Mehdi Hassan

ਉਹਨਾਂ ਦੇ ਸੰਗੀਤ ਵਿੱਚ ਪਾਣੀ ਦੀ ਤਾਸੀਰ ਹੈ

ਰਾਜਸਥਾਨ ਦੇ ਸ਼ੇਖਾਵਤੀ ਖੇਤਰ ਦਾ ਇੱਕ ਜ਼ਿਲ੍ਹਾ ਹੈ ਝੁੰਝੁਨੂ। ਝੁੰਝੁਨੂ ਦੀ ਅਲਸੀਸਰ ਤਹਿਸੀਲ ਦੇ ਇੱਕ ਪਿੰਡ ਲੂਨਾ ਵਿੱਚ ਪੰਦਰਾਂ ਪੀੜ੍ਹੀਆਂ ਤੋਂ, ਮੁਸਲਿਮ ਗਾਇਕਾਂ ਦੇ ਕੁਝ ਪਰਿਵਾਰ ਰਹਿੰਦੇ ਆ ਰਹੇ ਸਨ। ਇਹ ਉਹ ਸਮਾਂ ਸੀ ਜਦੋਂ ਕਲਾ ਅਤੇ ਸੰਗੀਤ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਸੀ, ਅਤੇ ਸ਼ੇਖਾਵਤੀ ਦੇ ਪਤਵੰਤੇ ਤਾਂ ਵੈਸੇ ਵੀ ਇਸ ਮਾਮਲੇ ਚ ਹਮੇਸ਼ਾ ਅੱਗੇ ਰਹਿਣ ਵਾਲੇ ਦੱਸੇ ਜਾਂਦੇ ਸੀ। ਪੂਰੇ ਖੇਤਰ ਵਿੱਚ ਧਰੁਪਦ ਗਾਇਕ ਦਾ ਵੱਡੇ ਨਾਂਅ ਵੱਜੋਂ ਜਾਣੇ ਜਾਂਦੇ ਉਸਤਾਦ ਅਜ਼ੀਮ ਖਾਨ, ਇਸੇ ਲੂਨਾ ਵਿੱਚ ਰਹਿੰਦੇ ਸਨ ਅਤੇ ਅਕਸਰ ਆਪਣੇ ਛੋਟੇ ਭਰਾ, ਉਸਤਾਦ ਇਸਮਾਈਲ ਖਾਨ ਨਾਲ
ਇਕੱਠਿਆਂ ਮਹਿਫ਼ਿਲਾਂ ਵਿਚ ਗਾਉਣ ਜਾਂਦੇ ਸਨ।

18 ਜੁਲਾਈ, 1927 ਨੂੰ, ਅਜ਼ੀਮ ਖਾਨ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ, ਜਿਸਦਾ ਨਾਮ ਮਹਿਦੀ ਹਸਨ ਰੱਖਿਆ ਗਿਆ। ਮਹਿਦੀ ਦਾ ਅਰਥ ਹੈ ਸਹੀ ਰਸਤੇ ‘ਤੇ ਚੱਲਣ ਲਈ ਬ੍ਰਹਮ ਮਾਰਗਦਰਸ਼ਨ ਪ੍ਰਾਪਤ ਕਰਨ ਵਾਲਾ। ਪਿੰਡ ਦੇ ਹੋਰ ਬੱਚਿਆਂ ਵਾਂਗ, ਮਹਿਦੀ ਹਸਨ ਦਾ ਬਚਪਨ ਵੀ ਲੂਨਾ ਦੀਆਂ ਰੇਤਲੀਆਂ ਗਲੀਆਂ ਅਤੇ ਪਗਡੰਡੀਆਂ ਵਿਚਾਲੇ ਬੱਕਰੀਆਂ ਚਾਰਨ ਅਤੇ ਖੇਡਾਂ ਖੇਡਣ ਵਿੱਚ ਬੀਤ ਜਾਣਾ ਸੀ। ਪਰ ਉਹ ਇੱਕ ਕਲਾਤਮਕ ਪਰਿਵਾਰ ਤੋਂ ਸੀ, ਇਸ ਲਈ ਚਾਰ ਜਾਂ ਪੰਜ ਸਾਲ ਦੀ ਉਮਰ ਵਿੱਚ, ਉਹਨਾਂ ਦੇ ਪਿਤਾ ਅਤੇ ਚਾਚੇ ਨੇ ਉਹਨਾਂ ਦੇ ਕੰਨ ਵਿੱਚ ਪਹਿਲਾ ਸੁਰ ਫੂਕਿਆ। ਉਸ ਪਹਿਲੇ ਸੁਰ ਦੀ ਰੌਸ਼ਨੀ ਵਿੱਚ, ਜਦੋਂ ਇਸ ਬੱਚੇ ਦੇ ਮੂੰਹ ਚੋ ਪਹਿਲੀ ਵਾਰ “ਸਾ” ਨਿਕਲਿਆ, ਤਾਂ ਸਾਰਾ ਬ੍ਰਹਿਮੰਡ ਮੁਸਕਰਾ ਪਿਆ ਹੋਵੇਗਾ।

