Jallianwala Bagh

ਜਲ੍ਹਿਆਂ ਵਾਲੇ ਬਾਗ਼ ਦੀ ਧਰਤੀ: ਨਿਰਦੋਸ਼ ਲੋਕਾਂ ਦਾ ਲਹੂ-ਲੁਹਾਣ ਸਾਕਾ

13 ਅਪ੍ਰੈਲ 1919 ਵਿਸਾਖੀ ਦਾ ਦਿਨ ਭਾਰਤ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਤੇ ਲਹੂ-ਲੁਹਾਣ ਵਾਲਾ ਪੰਨਾ ਹੈ। ਵਿਸਾਖੀ ਦੀ ਖੁਸ਼ੀ ਮਨਾਉਣ ਅਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਨਿਹੱਥੇ ਅਤੇ ਨਿਰਦੋਸ਼ ਲੋਕਾਂ ‘ਤੇ ਬੇਰਹਿਮੀ ਨਾਲ ਗੋਲੀਆਂ ਚਲਾਈਆਂ ਗਈਆਂ। ਵੇਖਦਿਆਂ ਹੀ ਵੇਖਦਿਆਂ ਜਲ੍ਹਿਆਂ ਵਾਲੇ ਬਾਗ਼ ਦੀ ਧਰਤੀ ਇਹਨਾਂ ਨਿਹੱਥੇ ਅਤੇ ਨਿਰਦੋਸ਼ ਲੋਕਾਂ ਦੇ ਲਹੂ ਨਾਲ ਰੰਗੀ ਗਈ ਅਤੇ ਇਹ ਲਹੂ-ਲੁਹਾਣ ਭਰਿਆ ਸਾਕਾ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇੱਕ ਦਿਲਚਸਪ ਮੋੜ ਬਣ ਗਿਆ। 20 ਵੀਂ ਸਦੀ ਦੇ ਸ਼ੁਰੂਆਤ ਤੋਂ ਹੀ ਭਾਰਤ ਦੇਸ਼ ਦੇ ਇਤਿਹਾਸ ਵਿੱਚ ਝਾਤ ਮਾਰੀਏ ਤਾਂ ਜਾਪਦਾ ਹੈ ਕਿ ਭਾਰਤ ਦੇਸ਼ ਦੀ ਨੌਜਵਾਨੀ ਆਪਣੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਪ੍ਰਗਤੀ ਵਿੱਚ ਸੀ। 1885 ਈਸਵੀ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਜਿਹੀ ਵੱਡੀ ਰਾਜਨੀਤਿਕ ਸੰਸਥਾ ਦਾ ਜਨਮ ਹੋ ਚੁੱਕਿਆ ਸੀ ਅਤੇ ਹੁਣ ਇਸ ਪਾਰਟੀ ਦੇ ਆਧਾਰ ਤੇ ਭਾਰਤੀ ਲੋਕ ਸੰਵਿਧਾਨਿਕ ਲੜਾਈ ਲੜਨ ਲਈ ਤਿਆਰ ਸਨ। ਪਰ 19ਵੀਂ ਸਦੀ ਦੇ ਅਖੀਰਲੇ ਵਰ੍ਹਿਆਂ ਨੇ ਭਾਰਤ ਦੇਸ਼ ਵਿੱਚ ਪਏ ਅਕਾਲਾਂ ਕਾਰਨ ਤੇ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਚੱਲੇ ਕਿਸਾਨੀ ਅੰਦੋਲਨ ਕਾਰਨ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਦੇਸ਼ ਛੱਡ ਬਾਹਰਲੇ ਦੇਸ਼ਾਂ ਵਿੱਚ ਜਾ ਵੱਸਣੇ ਸ਼ੁਰੂ ਹੋ ਗਏ ਸਨ। ਬੰਗਾਲ ਦੀ ਵੰਡ 1905 ਈਸਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਦੋ ਧੜਿਆਂ ਵਿੱਚ ਵੰਡਿਆ ਜਾਣਾ ਸੂਰਤ ਦੀ ਫੁੱਟ 1907 ਨੇ ਭਾਰਤੀ ਰਾਜਨੀਤੀ ਦੇ ਮਾਹੌਲ ਨੂੰ ਗਰਮਾ ਦਿੱਤਾ ਸੀ। ਭਾਰਤ ਦੇਸ਼ ਤੇ ਪੰਜਾਬ ਸੂਬੇ ਤੋਂ ਚੱਲ ਕੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਭਾਰਤੀਆਂ ਨੇ ਆਪਣੀ ਆਰਥਿਕਤਾ ਨੂੰ ਸੁਧਾਰ ਕੇ ਭਾਰਤ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਬਾਹਰਲੇ ਦੇਸ਼ਾਂ ਵਿੱਚ ਯਤਨ ਕਰਨੇ ਸ਼ੁਰੂ ਕੀਤੇ। ਸਿੱਟੇ ਵਜੋਂ ਅਮਰੀਕਾ ਤੇ ਕਨੇਡਾ ਵਿੱਚ ਗਦਰ ਪਾਰਟੀ ਹੋਂਦ ਵਿੱਚ ਆਈ। ਪਹਿਲੇ ਵਿਸ਼ਵ ਯੁੱਧ 1914 ਦੇ ਸ਼ੁਰੂ ਹੋਣ ਨਾਲ ਭਾਵੇਂ ਇਹਨਾਂ ਬਾਹਰਲੇ ਦੇਸ਼ਾਂ ਦੇ ਭਾਰਤੀਆਂ ਨੇ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੇ। ਰਾਜਾ ਮਹਿੰਦਰ ਪਰਤਾਪ ਨੇ ਗਦਰੀਆਂ ਦੀ ਮਦਦ ਨਾਲ ਅਫ਼ਗਾਨਿਸਤਾਨ ਵਿੱਚ 01 ਦਸੰਬਰ, 1915 ਨੂੰ ਅਸਥਾਈ ਸਰਕਾਰ ਬਣਾਈ, ਪਰ ਉਹਨਾਂ ਦੀ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾਉਣ ਦੀ ਇਹ ਕੋਸ਼ਿਸ਼ ਵੀ ਕਾਮਯਾਬ ਨਾ ਹੋ ਸਕੀ। ਸੂਰਤ ਦੀ ਫੁੱਟ 1907 ਈਸਵੀ ਤੋਂ ਬਾਅਦ ਬਾਲ ਗੰਗਾਧਰ ਤਿਲਕ ਅਤੇ ਸ਼੍ਰੀ ਅਰਬਿੰਦੋ ਘੋਸ਼ ਨੂੰ ਛੇ ਸਾਲਾਂ ਲਈ ਕੈਦ ਕਰ ਮਾਂਡਲੇ ਜੇਲ ਭੇਜ ਦਿੱਤਾ ਗਿਆ ਸੀ ਅਤੇ ਸਜਾ ਕੱਟਣ ਤੋਂ ਬਾਅਦ ਤਿਲਕ ਅਤੇ ਐਨੀ ਬੇਸੈਂਟ ਨੇ ਭਾਰਤ ਵਿੱਚ ਹੋਮ ਰੂਲ ਅੰਦੋਲਨ ਸ਼ੁਰੂ ਕੀਤਾ। ਐਨੀ ਬੇਸੈਂਟ ਮੈਡਮ ਬਾਲਾਵਾਟਸਕੀ ਦੀ ਅਨਿਨ ਭਗਤ ਸੀ ਅਤੇ ਉਹ ਭਾਰਤੀਆਂ ਲਈ ਅੰਗਰੇਜ਼ੀ ਸਾਮਰਾਜ ਅਧੀਨ ਭਾਰਤੀਆਂ ਦੀ ਆਪਣੀ ਸਰਕਾਰ ਦੀ ਸਥਾਪਨਾ ਕਰਨ ਦੇ ਹੱਕ ਵਿੱਚ ਸੀ। ਇਸ ਹੋਮ ਰੂਲ ਅੰਦੋਲਨ ਨੇ ਕਾਮਾਗਾਟਾਮਾਰੂ ਘਟਨਾ ਅਤੇ ਗਦਰੀਆਂ ਦੇ ਨਾ-ਕਾਮਯਾਬ ਹੋ ਜਾਣ ਤੋਂ ਬਾਅਦ ਭਾਰਤੀਆਂ ਵਿੱਚ ਇੱਕ ਨਵੀਂ ਉਮੀਦ ਦੀ ਕਿਰਨ ਪੈਦਾ ਕਰ ਦਿੱਤੀ ਸੀ। ਪਰ ਅੰਗਰੇਜ਼ੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਕਰਕੇ ਇਹ ਅੰਦੋਲਨ ਵੀ ਕਾਮਯਾਬ ਨਹੀਂ ਹੋ ਸਕਿਆ।

13 April 1919
Pic Credit : Flickr

