Babu Singh Maan 3

ਪੰਜਾਬੀ ਲੋਕ ਧਾਰਾ ਦਾ ਜੀਵੰਤ ਵਿਸ਼ਵ ਕੋਸ਼ ਹੈ ਗੀਤਕਾਰ ਬਾਬੂ ਸਿੰਘ ਮਾਨ (ਭਾਗ ੪)

ਬਾਬੂ ਸਿੰਘ ਮਾਨ ਜੀ ਦੀ ਸਮਕਾਲ ਤੇ ਪੂਰੀ ਪੀਡੀ ਪਕੜ ਹੈ। ਮਾਂ ਬੋਲੀ ਦੀ ਬੇਹੁਰਮਤੀ ਬਾਰੇ ਬਹੁਤ ਹੀ ਬੁਲੰਦ ਗੀਤ ਲਿਖ ਕੇ ਉਨ੍ਹਾਂ ਧਰਤੀ ਪੁੱਤਰ ਹੋਣ ਦਾ ਸਬੂਤ ਦਿੱਤਾ। ਮਾਂ ਬੋਲੀ ਪੰਜਾਬੀ ਬਾਰੇ ਨਿਹੋਰੇ ਭਰਿਆ ਗੀਤ ਵੀ ਹਰਭਜਨ ਮਾਨ ਨੇ ਹੀ ਗਾਇਆ। ਗੀਤ ਏਦਾ ਹੈ।

ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ
ਮਾਂ ਦੀ ਮਮਤਾ ਵਰਗੀ ਮਿੱਠੀ
ਦੁੱਧ ਵਿੱਚ ਮਿਸ਼ਰੀ ਘੋਲੀ
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਮੈਂ ਹੀ ਬੋਲਣ ਲਾਇਆ ਤੈਨੂੰ
ਭੁੱਲ ਗਿਉਂ ਮੇਰਾ ਪਿਆਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਮੈਨੂੰ ਇਉਂ ਨਾ ਮਨੋਂ ਵਿਸਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ

ਦੁਨੀਆਂ ਵਾਲੇ ਕਹਿੰਦੇ ਸਨ ਮੈਨੂੰ
ਪੰਜ ਨਦੀਆਂ ਦੀ ਰਾਣੀ
ਪਾਣੀ ਵਿੱਚ ਲਾਕੀਰਾਂ ਵਾਹ ਕੇ
ਚੀਰ ਦਿੱਤੇ ਗਏ ਪਾਣੀ
ਖਿੰਡ ਗਏ ਮੋਤੀ ਮੈਂ ਤੱਤੜੀ ਦੇ
ਟੁੱਟ ਗਿਆ ਰਾਣੀ ਹਾਰ…
ਵੇ ਮੈਂ ਤੇਰੀ…

ਕਲਮ ਤੇਰੀ ਤੋਂ ਏ. ਬੀ. ਸੀ. ਨੇ
ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ‘ਚੋਂ ਨਿਕਲਿਆ
ਹਾਉਕੇ ਵਰਗਾ ਹਾੜ੍ਹਾ
ਕਈ ਵਰ੍ਹਿਆਂ ਤੋਂ ਵਿਲਕ ਰਹੀ
ਮਾਂ ਖੜ੍ਹੀ ਦਫਤਰੋਂ ਬਾਹਰ
ਵੇ ਮੈਂ ਤੇਰੀ…

ਜੰਮੇ-ਜਾਏ ਗੋਦ ਖਿਡਾਏ।
ਰੀਝਾਂ ਨਾਲ ਪੜ੍ਹਾਏ।
ਜਿਉਂ ਜਿਉਂ ਵੱਡੇ ਬਣਦੇ ਗਏ।
ਮੈਥੋਂ ਹੁੰਦੇ ਗਏ ਪਰਾਏ।
ਵੇ ‘ਮਾਨਾਂ’ ਨਾ ਹੋਈਂ ਬੇਗਾਨਾ
ਤੂੰ ਤੇ ਸੋਚ ਵਿਚਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ।

