concept of Miri Piri in Sikhism

ਸਿੱਖ ਧਰਮ ਵਿੱਚ ਮੀਰੀ ਪੀਰੀ ਦਾ ਸੰਕਲਪ

ਮੀਰੀ ਪੀਰੀ ਦਾ ਸੰਕਲਪ ਸਿੱਖ ਧਰਮ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆਂਦਾ। ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਪੀਰੀ ਦੇ ਨਾਲ ਨਾਲ ਮੀਰੀ ਦਾ ਪੱਖ ਵੀ ਆਪਣੀ ਬਾਣੀ ਦੇ ਵਿਚ ਦਰਜ ਕੀਤਾ ਹੈ।

‘ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੋਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥’

ਭਗਤ ਕਬੀਰ ਜੀ ਵੀ ਆਪਣੀ ਬਾਣੀ ਦੇ ਅੰਦਰ ਪੀਰੀ ਦੇ ਨਾਲ ਮੀਰੀ ਦੇ ਸੰਕਲਪ ਨੂੰ ਬਹੁਤ ਭਾਵਪੂਰਤ ਸ਼ਬਦਾਂ ਵਿੱਚ ਦਰਸਾਉਂਦੇ ਹਨ।

‘ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥’
‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥

ਸ਼ਬਦ ਮੀਰੀ ਦੇ ਅਰਥ ਮਹਾਨ ਕੋਸ਼ ਦੇ ਅਨੁਸਾਰ ਬਾਦਸ਼ਾਹਤ ਹਨ। ਜਿਵੇਂ ਮੀਰ ਬਾਦਸ਼ਾਹ ਨੂੰ ਕਹਿੰਦੇ ਹਨ। ਅਮੀਰੀ ਤੇ ਸਰਦਾਰੀ ਆਦਿ ਵੀ ਮੀਰੀ ਦੇ ਹੀ ਭਾਵਵਾਚਕ ਸ਼ਬਦ ਹਨ। ਪੀਰੀ ਸ਼ਬਦ ਭਗਤੀ ਦੇ ਨਾਲ ਜੁੜਿਆ ਹੋਇਆ ਹੈ ਜੋ ਕਿ ਅਧਿਆਤਮਕਵਾਦ ਨਾਲ ਸਬੰਧਤ ਹੈ। ਪੀਰ ਦਾ ਅਰਥ ਹੈ ਧਰਮ ਦਾ ਆਚਾਰੀਆ ਗੁਰੂ। ‘ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ’

ਸਿੱਖ ਗੁਰੂ ਸਾਹਿਬਾਨ ਦਾ ਜੀਵਨ ਪੀਰੀ ਦਾ ਲਖਾਇਕ ਹੈ। ਗੁਰੂ ਸਾਹਿਬ ਧਰਮ ਪ੍ਰਚਾਰ ਕਰਦੇ ਰਹੇ ਪਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਤੇ ਤਸੀਹੇ ਦੇ ਕੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਨਮਿੱਤ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਉਹ ਪੀਰੀ ਦੇ ਨਾਲ ਮੀਰੀ ਵੀ ਧਾਰਨ ਕਰਨਗੇ।

ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ‘ਤੇ ਬਿਰਾਜਮਾਨ ਕਰਵਾਉਣ ਲਈ ਜਦੋਂ ਬਾਬਾ ਬੁੱਢਾ ਜੀ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਉਹ ਦੋ ਤਲਵਾਰਾਂ ਲੈ ਕੇ ਆਉਣ। ਇੱਕ ਤਲਵਾਰ ਮੀਰੀ ਦੀ ਲਖਾਇਕ ਹੈ ਅਤੇ ਦੂਜੀ ਪੀਰੀ ਦੀ। ਭਾਵੇਂ ਕੁਝ ਲੋਕ ਅਜਿਹਾ ਵੀ ਕਹਿੰਦੇ ਹਨ ਕਿ ਬਾਬਾ ਬੁੱਢਾ ਜੀ ਨੇ ਤਲਵਾਰ ਉਲਟੇ ਪਾਸੇ ਪਾ ਦਿੱਤੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਇਸ ਨੂੰ ਨਾ ਉਤਾਰਨਾ ਬਲਕਿ ਦੂਜੇ ਪਾਸੇ ਇੱਕ ਹੋਰ ਤਲਵਾਰ ਪਾ ਦਿਓ। ਪ੍ਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਗੁਰਸਿੱਖੀ ਮਾਰਗ ਵਿਚ ਗੁਰੂ ਸਾਹਿਬਾਨ ਨੇ ਜੋ ਕੁਝ ਵੀ ਕੀਤਾ ਹੈ ਬਹੁਤ ਸੋਚ ਸਮਝ ਕੇ ਅਤੇ ਦੂਰਅੰਦੇਸ਼ੀ ਨਾਲ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫੁਰਮਾਨ ਬਾਬਾ ਬੁੱਢਾ ਜੀ ਲਈ ਪਹਿਲੋਂ ਹੀ ਸੀ। ਇਸੇ ਲਈ ਜਦੋਂ ਬਾਬਾ ਬੁੱਢਾ ਜੀ 1606 ਈਸਵੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਲੱਗੇ ਤਾਂ ਉਨ੍ਹਾਂ ਨੇ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਈਆਂ। ਇਸ ਮੌਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਲਾਨ ਕਰ ਦਿੱਤਾ ਕਿ ਹੁਣ ਅਸੀਂ ਹਥਿਆਰ ਵੀ ਰੱਖਾਂਗੇ, ਤਖ਼ਤ ‘ਤੇ ਵੀ ਬਹਾਂਗੇ ਅਤੇ ਫੌਜ ਦੀ ਭਰਤੀ ਵੀ ਕਰਾਂਗੇ। ਲੋਕਾਂ ਨੂੰ ਥਾਣੇ ਕਚਹਿਰੀਆਂ ਵਿੱਚ ਜਾਣ ਦੀ ਲੋੜ ਨਹੀਂ ਬਲਕਿ ਤਖ਼ਤ ‘ਤੇ ਬੈਠ ਕੇ ਅਸੀਂ ਖ਼ੁਦ ਜਨਤਾ ਦੇ ਫ਼ੈਸਲੇ ਕਰਿਆ ਕਰਾਂਗੇ। ਇਹ ਦਿੱਲੀ ਦੇ ਬਾਦਸ਼ਾਹ ਨੂੰ ਇੱਕ ਸਿੱਧੀ ਚੁਣੌਤੀ ਸੀ।

ਪੰਜ ਗੁਰੂ ਸਾਹਿਬਾਨ ਤੱਕ ਸੇਲੀ ਟੋਪੀ ਦੀ ਰਸਮ ਅਦਾ ਹੁੰਦੀ ਰਹੀ ਹੈ ਜੋ ਕਿ ਅਧਿਆਤਮਕ ਸ਼ਕਤੀ ਦਾ ਪ੍ਰਤੀਕ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਲੀ ਟੋਪੀ ਨੂੰ ਸਤਿਕਾਰ ਨਾਲ ਇਕ ਪਾਸੇ ਰੱਖਦਿਆਂ ਉਸਦੀ ਥਾਂ ‘ਤੇ ਸਿਰ ਉੱਤੇ ਕਲਗੀ ਲਗਾਈ ਅਤੇ ਹਥਿਆਰਬੰਦ ਫ਼ੌਜ ਦੀ ਸਥਾਪਨਾ ਕੀਤੀ। ਆਮ ਲੋਕਾਂ ਲਈ ਇਹ ਪਿਛਲੇ ਗੁਰੂਆਂ ਨਾਲੋਂ ਇਕ ਵੱਖਰੀ ਪਰੰਪਰਾ ਜਾਪਦੀ ਸੀ ਪਰੰਤੂ ਇਹ ਪਹਿਲਾਂ ਤੋਂ ਚੱਲੀ ਆ ਰਹੀ ਮਰਿਆਦਾ ਦਾ ਹੀ ਇੱਕ ਹਿੱਸਾ ਸੀ।

ਅਰਦਾਸ ਵਿੱਚ ‘ਦੇਗ ਤੇਗ ਫਤਹਿ, ਬਿਰਧ ਕੀ ਪੈਜ, ਪੰਥ ਕੀ ਜੀਤ, ਸਿਰੀ ਸਾਹਿਬ ਜੀ ਸਹਾਇ’ ਸ਼ਬਦ ਆਉਂਦੇ ਹਨ ਜੋ ਕਿ ਮੀਰੀ ਪੀਰੀ ਦੇ ਸੰਕਲਪ ਨੂੰ ਉਜਾਗਰ ਕਰਦੇ ਹਨ। ਪੀਰੀ ਦਾ ਇੱਕ ਪ੍ਰਮੁੱਖ ਅੰਗ ਸਿੱਖ ਧਰਮ ਵਿਚ ਲੰਗਰ ਵੀ ਹੈ। ਲੰਗਰ ਨਾਲ ਹੀ ਦੇਗ ਸ਼ਬਦ ਸੰਬੰਧਿਤ ਹੈ। ਦੇਗ ਅਤੇ ਤੇਗ ਦੋਨਾਂ ਵਿਚੋਂ ਹੀ ਫ਼ਤਹਿ ਦੀ ਇੱਛਾ ਕੀਤੀ ਗਈ ਹੈ। ਇਸ ਤਰ੍ਹਾਂ ਮੀਰੀ ਅਤੇ ਪੀਰੀ ਦਾ ਇਹ ਸੰਕਲਪ ਆਪਣੀ ਅੰਤਮ ਨਿਸ਼ਾਨੇ ‘ਤੇ ਪਹੁੰਚਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੌਬੀਸ ਅਵਤਾਰ ਵਿੱਚ ਅਕਾਲ ਪੁਰਖ ਤੋਂ ਜਦੋਂ ਅਰਾਧਨਾ ਕਰਦੇ ਹੋਏ ਮੰਗ ਕਰਦੇ ਹਨ ਤਾਂ ਉਹ ਵੀ ਦੇਗ ਅਤੇ ਤੇਗ ਦੋਨਾਂ ਚੀਜ਼ਾਂ ਦੀ ਮੰਗ ਕਰਦੇ ਹਨ।