ਪਹਿਲੇ ਵਿਸ਼ਵ ਯੁੱਧ ਵਿੱਚ ਭਾਵੇਂ ਯੁੱਧ ਲੜਨ ਵਾਲੇ ਸਿਪਾਹੀਆਂ ਦੀ ਗੱਲ ਕਰੀਏ ਜਾਂ ਉਹਨਾਂ ਲਈ ਭੇਜੀ ਜਾਂਦੀ ਰਸਦ ਦੀ ਗੱਲ ਕਰੀਏ, ਸਭ ਤੋਂ ਵੱਧ ਹਿੱਸਾ ਪੰਜਾਬ ਤੋਂ ਹੀ ਯੁੱਧ ਦੇ ਵੱਖ-ਵੱਖ ਖੇਤਰਾਂ ਵਿੱਚ ਜਾਂਦਾ ਰਿਹਾ ਸੀ। ਪਰ ਲਗਭਗ ਯੁੱਧ ਦੇ ਅਖੀਰ ਸਮੇਂ ਵਿੱਚ ਪੰਜਾਬ ਵਿੱਚ ਛੂਤ ਦੀ ਬਿਮਾਰੀ ਫੈਲਣ ਕਾਰਣ ਪੂਰੇ ਪੰਜਾਬ ਦੀ 5% ਜਨਸੰਖਿਆ ਇਸ ਛੂਤ ਦੀ ਬਿਮਾਰੀ ਨਾਲ ਮਰ ਚੁੱਕੀ ਸੀ। ਪੰਜਾਬ ਦੇ ਖਿੱਤੇ ਤੋਂ ਸਭ ਤੋਂ ਵੱਧ ਮਦਦ ਪ੍ਰਾਪਤ ਕਰਨ ਦੇ ਬਾਵਜੂਦ ਵੀ ਅੰਗਰੇਜ਼ੀ ਸਰਕਾਰ ਪੰਜਾਬੀਆਂ ਦੀ ਭਲਾਈ ਲਈ ਕੋਈ ਖਾਸ ਕਾਰਜ ਨਹੀਂ ਕਰ ਸਕੀ ਸੀ। ਇਸ ਦੇ ਉਲਟ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਅਤੇ ਪੰਜਾਬੀ ਦੇਸ਼-ਭਗਤਾਂ ਦੀਆਂ ਅੰਗਰੇਜ਼ੀ ਸਰਕਾਰ ਦੇ ਵਿਰੋਧ ਵਿੱਚ ਕੀਤੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਅੰਗਰੇਜ਼ੀ ਸਰਕਾਰ ਨੇ 1915 ਈਸਵੀ ਵਿੱਚ ਡੀਫੈਂਸ ਆਫ ਇੰਡੀਆ ਐਕਟ ਲਾਗੂ ਕਰ ਦਿੱਤਾ ਸੀ। ਇਹ ਵਿਰੋਧੀ ਗਤੀਵਿਧੀਆਂ ਵਿੱਚ ਖਾਸ ਤੌਰ ਤੇ ਕਾਂਗਰਸ ਦੇ ਗਰਮ ਦਲ ਦੀਆਂ ਗਤੀਵਿਧੀਆਂ, ਗਦਰੀਆਂ ਦੀਆਂ ਗਤੀਵਿਧੀਆਂ, ਰੇਸ਼ਮੀ ਰੁਮਾਲ ਸਾਜ਼ਿਸ਼ ਅਤੇ ਪੰਜਾਬ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਚੋਰੀਆਂ ਆਦਿ ਸਨ। ਇਹ ਸਭ ਗਤੀਵਿਧੀਆਂ ਅੰਗਰੇਜ਼ਾਂ ਨੂੰ ਪੰਜਾਬ ਅਤੇ ਭਾਰਤ ਵਿੱਚੋਂ ਬਾਹਰ ਕੱਢਣ ਲਈ ਸਨ। ਭਾਰਤੀ ਇਨਕਲਾਬੀ ਅੰਦੋਲਨ ਨੂੰ ਜਾਂਚਣ ਅਤੇ ਪੰਜਾਬੀਆਂ ਦੁਆਰਾ ਕੀਤੀਆਂ ਅੰਗਰੇਜ਼ੀ ਸਰਕਾਰ ਖਿਲਾਫ਼ ਗਤੀਵਿਧੀਆਂ ਨੂੰ ਜਾਂਚਣ ਲਈ 10 ਦਸੰਬਰ 1917 ਨੂੰ ਕਮੇਟੀ ਬਣਾਈ ਗਈ ਜਿਸ ਦਾ ਮੁਖੀ ਸ੍ਰੀਮਾਨ ਸੀਡਨੀ ਆਰਥਰ ਟੇਲਰ ਰੌਲਟ ਨੂੰ ਲਗਾਇਆ ਗਿਆ । ਸਰ ਸਿਡਨੀ ਰੌਲਟ ਦੇ ਨਾਲ ਇਸ ਕਮੇਟੀ ਵਿੱਚ ਪੰਜ ਮੈਂਬਰ ਹੋਰ ਲਗਾਏ ਗਏ । ਅਪ੍ਰੈਲ 15, 1918 ਨੂੰ ਇਸ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ । ਇਸ ਰਿਪੋਰਟ ਵਿੱਚ ਕਮੇਟੀ ਦੁਆਰਾ ਅੰਗਰੇਜ਼ੀ ਸਰਕਾਰ ਨੂੰ ਸਥਾਈ ਤੌਰ ਤੇ ਭਾਰਤ ਵਿੱਚ ਬਰਕਰਾਰ ਰੱਖਣ ਲਈ ਦੋ ਬਿੱਲ ਪਾਸ ਕਰਵਾਉਣ ਲਈ ਮਤਾ ਪੇਸ਼ ਕੀਤਾ ਗਿਆ । ਜਿਸ ਅਨੁਸਾਰ ਪਹਿਲਾ ਮਤਾ 21 ਮਾਰਚ 1919 ਨੂੰ ਇਸ ਤਰ੍ਹਾਂ ਪਾਸ ਹੋਇਆ ਤੇ ਕਾਨੂੰਨ ਬਣਿਆ ਇਸ ਮਤੇ ਅਨੁਸਾਰ ਅੰਗਰੇਜ਼ੀ ਸਰਕਾਰ ਨੂੰ ਇਹ ਮਾਨਤਾ ਦਿੱਤੀ ਜਾਵੇ ਕਿ ਸਰਕਾਰ ਬਿਨਾਂ ਕਿਸੇ ਜੁਰਮ ਤੋਂ ਸ਼ੱਕ ਦੇ ਅਧਾਰ ਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਹਿਰਾਸਤ ਚ ਲੈ ਸਕਦੀ ਹੈ ਅਤੇ ਇੱਕ ਸਾਲ ਤੱਕ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਰੱਖ ਸਕਦੀ ਹੈ । ਜਿਸ ਨੂੰ ਪੰਜਾਬੀ ਸਰਲ ਭਾਸ਼ਾ ਵਿੱਚ

“ਨਾ ਵਕੀਲ, ਨਾ ਦਲੀਲ, ਨਾ ਅਪੀਲ”

No lawyer no argument no appeal
Pic Credit : wikimedia

ਕਿਹਾ ਗਿਆ । ਇਸ ਕਾਨੂੰਨ ਦੇ ਲਾਗੂ ਹੋਣ ਨਾਲ ਸਾਰੇ ਪੰਜਾਬੀ ਭਾਈਚਾਰੇ ਵਿੱਚ ਨਮੋਸ਼ੀ ਫੈਲ ਗਈ, ਕਿਉਂਕਿ ਪੰਜਾਬੀਆਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ੀ ਸਰਕਾਰ ਦੀ ਮਦਦ ਸੈਨਿਕ ਪੱਖੋਂ ਵੀ ਅਤੇ ਰਸਦ ਪੱਖੋਂ ਵੀ ਕੀਤੀ ਸੀ ਤਾਂ ਪੰਜਾਬੀ ਯੁੱਧ ਤੋਂ ਬਾਅਦ ਇਸ ਕਾਨੂੰਨ ਨੂੰ ਲਾਗੂ ਕਰਨਾ ਅੰਗਰੇਜ਼ੀ ਸਰਕਾਰ ਦਾ ਧੋਖਾ ਸਮਝਦੇ ਸਨ । ਇਸ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਈ ਅਖ਼ਬਾਰਾਂ ਦੇ ਪ੍ਰਤੀਨਿਧੀਆਂ ਨੇ 8 ਫਰਵਰੀ 1919 ਨੂੰ ਇਕੱਠੇ ਹੋ ਕੇ ਵਿਰੋਧਤਾ ਵਿੱਚ ਮਤਾ ਪਾਇਆ ਸੀ । ਇਹਨਾਂ ਅਖ਼ਬਾਰਾਂ ਵਿੱਚ ਪੈਸਾ ਅਖ਼ਬਾਰ, ਅਖ਼ਬਾਰ-ਏ-ਆਮ, ਦਾ ਦੇਸ਼, ਦਾ ਹਿਮਾਲਿਆ, ਦਾ ਪਬਲਿਕ ਅਤੇ ਦਾ ਲੀਡਰ ਦੇ ਪ੍ਰਤੀਨਿਧ ਸ਼ਾਮਿਲ ਸਨ। 