ਹਨ।

(ਸ਼ੇਰ ਨਾਲ ਹੋਈ ਇਸ ਟੱਕਰ ਸੀ ਪੁਸ਼ਟੀ ਹਰੀ ਸਿੰਘ ਨਲਵਾ ਨੇ ਇੱਕ ਆਸਟ੍ਰੀਅਨ ਨੋਬਲਮੈਨ ਬੈਰਨ ਹਿਊਗਲ ਨੂੰ ਉਸਦੀ ਇੱਕ ਫੇਰੀ ਦੌਰਾਨ 1836 ਵਿੱਚ ਦਿੱਤੀ)

ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਨੌਜਵਾਨ ਯੋਧੇ ਹਰੀ ਸਿੰਘ ਦੀ ਤੁਰੰਤ ਕੀਤੀ ਗਈ ਤਰੱਕੀ ਨੂੰ ਜਾਇਜ਼ ਠਹਿਰਾਇਆ ਅਤੇ ਇਸ ਘਟਨਾ ਤੋਂ ਬਾਅਦ ਹਰੀ ਸਿੰਘ ਨੂੰ ਇੱਕ ਸਰਦਾਰ (ਨੇਤਾ) ਵਜੋਂ ਮਾਨਤਾ ਦਿੱਤੀ ਗਈ ਅਤੇ 800 ਆਦਮੀਆਂ ਦੀ ਫੌਜ ਦੀ ਕਮਾਨ ਸੌਂਪੀ ਗਈ।

ਕਸੂਰ ਅਤੇ ਸਿਆਲਕੋਟ ਦੀ ਲੜਾਈ

1807 ਵਿੱਚ ਤਕਰੀਬਨ 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲਵਾ ਨੇ ਆਪਣੀ ਪਹਿਲੀ ਮਹੱਤਵਪੂਰਨ ਮੁਹਿੰਮ ਕਸੂਰ ਦੀ ਲੜਾਈ ਵਿੱਚ ਹਿੱਸਾ ਲਿਆ। ਕਸੂਰ ਦਾ ਲਾਹੌਰ ਰਾਜ ਦੇ ਨੇੜੇ ਹੋਣਾ ਸਿੱਖ ਰਾਜ ਲਈ ਲਗਾਤਾਰ ਖ਼ਤਰਾ ਪੈਦਾ ਕਰਦਾ ਆ ਰਿਹਾ ਸੀ ਅਤੇ ਕਸੂਰ ਨੂੰ ਸਿੱਖਾਂ ਵੱਲੋਂ ਚੌਥੀ ਕੋਸ਼ਿਸ਼ ਵਿੱਚ ਹੀ ਫਤਹਿ ਕੀਤਾ ਜਾ ਸਕਿਆ। ਉਸ ਸਮੇਂ ਕਸੂਰ ਦੇ ਅਫਗਾਨ ਸਾਸ਼ਕ ਕੁਤਬ-ਉਦ-ਦੀਨ ਖ਼ਾਨ ਨੂੰ ਹਰਾਉਣ ਲਈ ਹਰੀ ਸਿੰਘ ਨਲਵਾ ਨੇ ਤਿੰਨ ਮਹੀਨਿਆਂ ਦੀ ਘੇਰਾਬੰਦੀ ਕੀਤੀ, ਘੇਰਾਬੰਦੀ ਦੌਰਾਨ ਨਲਵਾ ਨੇ ਕਮਾਲ ਦੀ ਬਹਾਦਰੀ ਅਤੇ ਨਿਪੁੰਨਤਾ ਦਾ ਪ੍ਰਦਰਸ਼ਨ ਕੀਤਾ। ਨਲਵਾ ਅੱਗੇ ਕਸੂਰ ਦੇ ਕੁਤਬ-ਉਦ-ਦੀਨ ਨੇ ਆਪ ਆਕੇ ਹੀ ਆਤਮ ਸਮਰਪਣ ਕਰ ਦਿੱਤਾ। ਹਰੀ ਸਿੰਘ ਨਲਵਾ ਦੀ ਇਸ ਜਿੱਤ ਅਤੇ ਸੇਵਾ ਭਾਵਨਾ ਨੂੰ ਦੇਖਦੇ ਹੋਏ ਸ਼ਾਹੀ ਦਰਬਾਰ ਵੱਲੋਂ ਉਹਨਾਂ ਨੂੰ ਇੱਕ ਜਾਗੀਰ (ਜਾਇਦਾਦ) ਇਨਾਮ ਵਜੋਂ ਵੀ ਦਿੱਤੀ ਗਈ।

ਹਰੀ ਸਿੰਘ ਨਲਵਾ ਦੀ ਸਮਰੱਥਾ ਦੀ ਹੋਰ ਪੁਸ਼ਟੀ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਵੱਲੋਂ ਤੁਰੰਤ ਹੀ ਹਰੀ ਸਿੰਘ ਨਲਵਾ ਨੂੰ ਸਿਆਲਕੋਟ ਦੇ ਸਾਸ਼ਕ ਜੀਵਨ ਸਿੰਘ ਤੋਂ ਸਿਆਲਕੋਟ ਜਿੱਤ ਲੈਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ।

1807 ਵਿੱਚ ਮਹਿਜ਼ 17 ਸਾਲ ਦੀ ਉਮਰ ‘ਚ ਹਰੀ ਸਿੰਘ ਨਲਵਾ ਨੇ ਆਪਣੀ ਕਮਾਨ ਹੇਠ ਪਹਿਲਾਂ ਸਿਆਲਕੋਟ ਲੜਾਈ ਦੀ ਨਿਸ਼ਾਨਦੇਹੀ ਕੀਤੀ ਅਤੇ ਫਿਰ ਸਿੱਖ ਫੌਜਾਂ ਦੀ ਅਗਵਾਈ ਕਰਦੇ ਹੋਏ ਸਲਤਾਪੂਰਵਕ ਸਿਆਲਕੋਟ ਦੇ ਕਿਲ੍ਹੇ ਉੱਪਰ ਖ਼ਾਲਸਾ ਰਾਜ ਦਾ ਝੰਡਾ ਲਹਿਰਾ ਦਿੱਤਾ।

