ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਆਧਾਰਤ ਕਿਤਾਬ “Guru Gobind Singh: Life, Vision, Wisdom” ਨੂੰ ਲੈ ਕੇ ਸਿੱਖ ਸਕਾਲਰ ਅਤੇ ਕਿਤਾਬ ਦੇ ਲੇਖਕ ਹਰਿੰਦਰ ਸਿੰਘ ਨੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿੱਚ ਇਕ ਗਿਆਨ ਭਰਪੂਰ ਸੰਵਾਦ ਵਿੱਚ ਹਿੱਸਾ ਲਿਆ। ਇਸ ਸੰਵਾਦ ਵਿੱਚ ਪੰਜਾਬੀ ਅਤੇ ਸਿੱਖ ਜਗਤ ਦੇ ਪ੍ਰਮੁੱਖ ਵਿਦਵਾਨਾਂ ਦੇ ਨਾਲ-ਨਾਲ ਪਾਠਕਾਂ ਨੇ ਵੀ ਸਰਗਰਮ ਭਾਗੀਦਾਰੀ ਕੀਤੀ।
ਇਸ ਮੌਕੇ ਹਰਿੰਦਰ ਸਿੰਘ ਦੇ ਨਾਲ ਲੇਖਕ ਅਤੇ ਸੀਨੀਅਰ ਪੱਤਰਕਾਰ ਰੂਪਿੰਦਰ ਸਿੰਘ ਵੀ ਸੰਵਾਦ ਦਾ ਹਿੱਸਾ ਸਨ। ਗੱਲਬਾਤ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਸੋਚ ਅਤੇ ਵਿਰਾਸਤ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਹੋਇਆ, ਜਿਸ ਨਾਲ ਦਰਸ਼ਕਾਂ ਨੂੰ ਕਿਤਾਬ ਦੇ ਸਾਹਿਤਕ ਅਤੇ ਆਧਿਆਤਮਕ ਪਹਿਲੂਆਂ ਨਾਲ ਜੁੜਨ ਦਾ ਮੌਕਾ ਮਿਲਿਆ।

ਕਿਤਾਬ ਦਾ ਕੇਂਦਰੀ ਆਧਾਰ “ਸ਼ਬਦ ਹਜ਼ਾਰੇ” ਦੀਆਂ ਰਚਨਾਵਾਂ ਹਨ, ਜੋ ਗੁਰੂ ਦੇ ਸਦੀਵੀ ਦ੍ਰਿਸ਼ਟੀਕੋਣ ਅਤੇ ਬੇਅੰਤ ਦਇਆ ਨੂੰ ਪ੍ਰਗਟ ਕਰਦੀਆਂ ਹਨ। ਸਿੱਖੀ ਦੇ ਅਨੁਸਾਰ, ਇਸ ਕਿਤਾਬ ਵਿੱਚ ਗੁਰੂ ਦੀ ਕੋਈ ਤਸਵੀਰ/ਚਿੱਤਰ ਸ਼ਾਮਲ ਨਹੀਂ ਕੀਤੇ ਗਏ। ਗੁਰੂ ਦੀ ਮੌਜੂਦਗੀ ਪੰਨੇ ’ਤੇ ਦਰਸਾਉਣ ਦੀ ਥਾਂ ਮਨ ਵਿੱਚ ਬੁੱਧੀ ਰਾਹੀਂ ਜਾਗ੍ਰਿਤ ਕਰਨ ਦਾ ਯਤਨ ਕੀਤਾ ਗਿਆ ਹੈ। ਮੌਜੂਦਗੀ ਨੂੰ ਦਰਸਾਇਆ ਨਹੀਂ ਗਿਆ ਹੈ – ਇਹ ਜਾਗ੍ਰਿਤ ਹੈ।
ਸੰਵਾਦ ਦੀ ਸਮਾਪਤੀ ਮਗਰੋਂ ਹਰਿੰਦਰ ਸਿੰਘ ਨੇ ਸਾਡਾ ਪੰਜਾਬ ਟੀਮ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਜਿਉਂ ਦੀ ਤਿਉਂ, ਪ੍ਰਸ਼ਨ–ਉੱਤਰ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ। ਇਸ ਦਾ ਮਕਸਦ ਸੰਵਾਦ ਦੀ ਗਹਿਰਾਈ, ਗੁਰੂ ਦੀ ਮਹਾਨਤਾ ਨਾਲ ਜੁੜੀ ਅਸਲ ਭਾਵਨਾ ਅਤੇ ਲੇਖਕ ਦੇ ਵਿਚਾਰਾਂ ਦੀ ਗੰਭੀਰਤਾ ਬਰਕਰਾਰ ਰੱਖਣਾ ਹੈ।
ਸਵਾਲ: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਆਧਾਰਤ ਕਿਤਾਬ ਲਿਖਣ ਦੀ ਪ੍ਰੇਰਨਾ ਅਤੇ ਸਫ਼ਰ?