ਅੱਠ ਸਾਲ ਦੀ ਉਮਰ ਵਿੱਚ, ਗੁਆਂਢੀ ਰਾਜ ਪੰਜਾਬ ਦੇ ਫਾਜ਼ਿਲਕਾ ਵਿੱਚ ਮਹਿਦੀ ਹਸਨ ਧਰੁਪਦ ਅਤੇ ਖਿਆਲ ਗਾਇਕੀ ਦਾ ਆਪਣਾ ਪਹਿਲਾ ਪ੍ਰਦਰਸ਼ਨ ਦੇ ਰਹੇ ਸੀ। ਅਗਲੇ 10-12 ਸਾਲ ਭਰਪੂਰ ਅਭਿਆਸ ਨਾਲ ਭਰੇ ਰਹੇ, ਜਿਸ ਦੌਰਾਨ, ਆਪਣੇ ਬਜ਼ੁਰਗਾਂ ਦੀ ਦੇਖ-ਰੇਖ ਕਰਦੇ ਹੋਏ, ਮਹਿਦੀ ਹਸਨ ਨੇ ਜ਼ਿਆਦਾਤਰ ਰਾਗਾਂ ਵਿੱਚ ਮੁਹਾਰਤ ਹਾਸਲ ਕਰ ਲਈ, ਜਿਸ ਵਿੱਚ ਉਨ੍ਹਾਂ ਦੀਆਂ ਗੁੰਝਲਾਂ ਵੀ ਸ਼ਾਮਲ ਸਨ।

ਫਿਰ 1947 ਆਇਆ। ਵੰਡ ਤੋਂ ਬਾਅਦ, ਪੂਰਾ ਹਸਨ ਪਰਿਵਾਰ ਪਾਕਿਸਤਾਨ ਚਲਾ ਗਿਆ। ਸਾਹੀਵਾਲ ਜ਼ਿਲ੍ਹੇ ਦਾ ਚੀਚਾਵਟਨੀ ਸ਼ਹਿਰ ਮਹਿਦੀ ਹਸਨ ਦਾ ਕੰਮ ਕਰਨ ਦਾ ਸਥਾਨ ਬਣਿਆ। ਪਰਿਵਾਰ ਦੀ ਥੋੜ੍ਹੀ ਜਿਹੀ ਬੱਚਤ ਸੀ ਉਹ ਕੁਝ ਹੀ ਔਖੇ ਦਿਨਾਂ ਤੱਕ ਹੀ ਚੱਲ ਸਕੀ ਹੋਵੇਗੀ। ਲਗਾਤਾਰ ਵਿੱਤੀ ਸੰਕਟ ਅਤੇ ਜਿਉਂਦੇ ਰਹਿਣ ਦੇ ਸੰਘਰਸ਼ ਦੇ ਵਿੱਚ, ਸੰਗੀਤ ਬਾਰੇ ਕੌਣ ਸੋਚਦਾ?

ਮਹਿਦੀ ਹਸਨ ਨੇ ਪਹਿਲਾਂ ਮੁਗਲ ਸਾਈਕਲ ਹਾਊਸ ਨਾਮਕ ਇੱਕ ਸਾਈਕਲ ਮੁਰੰਮਤ ਦੀ ਦੁਕਾਨ ਵਿੱਚ ਨੌਕਰੀ ਹਾਸਲ ਕੀਤੀ। ਟਾਇਰਾਂ ਦੇ ਪੰਕਚਰ ਜੋੜਦੇ, ਹੈਂਡਲਬਾਰਾਂ ਨੂੰ ਸਿੱਧਾ ਕਰਦੇ, ਉਹਨਾਂ ਨੇ ਦੂਜੇ ਉਸਤਾਦਾਂ ਤੋਂ ਕਾਰਾਂ ਅਤੇ ਡੀਜ਼ਲ ਟਰੈਕਟਰਾਂ ਦੀ ਮੁਰੰਮਤ ਦਾ ਕੰਮ ਵੀ ਸਿੱਖ ਲਿਆ। ਜਲਦੀ ਹੀ ਉਹ ਇਲਾਕੇ ਦੇ ਇੱਕ ਮਸ਼ਹੂਰ ਮਕੈਨਿਕ ਦੇ ਤੌਰ ਤੇ ਜਾਣੇ ਜਾਣ ਲੱਗ ਪਏ ਅਤੇ ਨੇੜਲੇ ਪਿੰਡਾਂ ਵਿੱਚ ਜਾ ਕੇ ਇੰਜਣਾਂ ਦੇ ਇਲਾਵਾ ਟਿਊਬਵੈੱਲਾਂ ਦੀ ਮੁਰੰਮਤ ਦਾ ਕੰਮ ਵੀ ਕਰਨ ਲੱਗੇ।