‘ਦੇਗ ਤੇਗ ਜਗ ਮੈ ਦੋਊ ਚਲੈ॥
ਰਾਖ ਆਪ ਮੁਹਿ ਅਉਰੁ ਨ ਦਲੈ॥

ਮੀਰੀ ਸ਼ਬਦ ਫਾਰਸੀ ਦੇ ਮੀਰ ਸ਼ਬਦ ਤੋਂ ਬਣਿਆ ਹੈ ਜਿਸਦਾ ਅਰਥ ਹੁੰਦਾ ਹੈ ਨੇਤਾ ਜਾਂ ਸ਼ਾਸਕ। ਇਸ ਤਰ੍ਹਾਂ ਗੁਰੂ ਜੀ ਵੱਲੋਂ ਪਹਿਨੀ ਹੋਈ ਮੀਰੀ ਦੀ ਤਲਵਾਰ ਭੌਤਿਕ ਸੰਸਾਰ ਉੱਤੇ ਜਿੱਤ ਹਾਸਲ ਕਰਨ ਦੀ ਪ੍ਰਤੀਕ ਹੈ। ਉਸੇ ਤਰ੍ਹਾਂ ਪੀਰੀ ਸ਼ਬਦ ਵੀ ਫ਼ਾਰਸੀ ਦੇ ਸ਼ਬਦ ਪੀਰ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਗੁਰੂ ਜਾਂ ਧਾਰਮਿਕ ਆਗੂ। ਇਸ ਤਰ੍ਹਾਂ ਪੀਰੀ ਦੀ ਤਲਵਾਰ ਅਧਿਆਤਮਕ ਗਿਆਨ ਉੱਤੇ ਵਿਜੈ ਪਾਉਣ ਦਾ ਪ੍ਰਤੀਕ ਹੈ। ਇਹ ਦੋਵੇਂ ਤਲਵਾਰਾਂ ਵੱਖੋ ਵੱਖਰੀਆਂ ਹਨ। ਪ੍ਰੰਤੂ ਜਦੋਂ ਇਨ੍ਹਾਂ ਨੂੰ ਪਹਿਨਿਆ ਜਾਂਦਾ ਹੈ ਤਾਂ ਵਿਅਕਤੀ ਦੀ ਛਾਤੀ ਅਤੇ ਪਿੱਠ ਉੱਤੇ ਆ ਕੇ ਦੋਨੋਂ ਇੱਕ ਦੂਜੇ ਨਾਲ ਮਿਲਦੀਆਂ ਹਨ। ਇਸ ਦਾ ਭਾਵ ਇਹ ਹੈ ਕਿ ਜੇਕਰ ਸੰਸਾਰ ਵਿੱਚ ਅਣਖ ਨਾਲ ਜਿਊਣਾ ਹੈ ਤਾਂ ਮੀਰੀ ਅਤੇ ਪੀਰੀ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਕਾਇਦਾ ਹਥਿਆਰਬੰਦ ਫ਼ੌਜ ਤਿਆਰ ਕੀਤੀ ਅਤੇ ਚਾਰ ਲੜਾਈਆਂ ਲੜੀਆਂ। ਇਹ ਸਾਰੀਆਂ ਲੜਾਈਆਂ ਕਿਸੇ ਰਾਜਸੀ ਸੱਤਾ ਨੂੰ ਹਥਿਆਉਣ ਲਈ ਨਹੀਂ ਸਨ ਬਲਕਿ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਲੜੀਆਂ ਗਈਆਂ। ਚਾਰੋਂ ਜੰਗਾਂ ਵਿਚ ਗੁਰੂ ਸਾਹਿਬ ਜੀ ਨੇ ਜਿੱਤ ਹਾਸਲ ਕੀਤੀ। ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਵੀ ਮੀਰੀ ਪੀਰੀ ਦਾ ਮਾਲਕ ਕਹਿ ਕੇ ਯਾਦ ਕਰਦੇ ਹਾਂ।

