virasat e khalsa

ਸਿੱਖਾਂ ਅਤੇ ਸਿੱਖੀ ਬਾਰੇ ਜਾਨਣਾ ਹੈ ਤਾਂ ਆਓ ਦੇਖੋ “ਵਿਰਾਸਤ ਏ ਖ਼ਾਲਸਾ”

ਤਖ਼ਤ ਸ੍ਰੀ ਆਨੰਦਪੁਰ ਸਾਹਿਬ, ਉਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ, ਜਿੱਥੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਸਿੰਘ ਬਣਾਇਆ ਗਿਆ ਸੀ, ਓਸੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਣਿਆ ਹੈ ਅਜਾਇਬ ਘਰ “ਵਿਰਾਸਤ ਏ ਖ਼ਾਲਸਾ”।

“ਵਿਰਾਸਤ ਏ ਖ਼ਾਲਸਾ” ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਅਜਾਇਬ ਘਰਾਂ ਵਿੱਚੋਂ ਇੱਕ ਹੈ। ਮਿਤੀ 6 ਦਸੰਬਰ 2011 ਨੂੰ ਇੱਕ ਦਿਨ ਵਿੱਚ ਹੀ 20,000 ਲੋਕਾਂ ਨੇ “ਵਿਰਾਸਤ ਏ ਖ਼ਾਲਸਾ” ਨੂੰ ਵਿਜਿਟ ਕੀਤਾ, ਜੋਕਿ ਅੱਜ ਵੀ ਇੱਕ ਰਿਕਾਰਡ ਹੈ, “ਵਿਰਾਸਤ ਏ ਖ਼ਾਲਸਾ” ਗੁਰੂਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣਾਇਆ ਗਿਆ ਹੈ।

ਨੀਂਹ ਪੱਥਰ ਤੇ ਇਤਿਹਾਸ

“ਵਿਰਾਸਤ ਏ ਖ਼ਾਲਸਾ” ਦਾ ਨੀਂਹ ਪੱਥਰ ਖ਼ਾਲਸਾ ਪੰਥ ਦੇ 300 ਸਾਲ ਪੂਰੇ ਹੋ ਜਾਣ ਦੀ ਖੁਸ਼ੀ ਵਿੱਚ ਸਾਲ 1999 ਵਿੱਚ ਰੱਖਿਆ ਗਿਆ ਸੀ, ਇਸਨੂੰ ਬਣਾਉਣ ਦਾ ਮੁੱਖ ਉਦੇਸ਼ ਸਿੱਖ ਧਰਮ ਦੇ 550 ਸਾਲਾਂ ਦੇ ਇਤਿਹਾਸ ਅਤੇ ਖਾਲਸਾ ਪੰਥ ਦੀ ਸਾਜਨਾ ਦੇ 300 ਸਾਲ ਪੂਰੇ ਹੋ ਜਾਣ ਦੇ ਇਤਿਹਾਸਕ ਪਲ ਨੂੰ ਯਾਦਗਰ ਬਣਾਉਣਾ ਸੀ, ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਅਤੇ ਸਿੱਖ ਧਰਮ ਦੇ ਮਾਣ-ਮੱਤੇ ਇਤਿਹਾਸ ਅਤੇ ਇਸਦੀ ਮਹੱਤਤਾ ਤੋਂ ਜਾਣੂ ਹੋ ਸਕਣ।

ਕੰਪਲੈਕਸ ਦਾ ਨਿਰਮਾਣ 2004 ਤੋਂ 2011 ਦੇ ਵਿਚਕਾਰ ਹੀ ਕੀਤਾ ਗਿਆ ਸੀ ਅਤੇ 25 ਨਵੰਬਰ 2011 ਨੂੰ “ਵਿਰਾਸਤ ਏ ਖ਼ਾਲਸਾ” ਨੂੰ ਆਮ ਲੋਕਾਂ ਵਾਸਤੇ ਖੋਲ ਦਿੱਤਾ ਗਿਆ। ਇਸ ਸਮਾਗਮ ਦਾ ਉਦਘਾਟਨ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ “ਸਰਦਾਰ ਪ੍ਰਕਾਸ਼ ਸਿੰਘ ਬਾਦਲ” ਨੇ ਕੀਤਾ ਸੀ।

ਆਰਕੀਟੈਕਟ ਤੇ ਬਣਤਰ

“ਵਿਰਾਸਤ ਏ ਖ਼ਾਲਸਾ” ਦਾ ਡਿਜ਼ਾਈਨ ਵਿਸ਼ਵ ਪ੍ਰਸਿੱਧ ਕੈਨੇਡੀਅਨ-ਇਜ਼ਰਾਈਲੀ ਆਰਕੀਟੈਕਟ Moshe Safdie ਵੱਲੋਂ ਬਣਾਇਆ ਗਿਆ ਸੀ, ਕੰਪਲੈਕਸ ਦੀ ਇਮਾਰਤ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

i. ਅਜਾਇਬ ਘਰ/ਐਗਜ਼ਿਬਿਸ਼ਨ ਬਲਾਕ (ਪੂਰਬੀ ਕੰਪਲੈਕਸ)
ii. ਲਾਇਬ੍ਰੇਰੀ, ਆਰਕਾਈਵਜ਼ ਅਤੇ ਆਡੀਟੋਰੀਅਮ ਬਲਾਕ (ਪੱਛਮੀ ਕੰਪਲੈਕਸ)

ਇਹ ਦੋਵੇਂ ਭਾਗ ਇੱਕ ਫੁੱਟ-ਬ੍ਰਿਜ ਨਾਲ ਜੁੜੇ ਹਨ, ਡਿਜ਼ਾਈਨ ਸ਼ਿਵਾਲਿਕ ਪਹਾੜਾਂ ਤੋਂ ਪ੍ਰੇਰਿਤ ਹੈ, ਇਮਾਰਤ ਦੀ ਰੂਪਰੇਖਾ (ਖਾਸ ਕਰਕੇ ਪੂਰਬੀ ਕੰਪਲੈਕਸ ਦੇ ਟਾਵਰ-ਨੁਮਾ ਢਾਂਚੇ) ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਪਿੱਛਲੇ ਪਾਸੇ ਦੀਆਂ ਪਹਾੜੀਆਂ ਦੀਆਂ ਉਤਾਰ-ਚੜ੍ਹਾਅ ਵਾਲੀਆਂ ਢਲਾਣਾਂ ਨੂੰ ਦਰਸਾਉਂਦੇ ਹਨ, ਇਹ ਇਮਾਰਤ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਉਂਦਾ ਹੈ ਜਿਵੇਂ ਕਿ ਇਹ ਸਾਈਟ ਤੋਂ ਖੁਦ ਹੀ ਉੱਗ ਖੜਾ ਹੋ ਗਿਆ ਹੋਵੇ।

