ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਦਾਸਤਾਨ
ਹਿੰਦ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਬੇਸ਼ੱਕ ਸਾਡੇ ਮੁਲਕ ਦੀ ਅਵਾਮ ਨੂੰ ਮੁਸ਼ਕਲ ਤੋਂ ਬਚਾ ਰਹੀ ਹੈ, ਪਰ ਇਹ ਕੰਡਿਆਲੀ ਤਾਰ ਉਨ੍ਹਾਂ ਕਿਸਾਨਾਂ ਦੇ ਲਈ ਮੁਸੀਬਤ ਹੈ, ਜਿਹੜੇ ਰੋਜ਼ ਇਸ ਤੋਂ ਪਾਰ ਜਾ ਕੇ ਖੇਤੀ ਕਰਦੇ ਹਨ। ਪੰਜਾਬ ਦੇ 6 ਜਿਲ੍ਹਿਆਂ ਵਿੱਚੋਂ ਲੰਘਦੀ ਕੰਡਿਆਲੀ ਤਾਰ 1988-90 ਦੇ ਕਰੀਬ ਬਾਰਡਰ ‘ਤੇ ਲਾਈ ਗਈ ਸੀ। ਇਸ ਸਭ ਦੇ ਪਿੱਛੇ ਸਰਕਾਰਾਂ ਨੇ ਕਈ ਤਰਕ ਦਿੱਤੇ ਸਨ। ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਸਤੇ ਕਿਸਾਨਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਨੇ ਮੁਆਵਜ਼ਾ ਪ੍ਰਤੀ ਸਾਲ ਦੇਣ ਦਾ ਵੀ ਫ਼ੈਸਲਾ ਕੀਤਾ ਸੀ।
ਬੇਸ਼ੱਕ ਉਕਤ ਮੁਆਵਜ਼ਾ ਕਿਸਾਨਾਂ ਨੂੰ ਸੰਨ 2000 ਤੋਂ ਬਾਅਦ ਮਿਲਣਾ ਸ਼ੁਰੂ ਹੋਇਆ, ਪਰ ਇਸ ਕੰਡਿਆਲੀ ਤਾਰ ਦਾ ਸੰਤਾਪ ਕਿਸਾਨਾਂ ਦੇ ਸਿਰ ਹਮੇਸ਼ਾਂ ਲਈ ਬੱਝ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਕਿਸਾਨ ਤਾਰ ਤੋਂ ਪਾਰ ਖੇਤੀ ਕਰਨ ਤਾਂ ਜਾਂਦੇ ਹਨ, ਪਰ ਸਰਕਾਰਾਂ ਦੁਆਰਾ ਮਿੱਥੇ ਸਮੇਂ ਦੇ ਮੁਤਾਬਿਕ। ਕਿਸਾਨਾਂ ਨੂੰ ਮਰਜ਼ੀ ਦੇ ਮੁਤਾਬਿਕ ਤਾਰ ਤੋਂ ਪਾਰ ਕੁੱਝ ਵੀ ਨਹੀਂ ਕਰਨ ਦਿੱਤਾ ਜਾਂਦਾ, ਮਤਲਬ ਕਿ ਖੇਤੀ ਵੀ ਕਿਸਾਨ ਸਰਕਾਰਾਂ ਦੇ ਦੱਸੇ ਮੁਤਾਬਿਕ ਹੀ ਕਰ ਸਕਦੇ ਹਨ।
ਸਰਹੱਦੀ ਕਿਸਾਨ ਖੇਤੀ ਛੱਡਣ ਲਈ ਮਜਬੂਰ