ਸੰਗੀਤ ਨਾਲ ਇਕਲੌਤਾ ਤਾਲੁੱਕ ਇੱਕ ਪੁਰਾਣੇ ਸਿੰਗਲ-ਬੈਂਡ ਰੇਡੀਓ ਬਚਿਆ ਹੋਇਆ ਸੀ। ਕੰਮ ਤੋਂ ਥੱਕ ਕੇ ਵਾਪਸ ਆਉਣ ਤੋਂ ਬਾਅਦ, ਉਹੀ ਉਹਨਾਂ ਦੀ ਤਨਹਾਈ ਦਾ ਸਾਥੀ ਬਣਦਾ। ਜੇਕਰ ਕਿਸੇ ਸਟੇਸ਼ਨ ਤੇ ਸ਼ਾਸਤਰੀ ਸੰਗੀਤ ਵੱਜ ਰਿਹਾ ਹੁੰਦਾ ਤਾਂ ਉਹ ਉਸ ਨੂੰ ਲੰਬੇ ਸਮੇਂ ਤੱਕ ਸੁਣਦੇ। ਫਿਰ ਉਠਦੇ ਅਤੇ ਆਪਣਾ ਤਾਨਪੁਰਾ ਕੱਢ ਘੰਟਿਆਂ ਤੱਕ ਅਭਿਆਸ ਕਰਦੇ ਰਹਿੰਦੇ।

ਜ਼ਿੰਦਗੀ ਦੇ ਉਹ ਔਖੇ ਦਿਨ, ਹਫਤੇ, ਮਹੀਨੇ ਸਾਲਾਂ ਵਿੱਚ ਬਦਲਦੇ ਚਲੇ ਗਏ, ਪਰ ਮਹਿਦੀ ਹਸਨ ਨੇ ਕਦੇ ਵੀ ਅਭਿਆਸ ਕਰਨਾ ਨਹੀਂ ਛੱਡਿਆ। ਇੰਜਣ ਵਿੱਚ ਸੜਨ ਵਾਲੇ ਡੀਜ਼ਲ ਦੇ ਧੂਏਂ ਅਤੇ ਮਸ਼ੀਨਾਂ ਦੇ ਸ਼ੋਰ ਵਿਚਾਲੇ ਉਹਨਾਂ ਦੀ ਆਤਮਾ ਸੰਗੀਤ ਦੇ ਸੁਕੂਨ ਭਰੇ ਖੇਤਰ ਵਿੱਚ ਪਸਰੀ ਰਹਿੰਦੀ ਅਤੇ ਰਾਤ ਦੇ ਆਉਣ ਦਾ ਇੰਤਜ਼ਾਰ ਰਹਿੰਦਾ।

ਦਸ ਸਾਲ ਇਸ ਤਰ੍ਹਾਂ ਅਭਿਆਸ ਕਰਦੇ ਬੀਤੇ ਤਾਂ ਜਾ ਕੇ 1957 ਵਿੱਚ, ਉਹਨਾਂ ਨੂੰ ਰੇਡੀਓ ‘ਤੇ ਠੁਮਰੀ ਗਾਉਣ ਦਾ ਮੌਕਾ ਮਿਲਿਆ। ਰੇਡੀਓ ਤੇ ਪਹਿਲਾ ਪ੍ਰਦਰਸ਼ਨ ਹੋ ਗਿਆ, ਉਸ ਤੋਂ ਸਾਲਾਂ ਬਾਅਦ, ਉਹਨਾਂ ਨੂੰ ਆਖਰਕਾਰ ਆਪਣੇ ਵਰਗੇ ਸਾਥੀ ਸੰਗੀਤਕਾਰਾਂ ਨਾਲ ਰਹਿਣ ਦਾ ਮੌਕਾ ਮਿਲਿਆ। ਉਹਨਾਂ ਨੂੰ ਪਤਾ ਲੱਗਾ ਕਿ ਵੰਡ ਤੋਂ ਬਾਅਦ, ਕਲਾ ਅਤੇ ਸੰਗੀਤ ਦੇ ਸਰਪ੍ਰਸਤਾਂ ਦੀ ਗਿਣਤੀ ਲਗਭਗ ਖਤਮ ਹੋ ਗਈ ਸੀ। ਜੋ ਵੀ ਪ੍ਰਮੁੱਖ ਗਾਇਕ ਅਤੇ ਸੰਗੀਤਕਾਰ ਬਚੇ ਸਨ, ਉਹ ਬਸ ਆਪਣਾ ਸਮਾਂ ਬਿਤਾ ਰਹੇ ਸਨ। ਉਨ੍ਹਾਂ ਵਿੱਚ ਸਰਕਾਰ ਨੂੰ ਲੈ ਕੇ ਵੀ ਕੋਈ ਦਿਲਚਸਪੀ ਨਹੀਂ ਸੀ।

