ਭਾਰਤ ਦੇਸ਼ ਵਿੱਚ ਵੱਖ-ਵੱਖ ਧਰਮਾਂ ਸੰਸਕ੍ਰਿਤੀਆਂ ਤੇ ਰਿਵਾਜਾਂ ਦੇ ਲੋਕ ਵੱਸਦੇ ਹਨ ਅਤੇ ਹਰ ਇੱਕ ਧਰਮ ਦੇ ਆਪਣੇ ਵਿਲੱਖਣ ਤਿਉਹਾਰ ਹੋਣ ਕਾਰਨ ਭਾਰਤ ਦੇਸ਼ ਨੂੰ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ । ਦਿਵਾਲੀ, ਈਦ, ਕ੍ਰਿਸਮਸ, ਰੱਖੜੀ ਤੇ ਹੋਲੀ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਤਿਉਹਾਰ ਹਨ। ਇਹ ਤਿਉਹਾਰ ਸਿਰਫ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਸਗੋਂ ਭਾਰਤ ਦੀ ਸਾਂਝੀ ਵਿਰਾਸਤ ਅਤੇ ਏਕਤਾ ਦਾ ਪ੍ਰਤੀਕ ਵੀ ਹਨ । ਭਾਰਤ ਦੇਸ਼ ਵਿੱਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਕਈ ਸੂਬਿਆਂ ਵਿੱਚ ਹੋਲੀ ਦਾ ਇਹ ਤਿਉਹਾਰ ਲਗਾਤਾਰ ਮਹੀਨੇ ਤੋਂ ਵੀ ਵੱਧ ਦਿਨਾਂ ਲਈ ਮਨਾਇਆ ਜਾਂਦਾ ਹੈ। ਹੋਲੀ ਦਾ ਇਤਿਹਾਸ ਭਾਵੇਂ ਕੁਝ ਵੀ ਹੋਵੇ ਪਰ ਪੂਰੇ ਭਾਰਤ ਦੇਸ਼ ਵਿੱਚ ਇਹ ਤਿਉਹਾਰ ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਲੋਕ ਇਕੱਠੇ ਹੋ ਕੇ ਮਨਾਉਂਦੇ ਹਨ। ਵੱਖੋ ਵੱਖਰੇ ਸੂਬਿਆਂ ਵਿੱਚ ਹੋਲੀ ਮਨਾਉਣ ਦੇ ਢੰਗ ਵੀ ਵੱਖਰੇ ਹਨ। ਉਦਾਹਰਣ ਵਜੋਂ
ਨਵਾਬਾਂ ਦੀ ਹੋਲੀ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਈ ਜਾਂਦੀ ਹੋਲੀ ।
ਲਾਠੀਆਂ ਚਲਾ ਕੇ ਮਨਾਈ ਜਾਂਦੀ ਰਾਜਪੂਤਾਂ ਦੀ ਹੋਲੀ ।
ਰਾਜਸਥਾਨ ਵਿੱਚ ਸੰਵਾਂਗ ਸਵਾਰੀਆਂ ਕੱਢ ਕੇ ਮਨਾਈ ਜਾਂਦੀ ਹੋਲੀ ।
ਵ੍ਰਿੰਦਾਵਨ ਵਿੱਚ ਡਫਾਂ ਵਜਾ ਕੇ ਮਨਾਈ ਜਾਂਦੀ ਹੋਲੀ ।
ਮੁਟਿਆਰਾਂ ਵੱਲੋਂ ਮਰਦਾਂ ਦੇ ਛਮਕਾਂ ਮਾਰ ਕੇ ਮਨਾਈ ਜਾਂਦੀ ਹੋਲੀ ।
ਰਾਹ ਜਾਂਦੇ ਤੇ ਰੰਗ ਸੁੱਟ ਕੇ ਮਨਾਈ ਜਾਂਦੀ ਹੋਲੀ ।

17ਵੀਂ ਸਦੀ ਦੇ ਅਖੀਰਲੇ ਵਰ੍ਹੇ ਵਿੱਚ ਖ਼ਾਲਸੇ ਦੀ ਸਿਰਜਣਾ ਕਰਨ ਤੋਂ ਬਾਅਦ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੀਰਘ-ਦ੍ਰਿਸ਼ਟੀ ਸੋਚ ਨੇ ਸੋਚਿਆ ਕਿ ਇਹ ਹੋਲੀ ਵਰਗੇ ਤਿਉਹਾਰ ਲੁਕਾਈ ਦੀ ਭੇਡ-ਚਾਲ ਹਨ, ਕਿਉਂ ਨਾ ਇਸ ਹੋਲੀ ਦੀ ਰੂਪ-ਰੇਖਾ ਪੰਜਾਬ ਦੇ ਸਿੱਖਾਂ ਵਿੱਚ ਬਦਲ ਦਿੱਤੀ ਜਾਵੇ । ਜਿਸ ਨਾਲ ਸਿੱਖ ਕੌਮ ਵਿੱਚ ਬੀਰ ਰਸ ਭਰੇ ਅਤੇ ਗੁਰੂ ਦੇ ਸਿੱਖ ਜੰਗੀ ਕਰਤੱਵ ਵਿਖਾਉਣ ਲਈ ਕਈ-ਕਈ ਮਹੀਨੇ ਤਿਆਰੀ ਕਰਨ । ਗੁਰੂ ਦੇ ਸਿੱਖਾਂ ਦੇ ਬਹਾਦਰੀ ਭਰੇ ਜੋਹਰ ਤੇ ਕਰਤੱਵਾਂ ਵੱਲ ਵੇਖ ਕੇ ਬਾਕੀ ਲੋਕਾਂ ਅੰਦਰ ਵੀ ਵੀਰ-ਰਸੀ ਜੋਸ਼ ਭਰੇ । ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਅਣਖ ਅਤੇ ਉਤਸ਼ਾਹ ਪੈਦਾ ਕਰਨ ਲਈ ਹੋਲੀ ਦੇ ਪਰੰਪਰਾਗਤ ਰੂਪ ਨੂੰ ਅਪ੍ਰਵਾਨ ਕਰਦਿਆਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਲੋਹਗੜ੍ਹ ਦੇ ਸਥਾਨ ਉੱਤੇ ਚੇਤ ਵਦੀ ਏਕਮ ਸੰਮਤ 1757 ਬਿਕ੍ਰਮੀ 1700 ਈਸਵੀ ਨੂੰ ਹੋਲੀ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਉਣ ਦੀ ਰੀਤ ਚਲਾਈ । ਉਸ ਸਮੇਂ ਤੋਂ ਹੀ ਹੋਲਾ-ਮਹੱਲਾ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਜੋੜ ਮੇਲਾ ਬਣ ਗਿਆ । ਗੁਰੂ ਗੋਬਿੰਦ ਸਿੰਘ ਜੀ ਨੇ 1700 ਈਸਵੀ ਤੋਂ ਹੋਲੇ-ਮਹੱਲੇ ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦੀ ਆਰੰਭਤਾ ਕੀਤੀ ਤਾਂ ਜੋ ਖ਼ਾਲਸਾ ਆਪਣੀ ਵਿਲੱਖਣ ਅਤੇ ਸੁਤੰਤਰ ਹੋਂਦ ਅਨੁਸਾਰ ਆਪਣਾ ਤਿਉਹਾਰ ਮਨਾ ਕੇ ਆਪਣੇ ਨਿਆਰੇਪਣ ਦਾ ਪ੍ਰਗਟਾਵਾ ਕਰ ਸਕੇ ।

‘ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਭਲੇ ਕੰਮ ਲਈ ਜੂਝਣਾ, ਸੀਸ ਤਲੀ ਉੱਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ਉੱਤੇ ਚੱਲਣਾ । ‘ਮਹੱਲਾ’ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿਥੇ ‘ਫ਼ਤਿਹ’ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਭਾਈ ਕਾਹਨ ਸਿੰਘ ਨਾਭਾ ‘ਹੋਲੇ’ ਦੇ ਅਰਥ ਹਮਲਾ ਜਾਂ ਹੱਲਾ ਕਰਨਾ ਦੱਸਦੇ ਹਨ । ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਡਾਕਟਰ ਵਣਜਾਰਾ ਬੇਦੀ ਅਨੁਸਾਰ ‘ਮਹੱਲਾ’ ਅਰਬੀ ਭਾਸ਼ਾ ਦੇ ਸ਼ਬਦ ਮਹੌਲਵੇ ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ ਜਿਥੇ ਫ਼ਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ । ਹੋਲੀ ਨੂੰ ਸਵੈ-ਮਾਣ, ਵੀਰ-ਰਸੀ ਅਤੇ ਜੰਗਜੂ ਰੂਪ ਦੇ ਕੇ ਪੰਜਾਬ ਦੇ ਸਿੱਖਾਂ ਨੂੰ ਜੁਝਾਰੂ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਪੰਜਾਬ ਵਿੱਚ ‘ਹੋਲਾ-ਮਹੱਲਾ’ ਨਾਮ ਬਖਸ਼ਿਸ਼ ਕੀਤਾ ।

ਇਸ ਦਿਨ ਜੁਝਾਰੂ ਸਿੰਘਾਂ ਦੇ ਬਹਾਦਰੀ ਭਰੇ ਜੰਗੀ ਕਾਰਨਾਮੇ ਸੰਗਤਾਂ ਨੂੰ ਵਿਖਾਉਣ ਅਤੇ ਆਪ ਵੇਖਣ ਵਾਸਤੇ, ਗੁਰੂ ਜੀ ਸਿੱਖ ਫੌਜਾਂ ਦੇ ਦੋ ਦਲ ਬਣਾ ਦਿੰਦੇ । ਇੱਕ ਫੌਜੀ ਦਲ ਚਰਨ ਗੰਗਾ ਦੇ ਕੰਢੇ ਮੋਰਚਾਬੰਦੀ ਕਰਕੇ ਬੈਠ ਜਾਂਦਾ ਤੇ ਦੂਸਰਾ ਦਲ ਕਿਲ੍ਹਾਂ ਹੋਲਗੜ੍ਹ ਤੋਂ ਤਿਆਰੀ ਕਰ ਚਰਨ ਗੰਗਾ ਪੁੱਜਦਾ । ਚਰਨ ਗੰਗਾ ਦੇ ਸਥਾਨ ਤੇ ਪਹਿਲਾਂ ਤੋਂ ਮੋਰਚਾਬੰਦੀ ਕਰੀ ਬੈਠੇ ਸਿੰਘਾਂ ਨੂੰ ਦੁਸ਼ਮਣ ਜਾਣ ਕੇ ਉਹਨਾਂ ਤੇ ਧਾਵਾ ਕੀਤਾ ਜਾਂਦਾ ਅਤੇ ਦੋਨਾਂ ਦਲਾਂ ਵਿੱਚ ਗਹਗਿੱਚ ਮਸਨੂਈ ਲੜਾਈ ਹੁੰਦੀ । ਜਿਹੜਾ ਜਥਾ ਜਿੱਤ ਪ੍ਰਾਪਤ ਕਰਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਉਸ ਜੱਥੇ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਦੇ ਅਤੇ ਸਵੱਸ਼ ਲੱਠੇ ਦੀਆਂ ਚਾਦਰਾਂ ਉੱਪਰ ਖੁੱਲੇ ਕੜਾਹ-ਪ੍ਰਸ਼ਾਦ ਦੇ ਗੱਫੇ ਸਜਾ ਕੇ ਸਿੰਘਾਂ ਨੂੰ ਮਨ ਮਰਜ਼ੀ ਅਨੁਸਾਰ ਰੱਜ ਕੇ ਖਾਣ ਦਾ ਹੁਕਮ ਦੇ ਕੇ ਆਪ ਉੱਚੀ ਜਗ੍ਹਾ ਬੈਠ ਇਹ ਨਜ਼ਾਰਾ ਵੇਖ ਪ੍ਰਸੰਨ ਹੁੰਦੇ । ਫਿਰ ਉਥੇ ਹੀ ਦਰਬਾਰ ਸੱਜਦਾ ਅਤੇ ਸ਼ਸਤਰਧਾਰੀ ਸਿੰਘ ਆਹਮੋ-ਸਾਹਮਣੇ ਆਪਣੇ ਕਰਤੱਵ ਵਿਖਾਉਂਦੇ । ਇਸ ਸਮੇਂ ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਅਸਮਾਨੀ ਗੂੰਜਦੇ ਤੇ ਫ਼ਤਿਹ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ । ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀ ਅਲੌਕਿਕ ਮਹਿਮਾ ਦਾ ਵਰਣਨ ਕਰਦਿਆਂ ਕਵੀ ਸੁਮੇਰ ਸਿੰਘ ਲਿਖਦੇ ਹਨ :
“ਔਰਨਾ ਕੀ ਹੋਲੀ ਮਮ ਹੋਲਾ । ਕਹਯੋ ਕ੍ਰਿਪਾਨਿਧ ਬਚਨ ਅਮੋਲਾ ।“