ਭਾਵੇਂ ਕਿ ਸਰਕਾਰੀ ਤਰਕ ਹੈ ਕਿ ਉੱਚੀਆਂ ਫ਼ਸਲਾਂ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਨਹੀਂ ਬੀਜ ਸਕਦੇ ਹਨ, ਹੁਣ ਕਿਸਾਨਾਂ ਦਾ ਸਵਾਲ ਇਹ ਹੈ ਕਿ ਉਹ ਜੇਕਰ ਉੱਚੀਆਂ ਫ਼ਸਲਾਂ ਉੱਧਰ ਨਹੀਂ ਬੀਜ ਪਾਉਂਦੇ ਅਤੇ ਸਿਰਫ਼ ਕਣਕ ਝੋਨੇ ‘ਤੇ ਹੀ ਨਿਰਭਰ ਰਹਿੰਦੇ ਨੇ ਤਾਂ ਇਸ ਦਾ ਉਨ੍ਹਾਂ ਦੀ ਜ਼ਮੀਨ ਉੱਤੇ ਤਾਂ ਮਾੜਾ ਅਸਰ ਪੈਂਦਾ ਹੀ ਹੈ, ਨਾਲ ਹੀ ਉਨ੍ਹਾਂ ਦਾ ਆਰਥਿਕ ਤੌਰ ‘ਤੇ ਵੀ ਨੁਕਸਾਨ ਹੁੰਦਾ ਹੈ। ਸਮੱਸਿਆਵਾਂ ਦੇ ਨਾਲ ਜੂਝ ਰਹੇ ਪੰਜਾਬ ਦੇ ਛੇ ਜ਼ਿਲ੍ਹੇ (ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ) ਵਿੱਚ ਇਸ ਵੇਲੇ ਹਾਲਾਤ ਇਹ ਹਨ ਕਿ ਬਹੁ-ਗਿਣਤੀ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਕਿਉਂਕਿ ਕਿਸਾਨਾਂ ਦੇ ਖ਼ਰਚੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ, ਜਦੋਂਕਿ ਕਮਾਈ ਵਿੱਚ ਵਾਧੇ ਨੂੰ ਬਰੇਕ ਲੱਗੀ ਪਈ ਹੈ।
ਸ਼ਨਾਖ਼ਤੀ ਕਾਰਡ ਨਾਲ ਖੇਤੀ
ਦੱਸਦੇ ਚੱਲੀਏ ਕਿ ਭਾਵੇਂ ਕਿ ਕੰਡਿਆਲੀ ਤਾਰ ਤੋਂ ਪਾਰ 1988-90 ਦੇ ਦਹਾਕੇ ਦੌਰਾਨ ਕਿਸਾਨਾਂ ਨੂੰ ਜ਼ਮੀਨਾਂ ਵਿੱਚ ਖੇਤੀ ਕਰਨ ਵਾਸਤੇ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ, ਪਰ ਕਿਸਾਨਾਂ ਨੂੰ ਆਖਿਆ ਗਿਆ ਕਿ ਤੁਸੀਂ ਆਪਣਾ ਸ਼ਨਾਖ਼ਤੀ ਕਾਰਡ ਵਿਖਾ ਕੇ ਹੀ ਖੇਤੀ ਕਰਨ ਜਾ ਸਕਦੇ ਹੋ। ਇਸ ਤੋਂ ਇਲਾਵਾ ਸ਼ਨਾਖ਼ਤੀ ਕਾਰਡ ਵੀ ਬੀਐਸਐਫ਼ ਦੇ ਵੱਲੋਂ ਹੀ ਬਣਾਇਆ ਜਾਂਦਾ ਸੀ, ਜੋ ਹੁਣ ਵੀ ਬਣਾਇਆ ਜਾਂਦਾ ਹੈ। ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲਿਆਂ ਨੂੰ ਅੱਜ ਵੀ ਆਪਣੇ ਸ਼ਨਾਖ਼ਤੀ ਕਾਰਡ ਦੇ ਜ਼ਰੀਏ ਹੀ ਪੈਲੀ ਵਿੱਚ ਪੈਰ ਧਰਨ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਉਹ ਵੀ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਸਮੇਂ ਦੇ ਮੁਤਾਬਿਕ। ਕਿਸਾਨਾਂ ਕੰਡਿਆਲੀ ਤਾਰ ਤੋਂ ਪਾਰ ਸਰਕਾਰੀ ਡਿਊਟੀ ਦੇ ਵਾਂਗ 6-7 ਘੰਟੇ ਹੀ ਕੰਮ ਕਰ ਸਕਦੇ ਹਨ, ਇਸ ਤੋਂ ਵੱਧ ਕਿਸਾਨਾਂ ਨੂੰ ਕੰਮ ਕਰਨ ਦੀ ਆਗਿਆ ਬੀਐਸਐਫ਼ ਦੇ ਵੱਲੋਂ ਨਹੀਂ ਦਿੱਤੀ ਜਾਂਦੀ।