Maharaja Ranjit Singh Fight With Afghan

ਮੁਲਤਾਨ ਅਤੇ ਅਟਕ ਦੀਆਂ ਪ੍ਰੀਖਿਆਵਾਂ

ਹਰੀ ਸਿੰਘ ਨਲਵਾ ਨੇ ਮੁਲਤਾਨ ਨੂੰ ਫ਼ਤਿਹ ਕਰਨ ਦੇ ਉਦੇਸ਼ ਨਾਲ ਕਈ ਮੁਹਿੰਮਾਂ ਵਿੱਚ ਹਿੱਸਾ ਲਿਆ, ਸਾਲ 1810 ਵਿੱਚ ਤਕਰੀਬਨ 20 ਸਾਲ ਦੇ ਹਰੀ ਸਿੰਘ ਨਲਵਾ ਨੇ ਸਭ ਤੋਂ ਅੱਗੇ ਹੋਕੇ ਹਿੱਸਾ ਲਿਆ, ਇਹ ਘੇਰਾਬੰਦੀ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਨ ਦੇ ਖਿਰਾਜ ਦੇਣ ਤੋਂ ਇਨਕਾਰ ਕਰਨ ਕਾਰਨ ਸ਼ੁਰੂ ਕੀਤੀ ਗਈ ਸੀ।

ਇੱਥੇ ਹੀ ਮੁਲਤਾਨ ਦੇ ਕਿਲ੍ਹੇ ਦੀਆਂ ਕੰਧਾਂ ‘ਤੇ ਸਰਗਰਮੀ ਨਾਲ ਚੜ੍ਹਦੇ ਹੋਏ ਹਰੀ ਸਿੰਘ ਨਲਵਾ ਕਿਲ੍ਹੇ ਉਪਰੋਂ ਸੁੱਟੇ ਗਏ ਅੱਗ ਨਾਲ ਭਰੇ ਇੱਕ ਘੜੇ ਨਾਲ ਟਕਰਾਅ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ, ਹਾਲਾਂਕਿ ਨਵਾਬ ਨੇ ਆਖਰਕਾਰ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਇੱਕ ਵੱਡਾ ਖਿਰਾਜ ਵੀ ਅਦਾ ਕੀਤਾ ਸੀ, ਪਰ ਇਸ ਗੰਭੀਰ ਸੱਟ ਨੇ ਨਲਵਾ ਦੀ ਇੱਕ ਯੋਧੇ ਵਜੋਂ ਪ੍ਰਤਿਸ਼ਠਾ ਸਥਾਪਤ ਕਰ ਦਿੱਤੀ, ਜੋ ਕਿ ਹੁਣ ਨਿੱਜੀ ਖ਼ਤਰੇ ਅਤੇ ਸਖ਼ਤ ਹਲਾਤਾਂ ਨੂੰ ਸਹਿਣ ਲਈ ਤਿਆਰ ਪੂਰੀ ਤਰਾਂ ਤਿਆਰ ਹੋ ਚੁੱਕਿਆ ਸੀ।

ਇਸ ਘਟਨਾ ਤੋਂ ਲਗਭਗ ਤਿੰਨ ਸਾਲ ਬਾਅਦ 13 ਜੁਲਾਈ 1813 ਨੂੰ ਸਿੱਖ ਫੌਜਾਂ ਦੀ ਟੱਕਰ ਅਟਕ ਦੀ ਧਰਤੀ ਤੇ ਦੁਰਾਨੀ ਸਾਮਰਾਜ ਨਾਲ ਹੋਈ, ਜਿਸਦੀ ਅਗਵਾਈ ਵਜ਼ੀਰ ਫਤਿਹ ਖ਼ਾਨ ਅਤੇ ਦੋਸਤ ਮੁਹੰਮਦ ਖ਼ਾਨ ਕਰ ਰਹੇ ਸਨ, ਇਸ ਲੜਾਈ ਵਿੱਚ ਹਰੀ ਸਿੰਘ ਨਲਵਾ ਸਮੇਤ ਜਰਨੈਲ ਦੀਵਾਨ ਮੋਖਮ ਚੰਦ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਵੀ ਹਿੱਸਾ ਲਿਆ।

ਇਹ ਟਕਰਾਅ ਸਿੱਖਾਂ ਦੀ ਦੁਰਾੱਨੀਆਂ ਉੱਤੇ ਪਹਿਲੀ ਨਿਰਣਾਇਕ ਫੌਜੀ ਜਿੱਤ ਦੇ ਤੌਰ ‘ਤੇ ਮਹੱਤਵਪੂਰਨ ਸੀ, ਇਸ ਜਿੱਤ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਅਟਕ ਕਿਲ੍ਹਾ, ਸਿੰਧ ਨਦੀ ਦੇ ਪਾਰ ਲੰਘਣ ਦਾ ਰਾਹ ਅਤੇ ਹਜ਼ਾਰਾ-ਏ-ਕਾਰਲੌਘ ਅਤੇ ਗੰਧਗੜ੍ਹ ਦੇ ਨਾਲ ਲੱਗਦੇ ਖੇਤਰਾਂ ਨੂੰ ਸੁਰੱਖਿਅਤ ਕਰ ਦਿੱਤਾ, ਅਟਕ ਦੀ ਜਿੱਤ ਨੇ ਉਸ ਪਲ ਦੀ ਗਵਾਹੀ ਭਰੀ ਜਦੋਂ ਸਿੱਖ ਸਾਮਰਾਜ ਪੂਰੀ ਤਰ੍ਹਾਂ ਇੱਕ ਵੱਡੀ ਸ਼ਕਤੀ ਵਿੱਚ ਤਬਦੀਲ ਹੋ ਗਿਆ ਸੀ, ਜੋ ਹੁਣ ਹਮਲਾਵਰ ਤਰੀਕੇ ਨਾਲ ਆਪਣੀਆਂ ਸਰਹੱਦਾਂ ਨੂੰ ਪੱਛਮ ਵੱਲ ਧੱਕ ਰਿਹਾ ਸੀ ਅਤੇ ਰਵਾਇਤੀ ਅਫ਼ਗਾਨਾ ਨੂੰ ਸਿੱਧੀ ਚੁਣੌਤੀ ਦੇ ਰਿਹਾ ਸੀ।

 ਕਮਾਂਡਰ-ਇਨ-ਚੀਫ਼, ਸਿੱਖ ਰਾਜ ਦਾ ਆਰਕੀਟੈਕਟ ਅਤੇ ਅਸਥਿਰ ਸਰਹੱਦਾਂ ਦਾ ਪ੍ਰਬੰਧ ਕਰਨਾ (1818–1834)

1818 ਵਿੱਚ ਮੁਲਤਾਨ ਦੀ ਅਹਿਮ ਫ਼ਤਿਹ ਅਤੇ 1819 ਵਿੱਚ ਕਸ਼ਮੀਰ ਦੀ ਸਫਲ ਜਿੱਤ ਤੋਂ ਬਾਅਦ, ਹਰੀ ਸਿੰਘ ਨਲਵਾ ਨੇ ਸਿੱਖ ਸਾਮਰਾਜ ਦੀਆਂ ਸਭ ਤੋਂ ਮੁਸ਼ਕਲ ਸਰਹੱਦਾਂ ‘ਤੇ ਸਰਵਉੱਚ ਫੌਜੀ ਕਮਾਂਡਰ ਅਤੇ ਮੁੱਖ ਸੂਬਾਈ ਪ੍ਰਸ਼ਾਸਕ ਦੀ ਭੂਮਿਕਾ ਨੂੰ ਬੜੀ ਤੇਜ਼ੀ ਨਾਲ ਸੰਭਾਲ ਲਿਆ, ਉਹਨਾਂ ਦੇ ਪ੍ਰਸ਼ਾਸਕੀ ਰਾਜ ਦਾ ਖੇਤਰਫ਼ਲ ਉਸ ਸਮੇਂ ਦੇ ਸਮੁੱਚੇ ਸਿੱਖ ਸਾਮਰਾਜ ਦੇ ਖੇਤਰਫ਼ਲ ਦਾ ਲਗਭਗ ਇੱਕ ਤਿਹਾਈ ਦਾ ਹਿੱਸਾ ਸੀ।

 ਕਸ਼ਮੀਰ ਦੀ ਗਵਰਨਰੀ ਅਤੇ ਆਰਥਿਕ ਸੁਧਾਰ (1820–1821)

5 ਜੁਲਾਈ 1819 ਨੂੰ ਕਸ਼ਮੀਰ ‘ਚ ਇੱਕ ਭਿਆਨਕ ਲੜਾਈ ‘ਚ ਜਿੱਤ ਤੋਂ ਬਾਅਦ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਦੀਵਾਲੀ ਵਾਂਗ ਰੋਸ਼ਨੀ ਅਤੇ ਜਸ਼ਨ ਕੀਤੇ ਗਏ ਸਨ ,ਇਸ ਜਿੱਤ ਸਦਕਾ ਹੀ 1820 ਵਿੱਚ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਪਹਿਲਾ ਖ਼ਾਲਸਾ ਗਵਰਨਰ (ਸੂਬੇਦਾਰ) ਨਿਯੁਕਤ ਕੀਤਾ ਗਿਆ, ਉਹਨਾਂ ਨੇ ਇੱਕ ਸਾਲ ਤੋਂ ਥੋੜ੍ਹੇ ਵੱਧ ਸਮੇਂ ਲਈ ਕਸ਼ਮੀਰ ਦੇ ਖੇਤਰ ਦਾ ਪ੍ਰਬੰਧਨ ਕੀਤਾ।

ਹਰੀ ਸਿੰਘ ਨਲਵਾ ਦੀ ਮੁੱਖ ਜੁੰਮੇਵਾਰੀ ਕਸ਼ਮੀਰ ਰਾਜ ਦੇ ਖੇਤਰ ਵਿੱਚ ਸਥਿਰਤਾ ਨੂੰ ਲਾਗੂ ਕਰਨਾ ਸੀ ਅਤੇ ਨਵੇਂ ਜਿੱਤੇ ਗਏ ਖੇਤਰ ਨੂੰ ਏਕੀਕ੍ਰਿਤ ਕਰਨਾ ਸੀ, ਨਲਵਾ ਨੇ ਆਰਥਿਕਤਾ ਨੂੰ ਸੁਚਾਰੂ ਬਣਾਉਣ ਅਤੇ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਦੀ ਤਰਫੋਂ ਇੱਕ ਟਕਸਾਲ ਸਥਾਪਤ ਕੀਤੀ, ਨਲਵਾ ਦੀ ਗਵਰਨਰੀ ਦੌਰਾਨ ਬਣਾਏ ਗਏ ਚਾਂਦੀ ਦੇ ਸਿੱਕੇ ਮਸ਼ਹੂਰ ਤੌਰ ‘ਤੇ ‘ਹਰੀ ਸਿੰਘੀ’ ਵਜੋਂ ਜਾਣੇ ਗਏ, ਹਰੀ ਸਿੰਘ ਨਲਵਾ ਦੀ ਆਰਥਿਕ ਸਮਝ ਦੇ ਸਥਾਈ ਪ੍ਰਭਾਵ ਅਤੇ ਕੁਸ਼ਲਤਾ ਦਾ ਸਦਕਾ ਹੀ ਨਲਵਾ ਦੇ ਸ਼ਹੀਦ ਹੋ ਜਾਣ ਉਪਰੰਤ ਵੀ ਕਸ਼ਮੀਰ ‘ਚ ਬਣਾਏ ਗਏ ਸਾਰੇ ਸਿੱਖ ਸਿੱਕਿਆਂ ਨੂੰ ਪ੍ਰਸਿੱਧ ਤੌਰ ‘ਤੇ ‘ਹਰੀ ਸਿੰਘੀ’ ਵਜੋਂ ਜਾਣਿਆ ਜਾਂਦਾ ਰਿਹਾ,

ਹਾਲਾਂਕਿ ਹਰੀ ਸਿੰਘ ਨਲਵਾ ਨੇ ਇੱਕ ਸਾਲ ਤੋਂ ਕੁਝ ਵੱਧ ਸਮਾਂ ਹੀ ਕਸ਼ਮੀਰ ‘ਚ ਗੁਜ਼ਾਰਿਆ, ਕਿਉਂਕਿ ਹੋਰਨਾਂ ਮਹੱਤਵਪੂਰਨ ਮੋਰਚਿਆਂ ਨੂੰ ਫ਼ਤਿਹ ਕਰਨ ਲਈ ਸਿੱਖ ਫੌਜਾਂ ਕੋਲ ਹਰੀ ਸਿੰਘ ਨਲਵਾ ਦੀ ਅਗਵਾਈ ਅਤੇ ਸੂਝ ਦਾ ਹੋਣਾ ਬਹੁਤ ਜ਼ਰੂਰੀ ਸੀ।

 ਹਜ਼ਾਰਾ ਸਿੱਖ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਸ਼ਹਿਰੀ ਯੋਜਨਾਬੰਦੀ ਕਰਨੀ (1822–1837)

ਹਰੀ ਸਿੰਘ ਨਲਵਾ ਨੂੰ 1822 ਵਿੱਚ ਗ੍ਰੇਟਰ ਹਜ਼ਾਰਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਇਹ ਉਹ ਭੂਮਿਕਾ ਸੀ ਜੋ ਨਲਵਾ ਨੇ 1837 ਵਿੱਚ ਸ਼ਹੀਦ ਹੋ ਜਾਣ ਤੱਕ ਨਿਭਾਈ, ਇਸ ਸਮੇਂ ਦੌਰਾਨ ਉਹਨਾਂ ਨੇ ਪੱਛਮੀ ਸਰਹੱਦਾਂ ‘ਤੇ ਵਾਇਸਰਾਏ ਵਜੋਂ ਵੀ ਕੰਮ ਕੀਤਾ।

