garhi chamkaur 40 sikhs fought war 1

ਗੜ੍ਹੀ ਚਮਕੌਰ, ਜਿੱਥੇ 40 ਸਿੰਘਾਂ ਨੇ 10 ਲੱਖ ਫੌਜ ਦਾ ਟਾਕਰਾ ਕੀਤਾ

ਪੋਹ ਦੇ ਮਹੀਨੇ ਦਾ ਸਿੱਖ ਕੌਮ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਸ ਮਹੀਨੇ ਕੋਈ ਵੀ ਖੁਸ਼ੀ ਤੇ ਜਸ਼ਨਾਂ ਵਾਲੇ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਖਾਸ ਤੌਰ ’ਤੇ 7 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ (5 ਤੇ 6 ਦਸੰਬਰ 1705 ਈਸਵੀ ਨੂੰ) ਆਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਤੇ ਰਸਤੇ ਵਿਚ ਸਿੱਖਾਂ ਤੇ ਮੁਗਲ ਫੌਜਾਂ ਦੀ ਭਾਰੀ ਜੰਗ ਹੋਈ। ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਬਾਹਮਣ ਦੇ ਨਾਲ ਸਹੇੜੀ ਪਿੰਡ ਵੱਲ ਚਲੇ ਗਏ ਤੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨਾਲ ਚਮਕੌਰ ਸਾਹਿਬ ਜੀ ਵੱਲ ਨੂੰ ਚੱਲ ਪਏ। ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ।

ਚਮਕੌਰ ਸਾਹਿਬ ਜ਼ਿਲਾ ਰੂਪਨਗਰ ਵਿਚ ਪੈਂਦਾ ਇੱਕ ਇਤਿਹਾਸਿਕ ਨਗਰ ਹੈ। ਚਮਕੌਰ ਸਾਹਿਬ ਵਿਖੇ ਜਗਤ ਸਿਹੁੰ ਦੀ ਹਵੇਲੀ ਹੁੰਦੀ ਸੀ। ਗੁਰੂ ਜੀ ਨੇ ਪੰਜ ਸਿੰਘਾਂ ਨੂੰ ਉਸ ਕੋਲ ਭੇਜਿਆ ਤੇ ਹਵੇਲੀ ਜਾਂ ਗੜ੍ਹੀ ਦੀ ਮੰਗ ਕੀਤੀ ਤਾਂ ਜੋ ਦੁਸ਼ਮਣ ਫੌਜ ਦਾ ਮੁਕਾਬਲਾ ਕਰਨ ਲਈ ਕੋਈ ਠਾਹਰ ਬਣ ਸਕੇ। ਉਹ ਮੁਗਲ ਸੈਨਾ ਤੋਂ ਡਰਦਿਆਂ ਨਾਂ ਮੰਨਿਆ। ਗੁਰੂ ਜੀ ਨੇ ਉਸਨੂੰ ਗੜ੍ਹੀ ਦਾ ਕਿਰਾਇਆ ਦੇਣ ਤੇ ਫਿਰ ਪੂਰਾ ਮੁੱਲ ਦੇਣ ਦੀ ਵੀ ਪੇਸ਼ਕਸ਼ ਕੀਤੀ ਪਰ ਉਹ ਨਾਂ ਮੰਨਿਆ। ਫਿਰ ਜਗਤ ਸਿਹੁੰ ਦੇ ਛੋਟੇ ਭਰਾ ਰੂਪ ਸਿੰਹੁ ਨੂੰ ਗੁਰੂ ਜੀ ਨੇ ਬੁਲਾਇਆ ਜੋ ਕਿ ਆਪਣੇ ਹਿੱਸੇ ਦੀ ਗੜ੍ਹੀ ਦੇਣਾ ਮੰਨ ਗਿਆ। ਇਹ ਗੜ੍ਹੀ ਉੱਚੀ ਥਾਂ ਤੇ ਸਥਿਤ ਸੀ ਤੇ ਲੜਾਈ ਲਈ ਸਭ ਤੋਂ ਵੱਧ ਸੁਰੱਖਿਅਤ ਸੀ। ਗੁਰੂ ਜੀ ਭਾਈ ਰੂਪ ਸਿੰਹੁਂ ਦੀ ਗੜ੍ਹੀ ਵਿਚ ਆ ਗਏ। ਰਾਤ ਵੇਲੇ ਗੁਰੂ ਜੀ ਨੇ ਕਰੜਾ ਪਹਿਰਾ ਲਾ ਕੇ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ।