23 ਮਾਰਚ 1919 ਨੂੰ ਅੰਮ੍ਰਿਤਸਰ ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਨੇ ਪੰਜਾਬੀਆਂ ਨੂੰ ਇਸ ਰੌਲਟ ਬਿਲ ਦੇ ਵਿਰੋਧ ਵਿੱਚ ਇਕੱਠਾ ਕੀਤਾ । ਮਾਰਚ 29 ਅਤੇ 30, 1919 ਨੂੰ ਲਗਭਗ 45 ਹਜ਼ਾਰ ਲੋਕ ਇਸ ਬਿੱਲ ਦੇ ਵਿਰੋਧਤਾ ਵਿੱਚ ਇਕੱਠੇ ਹੋਏ । ਹੁਣ ਮਾਹੌਲ ਪੂਰਾ ਗਰਮਾ ਚੁੱਕਾ ਸੀ । ਸ਼ਾਂਤਮਈ ਢੰਗ ਨਾਲ ਪੰਜਾਬ ਵਿੱਚ 30 ਮਾਰਚ ਨੂੰ ਹੜਤਾਲ ਦਾ ਦਿਨ ਰੱਖਿਆ ਗਿਆ । ਅੰਮ੍ਰਿਤਸਰ, ਫਿਰੋਜ਼ਪੁਰ, ਮੁਕੇਰੀਆਂ ਵਿੱਚ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ ਗਈਆਂ । ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲੇ ਬਾਗ਼ ਵਿੱਚ 30 ਮਾਰਚ 1919 ਦੀ ਸ਼ਾਮ ਨੂੰ ਲਗਭਗ 35 ਹਜ਼ਾਰ ਪੰਜਾਬੀਆਂ ਦੇ ਇਕੱਠ ਨੂੰ ਡਾ. ਸੈਫੁੱਦੀਨ ਕਿਚਲੂ ਨੇ ਇਸ ਬਿੱਲ ਦੇ ਵਿਰੋਧ ਵਿੱਚ ਸੰਬੋਧਨ ਕੀਤਾ । ਉਨੀ ਦਿਨੀਂ ਜਲ੍ਹਿਆਂ ਵਾਲਾ ਬਾਗ਼ ਅੱਜ ਦੇ ਸਮੇਂ ਵਾਂਗ ਖ਼ੂਬਸੂਰਤ ਬਾਗ਼ ਨਹੀਂ ਸੀ ਸਗੋਂ 229 ਮੀਟਰ ਲੰਬਾ ਤੇ 183 ਮੀਟਰ ਚੌੜਾ ਇੱਕ ਬੇਢੰਗਾ ਜਿਹਾ ਭੂਮੀ ਦਾ ਟੁਕੜਾ ਸੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਕੀਲ ਰਾਜਾ ਜਸਵੰਤ ਸਿੰਘ ਨਾਭਾ ਦੇ ਮੁਲਾਜ਼ਮ ਅਤੇ ਫਿਰ ਮਹਾਰਾਜਾ ਦੇ ਵਕੀਲ ਬਣੇ ਭਾਈ ਹਮੀਤ ਸਿੰਘ ਜੱਲ੍ਹਾ ਦੀ ਜਾਇਦਾਦ ਸੀ । ਉਸੇ ਦੇ ਨਾਮ ਤੇ ਇਸ ਨੂੰ ਜੱਲ੍ਹੇ-ਵਾਲਾ ਬਾਗ਼ ਅਤੇ ਹੌਲੀ-ਹੌਲੀ ਜਲ੍ਹਿਆਂ ਵਾਲਾ ਬਾਗ਼ ਕਹਿਣ ਲੱਗ ਪਏ ਸਨ । 30 ਮਾਰਚ 1919 ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਸਥਾਨਾਂ ਤੇ ਪੰਜਾਬੀ ਇਨਕਲਾਬੀਆਂ ਨੇ ਰੌਲਟ ਬਿੱਲ ਦੇ ਵਿਰੋਧ ਵਿੱਚ ਪੰਜਾਬੀ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। 31 ਮਾਰਚ ਨੂੰ ਡਾ. ਸੈਫੁੱਦੀਨ ਕਿਚਲੂ ਅਤੇ ਦੀਨਾ ਨਾਥ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਹਨਾਂ ਨੇ ਜਲੰਧਰ ਜਾ ਕੇ ਇੱਕ ਵੱਡੇ ਪੰਜਾਬੀਆਂ ਦੇ ਇਕੱਠ ਨੂੰ ਇਸ ਬਿੱਲ ਦੀ ਵਿਰੋਧਤਾ ਵਿੱਚ ਸੰਬੋਧਨ ਕੀਤਾ । ਮੁੰਸ਼ੀਰਾਮ ਜੋ ਕਿ ਦਿੱਲੀ ਦੇ ਰਹਿਣ ਵਾਲੇ ਸਨ, ਉਹਨਾਂ ਦੀ ਪੁੱਤਰੀ ਨੇ ਕਈ ਹੋਰ ਔਰਤਾਂ ਨਾਲ ਮਿਲ ਕੇ ਰੌਲਟ ਕਾਨੂੰਨ ਦੀ ਵਿਰੋਧਤਾ ਵਿੱਚ ਲੁਧਿਆਣੇ ਦੇ ਆਰੀਆ ਸਮਾਜੀ ਮੰਦਰ ਵਿੱਚ ਇਕੱਠੀ ਹੋਈ ਪੰਜਾਬੀ ਭੀੜ ਨੂੰ ਸੰਬੋਧਨ ਕੀਤਾ। ਪੰਜਾਬ ਅਤੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਸਥਾਨਾਂ ਤੇ ਇਕੱਠ ਹੋਏ। ਜਿਨਾਂ ਵਿੱਚੋਂ ਅੰਬਾਲਾ, ਹੁਸ਼ਿਆਰਪੁਰ, ਜਲੰਧਰ, ਲਾਹੌਰ, ਮਾਂਟਗੋਮਰੀ, ਮੁਲਤਾਨ, ਕਰਨਾਲ, ਸਿਆਲਕੋਟ, ਗੁਰਦਾਸਪੁਰ, ਬਟਾਲਾ, ਡੇਰਾ-ਗਾਜ਼ੀ-ਖਾਂ, ਰੋਹਤਕ, ਰਾਵਲਪਿੰਡੀ ਵੱਡੇ ਇਕੱਠ ਹੋਏ ਤੇ ਇਹਨਾਂ ਇਕੱਠਾਂ ਵਿੱਚ 06 ਅਪ੍ਰੈਲ 1919 ਨੂੰ ਹੜਤਾਲ ਦਾ ਦਿਨ ਰੱਖਣ ਦੀ ਯੋਜਨਾ ਤੈਅ ਕੀਤੀ ਗਈ ।

bullet marks
Pic Credit : Flickr

ਹੁਣ 06 ਅਪ੍ਰੈਲ 1919 ਵਾਲੇ ਦਿਨ ਹੜਤਾਲ ਨੂੰ ਸੰਪੂਰਨ ਢੰਗ ਨਾਲ ਸਿਰੇ ਚੜਾਇਆ ਗਿਆ । ਹਿੰਦੂ, ਸਿੱਖ ਅਤੇ ਮੁਸਲਮਾਨ ਲੋਕਾਂ ਨੇ ਰਾਵੀ ਨਦੀ ਦੇ ਕੰਢੇ ਇਕੱਠੇ ਹੋ ਕੇ ਇਸ਼ਨਾਨ ਕੀਤਾ ਅਤੇ ਰੌਲਟ ਬਿਲ ਹਾਏ-ਹਾਏ ਦੇ ਨਾਅਰੇ ਲਗਾਏ । 09 ਅਪ੍ਰੈਲ 1919 ਨੂੰ ਪੰਜਾਬੀਆਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਰਾਮ-ਨੌਮੀ ਦਾ ਤਿਉਹਾਰ ਮਨਾਇਆ । ਵੱਡੇ ਇਕੱਠ ਵਿੱਚ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਯਾਤਰਾ ਕੱਢੀ ਗਈ ਅਤੇ ਰੌਲਟ ਬਿਲ ਦੀ ਵਿਰੋਧਤਾ ਵਿੱਚ ਨਾਅਰੇ ਲਗਾਏ ਗਏ ਹਿੰਦੂ-ਸਿੱਖ-ਮੁਸਲਿਮ ਕੀ ਜੈ, ਮਹਾਤਮਾ ਗਾਂਧੀ ਕੀ ਜੈ ਨਾਮ ਦੇ ਨਾਅਰੇ ਲਗਾਏ ਗਏ । ਬਰਤਾਨਵੀ ਸਰਕਾਰ ਨੇ ਇਹਨਾਂ ਨਾਰਿਆਂ ਤੋਂ ਡਰਦੇ 09 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿੰਗ ਨੇ ਇਹ ਫੈਸਲਾ ਕੀਤਾ ਕਿ ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਪੰਜਾਬ ਤੋਂ ਧਰਮਸ਼ਾਲਾ ਭੇਜ ਦਿੱਤਾ ਜਾਵੇ ਅਤੇ ਇਰਵਿੰਗ ਨੇ ਗਾਂਧੀ ਦੇ ਪੰਜਾਬ ਵਿੱਚ ਦਾਖਲ ਹੋਣਾ ਦੀ ਮਨਾਹੀ ਕਰ ਦਿੱਤੀ । ਮਹਾਤਮਾ ਗਾਂਧੀ ਅਤੇ ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਨਜ਼ਰਬੰਦ ਕਰਨ ਦੀ ਖ਼ਬਰ ਅੱਗ ਵਾਂਗ ਫੈਲ ਗਈ । ਅੰਮ੍ਰਿਤਸਰ ਦੇ ਲੋਕਾਂ ਨੇ ਫਿਰ ਇੱਕ ਵਾਰ ਹੜਤਾਲ ਕੀਤੀ ਅਤੇ ਭੀੜ ਦੇ ਰੂਪ ਵਿੱਚ ਡਿਪਟੀ ਕਮਿਸ਼ਨਰ ਦੇ ਘਰ ਵੱਲ ਚੱਲ ਪਏ । ਇਹ ਲੋਕ ਸਿਰਫ ਸ਼ਾਂਤਮਈ ਤਰੀਕੇ ਨਾਲ ਆਪਣੇ ਸਾਥੀਆਂ ਬਾਰੇ ਪੁੱਛਣਾ ਚਾਹੁੰਦੇ ਸਨ । ਅੰਗਰੇਜ਼ੀ ਸੈਨਿਕਾਂ ਦੇ ਰੋਕਣ ਤੇ ਜਦੋਂ ਇਹ ਪੰਜਾਬੀ ਭੀੜ ਨਾ ਰੁਕੀ ਤਾਂ ਉਹਨਾਂ ਸੈਨਿਕਾਂ ਨੇ ਇਹਨਾਂ ਨਿਹੱਤਿਆਂ ਤੇ ਗੋਲੀ ਚਲਾ ਦਿੱਤੀ ਤੇ ਕਈ ਪੰਜਾਬੀ ਜ਼ਖਮੀ ਹੋ ਗਏ। 10 ਅਪ੍ਰੈਲ 1919 ਨੂੰ ਅੰਗਰੇਜ਼ੀ ਸਰਕਾਰ ਅਤੇ ਪੰਜਾਬੀਆਂ ਵਿਚਕਾਰ ਹਿੰਸਾ ਬਹੁਤ ਵੱਧ ਗਈ ਸੀ। 13 ਅਪ੍ਰੈਲ ਵਿਸਾਖੀ ਵਾਲੇ ਦਿਨ ਬਹੁਤ ਸਾਰੇ ਲੋਕ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਕਈ ਲੋਕ ਸ਼ਰਧਾ ਭਾਵਨਾ ਨਾਲ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਅਤੇ ਕਈ ਗੋਬਿੰਦਗੜ ਕਿਲੇ ਕੋਲ ਲੱਗਦੀ ਮੱਝਾਂ ਦੀ ਮੰਡੀ ਨੂੰ ਆਏ ਸਨ । ਕਿਉਂਕਿ ਵਿਸਾਖੀ ਵਾਲੇ ਦਿਨ ਇਹ ਜਾਨਵਰਾਂ ਦੀ ਮੰਡੀ ਜਰੂਰ ਲੱਗਦੀ ਸੀ ਅਤੇ ਬੜੀ ਦੂਰੋਂ ਚੱਲ ਕੇ ਲੋਕ ਇਸ ਮੰਡੀ ‘ਚ ਆਉਂਦੇ ਸਨ । ਇਸੇ ਦਿਨ ਹੀ ਰੌਲਟ ਬਿਲ ਦੀ ਵਿਰੋਧਤਾ ਅਤੇ ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ ਰਿਹਾਈ ਲਈ ਪੰਜਾਬ ਦੀ ਹਜੂਮ ਨੇ ਜਲ੍ਹਿਆਂ ਵਾਲਾ ਬਾਗ਼ ਵਿੱਚ ਸ਼ਾਮ ਦੇ ਵੇਲੇ ਇਕੱਠਾ ਹੋਣਾ ਸੀ ।

The Bloody Massacre
Pic Credit : Live History India

ਸ਼ਾਮ ਦੇ ਵੇਲੇ ਇਸ ਬਾਗ਼ ਵਿੱਚ ਸਾਰੇ ਪੰਜਾਬੀ ਇਕੱਠੇ ਹੋ ਚੁੱਕੇ ਸਨ । ਸ਼ਾਤਮਈ ਮਾਹੌਲ ਸੀ । ਡਾਇਰ ਦੇ ਆਉਣ ਤੋਂ ਪਹਿਲਾਂ ਬਾਗ਼ ਵਿੱਚ ਮੌਜੂਦ ਪੰਜਾਬੀ ਨੇਤਾਵਾਂ ਨੇ ਦੋ ਮਤੇ ਪੇਸ਼ ਕੀਤੇ ਸਨ । ਤੀਜਾ ਮਤਾ ਡਾ. ਸੈਫੁੱਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ ਰਿਹਾਈ ਦਾ ਸੀ । ਸ਼ਾਮ 05 ਵਜੇ ਦੇ ਕਰੀਬ ਜਨਰਲ ਡਾਇਰ ਆਪਣੇ ਫੌਜੀ ਸੈਨਾ ਨਾਲ ਬਾਗ਼ ਦੇ ਗੇਟ ਤੇ ਪਹੁੰਚ ਗਿਆ । ਡਾਇਰ ਦੀ ਸੈਨਾ ਨੂੰ ਵੇਖ ਇੱਕ ਵਾਰ ਪੰਜਾਬੀ ਘਬਰਾ ਗਏ ਪਰ ਫਿਰ ਵੀ ਹਿੰਮਤ ਕਰਕੇ ਬੈਠੇ ਰਹੇ । ਭਾਸ਼ਣ ਚੱਲਦਾ ਰਿਹਾ । ਡਾਇਰ ਨੇ ਬਿਨਾਂ ਕਿਸੇ ਹਦਾਇਤ ਜਾ ਚੇਤਾਵਨੀ ਦਿੱਤੇ ਜਨਤਾ ਉੱਤੇ ਗੋਲੀ ਚਲਾਉਣ ਦਾ ਹੁਕਮ ਜਾਰੀ ਕਰ ਦਿੱਤਾ । ਲਗਾਤਾਰ 10 ਮਿੰਟ ਗੋਲੀਆਂ ਚੱਲੀਆਂ । ਸਰਕਾਰੀ ਰਿਕਾਰਡ ਅਨੁਸਾਰ 1650 ਗੋਲੀਆਂ ਚਲਾਈਆਂ ਗਈਆਂ ।

people jumped into a well
Pic Credit : Just Dial

ਪੰਜਾਬੀ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਗ਼ ਵਿੱਚ ਮੌਜੂਦ ਇੱਕ ਖੂਹ ਵਿੱਚ ਛਲਾਂਗਾਂ ਲਗਾ ਦਿੱਤੀਆਂ ਤੇ ਬਹੁਤ ਸਾਰੇ ਲੋਕ ਕਤਲੇਆਮ ਦੇ ਸ਼ਿਕਾਰ ਹੋਏ । ਜਲ੍ਹਿਆਂ ਵਾਲੇ ਬਾਗ਼ ਦੀ ਧਰਤੀ ਲਹੂ-ਲੁਹਾਣ ਹੋ ਗਈ । ਨਿਹੱਥੇ ਤੇ ਨਿਰਦੋਸ਼ ਲੋਕਾਂ ਉੱਤੇ ਗੋਲੀ ਚਲਾ ਕੇ ਡਾਇਰ ਨੇ ਆਪਣੀ ਨਿਰਦਈ, ਜ਼ਾਲਮ ਅਤੇ ਅਮਾਨਵੀ ਪ੍ਰਵਿਰਤੀ ਸਾਬਿਤ ਕੀਤੀ । ਜਲ੍ਹਿਆਂ ਵਾਲੇ ਬਾਗ਼ ਦੇ ਇਸ ਖੂਨੀ ਸਾਕੇ ਤੋਂ ਮਗਰੋਂ ਪੂਰੇ ਭਾਰਤ ਵਿੱਚ ਨਮੋਸ਼ੀ ਛਾ ਗਈ । ਇਸ ਖੂਨੀ ਸਾਕੇ ਵਿੱਚ ਵੱਖ-ਵੱਖ ਇਤਿਹਾਸਕਾਰ ਵੱਖ-ਵੱਖ ਮ੍ਰਿਤਕ ਦੇਹਾਂ ਬਾਰੇ ਦੱਸਦੇ ਹਨ । ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 379 ਦੱਸੀ ਗਈ । ਪਰ ਅਸਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਸੀ । ਇਸ ਘਟਨਾ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਹੋਰ ਸੰਘਰਸ਼ ਪੂਰਨ ਬਣਾਇਆ । ਇਸ ਘਟਨਾ ਤੋਂ ਬਾਅਦ ਭਾਰਤੀ ਅਤੇ ਪੰਜਾਬੀ ਕੌਮ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਦ੍ਰਿੜ ਇਰਾਦਾ ਕਰ ਲਿਆ ਅਤੇ ਜਲ੍ਹਿਆਂ ਵਾਲੇ ਬਾਗ਼ ਵਿੱਚ ਸ਼ਹੀਦ ਹੋਏ ਲੋਕਾਂ ਦੀ ਸ਼ਹੀਦੀ ਵਿਅਰਥ ਨਾ ਜਾਣ ਦਿੱਤੀ ਅਤੇ 15 ਅਗਸਤ 1947 ਨੂੰ ਦੇਸ਼ ਅੰਗਰੇਜ਼ੀ ਸਰਕਾਰ ਕੋਲੋਂ ਆਜ਼ਾਦ ਕਰਵਾ ਲਿਆ ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *