Harmanpreet Singh

ਹਾਕੀ ਦੇ ਰੰਗ ’ਚ ਰੰਗਿਆ ਪੰਜਾਬ, ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸ਼ਾਨਦਾਰ ਆਗਾਜ਼

ਪਹਿਲੇ ਮੁਕਾਬਲੇ ’ਚ ਬੰਗਲਾਦੇਸ਼ ਨਾਲ ਭਿੜੇਗੀ ਭਾਰਤੀ ਟੀਮ, ਜਲੰਧਰ ਅਤੇ ਮੁਹਾਲੀ ’ਚ ਖੇਡੇ ਜਾਣਗੇ ਮੈਚ; ਪੰਜਾਬ ਪਹਿਲੀ ਵਾਰ ਕਰ ਰਿਹਾ ਟੂਰਨਾਮੈਂਟ ਦੀ ਮੇਜ਼ਬਾਨੀ

ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਨਾਲ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦਾ ਆਗਾਜ਼ ਅੱਜ, 27 ਅਕਤੂਬਰ ਨੂੰ ਹੋਇਆ ਹੈ। ਭਾਰਤੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਬੰਗਲਾਦੇਸ਼ ਦਾ ਸਾਹਮਣਾ ਕਰੇਗੀ। ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਮੁਹਾਲੀ ਵਿੱਚ ਕਰਵਾਏ ਜਾਣਗੇ।

ਪੰਜਾਬ ’ਚ ਪਹਿਲੀ ਵਾਰ ਏਸ਼ੀਅਨ ਹਾਕੀ ਟੂਰਨਾਮੈਂਟ

ਪੰਜਾਬ ਪਹਿਲੀ ਵਾਰ ਇਸ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤੀ ਹਾਕੀ ਵਿੱਚ ਪੰਜਾਬ ਦਾ ਇਤਿਹਾਸਕ ਯੋਗਦਾਨ ਰਿਹਾ ਹੈ ਅਤੇ ਇੱਥੋਂ ਕਈ ਪੀੜ੍ਹੀਆਂ ਦੇ ਖਿਡਾਰੀਆਂ ਨੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਇਸ ਟੂਰਨਾਮੈਂਟ ਰਾਹੀਂ ਭਾਰਤੀ ਟੀਮ ਨੂੰ ਆਪਣੇ ਘਰੇਲੂ ਸਮਰਥਕਾਂ ਦੇ ਸਾਹਮਣੇ ਖੇਡਣ ਦਾ ਮੌਕਾ ਮਿਲੇਗਾ।

CM ਮਾਨ ਵੱਲੋਂ ਸਟੇਡੀਅਮ ਦਾ ਉਦਘਾਟਨ

ਦੱਸ ਦੇਈਏ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਦਾ ਪਹਿਲਾ ਮੈਚ ਅੱਜ (27 ਅਕਤੂਬਰ) ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਜਾ ਰਿਹਾ ਹੈ। ਇਸ ਸਟੇਡੀਅਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ।

ਛੇ ਟੀਮਾਂ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਸਾਲ 2011 ਵਿੱਚ ਹੋਈ ਸੀ। ਇਸ ਵਾਰ ਟੂਰਨਾਮੈਂਟ ਦਾ ਨੌਵਾਂ ਐਡੀਸ਼ਨ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਭਾਰਤ ਸਮੇਤ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਪਾਕਿਸਤਾਨ, ਚੀਨ, ਦੱਖਣੀ ਕੋਰੀਆ, ਜਾਪਾਨ ਅਤੇ ਮਲੇਸ਼ੀਆ ਸ਼ਾਮਲ ਹਨ।

Asian Hockey Champions in Punjab
Photo Credit- Facebook

ਭਾਰਤ ਦੂਜੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ, ਜਦਕਿ ਪੰਜਾਬ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 2023 ਵਿੱਚ ਇਹ ਮੁਕਾਬਲਾ ਚੇਨੱਈ ਵਿੱਚ ਕਰਵਾਇਆ ਗਿਆ ਸੀ।