‘ਸਤਿਗੁਰੂ ਜੀ ਨੇ ਮੌਕਾ ਮੌਕਾ ਸੇ ਸਭ ਕੋ ਬਿਠਾ ਦੀਆ।
ਹਰ ਬੁਰਜ ਪਿ ਫ਼ਸੀਲ ਪੇ ਪਹਿਰਾ ਲਗਾ ਦੀਆ।’

ਅਗਲੇ ਦਿਨ ਜੰਗ ਸ਼ੁਰੂ ਹੋ ਗਈ ਤੇ ਸਿੰਘ ਜਥਿਆਂ ਦੇ ਰੂਪ ਵਿਚ ਰਣ ਵਿਚ ਜੂਝਦੇ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿਚ ਉਤਰੇ। ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਾਲਮਾਂ ਦੇ ਸਾਹਮਣੇ ਆਏ ਤਾਂ ਬਾਬਾ ਜੀ ਦਾ ਤੇਜ਼ ਵੇਖ ਕੇ ਦੁਸ਼ਮਣ ਕੰਬ ਕੇ ਰਹਿ ਗਏ। ਜਦੋਂ ਹੱਥ ਵਿਚ ਤਲਵਾਰ ਲੈ ਕੇ ਬਾਬਾ ਜੀ ਨੇ ਘੁੰਮਾਈ ਤਾਂ ਦੁਸ਼ਮਣ ਨੂੰ ਗਸ਼ ਪੈਣ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਰਹਿਣ ਵਾਲੇ ਕਵੀ ਸੈਨਾਪਤਿ ਵੀ ਬਾਬਾ ਜੀ ਦੀ ਇਸ ਜੰਗ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਨ। ਭਾਵੇਂ ਆਪ ਜੀ ਨੇ ਬਾਬਾ ਜੀ ਦਾ ਨਾਂਅ ਭੁਲੇਖੇ ਨਾਲ ਅਜੀਤ ਸਿੰਘ ਜੀ ਦੀ ਥਾਂ ਰਣਜੀਤ ਸਿੰਘ ਲਿਖਿਆ ਹੈ, ਪਰ ਸਮਕਾਲੀ ਹੋਣ ਕਾਰਨ ਉਨ੍ਹਾਂ ਦੀ ਗ਼ਵਾਹੀ ਕਾਫੀ ਮਾਇਨੇ ਰੱਖਦੀ ਹੈ।

‘‘ਮਾਰੇ ਪਠਾਨ ਇਹ ਭਾਂਤਿ ਕਰ ਜੀਤ ਸਿੰਘ ਤਿਨ ਮੈ ਪਰੋ।
ਕਰ ਸੋ ਕਮਾਨ ਤਜਿ ਸਾਂਗ ਗਹਿ ਸੁ ਕੋਤੇ ਹਥਿਆਰਨ ਲਰੋ।’’

ਕਵੀ ਸੈਨਾਪਤਿ ਅਨੁਸਾਰ ਜਦੋਂ ਸਾਹਿਬਜ਼ਾਦਾ ਜੀ ਦੀ ਤਲਵਾਰ ਟੁੱਟ ਗਈ ਤਾਂ ਆਪ ਨੇ ਸਾਂਗ ਨਾਲ ਵੈਰੀ ਨੂੰ ਇਸ ਤਰ੍ਹਾਂ ਪਿਰੋਣਾ ਸ਼ੁਰੂ ਕਰ ਦਿੱਤਾ ਜਿਵੇਂ ਟਹਿਣੀ ’ਤੇ ਫਲ ਲੱਗੇ ਹੋਣ। ਆਪ ਜੀ ਦੂਸਰੇ ਸਿੰਘਾਂ ਦਾ ਹੌਸਲਾ ਵਧਾਉਂਦੇ ਹੋਏ ਮੈਦਾਨੇ ਜੰਗ ਵਿਚ ਘੋੜਾ ਦੌੜਾ ਕੇ ਘੁੰਮ ਰਹੇ ਸਨ। ਜਿਸ ਪਾਸੇ ਵੱਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਂਦੇ ਮੁਗਲਾਂ ਦੀ ਫੌਜ ਵਿਚ ਭਾਜੜ ਪੈ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੋਣਹਾਰ ਸਪੁੱਤਰ ਨੂੰ ਲੜਦਿਆਂ ਕਿਲੇ ਤੋਂ ਦੇਖ ਰਹੇ ਸਨ। ਓਧਰ ਗੁਰੂ ਜੀ ਗੜ੍ਹੀ ਦੇ ਸਿਖਰ ਤੇ ਚੜ੍ਹਕੇ ਆਪਣੇ ਲਖਤੇ ਜਿਗਰ ਦੇ ਜੰਗ ਵਿਚ ਜੌਹਰ ਵੇਖ ਰਹੇ ਸਨ।