ਦੋਵਾਂ ਕੰਪਲੈਕਸ ਨੂੰ ਜੋੜਨ ਵਾਲੀ ਇਹ ਬ੍ਰਿਜ ਸਿੱਖ ਧਰਮ ਅਤੇ ਪੰਜਾਬ ਦੇ ਪੁਰਾਣੇ ਸਮੇਂ ਤੋਂ ਆਧੁਨਿਕ ਯੁੱਗ ਦੀ ਲਗਾਤਾਰ ਯਾਤਰਾ ਦਾ ਪ੍ਰਤੀਕ ਹੈ, ਇਮਾਰਤ ਦੇ ਆਲੇ-ਦੁਆਲੇ ਵੱਡੇ ਪਾਣੀ ਵਾਲੇ ਪੂਲ ਹਨ ਜੋ ਸਿੱਖ spirituality ਵਿੱਚ “ਪਾਣੀ” (ਜਲ ਤੱਤ) ਦੇ ਪ੍ਰਭਾਵ ਨੂੰ ਦਰਸਾਉਂਦੇ ਹਨ, ਇਸਦੇ ਨਾਲ ਹੀ ਇਹ ਪਾਣੀ ਵਾਲੇ ਪੂਲ ਕੰਪਲੈਕਸ ਵਿੱਚ ਗਰਮੀ ਨੂੰ ਘਟਾਉਣ ਦਾ ਵੀ ਕੰਮ ਕਰਦੇ ਹਨ, ਕੰਪਲੈਕਸ ਵਿੱਚ ਕੰਕਰੀਟ ਦੇ earthy tones, stainless steel ਦੀਆਂ angled ਛੱਤਾਂ ਅਤੇ ਜਗ੍ਹਾ-ਜਗ੍ਹਾ ਕੁਦਰਤੀ ਰੌਸ਼ਨੀ ਦੀ ਵਰਤੋਂ ਕੀਤੀ ਗਈ ਹੈ, ਦਿਨ ਦੇ ਸਮੇਂ ਵਿੱਚ ਸੂਰਜ ਦੀ ਰੌਸ਼ਨੀ ਦੀ ਦਿਸ਼ਾ ਦੇ ਅਨੁਸਾਰ ਹਰੇਕ ਗੈਲਰੀ ਦਾ ਮੂਡ ਬਦਲਦਾ ਹੈ, ਇਸਨੂੰ “Dynamic lighting effect” ਕਿਹਾ ਜਾਂਦਾ ਹੈ, ਸੂਰਜ ਦੀ ਰੌਸ਼ਨੀ ਅਨੁਸਾਰ ਬਦਲਦੀ ਕੰਪਲੈਕਸ ਦੇ ਅੰਦਰ ਦੀ ਰੌਸ਼ਨੀ ਗੈਲਰੀਆਂ ਅਤੇ ਮੂਰਤੀਆਂ ਨੂੰ ਜੀਵੰਤ ਰੂਪ ਦੇ ਦਿੰਦੀ ਹੈ, ਇਸ ਦਾ ਥੀਮ ‘experience-based storytelling’ ਭਾਵ ਮਹਿਸੂਸ ਕੀਤੀ ਜਾਣ ਵਾਲੀ ਕਹਾਣੀ ਸੁਣਨ ਵਾਂਗ ਹੈ, ਜਿਵੇਂ ਕਿ ਤੁਸੀ ਇਤਿਸਾਹ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਵੇਖ ਰਹੇ ਹੋਵੋਂ।

ਥੀਮ ਅਤੇ ਪ੍ਰੇਰਣਾ –

ਦੋ ਖੁੱਲ੍ਹੇ ਹੱਥ :

ਕੰਪਲੈਕਸ ਦੇ ਦੋ ਹਿੱਸੇ (ਪੂਰਬੀ ਅਤੇ ਪੱਛਮੀ) ਇੱਕ-ਦੂਜੇ ਦੇ ਸਾਹਮਣੇ ਸਥਿਤ ਹਨ ਅਤੇ ਇੱਕ ਰਸਮੀ ਪੁਲ ਦੁਆਰਾ ਜੁੜੇ ਹੋਏ ਹਨ, ਇਹ ਸਿੱਖੀ ਦੇ ਬੁਨਿਆਦੀ ਸਿਧਾਂਤ ‘ਸੇਵਾ’ (ਨਿਸਵਾਰਥ ਸੇਵਾ) ਅਤੇ ਸਭ ਨਾਲ ਰਲ ਰਹਿਣ- ਵੰਡ ਕੇ ਛਕਣ ਨੂੰ ਦਰਸਾਉਂਦੇ ਹਨ।

ਕਿਲ੍ਹੇ ਦੀ ਸ਼ੈਲੀ :

ਪੂਰਬੀ ਕੰਪਲੈਕਸ ਦੀਆਂ ਗੈਲਰੀਆਂ ਪੰਜਾਬ ਦੇ ਖੇਤਰੀ ਕਿਲ੍ਹਿਆਂ ਦੀ ਵਾਸਤੂਕਲਾ ਤੋਂ ਪ੍ਰੇਰਿਤ ਹਨ। ਰੇਤਲੇ ਪੱਥਰ (Sandstone) ਦੇ ਟਾਵਰ-ਨੁਮਾ ਢਾਂਚੇ ਆਨੰਦਪੁਰ ਸਾਹਿਬ ਦੀ ਇਤਿਹਾਸਕ ਕਿਲ੍ਹੇਬੰਦੀ ਦੀ ਯਾਦ ਦਿਵਾਉਂਦੇ ਹਨ।

ਪੰਜ ਕੱਕਾਰ/ਪੰਜ ਤੱਤ :

ਪੂਰਬੀ ਕੰਪਲੈਕਸ ਦੇ ਮੁੱਖ ਅਜਾਇਬਘਰ ਦੇ ਟਾਵਰਾਂ ਨੂੰ ਪੰਜ ਸਮੂਹਾਂ ਵਿੱਚ ਵੰਡਿਆ ਗਿਆ ਹੈ, ਜੋ ਸਿੱਖ ਧਰਮ ਦੇ ਪੰਜ ਕੱਕਾਰਾਂ ਜਾਂ ਪੰਜ ਸਦਗੁਣਾਂ (Five Virtues) ਦਾ ਪ੍ਰਤੀਕ ਹਨ।