ਹੋਲੀ ਵਰਗੇ ਤਿਉਹਾਰਾਂ ਨੂੰ ਬੀਰ ਰਸੀ ਮੋੜ ਦੇਣ ਦੀ ਬਦੌਲਤ ਹੀ ਸਤਿਗੁਰੂ ਜੀ ਨੇ 14 ਜੰਗਾਂ ਲੜੀਆਂ ਤੇ ਸਾਰੀਆਂ ਜੰਗਾਂ ਵਿੱਚ ਸ਼ਾਨਦਾਰ ਫ਼ਤਿਹ ਪ੍ਰਾਪਤ ਕੀਤੀ ।

ਅਜੋਕੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਹੋਲਾ-ਮਹੱਲਾ ਕੀਰਤਪੁਰ ਸਾਹਿਬ ਅਤੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ । ਕਈ ਤੱਥ ਇਹ ਵੀ ਸਪੱਸ਼ਟ ਕਰਦੇ ਹਨ ਕਿ ਇਸ ਹੋਲੇ ਮਹੱਲੇ ਦੀ ਸ਼ੁਰੂਆਤ ‘ਖਿਜ਼ਰਾਬਾਦ’ ਪੁਰਖਾਲੀ ਲਾਗੇ ਬਿੰਦਰਖ ਦੇ ਕੋਲ ਪੈਂਦੇ ਪਿੰਡ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਉਥੋਂ ਹੁੰਦੀ ਹੈ । ਤਿੰਨ ਰੋਜ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਖਿਜ਼ਰਾਬਾਦ ਵਿਖੇ ਪਾਏ ਜਾਂਦੇ ਹਨ ਤੇ ਫਿਰ ਤਿੰਨ ਦਿਨ ਕੀਰਤਪੁਰ ਸਾਹਿਬ ਤੇ ਫਿਰ ਤਿੰਨ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾਂਦਾ ਹੈ । ਪਰ ਅਜੋਕੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਰੂਪ ਵਿੱਚ ਖ਼ਾਲਸੇ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਜਲੂਸ ਦੇ ਰੂਪ ਵਿੱਚ ਹਰ ਸਾਲ ਮਹੱਲਾ ਕੱਢਿਆ ਜਾਂਦਾ ਹੈ। ਇਸ ਦਿਨ ਪੰਜ ਪਿਆਰੇ ਅਰਦਾਸ ਕਰਕੇ ਅਨੰਦਗੜ੍ਹ ਸਾਹਿਬ ਤੋਂ ਨਿਸ਼ਾਨ ਸਾਹਿਬ ਲੈ ਕੇ ਜਲੂਸ ਦੇ ਰੂਪ ਵਿੱਚ ਮਹੱਲਾ ਚੜ੍ਹਦੇ ਹਨ । ਪੰਜਾਬ ਅਤੇ ਭਾਰਤ ਦੇ ਵੱਖਰੇ-ਵੱਖਰੇ ਹਿੱਸਿਆਂ ਤੋਂ ਆਏ ਹੋਏ ਨਿਹੰਗ ਸਿੰਘ ਘੋੜਿਆਂ ਉੱਤੇ ਸਵਾਰ ਹੋ ਕੇ ਸ਼ਸਤਰ ਧਾਰਨ ਕਰਕੇ ਇਸ ਜਲੂਸ ਵਿੱਚ ‘ਨਗਾਰੇ’ ਉੱਤੇ ਚੋਟ ਵਜਾਉਂਦੇ, ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਸ਼ਾਮਿਲ ਹੁੰਦੇ ਹਨ । ਇਹ ਭਾਰੀ ਜਲੂਸ ਅਨੰਦਗੜ੍ਹ ਤੋਂ ਮਾਤਾ ਜੀਤੋ ਜੀ ਦੇ ਦਹੁਰੇ ਅਤੇ ਫਿਰ ਲੋਹਗੜ੍ਹ ਤੋਂ ਚਰਨ ਗੰਗਾ ਸਟੇਡੀਅਮ ਵਿੱਚ ਪੁੱਜਦਾ ਹੈ ।