ਅੱਲਾ ਯਾਰ ਖ਼ਾਂ ਜੋਗੀ ਅਨੁਸਾਰ:-
‘‘ਸ਼ਾਹਜ਼ਾਦਾ ਇ ਜ਼ੀ-ਜਾਹ ਨੇ ਭਾਗੜ ਥੀ ਮਚਾ ਦੀ।
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ।
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ।
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ।’’

ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਆਪ ਜੀ 8 ਪੋਹ ਸੰਮਤ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਮ ਪੀ ਗਏ। ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਮ ਪੀਂਦੇ ਵੇਖਿਆ ਤਾਂ ਆਪ ਜੀ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ।


ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਮੈਦਾਨੇ ਜੰਗ ਵਿਚ ਉਤਰ ਆਏ। ਜੰਗ ਵਿੱਚ ਸਾਹਿਬਜ਼ਾਦਾ ਜੀ ਨੇ ਪੂਰੀ ਭਾਜੜ ਪਾ ਦਿੱਤੀ। ਬਾਬਾ ਜੁਝਾਰ ਸਿੰਘ ਜੀ ਦੀ ਬਹਾਦਰੀ ਵੇਖ ਕੇ ਮੁਗਲ ਸੈਨਾ ਦੇ ਵੱਡੇ ਤੋਂ ਵੱਡੇ ਜਰਨੈਲ ਵੀ ਮੂੰਹ ਵਿਚ ਉਂਗਲਾਂ ਪਾ ਕੇ ਰਹਿ ਗਏ। ਬਾਬਾ ਜੀ ਜਿੱਧਰ ਵੀ ਜਾਂਦੇ ਹਰ ਪਾਸੇ ਦੁਸ਼ਮਣ ਇਹੋ ਕਹਿੰਦੇ ਕਿ ਇਹ ਗੁਰੂ ਜੀ ਦਾ ਬੇਟਾ ਹੈ ਇਸ ਤੋਂ ਬਚੋ।

ਜਦੋਂ ਦੁਸ਼ਮਣ ਜਰਨੈਲਾਂ ਨੇ ਵੇਖਿਆ ਕਿ ਇੱਕ ਛੋਟਾ ਜਿਹਾ ਸਿੰਘ ਹੀ ਉਸ ਦੇ 20-20 ਸੈਨਿਕਾਂ ਨੂੰ ਮਾਰ ਰਿਹਾ ਹੈ ਤਾਂ ਉਹ ਅੱਗੇ ਆ ਕੇ ਬੋਲਿਆ ਕਿ ਸਾਰੇ ਜਣੇ ਇਕੱਠੇ ਹੋ ਕੇ ਕਿਉਂ ਨਹੀਂ ਘੇਰਾ ਪਾਉਂਦੇ? ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰ ਲਿਆ। ਚਾਰੇ ਪਾਸਿਓਂ ਘਿਰੇ ਹੋਏ ਵੀ ਬਾਬਾ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਗਏ। ਫਿਰ ਕਿਸੇ ਨੇ ਹਿੰਮਤ ਕਰਕੇ ਪਿਛਲੇ ਪਾਸਿਓਂ ਤੀਰ ਨਾਲ ਵਾਰ ਕੀਤਾ ਜੋ ਕਿ ਬਾਬਾ ਜੀ ਦੇ ਆਣ ਵੱਜਾ। ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ।

ਬਾਬਾ ਜੁਝਾਰ ਸਿੰਘ ਜੀ ਕਈ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ। ਗੁਰੂ ਜੀ ਨੇ ਗੜ੍ਹੀ ਤੋਂ ਹੀ ਫਤਿਹ ਗਜਾ ਦਿੱਤੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅਖੀਰ ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਤੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇੱਥੋਂ ਜ਼ਿੰਦਾ ਨਿਕਲਣਾ ਬਹੁਤ ਹੀ ਜਰੂਰੀ ਹੈ ਕਿਉਂਕਿ ਤੁਸੀਂ ਤਾਂ ਲੱਖਾਂ ਹੀ ਸਿੰਘ ਸਜਾ ਲਓਗੇ ਪਰ ਲੱਖਾਂ ਕਰੋੜਾਂ ਸਿੰਘ ਵੀ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ। ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਆਪਣਾ ਸਿਰ ਝੁਕਾਉਂਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ। ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਖਬਰਦਾਰ ਕਰਕੇ ਤੇ ਲਲਕਾਰ ਕੇ ਜਾਣਗੇ। ਖਾਲਸਾ ਜੀ ਨੇ ਇਹ ਗੱਲ ਮੰਨ ਲਈ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਵੀ ਗੁਰੂ ਜੀ ਦੇ ਨਾਲ ਹੀ ਗੜ੍ਹੀ ਚੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ।

ਇਸ ਜੰਗ ਵਿਚ ਜਿੱਥੇ ਦੁਸ਼ਮਣ ਫੌਜ ਦਾ ਬਹੁਤ ਨੁਕਸਾਨ ਹੋਇਆ ਉੱਥੇੇ ਸਿੱਖ ਕੌਮ ਨੂੰ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਸੀ। ਗੁਰੂ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਗੁਰੂ ਜੀ ਦੇ ਪੰਜ ਪਿਆਰਿਆਂ ’ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵੀ ਇਸ ਜੰਗ ਵਿਚ ਸ਼ਹੀਦੀ ਦਾ ਜਾਮ ਪੀ ਗਏ।

ਗੁਰੂ ਜੀ ਨੇ ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਪਹਿਨਾ ਦਿੱਤਾ ਸੀ। ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਗੁਰੂ ਜੀ ਨਾਲ ਬਹੁਤ ਜ਼ਿਆਦਾ ਮਿਲਦਾ ਸੀ। ਇਸੇ ਲਈ ਗੜ੍ਹੀ ਸਾਹਿਬ ਜੀ ਨੂੰ ‘ਤਿਲਕ ਅਸਥਾਨ’ ਵੀ ਕਿਹਾ ਜਾਂਦਾ ਹੈ। ਇੱਥੇ ਹੀ ਗੁਰੂ ਜੀ ਨੇ ਫੁਰਮਾਇਆ ਸੀ ਕਿ ਖ਼ਾਲਸਾ ਗੁਰੂ ਹੈ ਤੇ ਗੁਰੂ ਖ਼ਾਲਸਾ ਹੈ। ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ ’ਚੋਂ ਬਾਹਰ ਨਿਕਲੇ ਤਾਂ ਉਸ ਵੇਲੇ ਗੜ੍ਹੀ ਵਿਚ 8 ਸਿੰਘ ਬਾਕੀ ਰਹਿ ਗਏ ਸਨ। ਇਹ ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ ਤੋਂ ਇਲਾਵਾ ਚਾਰੇ ਪਾਸੇ ਬੁਰਜਾਂ ਵਿਚ ਬਿਠਾਏ ਗਏ ਭਾਈ ਰਾਮ ਸਿੰਘ, ਕੇਹਰ ਸਿੰਘ, ਸੰਤੋਖ ਸਿੰਘ, ਦੇਵਾ ਸਿੰਘ ਅਤੇ ਨਗਾਰਾ ਵਜਾਉਣ ਲਈ ਥਾਪੇ ਗਏ ਭਾਈ ਜੀਵਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ ਸਨ।