ਹਰਿੰਦਰ ਸਿੰਘ: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਆਧਾਰਤ ਕਿਤਾਬ ਲਿਖੀ ਹੈ, ਹਾਲਾਂਕਿ ਲਿਖੀ ਵੀ ਨਹੀਂ ਕਹਿ ਸਕਦੇ, ਇੱਕਠੀ ਕੀਤੀ ਹੈ, ਕਿਉਂਕਿ ਬਾਣੀ ਤਾਂ ਪਾਤਸ਼ਾਹ ਦੀ ਹੈ। ਦਸਮ ਪਾਤਸ਼ਾਹ ਦੇ ਦਰਬਾਰੀ ਕਵੀ ਸਨ: ਭਾਈ ਨੰਦ ਲਾਲ ਗੋਇਆ ਅਤੇ ਚੰਦਰ ਸੈਨ ਸੇਨਾਪਤ, ਉਨ੍ਹਾਂ ਦੀ ਬਾਣੀ ਨੂੰ ਇੱਕਠਾ ਕੀਤਾ ਹੈ।
ਇਸ ਦਾ ਕਾਰਨ ਸੀ ਕਿ ਦਸਮੇ ਪਾਤਸ਼ਾਹ ਦੇ ਖਿਆਲ ਦਾ ਸਾਨੂੰ ਨਹੀਂ ਪਤਾ। ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਿੱਚ ਆ ਕੇ ਕੀ ਕੀਤਾ। ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਦੇ ਵਿਚਕਾਰ ਤਕਰੀਬਨ ਦੋ ਦਹਾਕੇ ਵਿੱਚ ਕਿਸ ਤਰ੍ਹਾਂ ਦੇ ਕਵੀ, ਕਲਾ, ਯੋਧੇ, ਸੂਰੇ, ਬਾਣੀ ਅਤੇ ਲਿਖਤ ਦਾ ਇੱਕਠਾ ਰੂਪ ਪੈਦਾ ਹੋ ਰਿਹਾ ਸੀ।
ਸੋ ਅਖੀਰ ਗੁਰੂ ਗੋਬਿੰਦ ਸਿੰਘ ਜੀ ਦੇ ਖਿਆਲ ਨੂੰ ਕਿਵੇਂ ਪੇਸ਼ ਕੀਤਾ ਜਾਵੇ, ਉਨ੍ਹਾਂ ਦੇ ਆਪਣੇ ਕਵੀਆਂ ਰਾਹੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਰਾਹੀ। ਇਹ ਕਿਤਾਬ ਉਸ ਦਾ ਹੀ ਇੱਕ ਯਤਨ ਹੈ। ਅੱਜ ਕੱਲ ਗੁਰੂਆਂ ਦਾ ਮੂਰਤੀਕਰਨ ਹੋ ਰਿਹਾ ਹੈ ਤਾਂ ਇਹ ਅਹਿਮ ਸੀ ਕਿ ਵਗੈਰ ਗੁਰੂ ਦੀ ਮੂਰਤ ਬਣਾਏ ਸ਼ਬਦ ਨੂੰ ਕਿਵੇਂ ਪੇਸ਼ ਕੀਤਾ ਜਾਵੇ। ਇਸ ਵੱਲ ਵੀ ਵਿਸ਼ੇਸ਼ ਤਵਜੋਂ ਦਿੱਤੀ ਗਈ ਹੈ।
ਸਵਾਲ: ਕਿਤਾਬ ਨੂੰ ਲੈ ਕੇ ਸੰਵਾਦ ਸਮੇਂ ਗੁਰੂ ਬਾਰੇ ਜੁੜੀਆਂ ਧਾਰਨਾਵਾਂ ਦੀ ਗੱਲ ਕੀਤੀ ਗਈ, ਇਸ ਬਾਰੇ ਦੱਸੋ?