ਦਿਨ ਚੜ੍ਹੇ ਤਾਂ ਖੇਤੀ, ਪਰ ਰਾਤ ਨੂੰ…
ਕੰਡਿਆਲੀ ਤਾਰ ਦੇ ਪਾਰ ਜ਼ਮੀਨਾਂ ’ਤੇ ਦਿਨ ਚੜ੍ਹੇ ਤਾਂ ਖੇਤੀ, ਪਰ ਰਾਤ ਨੂੰ ਪਹਿਰਾ ਦੇਣ ਦੀ ਮਨ੍ਹਾਈ। ਦਰਅਸਲ, ਭਾਰਤ-ਪਾਕਿਸਤਾਨ ਸਰਹੱਦ ‘ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇੱਕ ਪਾਸੇ ਤਾਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਖ਼ਤਰਾ ਹੈ, ਉੱਥੇ ਹੀ ਖ਼ਤਰਾ ਉਨ੍ਹਾਂ ਜੰਗਲੀ ਜਾਨਵਰਾਂ ਦਾ ਵੀ ਹੈ, ਜਿਹੜੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਨਿੱਤ ਦਿਨ ਤਬਾਹ ਕਰਦੇ ਹਨ। ਸਤਲੁਜ, ਬਿਆਸ ਅਤੇ ਰਾਵੀ ਦਰਿਆ ਤੋਂ ਲੈ ਕੇ ਕਈ ਕਿਲੋਮੀਟਰ ਤੱਕ ਸਰਕੰਡੇ ਹਨ। ਪਾਕਿਸਤਾਨ ਵਿਚ ਚਾਰਾ ਨਾ ਮਿਲਣ ਕਾਰਨ ਨੀਲਗਾਈਂ, ਜੰਗਲੀ ਸੂਰ ਤੇ ਹੋਰ ਜਾਨਵਰ ਭਾਰਤੀ ਖੇਤਾਂ ’ਚ ਵੜ ਆਉਂਦੇ ਹਨ। ਕਿਸਾਨ ਦਿਨ-ਰਾਤ ਮਿਹਨਤ ਕਰੇ, ਪਰ ਵਾਢੀ ਸਮੇਂ ਹੱਥ ਖ਼ਾਲੀ। ਮਤਲਬ ਕਿ, ਕਿਸਾਨ ਦੀਆਂ ਫ਼ਸਲਾਂ ਨੂੰ ਜੰਗਲੀ ਜਾਨਵਰ ਹੀ ਉਜਾੜ ਜਾਂਦੇ ਹਨ।
ਖ਼ੈਰ, ਇਨ੍ਹਾਂ ਕਿਸਾਨਾਂ ਦੀ ਸਮੱਸਿਆ ਇੱਥੇ ਹੀ ਨਹੀਂ ਘਟਦੀ, ਜਿਹੜੇ ਕਿਸਾਨਾਂ ਨੂੰ ਪਹਿਲਾਂ ਮਾਰ ਇਕੱਲੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਦੇ ਕਾਰਨ ਪੈ ਰਹੀ ਸੀ, ਉਸ ਤੋਂ ਵਧੇਰੇ ਮਾਰ ਇਸ ਵਾਰ ਆਏ ਭਿਆਨਕ ਹੜ੍ਹਾਂ ਦੇ ਕਾਰਨ ਪਈ। ਇਨ੍ਹਾਂ ਸਰਹੱਦੀ ਕਿਸਾਨਾਂ ਨੂੰ ਜਿਹੜੀ ਮਾਰ ਇਸ ਵਾਰ ਹੜ੍ਹਾਂ ਦੀ ਪਈ ਹੈ, ਉਹ 80 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਪਈ ਹੈ। ਇਸ ਵੇਲੇ ਬਹੁ-ਗਿਣਤੀ ਕਿਸਾਨਾਂ ਦੇ ਖੇਤ ਮਾਰੂਥਲ ਵਿੱਚ ਤਬਦੀਲ ਹੋ ਚੁੱਕੇ ਹਨ। ਕਿਉਂਕਿ ਜਿਨ੍ਹਾਂ ਪੈਲ਼ੀਆਂ ਵਿੱਚ ਕਿਸੇ ਸਮੇਂ ਕੰਡਿਆਲੀ ਤਾਰ ਤੋਂ ਪਾਰ ਖੇਤੀ ਹੁੰਦੀ ਸੀ, ਉਨ੍ਹਾਂ ਪੈਲ਼ੀਆਂ ਵਿੱਚ ਕਈ ਕਈ ਫੁੱਟ ਰੇਤ ਚੜ੍ਹ ਚੁੱਕੀ ਹੈ।