ਭਾਰਤੀ ਟੀਮ ਦੇ ਮੈਚਾਂ ਦਾ ਸ਼ਡਿਊਲ

27 ਅਕਤੂਬਰ: ਭਾਰਤ ਬਨਾਮ ਬੰਗਲਾਦੇਸ਼ — ਸ਼ਾਮ 7:20 ਵਜੇ
29 ਅਕਤੂਬਰ: ਭਾਰਤ ਬਨਾਮ ਚੀਨ — ਸ਼ਾਮ 7 ਵਜੇ
30 ਅਕਤੂਬਰ: ਭਾਰਤ ਬਨਾਮ ਜਾਪਾਨ — ਸ਼ਾਮ 7 ਵਜੇ
1 ਨਵੰਬਰ: ਭਾਰਤ ਬਨਾਮ ਮਲੇਸ਼ੀਆ — ਸ਼ਾਮ 7 ਵਜੇ
2 ਨਵੰਬਰ: ਭਾਰਤ ਬਨਾਮ ਦੱਖਣੀ ਕੋਰੀਆ — ਸ਼ਾਮ 7 ਵਜੇ

ਉਦਘਾਟਨੀ ਸਮਾਰੋਹ ’ਚ ਪੰਜਾਬੀ ਸੱਭਿਆਚਾਰ ਦੀ ਝਲਕ

ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਨੂੰ ਖ਼ਾਸ ਬਣਾਉਣ ਲਈ ਪੰਜਾਬ ਦੇ ਰਵਾਇਤੀ ਲੋਕ-ਨਾਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਵੀ ਦਿਖਾਏ ਜਾਣਗੇ। ਸਮਾਰੋਹ ਦੌਰਾਨ ਸੰਗੀਤਕ ਪ੍ਰਦਰਸ਼ਨ ਅਤੇ ਲੇਜ਼ਰ ਸ਼ੋਅ ਵੀ ਖਿੱਚ ਦਾ ਕੇਂਦਰ ਹੋਣਗੇ।

ਹਾਕੀ ਇੰਡੀਆ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਮੁਕਾਬਲੇ ਦੇਖਣ ਲਈ ਦੋਵਾਂ ਮੇਜ਼ਬਾਨ ਥਾਵਾਂ ’ਤੇ ਦਰਸ਼ਕਾਂ ਦੀ ਐਂਟਰੀ ਮੁਫ਼ਤ ਹੋਵੇਗੀ। ਇਸ ਨਾਲ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਦੇ ਸਟੇਡੀਅਮ ਪਹੁੰਚਣ ਦੀ ਉਮੀਦ ਹੈ।

ਪੰਜ ਵਾਰ ਖਿਤਾਬ ਜਿੱਤ ਚੁੱਕਾ ਹੈ ਭਾਰਤ

ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਪੰਜ ਵਾਰ ਜਿੱਤਿਆ ਹੈ। ਭਾਰਤ ਨੇ 2011, 2016, 2018, 2023 ਅਤੇ 2024 ਵਿੱਚ ਇਹ ਉਪਲਬਧੀ ਹਾਸਲ ਕੀਤੀ। 2018 ਵਿੱਚ ਭਾਰਤ ਅਤੇ ਪਾਕਿਸਤਾਨ ਸਾਂਝੇ ਜੇਤੂ ਰਹੇ ਸਨ।

ਭਾਰਤ ਦੀ ਪਿਛਲੀ ਜਿੱਤ 2024 ਵਿੱਚ ਚੀਨ ਦੇ ਹੁਲੁਨਬੁਈਰ ਵਿੱਚ ਆਈ ਸੀ। ਫਾਈਨਲ ਵਿੱਚ ਭਾਰਤ ਨੇ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾਇਆ ਸੀ। ਇਸ ਮੁਕਾਬਲੇ ਵਿੱਚ ਜੁਗਰਾਜ ਸਿੰਘ ਨੇ ਫੈਸਲਾਕੁੰਨ ਗੋਲ ਕਰਕੇ ਭਾਰਤ ਨੂੰ ਖਿਤਾਬ ਦਿਵਾਇਆ ਸੀ।