ਹਰਿੰਦਰ ਸਿੰਘ: ਦਰਅਸਲ ਅਸੀਂ ਸਾਰੇ ਗੁਰੂਆਂ ਬਾਰੇ ਧਾਰਨਾਵਾਂ ਬਣਾਈਆਂ ਹੋਈਆਂ ਨੇ, ਅਸੀਂ ਗੁਰੂ ਨਾਨਕ ਸਾਹਿਬ ਦੀਆਂ ਵੀ ਧਾਰਨਾਵਾਂ ਬਣਾਈਆਂ ਹੋਈਆਂ ਨੇ, ਅਤੇ ਇਵੇਂ ਹੀ ਦਸਮ ਪਾਤਸ਼ਾਹ ਦੀ ਵੀ, ਹੁਣ ਪਹਿਲੂ ਅਹਿਮ ਹੈ ਕਿ ਇਹ ਬਣੀਆਂ ਕਿਉਂ ਨੇ, ਦਰਅਸਲ ਅਸੀਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਵੇਖ ਰਹੇ ਕਿ ਗੁਰੂ ਕੀ ਹੈ, ਅਸੀਂ ਉਨ੍ਹਾਂ ਨੂੰ ਆਪਣੀ ਅਕਲ, ਆਪਣੀ ਰਾਜਨੀਤੀ, ਆਪਣੇ ਤਰੀਕਿਆਂ ਦੇ ਰਾਹੀ ਹੀ ਇੱਕਲਾ ਵੇਖ ਰਹੇ ਹਾਂ, ਪਰ ਗੁਰੂ ਤਾਂ ਬਹੁਤ ਵੱਡੇ ਬ੍ਰਹਮੰਡੀ ਰੂਪ ਵਿੱਚ ਵਿਚਰ ਰਿਹਾ ਹੈ, ਅਤੇ ਸਾਡੇ ਮੰਡਲ ਬਹੁਤ ਛੋਟੇ ਹਨ, ਇਸ ਕਰਕੇ ਨਿਜੀ ਧਾਰਨਾਵਾਂ ਬਣ ਜਾਂਦੀਆਂ ਹਨ। ਫਿਰ ਅਸੀਂ ਕਹਿੰਦੇ ਹਾਂ ਕਿ ਉਹ ਬਹੁਤ ਵੱਡੇ ਕਵੀ ਸੀ, ਉਹ ਬਹੁਤ ਵੱਡੇ ਯੋਧੇ ਸਨ, ਯੋਧੇ ਤਾਂ ਬਹੁਤ ਹੁੰਦੇ ਨੇ, ਉਹ ਕਵੀ ਵੀ ਸੀ ਤੇ ਉੱਚ ਚੋਟੀ ਦੇ, ਯੋਧੇ ਵੀ ਤਾਂ ਉੱਚ ਚੋਟੀ ਦੇ, ਉਹ ਬਾਦਸ਼ਾਹ ਦਰਵੇਸ਼ ਨੇ।