ਮੇਰੇ ਬਚਪਨ ਵੇਲੇ ਤੋਂ ਇੱਕ ਗੀਤ ਮੇਰੇ ਸਦਾ ਅੰਗ ਸੰਗ ਰਿਹਾ। ਬਹੁਤ ਮਗਰੋਂ ਪਤਾ ਲੱਗਾ ਕਿ ਇਹ ਗੀਤ ਵੀ ਸ. ਬਾਬੂ ਸਿੰਘ ਮਾਨ ਜੀ ਦਾ ਹੀ ਲਿਖਿਆ ਹੋਇਆ ਹੈ। ਅਮਰਜੀਤ ਗੁਰਦਾਸਪੁਰੀ ਜੀ ਇਸ ਨੂੰ ਅਕਸਰ ਆਕਾਸ਼ਵਾਣੀ ਜਲੰਧਰ ਤੋਂ ਗਾਉਂਦੇ ਹੁੰਦੇ ਸਨ। ਇਸ ਦੀ ਰਿਕਾਰਡਿੰਗ ਲੱਖ ਚਾਹੁਣ ਦੇ ਬਾਵਜੂਦ ਮੈਨੂੰ ਅੱਜ ਤੀਕ ਨਹੀਂ ਲੱਭੀ। ਜੇ ਕਿਸੇ ਕੋਲ ਹੋਵੇ ਤਾਂ ਦੱਸਿਓ।

ਗੀਤ ਇੰਜ ਸੀ

ਵੇ ਪੁੰਨਣਾ, ਵੇ ਜ਼ਾਲਮਾ
ਮੇਰੇ ਦਿਲਾਂ ਦਿਆ ਮਹਿਰਮਾ
ਵੇ ਮਹਿਰਮਾਂ, ਵੇ ਬੱਦਲਾ
ਕਿੰਨਾ ਚਿਰ ਹੋਰ ਤੇਰੀ ਛਾਂ

ਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪ
ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ
ਦਾ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ
ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ
ਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨ
ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ…
ਵੇ ਪੁੰਨਣਾਂ…

ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀ
ਤਿੱਖੇ ਕੰਡਿਆਂ ਨੇ ਪੁੱਛਿਆ ਸਰੀਰ ਨੂੰ
ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ
ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ
ਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨ
ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ…
ਵੇ ਪੁੰਨਣਾਂ…

ਫਿਰਦੀ ਭਟਕਦੀ ਉਜਾੜਾਂ ‘ਚ ਇਕੱਲੀ
ਜਿਵੇਂ ਦੋਜ਼ਕਾਂ ‘ਚ ਰਿਸ਼ੀਆਂ ਦੀ ਆਤਮਾ
ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ
ਵੇ ਧੰਨ ਤੇਰਾ ਜਿਗਰਾ ਮਹਾਤਮਾ
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ
ਮੈਂ ਹਾਉਕਿਆਂ ਦਾ ਜਾਪ ਕਰਾਂ…
ਵੇ ਪੁੰਨਣਾਂ…

ਮਹਿੰਦੀ ਰੰਗੇ ਪੈਰਾਂ ਵਿਚੋਂ ਰਿਸਦਾ ਏ ਖ਼ੂਨ
ਮੋਹਰਾਂ ਰੱਤੀਆਂ ਥਲਾਂ ਦੇ ਵਿਚ ਲੱਗੀਆਂ
ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ
ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ
ਠਹਿਰ ਜ਼ਰਾ ਮੌਤੇ ਪੁੱਜ ਲੈਣ ਤਾਂ ਦੇ ਪਾਪਣੇ ਨੀ
ਚੰਦਰੇ ਬਲੋਚ ਦੇ ਗਿਰਾਂ …
ਵੇ ਪੁੰਨਣਾਂ…

ਤੁਸੀਂ ਹੈਰਾਨ ਹੋਵੋਗੇ ਕਿ ਇਸ ਗੀਤ ਦਾ ਲੇਖਕ ਬਾਬੂ ਸਿੰਘ ਮਾਨ ਤੇ ਗਾਇਕ ਅਮਰਜੀਤ ਗੁਰਦਾਸਪੁਰੀ ਸਾਰੀ ਉਮਰ ਕਦੇ ਇੱਕ ਮਿੰਟ ਵੀ ਨਹੀਂ ਮਿਲੇ। ਇਹ ਗੀਤ “ਕਵਿਤਾ “ ਮੈਗਜ਼ੀਨ ਵਿੱਚ ਛਪਿਆ ਸੀ ਜਿੱਥੋਂ ਪੜ੍ਹ ਕੇ ਗੁਰਦਾਸਪੁਰੀ ਜੀ ਨੇ ਗਾਇਆ।

Post navigation

Leave a Comment

Leave a Reply

Your email address will not be published. Required fields are marked *