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੁਨਿਆਵੀ ਤੌਰ ‘ਤੇ ਉਮਰ ਉਦੋਂ ਗਿਆਰਾਂ ਸਾਲ ਦੀ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਸਨ। ਉਸ ਵੇਲੇ ਭਾਵੇਂ ਜਹਾਂਗੀਰ ਬਾਦਸ਼ਾਹ ਵੱਲੋਂ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਕੋਈ ਵੀ ਵਿਅਕਤੀ ਆਪਣਾ ਨਿੱਜੀ ਚਬੂਤਰਾ ਦੋ ਫੁੱਟ ਤੋਂ ਉੱਚਾ ਨਹੀਂ ਬਣਾਵੇਗਾ ਪ੍ਰੰਤੂ ਗੁਰੂ ਜੀ ਨੇ ਬਾਰਾਂ ਫੁੱਟ ਉੱਚਾ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸਥਾਪਿਤ ਕੀਤਾ ਜੋ ਕਿ ਦਿੱਲੀ ਦੇ ਬਾਦਸ਼ਾਹ ਦੇ ਤਖ਼ਤ ਤੋਂ ਵੀ ਦੋ ਫੁੱਟ ਉੱਚਾ ਸੀ। ਅਕਾਲ ਤਖ਼ਤ ਸਾਹਿਬ ‘ਤੇ ਬੈਠ ਕੇ ਗੁਰੂ ਜੀ ਸਿੱਖਾਂ ਨੂੰ ਧਰਮ ਦਾ ਉਪਦੇਸ਼ ਦਿੰਦੇ ਅਤੇ ਸਿੱਖ ਮਸਲਿਆਂ ਨੂੰ ਸੁਲਝਾਉਂਦੇ ਅਤੇ ਲੋਕਾਂ ਨਾਲ ਨਿਆਂ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਦੇ ਸੰਕਲਪ ਨੂੰ ਸੰਪੂਰਨ ਰੂਪ ਦਿੱਤਾ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ। ਖ਼ਾਲਸਾ ਨੂੰ ਅਕਾਲ ਪੁਰਖ਼ ਦੀ ਫੌਜ ਕਿਹਾ ਹੈ। ਖ਼ਾਲਸਾ ਕੇਵਲ ਗਰੀਬਾਂ, ਨਿਤਾਣਿਆਂ ਅਤੇ ਕਮਜ਼ੋਰਾਂ ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਤਲਵਾਰ ਚੁੱਕਦਾ ਹੈ। ਧਰਮ ਦੇ ਪ੍ਰਚਾਰ ਪਸਾਰ ਲਈ ਵੀ ਮੀਰੀ ਤੇ ਪੀਰੀ ਨੂੰ ਬਰਾਬਰ ਰੱਖਣਾ ਜਾਇਜ਼ ਹੈ। ਮੀਰੀ ਪੀਰੀ ਦੀ ਸਭ ਤੋਂ ਵੱਡੀ ਉਦਾਹਰਨ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਉਸਦੇ ਸਾਹਮਣੇ ਬਣਿਆ ਅਕਾਲ ਤਖ਼ਤ ਸਾਹਿਬ ਜੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠਿਆਂ ਸ੍ਰੀ ਹਰਿਮੰਦਿਰ ਸਾਹਿਬ ਨਜ਼ਰ ਆਉਂਦਾ ਹੈ ਜਦਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਬੈਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਰੀਂ ਨਹੀਂ ਪੈਂਦਾ। ਇਸਦਾ ਭਾਵ ਇਹ ਹੈ ਕਿ ਜਦੋਂ ਮੀਰੀ ਧਾਰਨ ਕਰਨੀ ਹੈ ਤਾਂ ਪੀਰੀ ‘ਤੇ ਵੀ ਨਜ਼ਰ ਹੋਣੀ ਚਾਹੀਦੀ ਹੈ ਪਰ ਜਦੋਂ ਪੀਰੀ ਦੀ ਸ਼ਰਨ ਵਿਚ ਆਈਏ ਤਾਂ ਮੀਰੀ ਵੱਲ ਨਹੀਂ ਵੇਖਣਾ।

Post navigation

Leave a Comment

Leave a Reply

Your email address will not be published. Required fields are marked *