ਗੁਰੂ ਸਾਹਿਬ ਦੇ ਕਵੀਂ ਸਾਨੂੰ ਉਨ੍ਹਾਂ ਦੀਆਂ ਧਾਰਨਾਵਾਂ(ਨਿਜੀ) ਤੋਂ ਬਾਹਰ ਕੱਢਦੇ ਨੇ ਅਤੇ ਗੁਰੂ ਦਾ ਸਮੁੱਚਾ ਰੂਪ ਸਾਨੂੰ ਪੇਸ਼ ਕਰਦੇ ਨੇ, ਉਸ ਰੂਪ ਨੂੰ ਜੇਕਰ ਅਸੀਂ ਸਮਝਾਂਗੇ ਤਾਂ ਸਾਨੂੰ ਸਮਝ ਆਵੇਗੀ ਕਿ ਗੁਰੂ ਸਾਹਿਬ ਨੇ ਜੰਗ ਕਿਉਂ ਲੜੀ, ਗੁਰੂ ਨੇ ਕਿਉਂ ਜ਼ਫਰਨਾਮਾ ਲਿਖਿਆ, ਗੁਰੂ ਸਾਹਿਬ ਨੇ ਰਾਜਿਆਂ, ਜੋ ਕਦੇ ਉਨ੍ਹਾਂ ਦੇ ਨਾਲ, ਕਦੇ ਵੱਖ, ਨਾਲ ਕਿਵੇਂ ਨਜਿਠਿਆ, ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਕਿਉਂ ਵਸਾਇਆ।
ਉਹ ਚੀਜਾ ਅਸੀਂ ਨਹੀਂ ਸਮਝ ਪਾਉਂਦੇ, ਕਿਉਂਕਿ ਸਾਨੂੰ ਗੁਰੂ ਦਾ ਵਿਸ਼ਾਲ ਰੂਪ, ਜੋ ਇੱਕ ਨਾਲ ਜੁੜਨ ਕਰਕੇ, ਜੋ ਉਨ੍ਹਾਂ ਦਾ ਹਿਜਰ ਖਤਮ ਕਰਕੇ ਜੋ ਇੱਕ ਨਾਲ ਜੁੜ ਕੇ ਕੰਮ ਹੁੰਦੇ ਹਨ, ਉਹ ਇੱਕ ਪੂਰਨ ਰੂਪ ਵਿੱਚ ਹੁੰਦੇ ਨੇ ਤੇ ਗੁਰੂ ਪੂਰਨ ਸੀ। ਧਾਰਨਾਵਾਂ (ਨਿਜੀ) ਇਸ ਕਰਕੇ ਹੁੰਦੀਆਂ ਹਨ ਕਿਉਂਕਿ ਅਸੀਂ ਗੁਰੂ ਦੀ ਪੂਰਨਤਾ ਵੱਲ ਸਮਝ ਨਹੀਂ ਰੱਖ ਪਾਉਂਦੇ ਉਹ ਸਮਝ ਵਧਾਉਣ ਦੀ ਲੋੜ ਹੈ।
ਸਵਾਲ: ਧਾਰਮਿਕ ਅਤੇ ਅਧਿਆਤਮਕ ਗਿਆਨ ਨੂੰ ਦੁਨੀਆ ਵਿੱਚ ਫੈਲਾਉਣ ਲਈ ਕਿਵੇਂ ਯਤਨ ਹੋਵੇ?