ਮਹਿਦੀ ਹਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਮਾਂ 25 ਸਾਲ ਅਭਿਆਸ ਵਿੱਚ ਬਿਤਾਇਆ ਸੀ, ਇਸ ਨਿਰਾਸ਼ਾ ਨੂੰ ਸਵੀਕਾਰ ਕਰਨ ਵਾਲੇ ਨਹੀਂ ਸੀ। ਇਸ ਦੌਰਾਨ, ਉਹਨਾਂ ਨੇ ਸੰਗੀਤ ਅਤੇ ਕਵਿਤਾ ਦੋਵਾਂ ਦੀ ਡੂੰਘੀ ਸਮਝ ਵਿਕਸਤ ਕਰ ਲਈ ਸੀ। ਮਹਾਨ ਉਸਤਾਦਾਂ ਦੀਆਂ ਸੈਂਕੜੇ ਗ਼ਜ਼ਲਾਂ ਉਹਨਾਂ ਨੂੰ ਯਾਦ ਸੀ, ਜਿਸਦੀ ਸ਼ੇਰੋ ਸ਼ਾਇਰੀ ਨੂੰ ਉਹ ਅਕਸਰ ਦੋਸਤਾਂ ਨਾਲ ਆਪਣੀਆਂ ਗੱਲਾਂਬਾਤਾਂ ਵਿੱਚ ਵਰਤਦੇ ਸੀ।

ਜਿਸ ਦਿਨ ਉਸਤਾਦ ਮਹਿਦੀ ਹਸਨ ਖਾਨ ਨੇ ਸ਼ੁੱਧ ਸ਼ਾਸਤਰੀ ਸੰਗੀਤ ਨੂੰ ਤਿਆਗਣ ਅਤੇ ਗ਼ਜ਼ਲ ਗਾਇਕੀ ਨੂੰ ਅਪਣਾਉਣ ਦਾ ਅੰਤਿਮ ਫੈਸਲਾ ਲਿਆ ਹੋਵੇਗਾ, ਉਸ ਦਿਨ ਬ੍ਰਹਿਮੰਡ ਖੁਸ਼ੀ ਨਾਲ ਨੱਚਿਆ ਹੋਵੇਗਾ।

ਉਹਨਾਂ ਦੀ ਗਾਇਕੀ ਬਾਰੇ ਗੱਲ ਕਰਨਾ ਪਾਣੀ ਬਾਰੇ ਗੱਲ ਕਰਨ ਵਰਗਾ ਹੈ। ਹਰ ਕੋਈ ਪਾਣੀ ਅਤੇ ਇਸਦੇ ਕਈ ਨਾਵਾਂ ਨੂੰ ਜਾਣਦਾ ਹੈ।

ਉਸਤਾਦ ਮਹਿਦੀ ਹਸਨ ਖਾਨ ਕੋਲ ਲੰਬੇ ਅਤੇ ਅਣਥੱਕ ਅਭਿਆਸ ਦੀ ਕੋਮਲ ਸ਼ਕਤੀ ਸੀ, ਜਿਸ ਦੀ ਮਦਦ ਨਾਲ ਉਹਨਾਂ ਨੇ ਸੰਗੀਤ ਦੀਆਂ ਅਭੇਦ ਚੱਟਾਨਾਂ ਵਿੱਚੋਂ ਰਸਤੇ ਕੱਢ ਦਿੱਤੇ। ਪਾਣੀ ਵੀ ਇਹੀ ਕਰਦਾ ਹੈ।

Ashok Pande

Ashok Pandey is a renowned poet, painter, and translator. His first collection of poems, "Dekhta Hoon Sapne," was published in 1992. His other well-received books include "Jitni Mitti Utna Sona," "Tarikh Mein Aurat," and "Babban Carbonate." He blogs under the name Kabadikhana at kabaadkhaana.blogspot.com. He currently resides in Haldwani, Uttarakhand.

Post navigation

Leave a Comment

Leave a Reply

Your email address will not be published. Required fields are marked *