ਹੁਣ ਭਾਰਤੀ ਟੀਮ ਦੀ ਨਜ਼ਰ ਲਗਾਤਾਰ ਤੀਜੀ ਵਾਰ ਇਹ ਖਿਤਾਬ ਜਿੱਤਣ ’ਤੇ ਹੋਵੇਗੀ। 2023 ਵਿੱਚ ਚੇਨੱਈ ਅਤੇ 2024 ਵਿੱਚ ਚੀਨ ਵਿਖੇ ਖਿਤਾਬ ਜਿੱਤਣ ਤੋਂ ਬਾਅਦ ਟੀਮ ਆਪਣੇ ਜੇਤੂ ਸਫ਼ਰ ਨੂੰ ਅੱਗੇ ਵਧਾਉਣਾ ਚਾਹੇਗੀ।

ਪੰਜਾਬ ਲਈ ਖ਼ਾਸ ਮਹੱਤਵ ਰੱਖਦਾ ਹੈ ਟੂਰਨਾਮੈਂਟ

ਪੰਜਾਬ ਨੂੰ ਭਾਰਤੀ ਹਾਕੀ ਦੇ ਰਵਾਇਤੀ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ। ਖ਼ਾਸ ਕਰਕੇ ਜਲੰਧਰ ਦਾ ਹਾਕੀ ਨਾਲ ਡੂੰਘਾ ਨਾਤਾ ਰਿਹਾ ਹੈ। ਖਿਡਾਰੀਆਂ ਦੀ ਤਿਆਰੀ, ਖੇਡ ਸਾਜ਼ੋ-ਸਾਮਾਨ ਦੇ ਉਦਯੋਗ ਅਤੇ ਹਾਕੀ ਪ੍ਰਤੀ ਲੋਕਾਂ ਦੇ ਜਨੂੰਨ ਨੇ ਇਸ ਖੇਤਰ ਨੂੰ ਵੱਖਰੀ ਪਛਾਣ ਦਿੱਤੀ ਹੈ।

ਅਜਿਹੇ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਪੰਜਾਬ ਲਈ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਆਪਣੀ ਹਾਕੀ ਵਿਰਾਸਤ ਨੂੰ ਮੁੜ ਉਭਾਰਨ ਦਾ ਮੌਕਾ ਵੀ ਹੈ। ਹੁਣ ਸਭ ਦੀਆਂ ਨਜ਼ਰਾਂ ਭਾਰਤੀ ਟੀਮ ਦੇ ਪ੍ਰਦਰਸ਼ਨ ਅਤੇ ਇਸ ਅੰਤਰਰਾਸ਼ਟਰੀ ਟੂਰਨਾਮੈਂਟ ’ਤੇ ਟਿਕੀਆਂ ਹੋਈਆਂ ਹਨ।

Post navigation

ਦਲੇਰ ਮਹਿੰਦੀ ਵਿਵਾਦ ’ਚ ਮਨਿੰਦਰ ਬੁੱਟਰ ਦਾ ਨਾਮ ਆਉਣ ’ਤੇ ਪ੍ਰਤੀਕਿਰਿਆ, ਸਟੇਜ ’ਤੇ ਕਲਾਕਾਰ ਦੇ ਅਪਮਾਨ ’ਤੇ ਚੁੱਕੇ ਸਵਾਲ

ਟਿਹਰੀ ਦੇ ਕੁੰਜਾਪੁਰੀ ਮੇਲੇ ਵਿੱਚ ਦਲੇਰ ਮਹਿੰਦੀ ਦੀ ਪਰਫਾਰਮੈਂਸ ਵਿਚਾਲੇ ਰੋਕਣ ਅਤੇ ਮੰਤਰੀ ਸੁਬੋਧ ਉਨਿਆਲ ਦੀ…

Leave a Comment

Leave a Reply

Your email address will not be published. Required fields are marked *