ਕੀ ਹਨ ਗੈਲਰੀਆਂ ? ਸੰਖੇਪ ਜਾਣਕਾਰੀ

ਵਿਰਾਸਤ-ਏ-ਖਾਲਸਾ ਵਿੱਚ ਕੁੱਲ 27 ਪ੍ਰਦਰਸ਼ਨੀ ਗੈਲਰੀਆਂ ਹਨ, ਜਿਨ੍ਹਾਂ ਨੂੰ ਮੁੱਖ ਤੌਰ ‘ਤੇ ਦੋ ਕੰਪਲੈਕਸਾਂ ਵਿੱਚ ਵੰਡਿਆ ਗਿਆ ਹੈ: ਕਿਸ਼ਤੀ ਇਮਾਰਤ (ਪੱਛਮੀ ਕੰਪਲੈਕਸ) ਅਤੇ ਚੰਦ/ਫੁੱਲ ਇਮਾਰਤ (ਪੂਰਬੀ ਕੰਪਲੈਕਸ ਟਾਵਰ)।

ਪੱਛਮੀ ਕੰਪਲੈਕਸ (ਲਾਇਬ੍ਰੇਰੀ, ਆਰਕਾਈਵਜ਼ ਅਤੇ ਆਡੀਟੋਰੀਅਮ ਬਲਾਕ) –

ਇਹ ਉਹ ਹਿੱਸਾ ਹੈ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ, ਇਹ ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੇ ਪੰਜਾਬ ਨੂੰ ਦਰਸਾਉਂਦਾ ਹੈ, ਇਸ ਹਿੱਸੇ ਨੂੰ ਅਕਸਰ ‘ਕਿਸ਼ਤੀ ਇਮਾਰਤ’ (Boat Building) ਕਿਹਾ ਜਾਂਦਾ ਹੈ, ਜੋ ਕਿ ਰਿਫਲੈਕਟਿੰਗ ਪਾਣੀ ਵਾਲੇ ਪੂਲ ‘ਤੇ ਤੈਰਦੀ ਮਹਿਸੂਸ ਹੁੰਦੀ ਹੈ, ਇਸ ਜਗ੍ਹਾ ਦੀ ਮੁੱਖ ਖਿੱਚ ਭਾਰਤ ਦੀ ਸਭ ਤੋਂ ਵੱਡੀ ਹੱਥ-ਪੇਂਟ ਕੀਤੀ 360-ਡਿਗਰੀ ਮੂਰਲ (Mural) ਹੈ, ਜੋ ਕਿ ਤਿੰਨ ਮੰਜ਼ਿਲਾਂ ‘ਤੇ ਫੈਲੀ ਹੋਈ ਹੈ, ਮੂਰਲ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਜੀਵਨ ਨੂੰ ਦਰਸਾਉਂਦੀ ਹੈ। ਇਸ ਵਿੱਚ ਸ਼ਾਮਲ ਹਨ ਕੁਦਰਤੀ ਨਜ਼ਾਰੇ, ਪੰਜਾਬ ਦੇ ਮੌਸਮ, ਖੇਤ, ਪੰਜ ਦਰਿਆ (ਪੰਜ ਆਬ) ਅਤੇ ਜੀਵ-ਜੰਤੂ, ਇਸਦੇ ਨਾਲ ਹੀ ਇਸ ਵਿੱਚ ਸੱਭਿਆਚਾਰਕ ਦ੍ਰਿਸ਼ ਜਿਵੇਂ ਕਿ ਮੇਲੇ, ਤੀਆਂ, ਵਿਸਾਖੀ, ਵਿਆਹ ਦੀਆਂ ਰਸਮਾਂ, ਲੋਕ ਨਾਚ (ਭੰਗੜਾ, ਗਿੱਧਾ), ਆਦਿ ਦਰਸਾਏ ਗਏ ਹਨ। ਮੂਰਲ ਵਿੱਚ 24,000 ਮੀਟਰ ਤੋਂ ਵੱਧ ਫਾਈਬਰ ਆਪਟਿਕਸ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ 3D ਪ੍ਰਭਾਵ ਅਤੇ ਰੋਸ਼ਨੀ ਦੀ ਕਲਾਕਾਰੀ ਪੇਸ਼ ਕੀਤੀ ਜਾ ਸਕੇ, ਜਿਸ ਨਾਲ ਇਹ ਲੱਗਦਾ ਹੈ ਕਿ ਸਾਰੇ ਦ੍ਰਿਸ਼ ਸਾਹ ਲੈ ਰਹੇ ਹਨ ਭਾਵ ਜੀਵਤ ਹਨ।

ਪ੍ਰਵੇਸ਼ ਅਤੇ ‘ਪੰਜ ਪਾਣੀ (ਕਿਸ਼ਤੀ ਇਮਾਰਤ)

“ਵਿਰਾਸਤ ਏ ਖ਼ਾਲਸਾ” ਦੀ ਯਾਤਰਾ ਸਭ ਤੋਂ ਪਹਿਲਾਂ ਪ੍ਰਸਤਾਵਨਾ ਗੈਲਰੀ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਦਰਸ਼ਕਾਂ ਨੂੰ ਇੱਕ ਸੁੰਦਰ ਅਤੇ ਆਕਰਸ਼ਕ ਫਿਲਮੀ ਪ੍ਰਸਤੁਤੀ ਰਾਹੀਂ ਪੂਰੇ ਮਿਊਜ਼ੀਅਮ ਦਾ ਨਕਸ਼ਾ ਸਮਝਾਇਆ ਜਾਂਦਾ ਹੈ। ਇੱਥੇ ਇੱਕ ਵੱਡੇ ਥੀਏਟਰ-ਨੁਮਾ ਹਾਲ ਵਿੱਚ ਬੈਠ ਕੇ ਲੋਕ ਪੰਜਾਬ ਦਾ ਇਤਿਹਾਸ, ਸਿੱਖ ਧਰਮ ਦੀ ਬੁਨਿਆਦ, ਅਤੇ ਅੱਗੇ ਕਿਹੜੀਆਂ ਗੈਲਰੀਆਂ ਰਾਹੀਂ ਉਹਨਾਂ ਨੂੰ ਕਿਹੜੀਆਂ ਕਹਾਣੀਆਂ ਮਿਲਣ ਵਾਲੀਆਂ ਹਨ। ਇਹ ਸਭ ਕੁਝ ਇੱਕ ਰੋਮਾਂਚਕ ਤਰੀਕੇ ਨਾਲ ਵੇਖਦੇ ਹਨ, ਇਸ ਗੈਲਰੀ ਦਾ ਮੰਤਵ ਦਰਸ਼ਕ ਦਾ ਮਨ ਅਤੇ ਧਿਆਨ ਤਿਆਰ ਕਰਨਾ ਹੈ, ਤਾਂ ਜੋ ਉਹ ਅੱਗੇ ਹੋਣ ਵਾਲੇ ਅਨੁਭਵ ਨੂੰ ਹੋਰ ਵਧੀਆ ਪ੍ਰਭਾਵ ਨਾਲ ਮਹਿਸੂਸ ਕਰ ਸਕਣ, ਨਾਲ ਹੀ ਇਸ ਵਿੱਚ ਵਰਤੀ ਗਈ ਵਿਜੁਅਲ ਪ੍ਰੋਜੈਕਸ਼ਨ, ਆਡੀਓ ਨੈਰੇਸ਼ਨ ਅਤੇ ਆਧੁਨਿਕ ਲਾਈਟਿੰਗ ਇੱਕ ਸ਼ਾਨਦਾਰ ਮਾਹੌਲ ਤਿਆਰ ਕਰਦੀ ਹੈ।

ਪ੍ਰਾਚੀਨ ਪੰਜਾਬ ਦੀ ਗੈਲਰੀ

ਇਹ ਗੈਲਰੀ ਪੰਜਾਬ ਦੀ ਉਸ ਸੱਭਿਅਤਾ ਨੂੰ ਦਰਸਾਉਂਦੀ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ਤੇ ਵਸਦੀ ਸੀ, ਇਸ ਅੰਦਰ ਦਾਖਲ ਹੋ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੁਰਾਣੀ ਸਿੰਧੂ ਘਾਟੀ ਦੇ ਲੋਕ ਜੀਵਤ ਹੋ ਕੇ ਤੁਹਾਡੇ ਸਾਹਮਣੇ ਆ ਖੜ੍ਹੇ ਹੋਏ ਨੇ। ਮਿੱਟੀ ਦੇ ਘਰ, ਮਿੱਟੀ ਦੇ ਬਰਤਨ, ਹੱਥ ਨਾਲ ਬਣੇ ਸੰਦ ਅਤੇ ਪੁਰਾਣੇ ਪਿੰਡਾਂ ਦੇ 3D ਦ੍ਰਿਸ਼ ਬੜੇ ਸਫਾਈ ਨਾਲ ਬਣਾਏ ਗਏ ਹਨ, ਜਿਨ੍ਹਾਂ ਵਿੱਚ ਉਸ ਸਮੇਂ ਦੇ ਲੋਕਾਂ ਦੇ ਰਸਮ-ਰਿਵਾਜ ਅਤੇ ਰੋਜ਼ਾਨਾ ਜੀਵਨ ਨੂੰ ਬਹੁਤ ਕਾਬਲ-ਏ-ਤਾਰੀਫ਼ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਕੁਦਰਤੀ ਰੌਸ਼ਨੀ ਅਤੇ ਪੰਜਾਬ ਦੇ ਪਿੰਡਾਂ ਵਾਲੇ ਕੁਦਰਤੀ ਸਾਊਂਡ ਇਫੈਕਟ ਇਸ ਗੈਲਰੀ ਨੂੰ ਬਿਲਕੁਲ ਜੀਵੰਤ ਬਣਾਉਂਦੇ ਹਨ, ਜਿਵੇਂ ਦਰਸ਼ਕ ਹਜ਼ਾਰਾਂ ਸਾਲ ਪਿੱਛਲੇ ਸਮੇਂ ਵਿੱਚ ਆ ਗਏ ਹੋਣ।

ਪੇਂਡੂ ਜੀਵਨ ਗੈਲਰੀ

ਇਸ ਗੈਲਰੀ ਵਿੱਚ ਪੁਰਾਣੇ ਪੰਜਾਬ ਦੇ ਪਿੰਡਾਂ ਦਾ ਇੱਕ ਨਰਮ, ਸੋਹਣਾ ਅਤੇ ਸੱਚਾ ਰੂਪ ਦਰਸ਼ਕਾਂ ਸਾਹਮਣੇ ਆ ਜਾਂਦਾ ਹੈ। ਗੈਲਰੀ ਵਿੱਚ ਅਜਿਹੇ ਦ੍ਰਿਸ਼ ਬਣਾਏ ਹੋਏ ਹਨ ਜੋ ਬਿਲਕੁਲ ਹਕੀਕਤ ਦਾ ਅਹਿਸਾਸ ਕਰਵਾ ਦਿੰਦੇ ਹਨ, ਜਿਵੇਂ ਘਰ ਦੇ ਅੰਦਰ ਘੁੰਮਦੀ ਹੋਈ ਚੱਕੀ, ਪਿੰਡ ਦੀਆਂ ਔਰਤਾਂ ਦੁੱਧ ਰਿੜਕ ਰਹੀਆਂ ਹਨ, ਬੈਲ-ਗੱਡੀਆਂ ਚੱਲ ਰਹੀਆਂ ਹਨ, ਅਤੇ ਪੰਜਾਬ ਦੇ ਤਿਉਹਾਰਾਂ ਦੀਆਂ ਛੋਟੀਆਂ-ਛੋਟੀਆਂ ਝਲਕਾਂ ਵੀ ਵੇਖਣ ਨੂੰ ਮਿਲਦੀਆਂ ਹਨ। ਇਹ ਸਾਰਾ ਮਾਹੌਲ ਪ੍ਰਭਾਵਸ਼ਾਲੀ ਲਾਈਟਿੰਗ ਅਤੇ ਲੋਕ-ਸੰਗੀਤ ਦੇ ਨਾਲ ਮਿਲ ਕੇ ਇੱਕ ਅਜਿਹੀ ਦੁਨੀਆ ਰਚਦਾ ਹੈ ਜੋ ਅੱਜ ਦੇ ਯੁੱਗ ਦੇ ਪੰਜਾਬੀ ਨੂੰ ਵੀ ਆਪਣੇ ਅੰਦਰ ਸਮਾ ਲੈਂਦੀ ਹੈ।

ਪੂਰਬੀ ਕੰਪਲੈਕਸ – ਇਤਿਹਾਸਕ ਟਾਵਰ (ਫ਼ੁੱਲ/ਚੰਦ ਇਮਾਰਤ) –

ਇਹ ਉਹ ਮੁੱਖ ਅਜਾਇਬਘਰ ਹੈ, ਜਿੱਥੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ। ਇੱਥੇ ਗੈਲਰੀਆਂ 9-11 ਨੂੰ ‘ਫੁੱਲ ਇਮਾਰਤ’ ਅਤੇ ਗੈਲਰੀਆਂ 12-27 ਨੂੰ ‘ਚੰਦ ਇਮਾਰਤ’ ਕਿਹਾ ਜਾਂਦਾ ਹੈ।

ਦਸ ਗੁਰੂ ਸਹਿਬਾਨ ਨਾਲ ਸਬੰਧਿਤ ਗੈਲਰੀਆਂ –

ਗੈਲਰੀ 9 ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੀਵਨ ਨੂੰ ਸਮਰਪਿਤ ਇੱਕ ਰੂਹਾਨੀ ਤਜਰਬਾ ਪੈਦਾ ਕਰਦੀ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੀ ਰਚਨਾ ਵੱਡੇ ਅਤੇ ਸੁੰਦਰ ਵੀਡਿਓ ਦ੍ਰਿਸ਼ਾਂ ਰਾਹੀਂ ਪੇਸ਼ ਕੀਤੀ ਗਈ ਹੈ। ਗੁਰੂ ਸਾਹਿਬ ਦੇ ਜੀਵਨ ਤੇ ਝਾਤ ਮਾਰਦੇ ਹੋਏ ਤੁਹਾਨੂੰ ਨਾਲ ਨਾਲ ਗੁਰਬਾਣੀ ਦੀਆਂ ਪੰਗਤੀਆਂ ਹੌਲੀ-ਹੌਲੀ ਚੱਲਦੀਆਂ ਸੁਣਾਈ ਦੇਣਗੀਆਂ, ਜਿਸ ਨਾਲ ਇਸ ਗੈਲਰੀ ਦਾ ਅਨੁਭਵ ਨੂੰ ਹੋਰ ਵੀ ਸਕੂਨ ਵਾਲਾ ਬਣ ਜਾਂਦਾ ਹੈ। ਇਹ ਗੈਲਰੀ ਸਿਰਫ਼ ਇਤਿਹਾਸ ਨਹੀਂ ਦਿਖਾਉਂਦੀ, ਸਗੋਂ ਗੁਰੂ ਸਾਹਿਬਾਨ ਦੇ ਆਧਿਆਤਮਿਕ ਸੰਦੇਸ਼ ਨੂੰ ਦਰਸ਼ਕ ਦੇ ਮਨ ਵਿਚ ਸਿੱਧੇ ਵਸਾਉਂਦੀ ਹੈ।

ਦਸ ਗੁਰੂ ਸਾਹਿਬਾਨ ਦੀਆਂ ਇਹਨਾਂ ਗੈਲਰੀਆਂ ਵਿੱਚ ਹਰੇਕ ਗੁਰੂ ਸਾਹਿਬ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਵੱਡੇ ਮਿਊਰਲਸ, 3D ਮਾਡਲਾਂ, ਪ੍ਰਭਾਵਸ਼ਾਲੀ ਰੌਸ਼ਨੀ ਸਮੇਤ ਅਸਲੀਅਤ ਵਰਗੇ ਸਾਊਂਡ ਇਫੈਕਟਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ ਗੈਲਰੀ 12, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਦੀ ਧਾਰਨਾ, ਅਕਾਲ ਤਖ਼ਤ ਦੀ ਸਥਾਪਨਾ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਈ ਨੂੰ ਬਾਖੂਬੀ ਪੇਸ਼ ਕਰਦੀ ਹੈ। ਗੈਲਰੀ 13 ਸ੍ਰੀ ਵਿੱਚ ਗੁਰੂ ਹਰਿ ਰਾਏ ਜੀ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੀਵਨ ਦੀ ਝਾਤ ਮਿਲਦੀ ਹੈ। ਗੈਲਰੀ 14 ਵਿੱਚ (ਹਿੰਦ ਦੀ ਚਾਦਰ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰਨਾ ਅਤੇ ਚਾਂਦਨੀ ਚੌਕ (ਦਿੱਲੀ) ਵਿਖੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਭਾਵੁਕ ਡਾਇਓਰਾਮਾ ਰਾਹੀਂ ਦਰਸਾਇਆ ਗਿਆ ਹੈ।

ਦਸ ਗੁਰੂ ਸਾਹਿਬਾਨ ਦੀਆਂ ਇਹਨਾਂ ਗੈਲਰੀਆਂ ਵਿੱਚ ਹੀ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁਖੀ ਲਿੱਪੀ ਦੀ ਰਚਨਾ ਤੋਂ ਲੈ ਕੇ, ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ, ਤੱਤੀ ਤਵੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਭਾਵੁਕ ਕਰਨ ਵਾਲਾ ਦ੍ਰਿਸ, ਗੁਰੂ ਹਰਿਗੋਬਿੰਦ ਜੀ ਦੀ ਮੀਰੀ-ਪੀਰੀ ਦੀ ਸੋਚ, ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਪੂਰਨ ਜੀਵਨ ਸਫ਼ਰ ਤੋਂ ਲੈਕੇ ਸਿੱਖ ਰਾਜ ਤੱਕ ਹਰ ਇੱਕ ਪ੍ਰਮੁੱਖ ਘਟਨਾ ਨੂੰ ਇੱਕ ਲਗਾਤਾਰ ਕਹਾਣੀ ਵਾਂਗ ਪੇਸ਼ ਕੀਤਾ ਗਿਆ ਹੈ। ਇਹ ਗੈਲਰੀ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕਰਦੀ ਜਾਪਦੀ ਹੈ।

ਖ਼ਾਲਸਾ ਪੰਥ ਦੀ ਸਿਰਜਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ –

ਏਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਨੂੰ ਆਨੰਦਪੁਰ ਸਾਹਿਬ ਵਿੱਚ ਮੁੜ ਤਿਆਰ ਕੀਤਾ ਗਿਆ ਹੈ ਜਿੱਥੇ ਕਵੀ, ਸੂਰਮੇ, ਵਿਦਵਾਨ ਅਤੇ ਰਾਜਨੀਤਿਕ ਦੂਤ ਆ ਕੇ ਹਾਜ਼ਰ ਹੁੰਦੇ ਸਨ। ਦਰਬਾਰ ਦੇ ਹਾਲ ਦਾ ਰੌਬ, ਅਸਤ੍ਰ-ਸ਼ਸਤ੍ਰਾਂ ਦੇ ਨਮੂਨੇ, ਯੋਧਿਆਂ ਦੀ ਮੌਜੂਦਗੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਹਿਰੇ ਤਰੀਕੇ ਨਾਲ ਦਰਸਾਇਆ ਗਿਆ ਹੈ। ਇਹ ਗੈਲਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਾਰ ਨੇਤ੍ਰਿਤਵ ਅਤੇ ਰਚਨਾਤਮਕ ਗਿਆਨ ਦੀ ਤਸਵੀਰ ਪੇਸ਼ ਕਰਦੀ ਹੈ। ਇੱਥੇ ਹੀ ਮੌਜੂਦ ਗੈਲਰੀ 16 ਪੂਰੇ ਮਿਊਜ਼ੀਅਮ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਰੂਹ-ਕੰਬਾਊ ਥਾਂ ਹੈ। ਇੱਥੇ ਵੈਸਾਖੀ 1699 ਦਾ ਪੂਰਾ ਦ੍ਰਿਸ਼ ਅਸਲੀਅਤ ਵਾਂਗ ਮੁੜ ਤੋਂ ਖੜ੍ਹਾ ਕੀਤਾ ਗਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਬੁਲਾਇਆ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। Immersive Sound, ਰੌਸ਼ਨੀ ਅਤੇ 3D modelling ਇਸ ਗੈਲਰੀ ਨੂੰ ਬਿਲਕੁਲ ਜੀਵੰਤ ਅਤੇ ਭਾਵੁਕ ਬਣਾ ਦਿੰਦੀ ਹੈ। ਦਰਸ਼ਕ ਆਪਣੇ ਆਪ ਨੂੰ ਉਸ ਸਮੇਂ ਅਤੇ ਸਥਾਨ ਤੇ ਖੜ੍ਹਾ ਮਹਿਸੂਸ ਕਰਦਾ ਹੈ ਜਿੱਥੇ ਇਤਿਹਾਸ ਸਿਰਜਿਆ ਜਾ ਰਿਹਾ ਸੀ।

ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਵਾਲੀ ਗੈਲਰੀ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਲੜਾਈਆਂ, ਬਹਾਦੁਰੀ ਅਤੇ ਕੁਰਬਾਨੀ ਨੂੰ ਬਾਖੂਬੀ ਵਿਖਾਇਆ ਗਿਆ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਗੈਲਰੀ ਮਿਊਜ਼ੀਅਮ ਦੀ ਸਭ ਤੋਂ ਭਾਵੁਕ ਗੈਲਰੀ ਹੈ। ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ (ਸਰਹੰਦ) ਵਿੱਚ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਦਰਸ਼ਕ ਦੇ ਦਿਲ ਦਾ ਰੋਮ ਰੋਮ ਹਿਲ ਜਾਂਦਾ ਹੈ। ਠੰਡੀ ਅਤੇ ਗੰਭੀਰ ਲਾਈਟਿੰਗ, ਹੌਲੀ-ਹੌਲੀ ਚੱਲਦੀ ਕਹਾਣੀ ਦੀ ਵਿਆਖਿਆ ਅਤੇ ਦ੍ਰਿਸ਼ਾਂ ਦੀ ਗਹਿਰਾਈ ਇਸ ਗੈਲਰੀ ਨੂੰ ਇੱਕ ਰੂਹਾਨੀ ਅਨੁਭਵ ਬਣਾ ਦਿੰਦੀ ਹੈ। ਇਹ ਗੈਲਰੀ ਸਿਰਫ਼ ਸ਼ਹਾਦਤ ਨਹੀਂ ਦਿਖਾਉਂਦੀ ਸਗੋਂ ਇਹ ਸੱਚ, ਹਿੰਮਤ, ਧਰਮ, ਕੁਰਬਾਨੀ ਅਤੇ ਜਜ਼ਬੇ ਦੇ ਅਰਥ ਨੂੰ ਸਮਝਾਉਂਦੀ ਹੈ।

ਖ਼ਾਲਸਾ ਰਾਜ ਅਤੇ ਸੰਘਰਸ਼ –

ਇਹ ਗੈਲਰੀਆਂ ਖ਼ਾਲਸਾ ਪੰਥ ਦੇ ਜਨਮ ਤੋਂ ਬਾਅਦ ਦੇ ਰਾਜਨੀਤਿਕ, ਫੌਜੀ ਅਤੇ ਸਮਾਜਿਕ ਇਤਿਹਾਸ ਨੂੰ ਦਰਸਾਉਂਦੀਆਂ ਹਨ। ਗੈਲਰੀ 17-20 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਰਾਜ ਦੀ ਸਥਾਪਨਾ, ਸਰਹਿੰਦ ਦੀ ਜਿੱਤ, ਅਤੇ ਸਿੱਖਾਂ ਦੇ ਮੁਗਲ ਹਾਕਮਾਂ ਨਾਲ ਦੁਖਦਾਈ ਸੰਘਰਸ਼ ਵਿਖਾਏ ਗਏ ਹਨ। ਇਸ ਵਿੱਚ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ (ਸ਼ਹੀਦੀਆਂ) ਅਤੇ ਛੋਟੇ ਤੇ ਵੱਡੇ ਘੱਲੂਘਾਰਿਆਂ ਦੇ ਦ੍ਰਿਸ਼ ਵੀ ਦਰਸਾਏ ਗਏ ਹਨ।

ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਕੌਮ ਕਿਵੇਂ ਵੱਖ-ਵੱਖ ਮਿਸਲਾਂ ਵਿੱਚ ਵੰਡ ਗਈ ਅਤੇ ਫਿਰ ਮੁੜ ਇਕੱਠੀ ਹੋਈ ਇਹ ਸਾਰੀ ਕਹਾਣੀ ਇਸ ਗੈਲਰੀ ਵਿੱਚ ਵੇਖਣ ਨੂੰ ਮਿਲਦੀ ਹੈ। ਮਿਸਲਾਂ ਦੇ ਖੇਤਰ, ਮੁੱਖ ਨੇਤਾ, ਜੰਗਾਂ ਦੇ ਰਾਸਤੇ, ਨਕਸ਼ੇ ਅਤੇ ਇਤਿਹਾਸਕ ਘਟਨਾਵਾਂ ਦੇ 3D ਮਾਡਲ ਇਸ ਗੈਲਰੀ ਦੀ ਖ਼ਾਸੀਅਤ ਹਨ।

ਗੈਲਰੀ 21-24 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਦਾ ਉਭਾਰ ਅਤੇ ਵਿਸਥਾਰ, ਲਾਹੌਰ ਨੂੰ ਰਾਜਧਾਨੀ ਬਣਾਉਣਾ, ਸਮਾਜਿਕ ਸੁਧਾਰ, ਅਤੇ ਫੌਜ-ਏ-ਖ਼ਾਸ (ਖ਼ਾਸ ਫੌਜ) ਦਾ ਆਧੁਨਿਕੀਕਰਨ ਆਦਿ ਸ਼ਾਮਿਲ ਹੈ।ਸ਼ੇਰ-ਏ-ਪੰਜਾਬ ਦੀ ਮਹਾਨਤਾ ਅਤੇ ਉਨ੍ਹਾਂ ਦੇ ਦਰਬਾਰ ਦਾ ਸੱਭਿਆਚਾਰਕ ਦ੍ਰਿਸ਼ ਏਥੇ ਬਾਖੂਬੀ ਵੇਖਣ ਨੂੰ ਮਿਲਦਾ ਹੈ।