ਇਹ ਕਾਰਜਕਾਲ ਸਿੱਖ ਰਾਜ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀਆਂ ਗਈਆਂ ਪ੍ਰਮੁੱਖ ਫੌਜੀ ਮੁਹਿੰਮਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦੇ ਵਿਕਾਸ ਲਈ ਹਰੀ ਸਿੰਘ ਨਲਵਾ ਨੂੰ ਸੌਪਿਆਂ ਗਿਆ ਸੀ। ਇਸੇ ਸਮੇਂ ਦੌਰਾਨ ਹੀ ਸਾਲ 1821 ਵਿੱਚ ਹਰੀ ਸਿੰਘ ਨਲਵਾ ਨੇ ਮੰਗਲਾ ਦੀ ਲੜਾਈ ਵਿੱਚ ਇੱਕ ਨਿਰਣਾਇਕ ਸਫਲਤਾ ਪ੍ਰਾਪਤ ਕੀਤੀ, ਜਿਸ ਵਿੱਚ ਉਹਨਾਂ ਨੇ 7,000 ਪੈਦਲ ਸੈਨਿਕਾਂ ਨਾਲ ਖ਼ਤਰਨਾਕ ਪਹਾੜਾਂ ਅਤੇ ਕਿਸ਼ਨਗੰਗਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਖੱਖਾ ਮੁਖੀ ਗੁਲਾਮ ਅਲੀ ਦੀ ਅਗਵਾਈ ਵਿੱਚ ਇੱਕ ਵਿਦਰੋਹ ਨੂੰ ਸਲਤਾਪੂਰਵਕ ਕੁਚਲ ਦਿੱਤਾ, ਉਸ ਸਮੇਂ ਹਰੀ ਸਿੰਘ ਨਲਵਾ ਦੀਆਂ ਫੌਜੀ ਰਣਨੀਤੀਆਂ ਦੀ ਬੇਹੱਦ ਤਾਰੀਫ਼ ਕੀਤੀ ਗਈ ਕਿਉਂਕਿ ਹਰੀ ਸਿੰਘ ਨਲਵਾ ਨੇ ਇੱਕ ਚੁਣੌਤੀਪੂਰਨ ਅਤੇ ਖ਼ਤਰਨਾਕ ਇਲਾਕੇ ਵਿੱਚ ਹੁੰਦੇ ਹੋਏ ਵੀ ਰੱਖਿਆਤਮਕ ਰਹਿਣਾ ਅਤੇ ਹਮਲਾ ਕਰਨਾ, ਇਹਨਾਂ ਦੋਵਾਂ ਰਣਨੀਤੀਆਂ ਬੜੀ ਕੁਸ਼ਲਤਾ ਨਾਲ ਜੋੜਿਆ ਅਤੇ ਅਮਲੀ ਜਾਮਾ ਪਹਿਨਾਇਆ।

ਮਹੱਤਵਪੂਰਨ ਤੌਰ ‘ਤੇ, ਨਲਵਾ ਨੇ ਸਥਾਈ ਪ੍ਰਸ਼ਾਸਕੀ ਕੇਂਦਰਾਂ ਦੀ ਸਥਾਪਨਾ ਕਰਕੇ ਸਰਹੱਦ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਹਰੀਪੁਰ (ਹਜ਼ਾਰਾ ਦੇ ਨੇੜੇ, ਹੁਣ ਪਾਕਿਸਤਾਨ ਵਿੱਚ) ਕਸਬੇ ਦੀ ਯੋਜਨਾ ਬਣਾਈ ਅਤੇ ਉਸਦੀ ਉਸਾਰੀ ਕਾਰਵਾਈ, ਜੋ ਅੱਜ ਵੀ ਉਹਨਾਂ ਦੇ ਸੂਝ ਭਰੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ, ਇਸਦੇ ਨਾਲ ਦੀ ਰੱਖਿਆਤਮਕ ਕਿਲ੍ਹੇਬੰਦੀ ਦੀ ਗਵਾਹੀ ਭਰਦਾ “ਹਰਕਿਸ਼ਨਗੜ੍ਹ ਕਿਲ੍ਹਾ” ਹਰੀ ਸਿੰਘ ਨਲਵਾ ਦੀ ਬਲ ਸ਼ਕਤੀ ਅਤੇ ਕੁਸ਼ਲਤਾ ਦੇ ਇੱਕ ਸਥਾਈ ਸਮਾਰਕ ਦਾ ਪ੍ਰਤੀਕ ਬਣਿਆ, ਇਹ ਢਾਂਚੇ ਫੌਜੀ ਰਣਨੀਤੀ ਦੇ ਉਹ ਸਾਧਨ ਸਨ ਜੋ ਜਾਨ ਮਾਲ ਅਤੇ ਸੰਚਾਰ ਨੂੰ, ਸੁਰੱਖਿਅਤ ਬਣਾਉਣ ਵਿੱਚ ਮਦਦ ਕਰਦੇ ਸਨ, ਇਹਨਾਂ ਨੇ ਇੱਕ ਅਜਿਹੇ ਖੇਤਰ ਵਿੱਚ ਕੇਂਦਰੀਕ੍ਰਿਤ ਕੰਟਰੋਲ ਨੂੰ ਯਕੀਨੀ ਬਣਾਇਆ ਜੋ ਪਹਿਲਾਂ ਅਰਾਜਕਤਾ ਅਤੇ ਅਸਥਰਿਤਾ ਦਾ ਆਦੀ ਸੀ।

 ਮੁੱਖ ਕਮਾਂਡਰ ਵਜੋਂ ਏਕੀਕਰਨ (1825–1834)

ਹਰੀ ਸਿੰਘ ਨਲਵਾ ਨੂੰ ਰਸਮੀ ਤੌਰ ‘ਤੇ 1825 ਵਿੱਚ ਅਫਗਾਨ ਸਰਹੱਦ ‘ਤੇ ਮੁੱਖ ਕਮਾਂਡਰ ਨਿਯੁਕਤ ਕੀਤਾ ਗਿਆ ਸੀ, ਇਹ ਅਹੁਦਾ ਹਰੀ ਸਿੰਘ ਨਲਵਾ ਨੇ 1837 ਤੱਕ ਬਰਕਰਾਰ ਰੱਖਿਆ, ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਨਦੀ ਤੋਂ ਪਾਰ ਅਤੇ ਖੈਬਰ ਦੱਰੇ ਦੇ ਬਿਲਕੁਲ ਮੁਹਾਨੇ ਤੱਕ ਫੈਲਾਉਣ ਲਈ ਜ਼ਿੰਮੇਵਾਰ ਬਣਿਆ।