ਹਰਿੰਦਰ ਸਿੰਘ: ਗਿਆਨ ’ਤੇ ਕਦੇ ਵੀ ਕਾਪੀਰਾਇਟ ਨਹੀਂ ਹੁੰਦਾ, ਗੁਰਬਾਣੀ ਦੀ ਪਰੰਪਰਾ ਵਿੱਚ ਸ਼ਬਦ ਹੈ, ਸ਼ਬਦ ਤਾਂ ਬ੍ਰਹਮੰਡ ਵਿੱਚ ਪਹਿਲਾਂ ਹੀ ਸੀ। ਸ਼ਬਦ ਨੂੰ ਸਾਨੂੰ ਗੁਰੂ ਨੇ ਦੱਸਿਆ ਅਤੇ ਗੁਰੂ ਨੇ ਜਿਵੇਂ ਦੱਸਿਆ, ਅਸੀਂ ਫੋਲੋ ਕਰਦਿਆਂ ਉਸ ਦੇ ਨੇੜੇ ਜਾਂਦੇ ਹਾਂ। ਮੂਲ ਭਾਸ਼ਾ ਸਮਝਣੀ ਬਹੁਤ ਜਰੂਰੀ ਹੈ, ਜਿਨ੍ਹਾਂ ਨੇ ਉਸ ਨੂੰ ਹੋਰ ਭਾਸ਼ਾਵਾਂ ਵਿੱਚ ਪੇਸ਼ ਕਰਨਾ ਹੈ। ਇਸ ਕਰਕੇ ਗੁਰੂ ਦੀ ਭਾਸ਼ਾ ਨੂੰ ਸਮਝਣਾ, ਸੰਦਰਭ ਨੂੰ ਸਮਝਣਾ, ਉਸਨੂੰ ਅੰਗਰੇਜੀ ਵਿੱਚ ਦੱਸਣਾ, ਜੇਕਰ ਕੋਈ ਚੀਜ਼ ਫਾਰਸੀ ਵਿੱਚ ਜਾ ਰਹੀ ਹੈ ਤਾਂ ਫਾਰਸੀ ਨੂੰ ਸਮਝਣਾ।
ਵੇਖੋ ਗੁਰੂਆਂ ਨੇ ਤਾਂ ਕਿਸੇ ਵੀ ਭਾਸ਼ਾ ਨਾਲ ਵਿਤਕਰਾ ਨਹੀਂ ਕੀਤਾ, ਅਸੀਂ ਵਿਤਕਰਿਆਂ ’ਚੋਂ ਆਏ ਹਾਂ ਕਿਉਂਕਿ ਅਸੀਂ ਇੱਕ ਤੋਂ ਟੁੱਟੇ ਹੋਏ ਹਾਂ। ਗੁਰੂ ਨੇ ਫਾਰਸੀ ਵੀ ਵਰਤੀ ਹੈ, ਅਰਬੀ ਦਾ ਰੂਪ ਵੀ ਹੈ, ਸੰਸਕ੍ਰਿਤ ਵੀ ਹੈ, ਸਾਧ ਭਾਸ਼ਾ, ਪੁਰਾਣੀ ਪੰਜਾਬੀ, ਸਿੰਧੀ, ਬ੍ਰਜ, ਕੋਈ ਭਾਸ਼ਾ ਦੀ ਗੱਲ ਕਰ ਲਵੋ।
ਕਿਉਂਕਿ ਬਾਣੀ ਵਿੱਚ ਆ ਗਿਆ “ਭਾਖਿਆ ਭਾਓ ਆਪਾਰ” ਪਿਆਰ ਦੀ ਭਾਸ਼ਾ ਹੀ ਆਪਾਰ ਦੀ ਭਾਸ਼ਾ ਹੈ। ਉਸ ਨੂੰ ਲੋਕਾਂ ਦੀ ਬੋਲੀ ਵਿੱਚ ਕਿਵੇਂ ਪੇਸ਼ ਕਰਨਾ ਅਤੇ ਜਿਨ੍ਹਾਂ ਨੇ ਉਹ ਕਰਨਾ, ਉਨ੍ਹਾਂ ਨੂੰ ਮੂਲ ਭਾਸ਼ਾ ਅਤੇ ਸਰੋਤਾਂ ਨਾਲ ਜੁੜਨ ਦੀ ਜ਼ਰੂਰਤ ਹੈ। ਫਿਰ ਉਸ ਖਿੱਤੇ ਦੇ, ਇਲਾਕੇ ਦੇ, ਉਸ ਬੋਲੀ ਦੇ ਲੋਕਾਂ ਨੂੰ, ਉਸੇ ਸੰਦਰਭ ਵਿੱਚ ਗੁਰੂ ਦਾ ਇੱਕ ਪੂਰਨ ਰੂਪ ਪੇਸ਼ ਕਰਨ ਦੀ ਲੋੜ ਹੈ।

ਸਵਾਲ: ਤੁਸੀਂ ਕਿਤਾਬ ਵਿੱਚ ਗੁਰੂ ਸਾਹਿਬ ਦੀ ਕੋਈ ਵੀ ਤਸਵੀਰ/ਚਿੱਤਰ ਨਹੀਂ ਵਰਤਿਆ, ਤਾਂ ਗੁਰੂ ਸਾਹਿਬ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ, ਮਨ ਵਿੱਚ ਵਸਾਉਣ ਦਾ, ਖਿਆਲਾਂ ਵਿੱਚ ਵੇਖਣ ਦਾ ਇੱਕ ਤਰੀਕਾ ਕੀ ਹੈ?