ਇਥੇ ਖ਼ਾਲਸੇ ਦੀ ਫੌਜ ਆਪਣੇ ਜੰਗੀ ਕਰਤੱਵ ਦਿਖਾਉਂਦੀ ਹੈ । ਗਤਕੇ ਦੇ ਵੱਖ-ਵੱਖ ਕਰਤੱਵ ਦਿਖਾਏ ਜਾਂਦੇ ਹਨ । ਨਿਹੰਗ ਸਿੰਘ ਘੋੜ ਦੌੜਾਂ ਵਿੱਚ ਆਪਣੀ ਅਦਭੁਤ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਮਨਾਂ ਨੂੰ ਨਿਹਾਲ ਕਰਦੇ ਹਨ । ਅਸਤਰਾਂ ਸ਼ਸਤਰਾਂ ਦਾ ਜਲੌਅ ਵੇਖਣ ਯੋਗ ਹੁੰਦਾ ਹੈ । ਕਈ ਨਿਹੰਗ ਸਿੰਘਾਂ ਦੇ ਸਜਾਏ ਦੁਮਾਲੇ ਹਰ ਇੱਕ ਨੂੰ ਅਚੰਭਤ ਕਰਦੇ ਹਨ । ਠਾਠਾ ਮਾਰਦਾ ਇਹ ਹੋਲੇ-ਮਹੱਲੇ ਦਾ ਸਮੁੰਦਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਖ਼ਾਲਸਾਈ ਰੰਗ ‘ਚ ਰੰਗ ਦਿੰਦਾ ਹੈ। ਬਾਅਦ ਦੁਪਹਿਰ ਇਹ ਜਲੂਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਚੱਲਦਾ ਹੈ ਅਤੇ ਉਥੇ ਪੁੱਜ ਕੇ ਮਹੱਲੇ ਦੀ ਸਮਾਪਤੀ ਉਪਰੰਤ ਅਰਦਾਸ ਹੁੰਦੀ ਹੈ । ਅਰਦਾਸ ਉਪਰੰਤ ਨਿਹੰਗ ਸਿੰਘ ਆਪੋ ਆਪਣੇ ਟਿਕਾਣਿਆਂ ਵੱਲ ਨੂੰ ਕੂਚ ਕਰਦੇ ਹਨ । ਪਰ ਇਹਨਾਂ ਨਿਹੰਗ ਸਿੰਘਾਂ ਦੀ ਆਪਣੀ ਬੋਲੀ ਤੇ ਆਪਣੇ ਹੀ ਕਈ ਵਿਲੱਖਣ ਸ਼ਬਦ ਹੁੰਦੇ ਹਨ ।

ਜਦੋਂ ਇਹ ਖਾਲਸੇ ਦੇ ਬੋਲੇ ਜਿੰਨਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ ਨਿਹੰਗ ਸਿੰਘ ਆਪਸ ਵਿੱਚ ਗੱਲ ਕਰਦੇ ਹਨ ਤਾਂ ਕਈ ਸ਼ਬਦਾਂ ਦੇ ਮਤਲਬ ਸਮਝਣੇ ਬੜੇ ਔਖੇ ਲੱਗਦੇ ਹਨ ਉਦਾਹਰਣ ਵਜੋਂ: ਦੀਵੇ ਨੂੰ ਉਜਾਗਰ ਕਹਿਣਾ, ਡੰਡੇ ਨੂੰ ਅਕਲਦਾਨ, ਬਕਰੀ ਨੂੰ ਅਕਾਸ਼ਪਰੀ. ਕਛਹਿਰਾ ਨੂੰ ਕੱਛ, ਰਾਤ ਨੂੰ ਅੰਜਨੀ, ਦੁੱਧ ਨੂੰ ਸਮੁੰਦਰ, ਮੂਲੀ ਨੂੰ ਕਰਾੜੀ, ਲੱਸੀ ਨੂੰ ਖਾਰਾ ਸਮੁੰਦਰ, ਖੋਤੀ ਨੂੰ ਚਿਲਮ, ਖੰਡ ਨੂੰ ਸੁਆਹ ਤੇ ਕੇਸਰ ਨੂੰ ਹਲਦੀ ਆਦਿਕ । ਵਰਤਮਾਨ ਸਮੇਂ ਵਿੱਚ ਕੋਈ ਆਮ ਬੰਦਾ ਗੜਗੱਜ ਬੋਲਿਆਂ ਦੀ ਗੱਲਬਾਤ ਸੁਣੇ ਤਾਂ ਕੋਈ ਹੋਰ ਹੀ ਮਤਲਬ ਸਮਝੇ । ਅੱਜ ਦੇ ਸਮੇਂ ਚ ਹੋਲੇ-ਮਹੱਲੇ ਦੀ ਮੂਲ ਭਾਵਨਾ ਨੂੰ ਉਜਾਗਰ ਕਰਕੇ ਅਸੀਂ ਲੋਕਾਂ ਦੇ ਮਨਾਂ ਨੂੰ ਆਲਮੀ ਅਲਾਮਤਾਂ ਤੋਂ ਨਿਰਲੇਪ ਕਰ ਸਕਦੇ ਹਾਂ, ਤੇ ਲੋਕਾਂ ਵਿੱਚ ਚੇਤਨਾ ਪੈਦਾ ਕਰ ਸਕਦੇ ਹਾਂ । ਇਸ ਨਾਲ ਲੋਕ ਮਨਾ ਅੰਦਰ ਹੱਕ-ਸੱਚ ਲਈ ਲੜਨ ਦਾ ਜਜ਼ਬਾ. ਉਤਸਾਹ ਤੇ ਚੜ੍ਹਦੀ ਕਲਾ ਦੀ ਭਾਵਨਾ ਪੈਦਾ ਹੋਵੇਗੀ।



Leave a Comment