ਇਸ ਪੜਾਅ ਵਿੱਚ ਹਰੀ ਸਿੰਘ ਨਲਵਾ ਦੁਆਰਾ ਸਿੱਖ ਰਾਜ ਦੀ ਤਾਕਤ ਨੂੰ ਬਣਾਈ ਰੱਖਣ ਅਤੇ ਰਾਜ ਖਿਲਾਫ਼ ਕਬਾਇਲੀ ਵਿਦਰੋਹਾਂ ਨੂੰ ਦਬਾਉਣ ਦੇ ਉਦੇਸ਼ ਨਾਲ ਕਈ ਨਾਜ਼ੁਕ ਲੜਾਈਆਂ ਲੜੀਆਂ ਗਈਆਂ, ਜਿਸ ਵਿੱਚ ਮਨਕੇਰਾ ਦੀ ਲੜਾਈ (1822), ਨੌਸ਼ਹਿਰਾ ਦੀ ਨਿਰਣਾਇਕ ਲੜਾਈ (1823), ਸਿਰੀਕੋਟ ਦੀ ਲੜਾਈ (1824), ਅਤੇ ਸੈਦੂ ਦੀ ਲੜਾਈ (1827) ਸ਼ਾਮਲ ਹਨ । ਇਸ ਗੜਬੜ ਵਾਲੀ ਸਰਹੱਦ ‘ਤੇ ਹਰੀ ਸਿੰਘ ਨਲਵਾ ਦੀ ਪ੍ਰਭਾਵਸ਼ਾਲੀ ਕਮਾਂਡ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਸੀ, ਜੋ ਹਰੀ ਸਿੰਘ ਨਲਵਾ ਦੀ ਵਿਰੋਧੀ ਬ੍ਰਿਟਿਸ਼ ਫੌਜਾਂ ਦੇ ਬਾਰੇ ਸਮਝ ਅਤੇ ਸੰਭਾਵਿਤ ਵਪਾਰਕ ਡਿਜ਼ਾਈਨ ਦੀ ਸੂਝਬੂਝ ਦੀ ਕਾਬਲੀਅਤ ਨੂੰ ਦਰਸਾਉਂਦਾ ਸੀ।

 ਖੈਬਰ ਦੱਰੇ ਦਾ ਸੰਤਰੀ, ਪੇਸ਼ਾਵਰ ਤੇ ਜਮਰੌਦ ਦੇ ਟਾਕਰੇ  (1834–1837)

ਪੇਸ਼ਾਵਰ ਅਤੇ ਖੈਬਰ ਦੱਰੇ ਨੂੰ ਘੇਰਨ ਵਾਲੀ ਉੱਤਰ-ਪੱਛਮੀ ਸਰਹੱਦ ਇਸਦੇ ਇਤਿਹਾਸ ਦੇ ਕਾਰਨ ਰਣਨੀਤਕ ਤੌਰ ‘ਤੇ ਬੇਹੱਦ ਨਾਜ਼ੁਕ ਸੀ ਕਿਉਂਕਿ ਇਹ ਸਰਹੱਦ ਹੀ ਲਗਭਗ ਸਾਰੇ ਮੁੱਖ ਹਮਲਿਆਂ ਲਈ ਭਾਰਤੀ ਉਪ-ਮਹਾਂਦੀਪ ਵਿੱਚ ਇੱਕ ਗਲਿਆਰਾ ਭਾਵ ਰਸਤਾ ਸੀ, ਨਲਵਾ ਦੀਆਂ ਅੰਤਿਮ ਨਿਯੁਕਤੀਆਂ ਖਾਸ ਤੌਰ ‘ਤੇ ਇਸ ਅਸਥਿਰ ਖੇਤਰ ਨੂੰ ਸਥਾਈ ਤੌਰ ‘ਤੇ ਸੁਰੱਖਿਅਤ ਕਰਨ ਲਈ ਕੀਤੀਆਂ ਗਈਆਂ ਸਨ।

 ਪੇਸ਼ਾਵਰ ਦੀ ਗਵਰਨਰੀ (1834–1837)

ਹਰੀ ਸਿੰਘ ਨਲਵਾ ਨੂੰ ਦੋ ਵਾਰ ਟਰਾਂਸ-ਇੰਡਸ ਸੂਬਾ ਪੇਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ (1834–1835 ਅਤੇ 1836–1837), ਹਰੀ ਸਿੰਘ ਨਲਵਾ 1818 ਵਿੱਚ ਪਹਿਲਾਂ ਹੀ ਪੇਸ਼ਾਵਰ ਨੂੰ ਸਿੱਖ ਰਾਜ ਅਧੀਨ ਕਰ ਚੁੱਕਿਆ ਸੀ , ਪਰ 1834 ਵਿੱਚ ਨਲਵਾ ਦੀ ਨਿਯੁਕਤੀ ਅਫਗਾਨ ਅਤੇ ਪਸ਼ਤੂਨ ਫੌਜਾਂ ਦੇ ਲਗਾਤਾਰ ਵੱਧ ਰਹੇ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਇੱਕ ਵੱਖਰੇ ਮਜ਼ਬੂਤ ਫੌਜੀ ਢਾਂਚੇ ਨੂੰ ਖੜਾ ਕਰਨ ਲਈ ਕੀਤੀ ਗਈ ਸੀ।

ਦਰਅਸਲ ਹਰੀ ਸਿੰਘ ਨਲਵਾ ਦਾ ਪ੍ਰਸ਼ਾਸਨ ਉੱਚ ਦਰਜੇ ਦੀ ਫੌਜੀ ਨਿਗਰਾਨੀ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ, ਨਲਵਾ ਨੇ ਨਾ ਸਿਰਫ ਉੱਚ ਪੱਧਰੀ “ਫੌਜ-ਏ-ਖ਼ਾਸ” ਦੀਆਂ ਬਟਾਲੀਅਨਾਂ ਬਣਾਈਆਂ, ਸਗੋਂ ਕੰਟਰੋਲ ਅਤੇ ਵਿਵਸਥਾ ਬਣਾਈ ਰੱਖਣ ਲਈ ਆਪਣੀ ਨਿੱਜੀ ਜਾਗੀਰਦਾਰੀ ਵਾਲੀ ਫੌਜ ਦੀ ਵਰਤੋਂ ਵੀ ਕੀਤੀ, ਖੈਬਰ ਦੱਰਾ ਖੇਤਰ ਦੇ ਕੰਟਰੋਲ ਨੂੰ ਸਥਿਰਤਾ ਦੇਣ ਲਈ ਅਤੇ ਬਾਹਰੀ ਹਮਲਿਆਂ ਨੂੰ ਰੋਕਣ ਲਈ ਬੇਹੱਦ ਨਾਜ਼ੁਕ ਮੰਨਿਆ ਜਾਂਦਾ ਸੀ ਜਿਸ ਦੀ ਗਵਾਹੀ ਪਿਛਲੀਆਂ ਸਦੀਆਂ ਦਾ ਇਤਿਹਾਸ ਆਪ ਭਰਦਾ ਸੀ।