ਇਹ ਗੈਲਰੀ ਪੰਜਾਬ ਦੇ ਸੁਨਹਿਰੇ ਯੁੱਗ ਦੀ ਸ਼ਾਨ ਨੂੰ ਦਰਸਾਉਂਦੀ ਹੈ, ਇੱਥੇ ਬਣੇ ਲਾਹੌਰ ਦਰਬਾਰ ਦੇ ਵੱਡੇ ਮਾਡਲ ਅਤੇ ਸਿੱਖ ਰਾਜ ਦੀਆਂ ਯਾਦਾਂ ਦੇ 3D ਨਮੂਨੇ ਵੇਖਕੇ ਦਰਸ਼ਕ ਨੂੰ ਅਹਿਸਾਸ ਹੁੰਦਾ ਹੈ ਕਿ ਕਿਵੇਂ ਸਿੱਖ ਸਾਮਰਾਜ ਨੇ ਇੱਕ ਵੱਡੀ ਤਾਕਤ ਵਜੋਂ ਜਨਮ ਲਿਆ ਸੀ।

ਆਧੁਨਿਕ ਪੰਜਾਬ ਗੈਲਰੀ

ਇਸ ਗੈਲਰੀ ਵਿੱਚ ਪੰਜਾਬ ਦੇ ਨਵੇਂ ਯੁੱਗ ਦੀ ਕਹਾਣੀ ਦਰਸਾਈ ਗਈ ਹੈ, 1947 ਵਿੱਚ ਪੰਜਾਬ ਦੀ ਵੰਡ ਤੋਂ ਲੈ ਕੇ ਪੰਜਾਬੀ ਸੂਬਾ ਮੋਰਚਾ, ਪੰਜਾਬੀ ਭਾਸ਼ਾ ਅੰਦੋਲਨ, ਖੇਤੀਬਾੜੀ ਦੇ ਵਿਕਾਸ, ਲੋਕ-ਕਲਾ, ਸੰਗੀਤ, ਪਹਿਰਾਵੇ ਅਤੇ ਆਧੁਨਿਕ ਸਭਿਆਚਾਰ ਤੱਕ ਫੈਲੀ ਇਹ ਗੈਲਰੀ ਦੱਸਦੀ ਹੈ ਕਿ ਪੰਜਾਬ ਨੇ ਕਿਵੇਂ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਿਆ ਅਤੇ ਮਜ਼ਬੂਤ ਬਣਾਇਆ…

ਹਾਲਾਂਕਿ “ਵਿਰਾਸਤ ਏ ਖ਼ਾਲਸਾ” ਦੀ ਹਰ ਗੈਲਰੀ ਅਤੇ ਉੱਥੇ ਮਹਿਸੂਸ ਕੀਤੇ ਜਾਣ ਵਾਲੇ ਅਨੁਭਵ ਨੂੰ ਕੁਝ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਇਸ ਕਰਕੇ ਉੱਪਰ ਕੁਝ ਮੁੱਖ ਗੈਲਰੀਆਂ ਦਾ ਹੀ ਜ਼ਿਕਰ ਕੀਤਾ ਗਿਆ ਹੈ, ਤੇ ਹਰ ਗੈਲਰੀ ਦੀ ਜਾਣਕਾਰੀ ਸੰਖੇਪ ਵਿੱਚ ਹੀ ਦਿੱਤੀ ਗਈ ਹੈ। ਕਿਉਕਿ ਕਰੀਬ 100 ਏਕੜ ਵਿੱਚ ਫੈਲੇ “ਵਿਰਾਸਤ ਏ ਖ਼ਾਲਸਾ” ਦੇ ਕੰਪਲੈਕਸ ਵਿੱਚ ਤੁਹਾਨੂੰ ਹਰ ਗੈਲਰੀ ਬਹੁਤ ਵੱਡੀ ਅਤੇ ਜਾਣਕਾਰੀ ਨਾਲ ਭਰਪੂਰ ਨਜ਼ਰ ਆਵੇਗੀ। ਹਰ ਗੈਲਰੀ ਵਿੱਚ ਤੁਹਾਨੂੰ ਬੇਹੱਦ ਵੱਖਰਾ ਅਨੁਭਵ ਮਿਲਦਾ ਹੈ, ਤੇ ਗੈਲਰੀਆਂ ਚ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਖੁਦ ਪੁਰਾਣੇ ਸਮੇਂ ਵਿੱਚ ਜਾਕੇ ਇਤਿਹਾਸ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਵੇਖ ਰਹੇ ਹੋਂ।

ਤਕਨੀਕੀ ਵਿਸ਼ੇਸ਼ਤਾਵਾਂ ਅਤੇ ਵਿਜ਼ਿਟਰ ਅਨੁਭਵ –

ਜ਼ਿਆਦਾਤਰ ਇਤਿਹਾਸਕ ਘਟਨਾਵਾਂ ਨੂੰ ਜੀਵਨ-ਅਕਾਰ ਦੇ ਡਾਇਓਰਾਮਾ (Dioramas) ਰਾਹੀਂ ਦਿਖਾਇਆ ਗਿਆ ਹੈ, ਜਿੱਥੇ ਮਨੁੱਖੀ ਮੂਰਤੀਆਂ ਇਤਿਹਾਸਕ ਪਹਿਰਾਵੇ ਅਤੇ ਹਥਿਆਰਾਂ ਵਿੱਚ ਸਜਾਈਆਂ ਗਈਆਂ ਹਨ। ਗੈਲਰੀਆਂ ਵਿੱਚ ਆਟੋਮੈਟਿਕਲੀ ਚੱਲਣ ਵਾਲੀਆਂ ਫਿਲਮਾਂ, 3D ਪ੍ਰੋਜੈਕਸ਼ਨਾਂ, ਅਤੇ ਵਿਸ਼ੇਸ਼ ਆਵਾਜ਼ ਪ੍ਰਭਾਵਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਤਿਹਾਸ ਨੂੰ ਜੀਵੰਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਆਉਣ ਵਾਲੇ ਲੋਕਾਂ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਆਡੀਓ ਗਾਈਡ (Audio Device) ਉਪਲਬਧ ਹਨ ਜੋ ਗੈਲਰੀਆਂ ਵਿੱਚ ਦਾਖਲ ਹੁੰਦੇ ਹੀ ਆਪਣੇ ਆਪ ਚਾਲੂ ਹੋ ਜਾਂਦੇ ਹਨ। ਇੱਥੇ ਆਉਣ ਵਾਲੇ ਦਰਸ਼ਕ ਨੂੰ 2–3 ਘੰਟਿਆਂ ਦੀ ਇੱਕ ਲਗਾਤਾਰ ਯਾਤਰਾ ਮਿਲਦੀ ਹੈ। ਕੰਪਲੈਕਸ ਦਾ ਮਾਹੌਲ ਬਹੁਤ ਸ਼ਾਂਤ ਹੈ, ਬਾਹਰ ਪਾਣੀ ਦੇ ਪੂਲ, ਅੰਦਰ high-quality visuals, ਸ਼ਾਂਤ ਸੰਗੀਤ ਅਤੇ ਵੱਡਾ ਖੁੱਲਾ ਖੇਤਰਫ਼ਲ ਇਸਨੂੰ ਇੱਕ ਰੂਹਾਨੀ ਅਨੁਭਵ ਬਣਾ ਦਿੰਦਾ ਹੈ। ਰੋਸ਼ਨੀ ਦੀ ਵਰਤੋਂ ਕਲਾ ਦੇ ਕੰਮ ਅਤੇ ਪ੍ਰਦਰਸ਼ਨੀਆਂ ਨੂੰ ਉਜਾਗਰ ਕਰਨ, ਅਤੇ ਮਾਹੌਲ ਨੂੰ ਭਾਵਨਾਤਮਕ ਬਣਾਉਣ ਲਈ ਬੜੀ ਬਾਰੀਕੀ ਨਾਲ ਕੀਤੀ ਗਈ ਹੈ। Safdie ਦਾ ਡਿਜ਼ਾਇਨ ਕੁਦਰਤੀ ਅਤੇ ਗੈਰ ਕੁਦਰਤੀ ਰੌਸ਼ਨੀ ਦੇ ਮੂਡ ਨੂੰ ਇਸ ਤਰਾਂ ਵਰਤਦਾ ਹੈ ਤਾਂ ਜੋ ਵੱਖ-ਵੱਖ ਤਰਾਂ ਦੇ ਖੰਡਾਂ ਦਾ ਮਾਹੌਲ ਤਿਆਰ ਹੋ ਸਕੇ।

ਪੂਰੇ ਅਜਾਇਬਘਰ ਨੂੰ ਵੇਖਣ ਲਈ ਆਮ ਤੌਰ ‘ਤੇ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ, “ਵਿਰਾਸਤ ਏ ਖ਼ਾਲਸਾ” ਵੇਖਣ ਲਈ ਕਿਸੇ ਪ੍ਰਕਾਰ ਦੀ ਟਿਕਟ ਨਹੀਂ ਲਗਦੀ।

ਪ੍ਰਚਾਰ ਦੀ ਲੋੜ ਅਤੇ ਮਹੱਤਤਾ

“ਵਿਰਾਸਤ ਏ ਖ਼ਾਲਸਾ” ਦਾ ਬੇਹੱਦ ਖ਼ੂਬਸੂਰਤ ਕੰਪਲੈਕਸ ਨਾ ਕੇਵਲ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ ਸਗੋਂ ਹਰ ਇੱਕ ਇਤਿਹਾਸਕ ਘਟਨਾ ਨੂੰ ਰੂਹ ਤੱਕ ਮਹਿਸੂਸ ਵੀ ਕਰਵਾਉਂਦਾ ਹੈ, ਇੱਥੇ ਆਕੇ ਤੁਸੀਂ ਭਾਵੁਕ, ਰੂਹਾਨੀ, ਜੋਸ਼ ਨਾਲ ਭਰਿਆ, ਆਪਣੇ ਇਤਿਹਾਸ ਤੇ ਮਾਣ ਕਰਨ ਵਾਲਾ ਹਰ ਤਰ੍ਹਾਂ ਅਨੁਭਵ ਮਹਿਸੂਸ ਕਰਦੇ ਹੋ।

ਬੇਹੱਦ ਉੱਚ ਪੱਧਰੀ ਤਕਨੀਕ ਨਾਲ ਬਣੇ ਪੰਜਾਬ ਅਤੇ ਸਿੱਖ ਧਰਮ ਦੇ ਇਤਿਹਾਸ ਦੀ ਗਵਾਹੀ ਭਰਦੇ ਇਸ ਅਜਾਇਬ ਘਰ ਭਾਵ “ਵਿਰਾਸਤ ਏ ਖ਼ਾਲਸਾ” ਬਾਰੇ ਅਜੇ ਵੀ ਬਹੁਤ ਲੋਕ ਅਨਜਾਣ ਹਨ। ਲੋੜ ਹੈ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ, ਤਾਂ ਜੋ ਪੰਜਾਬ ਵਾਸੀ, ਅੱਜ ਦੀ ਨੌਜਵਾਨ ਪੀੜ੍ਹੀ ਅਤੇ ਪੰਜਾਬ ਦੀਆਂ ਆਉਣ ਵਾਲੀ ਨਸਲਾਂ ਆਪਣੇ ਇਤਿਹਾਸ ਨੂੰ ਜਾਣ ਸਕਣ, ਵੇਖ ਸਕਣ, ਮਹਿਸੂਸ ਕਰ ਸਕਣ ਅਤੇ ਆਪਣੀ ਵਿਰਾਸਤ ਉੱਤੇ ਮਾਣ ਕਰ ਸਕਣ।

ਲੋਕ ਆਪਣੇ ਇਤਿਹਾਸ ਨੂੰ ਵੇਖਦੇ ਹੋਏ, ਸਮਝਦੇ ਹੋਏ ਉਸ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਜਾਨਣ, ਆਪਣੇ ਜੀਵਨ ਨੂੰ ਹੋਰ ਉੱਚਾ ਚੁੱਕਣ ਦਾ ਯਤਨ ਕਰਨ, ਕੋਸ਼ਿਸ਼ ਕਰਨ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਕੇ ਆਪਣੇ ਜੀਵਨ ਵਿੱਚ ਬਦਲਾਵ ਕਰਨ ਦੀ, ਜੀਵਨ ਨੂੰ ਹੋਰ ਚੰਗਾ ਬਣਾਉਣ ਦੀ ਅਤੇ ਗੁਰੂ ਨਾਲ ਜੁੜਨ ਦੀ, ਤਾਂਕਿ ਸਿੱਖ ਧਰਮ ਅਤੇ ਪੰਜਾਬ ਦਾ ਸਿਰਮੌਰ ਇਤਿਹਾਸ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਦੀ ਜੁਬਾਨੀ ਸਿਰ ਕੱਢ ਕੇ ਬੋਲਦਾ ਰਹੇ।

ਤਾਂ ਜੋ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਿਸ “ਸਿੱਖੀ-ਪੰਜਾਬ -ਪੰਜਾਬੀਅਤ” ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਅਤੇ ਆਪਣੀ ਹੋਂਦ, ਪਹਿਚਾਣ, ਇਤਿਹਾਸ ਦੀ ਬਾਖੂਬੀ ਰੱਖਿਆ ਕਰ ਸਕਣ….

Post navigation

Leave a Comment

Leave a Reply

Your email address will not be published. Required fields are marked *