ਸਵਾਲ ਕਈ ਪੈਦਾ ਹੋ ਚੁੱਕੇ ਨੇ ਕਿ, ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨ ਆਖ਼ਰ ਆਪਣੀਆਂ ਪੈਲ਼ੀਆਂ ਵਿੱਚੋਂ ਰੇਤ ਕੱਢ ਕੇ ਸੁੱਟਣਗੇ ਕਿੱਥੇ? ਇੱਧਰ ਵਾਲੇ ਕਿਸਾਨ ਤਾਂ ਆਪਣੀਆਂ ਪੈਲ਼ੀਆਂ ਵਿੱਚੋਂ ਮਾੜੀ ਮੋਟੀ ਰੇਤ ਕਰਾਹ ਕੇ ਆਸੇ-ਪਾਸੇ ਕਰ ਲੈਣਗੇ, ਪਰ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨ ਕੀ ਕਰਨਗੇ? ਇਸ ਬਾਰੇ ਨਾ ਤਾਂ ਸੈਂਟਰ ਦੀ ਸਰਕਾਰ ਸੋਚ ਰਹੀ ਹੈ ਅਤੇ ਨਾ ਹੀ ਸੂਬੇ ਦੀ ਸਰਕਾਰ।
ਇੱਥੇ ਦੱਸਦੇ ਚੱਲੀਏ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਦੋਂ ਪੰਜਾਬ ਦੇ ਨਵੇਂ ਨਵੇਂ ਗਵਰਨਰ ਬਣੇ ਸਨ ਤਾਂ ਉਨ੍ਹਾਂ ਨੇ ਸਾਰੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਉਨ੍ਹਾਂ ਅੱਗੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸਨ, ਜਿਨ੍ਹਾਂ ਬਾਰੇ ਗਵਰਨਰ ਸਾਬ੍ਹ ਨੇ ਕਿਹਾ ਸੀ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਵਿਚ ਖੇਤੀ ਕਰਨ ਦੀ ਵੱਡੀ ਸਮੱਸਿਆ ਤੁਹਾਨੂੰ ਆ ਰਹੀ ਹੈ, ਜਿਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰ ਕੇ ਖੇਤੀ ਕਰਨ ਸੁਖਾਲਾ ਕੀਤਾ ਜਾਵੇ। ਸਰਹੱਦ ’ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਅਤੇ ਐਂਟੀ ਡਰੋਨ ਸਿਸਟਮ ਲਗਾਇਆ ਜਾਵੇਗਾ। ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਲਈ ਮੁਆਵਜ਼ੇ ਬਾਰੇ ਗੱਲ ਕਰਦਿਆਂ ਕਟਾਰੀਆ ਨੇ ਯਕੀਨ ਦਵਾਇਆ ਕਿ ਜਿਨ੍ਹਾਂ ਜ਼ਮੀਨਾਂ ਦਾ ਮੁਆਵਜ਼ਾ ਬਾਕੀ ਹੈ, ਉਹ ਵੀ ਕੇਂਦਰ ਸਰਕਾਰ ਨਾਲ ਚਰਚਾ ਕਰਕੇ ਜਲਦ ਜਾਰੀ ਕਰਵਾਇਆ ਜਾਵੇਗਾ। ਉਨ੍ਹਾਂ ਬੀਐੱਸਐੱਫ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਡਿਆਲੀ ਤਾਰ ਤੋਂ ਪਾਰ ਜਾਣ ਵੇਲੇ ਗੇਟਾਂ ’ਤੇ ਹਾਜ਼ਰ ਰਹਿ ਕੇ ਲੋਕਾਂ ਨੂੰ ਕੰਮ ਕਰਨ ਲਈ ਸਮੇਂ ਸਿਰ ਅੱਗੇ ਲੰਘਾਉਣ ਦੇ ਪ੍ਰਬੰਧ ਕਰਨ।
ਕਿਸਾਨਾਂ ਦੀ ਮੰਨੀਏ ਤਾਂ, ਕੰਡਿਆਲੀ ਤਾਰ ਤੋਂ ਪਾਰ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦਾ ਉਜਾੜਾ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜਲਈ ਮੋਟਰਾਂ ਛੋਟੇ ਸ਼ੈੱਡ ਬਣਾਉਣ ਦੀ ਇਜਾਜ਼ਤ ਬੀਐਸਐਫ਼ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਕੰਡਿਆਲੀ ਤਾਰ ਤੇ ਲੱਗੇ ਗੇਟਾਂ ਵਿੱਚੋਂ 75% ਗੇਟ ਖੋਲਣਾ, ਤਾਰਾਂ ਦੇ ਹੇਠੋਂ ਪਾਣੀ ਦੀਆਂ ਪਾਈਪਾਂ ਪਾਉਣ ਦੀ ਇਜਾਜ਼ਤ ਦੇਣਾ, ਸਮੇਂ ਸਿਰ ਮੁਆਵਜ਼ਾ ਦਿੱਤਾ ਜਾਵੇ, ਗੇਟਾਂ ਦੇ ਟਾਈਮ ਵਿੱਚ ਵਾਧਾ ਕਰਨਾ, ਜ਼ੀਰੋ ਲਾਇਨ ਦੇ ਨਾਲ ਤਿੰਨ ਫੁੱਟ ਉੱਚੀ ਜਾਲੀ ਲਗਾਉਣ ਦੀ ਇਜਾਜ਼ਤ ਦੇਣਾ ਅਤੇ ਕੰਡਿਆਲੀ ਤਾਰ ਤੋਂ ਪਾਰ ਟਿਊਬਵੈੱਲ ਬੋਰਵੈਲ ਲਗਾਉਣ ਲਈ ਕਿਸਾਨਾਂ ਨੂੰ ਜਲਦੀ ਇਜਾਜ਼ਤ ਦੇਣਾ ਆਦਿ ਮੰਗਾਂ ਹਨ।
ਬਸ ਇਹ ਮੰਗਾਂ ਪੂਰੀਆਂ ਹੋ ਜਾਣ ਤਾਂ ਇਹਨਾਂ ਸਰਹੱਦੀ ਕਿਸਾਨਾਂ ਦੀਆਂ ਇਹ ਤਮਾਮ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਉਮੀਦ ਇਹੀ ਕੀਤੀ ਜਾ ਸਕਦੀ ਏ ਕਿ ਜੋ ਵਾਅਦੇ ਗਵਰਨਰ ਸਾਬ੍ਹ ਨੇ ਕਿਸਾਨਾਂ ਨਾਲ ਕੀਤੇ ਹਨ ਉਹ ਛੇਤੀ ਤੋਂ ਛੇਤੀ ਪੂਰੇ ਹੋਣਗੇ ਅਤੇ ਛੇਤੀ ਹੀ ਇਹਨਾਂ ਕਿਸਾਨਾਂ ਦੀ ਬਾਂਹ ਫੜੀ ਜਾਏਗੀ।
— ਪ੍ਰੀਤ ਗੁਰਪ੍ਰੀਤ



Leave a Comment