 ਜਮਰੌਦ ਦਾ ਰਣਨੀਤਕ ਘੇਰਾ (1836)

ਜਮਰੌਦ ਦੀ ਫ਼ਤਿਹ ਅਤੇ ਤੁਰੰਤ ਕਿਲ੍ਹਾਬੰਦੀ ਹਰੀ ਸਿੰਘ ਨਲਵਾ ਦੀ ਅਗਾਂਹ ਵਧੂ ਹਮਲਾਵਰ ਨੀਤੀ ਦਾ ਹੀ ਸਿੱਟਾ ਸੀ, 1836 ਵਿੱਚ ਹਰੀ ਸਿੰਘ ਨਲਵਾ ਵੱਲੋਂ ਅਫ਼ਰੀਦੀ ਪਸ਼ਤੂਨਾਂ ਨੂੰ ਉਧੇੜ ਕੇ ਜਮਰੌਦ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਗਿਆ ਸੀ, ਖੈਬਰ ਦੱਰੇ ਦੇ ਬਿਲਕੁਲ ਮੁਹਾਨੇ ‘ਤੇ ਸਥਿਤ ਹੋਣ ਕਰਕੇ ਜਮਰੌਦ ਜਿੱਤ ਬੇਹੱਦ ਮਹੱਤਵਪੂਰਨ ਸੀ।

ਜਮਰੌਦ ਕਿਲੇ ਦਾ ਕਬਜ਼ਾ ਲੈਂਦਿਆਂ ਹੀ ਨਲਵਾ ਨੇ ਇੱਕ ਮਜ਼ਬੂਤ ਸਥਾਈ ਕਿਲ੍ਹੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ, ਇਸ ਕਾਰਵਾਈ ਨੂੰ ਕਾਬੁਲ ਸ਼ਾਸ਼ਕਾਂ ਦੁਆਰਾ ਇੱਕ ਸਿੱਧੇ ਖ਼ਤਰੇ ਵਜੋਂ ਵੇਖਿਆ ਗਿਆ, ਦੋਸਤ ਮੁਹੰਮਦ ਖ਼ਾਨ ਬਾਰਕਜ਼ਈ ਅਤੇ ਕਾਬੁਲ ਦੇ ਅਮੀਰ ਦਾ ਮੰਨਣਾ ਸੀ ਕਿ ਜਮਰੌਦ ਵਿਖੇ ਨਲਵਾ ਦਾ ਅਗਾਊਂ ਬਣਿਆ ਅੱਡਾ ਲਾਜ਼ਮੀ ਤੌਰ ‘ਤੇ ਨਲਵਾ ਨੂੰ ਕਾਬੁਲ ਨੂੰ ਫਤਹਿ ਕਰਨ ਵੱਲ ਲੈਕੇ ਆ ਰਿਹਾ ਹੈ, ਜਿਸ ਨਾਲ ਅਫ਼ਗਾਨਾ ਵਿੱਚ ਸਿੱਖ ਰਾਜ ਦਾ ਡਰ ਹੋਰ ਵੱਡਾ ਹੋਇਆ, ਜਮਰੌਦ ਦੇ ਕਿਲ੍ਹੇ ਦੀ ਸਥਾਪਨਾ ਨੇ ਸਿੱਖ ਰਾਜ ਦੀ ਉਸ ਸਰਹੱਦ ਨੂੰ ਵੱਡੀ ਤਾਕਤ ਦਿੱਤੀ ਜੋ ਤਕਰੀਬਨ 8 ਸਦੀਆਂ ਤੋਂ ਇਸ ਖੇਤਰ ਤੇ ਹੁੰਦੇ ਹਮਲਿਆਂ ਦਾ ਕਾਰਨ ਬਣਦੀ ਆ ਰਹੀ ਸੀ।

 ਜਮਰੌਦ ਦੀ ਆਖ਼ਰੀ ਲੜਾਈ ਅਤੇ ਸ਼ਹਾਦਤ (1837)

ਸਾਲ 1837 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਵਿਖੇ ਆਪਣੇ ਪੋਤੇ ਦੇ ਵਿਆਹ ਦੇ ਜਸ਼ਨਾਂ ਵਿੱਚ ਰੁੱਝੇ ਹੋਏ ਸਨ, ਤਾਂ ਉਸ ਸਮੇਂ ਹੀ ਅਫ਼ਗਾਨੀ ਫੌਜਾਂ ਦੋਸਤ ਮੁਹੰਮਦ ਖ਼ਾਨ ਦੇ ਪੁੱਤਰ” ਅਕਬਰ” ਦੀ ਅਗਵਾਈ ਹੇਠ ਜਮਰੌਦ ਵਿਖੇ ਕਮਜ਼ੋਰ ਸੁਰੱਖਿਆ ਵਾਲੀ ਸਿੱਖ ਚੌਕੀ ‘ਤੇ ਹਮਲਾ ਕਰਨ ਲਈ ਲਾਮਬੰਦ ਹੋਣ ਲੱਗ ਗਈਆਂ ਸੀ, ਓਸੇ ਸਮੇਂ ਹੀ ਹਰੀ ਸਿੰਘ ਨਲਵਾ ਲਾਹੌਰ ਤੋਂ ਆਉਣ ਵਾਲੀ ਫੌਜੀ ਸਹਾਇਤਾ ਉਡੀਕ ਕਰ ਰਹੇ ਸਨ, ਦੱਸਿਆ ਜਾਂਦਾ ਹੈ ਕਿ ਫੌਜੀ ਸਹਾਇਤਾ ਪਹੁੰਚਣ ਵਿੱਚ ਹੋਈ ਦੇਰੀ ਦਾ ਕਾਰਨ ਸੰਭਾਵਤ ਤੌਰ ‘ਤੇ ਉੱਤਰਾਧਿਕਾਰੀ ਨੂੰ ਲੈ ਕੇ ਲਾਹੌਰ ਦਰਬਾਰ ‘ਚ ਚੱਲ ਰਹੀਆਂ ਦਰਬਾਰੀ ਸਾਜ਼ਿਸ਼ਾਂ ਸੀ।

ਖ਼ੈਰ ਹਰੀ ਸਿੰਘ ਨਲਵਾ ਨੇ ਫੌਜੀ ਸਹਾਇਤਾ ‘ਚ ਹੁੰਦੀ ਦੇਰੀ ਨੂੰ ਵੇਖਕੇ ਉਸ ਸਮੇਂ ਦੀ ਨਿਰਾਸ਼ਾਜਨਕ ਸਥਿਤੀ ਨੂੰ ਪਛਾਣਿਆ ਅਤੇ ਆਪਣੇ ਕੋਲ ਉਪਲਬਧ ਸੀਮਤ ਫੌਜ ਨਾਲ ਹੀ ਦਸ ਮੀਲ ਦੂਰ ਜਮਰੌਦ ਲਈ ਚਾਲੇ ਪਾ ਦਿੱਤੇ।

30 ਅਪ੍ਰੈਲ 1837 ਨੂੰ ਇੱਕ ਭਿਆਨਕ ਲੜਾਈ ਲੜੀ ਗਈ, ਸਿੱਖ ਫੌਜ ਦਾ ਮਹਾਨ ਯੋਧੇ ਹਰੀ ਸਿੰਘ ਨਲਵਾ ਨੇ ਅਫ਼ਗ਼ਾਨ ਫੌਜਾਂ ਦਾ ਆਪਣੀ ਸੀਮਤ ਫੌਜ ਨਾਲ ਹੀ ਟਾਕਰਾ ਕੀਤਾ ਅਤੇ ਇਸੇ ਲੜਾਈ ਦੌਰਾਨ ਹੀ ਹਰੀ ਸਿੰਘ ਨਲਵਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ, ਸਰੀਰ ਤੇ ਲੱਗੇ ਜਖਮਾਂ ਤੋ ਨਲਵਾ ਨੂੰ ਮਹਿਸੂਸ ਹੋ ਗਿਆ ਸੀ ਕਿ ਉਸਦੀ ਸੇਵਾ ਦਾ ਸਮਾਂ ਹੁਣ ਪੂਰਾ ਹੋ ਚੁੱਕਿਆ ਹੈ, ਤਾਂ ਹਰੀ ਸਿੰਘ ਨਲਵਾ ਨੇ ਉਸ ਸਮੇਂ ਹੀ ਆਪਣੇ ਡਿਪਟੀ ਨੂੰ ਇੱਕ ਨਾਜ਼ੁਕ ਅਤੇ ਅੰਤਮ ਹੁਕਮ ਜਾਰੀ ਕੀਤਾ, ਹੁਕਮ ਸੀ ਕਿ ਉਸਦੀ ਮੌਤ ਦੀ ਖ਼ਬਰ ਨੂੰ ਲਾਹੌਰ ਤੋਂ ਸਿੱਖ ਫ਼ੌਜਾਂ ਦੇ ਪਹੁੰਚਣ ਤੱਕ ਗੁਪਤ ਰੱਖਿਆ ਜਾਵੇ।

ਹਰੀ ਸਿੰਘ ਨਲਵਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨੂੰ ਲੁਕਾਉਣਾ ਨੂੰ ਰਣਨੀਤਕ ਤੌਰ ‘ਤੇ ਨਿਰਣਾਇਕ ਸਾਬਤ ਹੋਇਆ, ਦਰਅਸਲ ਪਿਛਲੇ ਬੀਤੇ ਕਈ ਦਹਾਕਿਆਂ ਤੋਂ ਹਰੀ ਸਿੰਘ ਨਲਵਾ ਦੀ ਬਹਾਦਰੀ ਅਤੇ ਸਮਰੱਥਾ ਦਾ ਡਰ ਅਫ਼ਗਾਨਾ ‘ਤੇ ਭਾਰੂ ਸੀ, ਅਫਗਾਨ ਕਬੀਲਿਆਂ ਵਿੱਚ ਹਰੀ ਸਿੰਘ ਨਲਵਾ ਦੀ ਪ੍ਰਤਿਸ਼ਠਾ ਇੰਨੀ ਸ਼ਕਤੀਸ਼ਾਲੀ ਸੀ ਕਿ ਭਾਵੇਂ ਅਫ਼ਗ਼ਾਨ ਜਾਣਦੇ ਸਨ ਕਿ ਹਰੀ ਸਿੰਘ ਨਲਵਾ ਜ਼ਖਮੀ ਹੈ, ਪਰ ਫਿਰ ਵੀ ਅਫਗਾਨ ਫੌਜਾਂ ਨਲਵਾ ਦੀ ਮੌਤ ਦੀ ਪੁਸ਼ਟੀ ਕੀਤੇ ਬਿਨਾ ਅੱਗੇ ਵੱਧਣ ਤੋਂ ਬਹੁਤ ਡਰਦੀਆਂ ਸਨ, ਤਕਰੀਬਨ ਇੱਕ ਹਫ਼ਤੇ ਤੱਕ ਹਰੀ ਸਿੰਘ ਨਲਵਾ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਨੂੰ ਲੁਕਾ ਕੇ ਰੱਖਿਆ ਗਿਆ, ਇਸ ਨੇ ਅਫਗਾਨਾਂ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਅਧਰੰਗੀ ਕਰ ਦਿੱਤਾ, ਜਿਸ ਨਾਲ ਲਾਹੌਰ ਤੋਂ ਫੌਜੀ ਸਹਾਇਤਾ ਪਹੁੰਚਣ ਲਈ ਸਮਾਂ ਮਿਲ ਗਿਆ।

ਆਖਰਕਾਰ ਲਾਹੌਰ ਤੋਂ ਸਿੱਖ ਫੌਜਾਂ ਦੇ ਆ ਜਾਣ ‘ਤੇ, ਅਫਗਾਨ ਤੇਜ਼ੀ ਨਾਲ ਕਾਬੁਲ ਵਾਪਸ ਚਲੇ ਗਏ ਅਤੇ ਜਮਰੌਦ ਨੂੰ ਫਤਹਿ ਕਰਨ ਜਾਂ ਸਿੱਖਾਂ ਨੂੰ ਪੇਸ਼ਾਵਰ ਤੋਂ ਬਾਹਰ ਕੱਢਣ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ‘ਚ ਵੀ ਪੂਰੀ ਤਰਾਂ ਅਸਫਲ ਰਹੇ, ਇਸ ਤਰਾਂ ਸਿੱਖ ਰਾਜ ਦੀ ਸਰਹੱਦ ਖ਼ੈਬਰ ਦੱਰੇ ਤੇ ਹੋਰ ਵੀ ਮਜ਼ਬੂਤ ਹੋ ਗਈ।

 ਮਹਾਨ ਵਿਰਾਸਤ ਅਤੇ ਸਦੀਵੀ ਪ੍ਰੇਰਨਾ

ਹਰੀ ਸਿੰਘ ਨਲਵਾ ਦੀ ਸ਼ਹੀਦੀ ਹਾਲਾਂਕਿ ਇੱਕ ਗਹਿਰਾ ਨੁਕਸਾਨ ਸੀ, ਹਰੀ ਸਿੰਘ ਨਲਵਾ ਉਹ ਯੋਧਾ ਸੀ ਜਿਸਨੇ ਦਹਾਕਿਆਂ ਤੱਕ ਆਪਣੀ ਤਲਵਾਰ ਦੀ ਧਾਰ ਨਾਲ ਦੁਸ਼ਮਣਾ ਦਾ ਟਾਕਰਾ ਕੀਤਾ ਸੀ, ਜਿਸਨੇ ਕਈ ਪ੍ਰਮੁੱਖ ਰਣਨੀਤਕ ਜਿੱਤਾਂ ਨੂੰ ਸੁਰੱਖਿਅਤ ਕੀਤਾ ਸੀ ਅਤੇ ਸਿੱਖ ਰਾਜ ਦੀਆਂ ਸਰਹੱਦਾਂ ਬੇਹੱਦ ਮਜ਼ਬੂਤ ਕਰ ਦਿੱਤੀਆਂ ਸੀ।

ਹਰੀ ਸਿੰਘ ਨਲਵਾ ਦੀ ਵਿਰਾਸਤ ਨੂੰ ਫੌਜੀ ਪ੍ਰਤਿਭਾ, ਰਣਨੀਤਕ ਪ੍ਰਸ਼ਾਸਨਿਕ, ਅਤੇ ਨਿੱਜੀ ਇਮਾਨਦਾਰੀ ਦੇ ਕੁੱਝ ਕ ਸ਼ਬਦਾਂ ਵਿੱਚ ਵੀ ਨਹੀਂ ਦਰਸਾਇਆ ਜਾ ਸਕਦਾ, ਹਰੀ ਸਿੰਘ ਨਲਵਾ ਨੇ ਆਪਣੀ ਕੁਸ਼ਲਤਾ, ਸਮਝ ਅਤੇ ਬਹਾਦੁਰੀ ਨਾਲ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਸੀ, ਨਲਵਾ ਨੇ ਇੱਕ ਧਰਮ ਨਿਰਪੱਖ ਨਜ਼ਰੀਆ ਪ੍ਰਦਰਸ਼ਿਤ ਕੀਤਾ ਸੀ, ਉਹਨਾਂ ਨੇ ਮੰਦਰਾਂ, ਗੁਰਦੁਆਰਿਆਂ, ਅਤੇ ਮਸਜਿਦਾਂ ਦੇ ਨਿਰਮਾਣ ਲਈ ਬਰਾਬਰ ਫੰਡ ਦਿੱਤੇ, ਇਸਦੇ ਨਾਲ ਹੀ ਸ੍ਰੀਨਗਰ ਅਤੇ ਅੰਮ੍ਰਿਤਸਰ ਵਿੱਚ ਸੋਹਣੇ ਬਾਗ਼ ਵੀ ਬਣਵਾਏ, ਨਿੱਜੀ ਦੌਲਤ ਵਿਚੋਂ ਵੀ ਹਰੀ ਸਿੰਘ ਨਲਵਾ ਵੱਡਾ ਹਿੱਸਾ ਦਾਨ ਕਰ ਦਿੰਦਾ ਸੀ, ਨਲਵਾ ਦੇ ਚਲੇ ਜਾਣ ਬਾਅਦ ਉਹਨਾਂ ਦੇ ਨਿੱਜੀ ਖਜ਼ਾਨੇ (ਤੋਸ਼ਾਖਾਨਾ) ਵਿੱਚ ਬਹੁਤ ਘੱਟ ਪੈਸਾ ਮਿਲਿਆ, ਇੱਥੋਂ ਤੱਕ ਕਿ ਉਹਨਾਂ ਦੇ ਦੁਸ਼ਮਣ, ਪਠਾਨ ਅਫ਼ਗ਼ਾਨ ਵੀ ਨਲਵਾ ਨੂੰ ਇੰਨਾ ਸਤਿਕਾਰ ਦਿੰਦੇ ਸਨ ਕਿ ਉਹਨਾਂ ਦੀ ਬੇਮਿਸਾਲ ਬਹਾਦਰੀ ਦੇ ਜਸ਼ਨ ਵਿੱਚ ਗੀਤ ਲਿਖੇ ਗਏ, ਅਤੇ ਉਸਦੇ ਕਿੱਸੇ ਅਫ਼ਗ਼ਾਨ, ਅੱਜ ਦੇ ਪਾਕਿਸਤਾਨ – ਭਾਰਤ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਤੱਕ ਸੁਣਨ ਨੂੰ ਮਿਲ ਜਾਂਦੇ ਨੇ।

ਹਰੀ ਸਿੰਘ ਨਲਵਾ ਦਾ ਉੱਚਾ ਕਿਰਦਾਰ ਅਤੇ ਬਹਾਦਰੀ ਰਹਿੰਦੀ ਦੁਨੀਆਂ ਤੱਕ ਸਿੱਖ ਇਤਿਹਾਸ ਦੇ ਸੁਨਹਿਰੀ ਅੱਖਰਾਂ ਚ ਚਮਕਦੀ ਰਹੇਗੀ ਅਤੇ ਨਾਲ ਹੀ ਨਲਵਾ ਦੇ ਆਪਣੇ ਧਰਮ ਅਤੇ ਰਾਜ ਪ੍ਰਤੀ ਜਜ਼ਬੇ, ਅਪਣੱਤ ਤੇ ਕੁਰਬਾਨੀ ਦੀ ਇਹ ਦਾਸਤਾਂ, ਸਿੱਖ ਕੌਮ ਲਈ ਹਰ ਮਾੜੇ ਚੰਗੇ ਸਮੇਂ ਵਿੱਚ ਪ੍ਰੇਰਨਾ ਦਾ ਸ੍ਰੋਤ ਵੀ ਬਣਦੀ ਰਹੇਗੀ…..

— ਗੁਰਦੀਪ ਸਿੰਘ ਮਾਖਾ

Post navigation

Leave a Comment

Leave a Reply

Your email address will not be published. Required fields are marked *