ਹਰਿੰਦਰ ਸਿੰਘ: ਗੱਲ ਪ੍ਰੀਤ ਦੀ ਹੈ, ਪ੍ਰੀਤ ਵਿੱਚੋਂ ਅਕਲ ਵੀ ਲਤੀਫ਼ ਹੋ ਜਾਂਦੀ ਹੈ। ਜਿਹੜੀ ਅਕਲ ਘੜੀ ਜਾ ਰਹੀ ਹੈ, ਆਪਾ ਸਾਰੇ ਕਾਲਜ/ਸਕੂਲ ਗਏ ਹਾਂ, ਇੱਕ ਘੜੀ ਜਾ ਰਹੀ ਹੈ। ਕਿਤਾਬ ਪੜ ਰਹੇ ਹੋ, ਚਾਹੇ ਪੌਡਕਾਸਟ ਵੇਖ ਰਹੇ ਹੋ, ਉਹ ਸਾਨੂੰ ਪ੍ਰਭਾਵਿਤ ਕਰ ਰਿਹਾ ਹੈ। ਬਾਣੀ ਵਿੱਚ ਆਇਆ ਹੈ “ਘੜੀਏ ਸ਼ਬਦ ਸੱਚੀ ਟਕਸਾਲ” ਜਿਹੜੀ ਸ਼ਬਦ ਰਾਹੀ ਘੜੀ ਜਾਵੇਗੀ, ਫਿਰ ਸਾਡੇ ਕੋਲ ਦੂਜਾ ਡਾਟਾ ਆ ਰਿਹਾ, ਹਾਲਾਂਕਿ ਉਹ ਸਾਨੂੰ ਚਾਹੀਦਾ ਹੈ, ਪਰ ਉਸ ਦਾ ਜੋ ਨਿਖਰਿਆ ਰੂਪ ਹੈ, ਗੁਰੂ ਵਾਲਾ ਰੂਪ ਹੈ, ਗੁਰੂ ਦੀ ਨੇੜਤਾ ਵਾਲਾ ਰੂਪ ਹੈ, ਉਹ ਗੁਰੂ ਦੀ ਪ੍ਰੀਤ ਵਿੱਚੋਂ ਹੀ ਆਉਂਦਾ ਹੈ। ਜਿਹੜੇ ਸਕਾਲਰ ਦੀ ਅਸੀਂ ਗੱਲ ਕਰ ਰਹੇ ਸੀ, ਉਹ ਗੁਰੂ ਦੇ ਸਕਾਲਰ ਨੇ, ਉਹ ਵੀ ਅਵੱਲ ਦਰਜੇ ਦੇ, ਉਨ੍ਹਾਂ ਨੂੰ ਭਾਸ਼ਾ ਦਾ ਪੂਰਾ ਗਿਆਨ ਹੈ, ਪਰ ਪ੍ਰੀਤ ਦੀ ਭਾਸ਼ਾ, ਭਾਸ਼ਾ ਵਿੱਚ ਲੈ ਕੇ ਗੱਲ ਕਰਨੀ, ਉਸ ਨੂੰ ਪਹਿਲ ਦਿੱਤੀ ਗਈ ਹੈ।



Leave a Comment