ਅਸਲ ਵਿਚ ਚਮਕੌਰ ਦਾ ਘੇਰਾ ਪਾਈਂ ਬੈਠੀ ਫੌਜ ਵਿਚ ਖਵਾਜਾ ਮਰਦੂਦ ਖਾਂ ਵੀ ਸ਼ਾਮਿਲ ਸੀ ਜੋ ਕਿ ਇਹ ਫੜ੍ਹ ਮਾਰ ਕੇ ਆਇਆ ਸੀ ਕਿ ਉਹ ਗੁਰੂ ਜੀ ਨੂੰ ਜ਼ਿੰਦਾ ਫੜ ਕੇ ਲਿਆਵੇਗਾ। ਗੁਰੂ ਜੀ ਨੂੰ ਵੀ ਇਸ ਗੱਲ ਦਾ ਪਤਾ ਸੀ ਇਸ ਲਈ ਗੁਰੂ ਜੀ ਨੇ ਖਵਾਜਾ ਨੂੰ ਵੀ ਵੰਗਾਰਿਆ ਤਾਂ ਕਿ ਕਿਧਰੇ ਖਵਾਜਾ ਇਹ ਨਾਂ ਸਮਝੇ ਕਿ ਗੁਰੂ ਜੀ ਤਾਂ ਚੋਰੀ ਚੋਰੀ ਨਿਕਲ ਗਏ ਹਨ ਅਤੇ ਔਰੰਗਜ਼ੇਬ ਕੋਲ ਜਾ ਕੇ ਇਹ ਫੜ੍ਹ ਨਾਂ ਮਾਰੇ ਕਿ ਜੇਕਰ ਗੁਰੂ ਜੀ ਨਾਲ ਉਸਦਾ ਟਾਕਰਾ ਹੁੰਦਾ ਤਾਂ ਉਹ ਗੁਰੂ ਜੀ ਨੂੰ ਫੜ ਲੈਂਦਾ। ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਨਿਕਲ ਕੇ ਇੱਕ ਪੁਰਾਣੇ ਪਿੱਪਲ ਦੇ ਰੁੱਖ ਹੇਠ ਖਲੋ ਕੇ ਤਾੜੀ ਮਾਰ ਕੇ ਕਿਹਾ, ‘ਪੀਰ-ਏ-ਹਿੰਦ ਮੇ ਰਵਦ’। ਭਾਵ ਹਿੰਦ ਦਾ ਪੀਰ ਜਾ ਰਿਹਾ ਹੈ।

ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:
‘ਯੌਂ ਕਹਿ ਊਚੀ ਧੁਨਿ ਤੇ ਬੋਲੇ,
ਦੇ ਹਾਥਨ ਤਾੜੀ ਭਗਵਾਨ।
ਹਿੰਦੁਨਿ ਪੀਰ ਚਲਯੋ ਅਬਿ ਨਿਕਸਯੋ,
ਘੇਰਹੁ ਤੁਮ ਮਹਿਂ ਜੋ ਬਲਵਾਨ।
ਤੀਨ ਬਾਰ ਸ਼੍ਰੀ ਮੁਖ ਤੇ ਕਹਿ ਕਰਿ,
ਦੂਰ ਦੂਰ ਲੌ ਬਾਕ ਸੁਨਾਇ।
ਦੌਰੇ ਏਕ ਬਾਰ ਸੁਨਿ ਰੌਰਾ,
ਬਾਮ ਦਾਹਨੇ ਸਨਮੁਖ ਆਏ।’

ਗੁਰੂ ਜੀ ਨੇ ਖਵਾਜਾ ਮਰਦੂਦ ਖਾਂ ਨੂੰ ਲਲਕਾਰ ਕੇ ਕਿਹਾ ਕਿ ਤੈਨੂੰ ਆਪਣੀ ਫ਼ੌਜੀ ਤਾਕਤ ਤੇ ਮਾਣ ਹੈ। ਤੁਹਾਡੇ ਵਿਚੋਂ ਜੋ ਵੀ ਤਾਕਤਵਰ ਕਹਾਉਂਦਾ ਹੈ ਉਹ ਆ ਕੇ ਘੇਰ ਲਵੇ। ਜਦੋਂ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਸਾਰੀ ਫ਼ੌਜ ਨੂੰ ਲਲਕਾਰਿਆ ਤਾਂ ਉੱਧਰ ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਜੈਕਾਰੇ ਗਜਾ ਦਿੱਤੇ ਅਤੇ ਜ਼ੋਰ ਜ਼ੋਰ ਨਾਲ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਟਿਕੀ ਹੋਈ ਰਾਤ ਵਿਚ ਗੁਰੂ ਜੀ ਦੀ ਤਾੜੀ ਦੀ ਆਵਾਜ਼, ਫੇਰ ਨਗਾਰਿਆਂ ਅਤੇ ਜੈਕਾਰਿਆਂ ਦੀ ਗੁੰਜਾਰ ਨੂੰ ਸੁਣ ਕੇ ਦੁਸ਼ਮਣ ਫ਼ੌਜ ਵਿਚ ਭਾਜੜ ਪੈ ਗਈ। ਉਨ੍ਹਾਂ ਨੀਂਦ ਦੇ ਭੰਨਿਆਂ ਨੂੰ ਲੱਗਾ ਕਿ ਬਾਹਰੋਂ ਹੋਰ ਫ਼ੌਜ ਆ ਗਈ ਹੈ. ਇਸ ਲਈ ਅੱਭੜਵਾਹੇ ਜਿਹੇ ਉਹ ਉੱਠੇ ਤੇ ਆਪਸ ਵਿਚ ਹੀ ਭੁਲੇਖੇ ਨਾਲ ਕਟਾਵੱਢੀ ਕਰੀ ਗਏ। ਆਪਣੀ ਹੀ ਫ਼ੌਜ ਦਾ ਨੁਕਸਾਨ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਇੱਥੇ ਹਨ ਹੀ ਨਹੀਂ।

ਜਿੱਥੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ ਉੱਥੇ ਅੱਜਕੱਲ੍ਹ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ। ਜਿਸ ਕੱਚੀ ਗੜ੍ਹੀ ਵਿਚ 40 ਸਿੰਘਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਇਹ ਦੁਨੀਆਂ ਭਰ ਦੀ ਅਸਾਵੀਂ ਜੰਗ ਲੜੀ ਸੀ ਉੱਥੇ ਗੁਰਦੁਆਰਾ ਗੜ੍ਹੀ ਸਾਹਿਬ ਬਣਿਆ ਹੋਇਆ ਹੈ।

ਜਿੱਥੇ ਲੜਾਈ ਹੋਈ ਤੇ ਫ਼ਿਰ ਬਾਅਦ ਵਿਚ ਸਾਰੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰਕੇ ਸਸਕਾਰ ਕੀਤਾ ਗਿਆ ਉੱਥੇੇ ਮੁੱਖ ਗੁਰਦੁਆਰਾ ਕਤਲਗੜ੍ਹ ਸਾਹਿਬ ਸ਼ੁਸ਼ੋਭਿਤ ਹਨ। ਬਾਬਾ ਪਿਆਰਾ ਸਿੰਘ ਜੀ ਨੇ ਇਸ ਥਾਂ ਕਾਰ ਸੇਵਾ ਕਰਵਾਈ। ਜਦੋਂ ਇਸ ਥਾਂ ਦੀ ਖੁਦਾਈ ਹੋ ਰਹੀ ਸੀ ਤਾਂ ਇੱਥੇ ਲੜਾਈ ਦਾ ਸਬੂਤ ਬਹੁਤ ਸਾਰਾ ਸਾਮਾਨ ਪ੍ਰਾਪਤ ਹੋਇਆ ਜੋ ਕਿ ਸੰਗਤਾਂ ਦੇ ਦਰਸ਼ਨਾਂ ਲਈ ਇੱਥੇ ਸਾਂਭ ਕੇ ਰੱਖਿਆ ਗਿਆ ਹੈ। ਇੱਥੇ ਹਰ ਸਾਲ 6, 7 ਤੇ 8 ਪੋਹ ਨੂੰ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਭਰਦਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ।

ਅੱਲਾ ਯਾਰ ਖਾਂ ਜੋਗੀ ਇਸ ਪਵਿੱਤਰ ਅਸਥਾਨ ਦੀ ਉਪਮਾ ਇੰਝ ਕਰਦੇ ਹਨ:-
‘ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।
ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱਅ ਕੇ ਲਿਯੇ।
ਗੁਰੂ ਗੋਬਿੰਦ ਕੋ ਲਖਤਿ-ਜਿਗਰ ਅਜੀਤੁ ਜੁਝਾਰ।
ਫ਼ਲਕ ਪਿ ਇੱਕ, ਯਹਾਂ ਦੋ ਚਾਂਦ ਹੈ ਜ਼ਿਯਾ ਕੇ ਲਿਯੇ।
‘ਦੱਕਨ’ ਮੇਂ ਦੂਰ ਮਰਕਦ ਹੈ ‘ਹਜ਼ੂਰ ਸਾਹਿਬ’ ਕਾ।
ਪਹੁੰਚਨਾ ਜਿਸ ਜਗਹ ਮੁਸ਼ਕਿਲ ਹੈ ਮੇ-ਨਵਾ ਕੇ ਲਿਯੇ।
ਭਟਕਤੇ ਫਿਰਤੇ ਹੈਂ ਕਿਉਂ? ਹੱਜ ਕਰੇਂ ਯਹਾਂ ਆ ਕਰ।
ਯਿ ਕਾਬਾ ਪਾਸ ਹੈ ਹਰ ਏਕ ‘ਖ਼ਾਲਸਾ’ ਕੇ ਲਿਯੇ।’

Post navigation

Leave a Comment

Leave a Reply

Your email address will not be published. Required fields are marked *