gurbhajan gill 1

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਭਾਗ-੨

ਜ਼ਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ

ਹੁਸੀਨ ਸੁਪਨੇ, ਸਤਰੰਗੀ ਪਰਵਾਜ਼ ਅਤੇ ਮੋਹ-ਮੁਹੱਬਤ ਧੜਕਦੇ ਦਿਲਾਂ ਦੀ ਨਿਸ਼ਾਨਦੇਹੀ ਕਰਦੀ ਹੈ। ਪਾਕਿ ਮੁਹੱਬਤ ਯਾਰ ਨਾਲ ਹੋਵੇ ਜਾਂ ਫਿਰ ਰੱਬ ਨਾਲ, ਇਹ ਇਨਸਾਨ ਨੂੰ ਜਿਉਂਦਾ ਰੱਖਦੀ ਹੈ, ਤੁਰ ਜਾਣ ਤੋਂ.. ਚਿਰ ਬਾਅਦ ਵੀ। ਮੁਹੱਬਤ ਅਤੇ ਮੁਹੱਬਤੀ ਰੂਹ ਤੋਂ ਵਿਹੂਣਾ ਇਨਸਾਨ ਜਿਉਂਦਾ ਕਿੱਥੋਂ ਹੈ? ਗੁਰਭਜਨ ਗਿੱਲ ਦੀ ਰੂਹ ਦੇ ਇਨ੍ਹਾਂ ਅਹਿਸਾਸਾਂ ਦੀ ਮੁਹੱਬਤੀ ਗਲਵੱਕੜੀ ਦਾ ਨਿੱਘ ਮਾਣਦਿਆਂ ਪਾਠਕ ਉਸ ਦੀ ਸਿਰਜਣਾ ਨੂੰ ਖ਼ੁਦ-ਬ-ਖ਼ੁਦ ਦਿਲ ਨਾਲ ਲਾਉਂਦਾ ਹੈ… ਤੇ ਸਲਾਮ ਕਰਦਾ ਹੈ!

ਅੱਜ ਉੱਠਦੇ ਸਵੇਰੇ ਤੇਰਾ ਆਇਆ ਸੀ ਖ਼ਿਆਲ।
ਝੋਲੀ ਭਰ ਗਈ ਹੈ ਮੇਰੀ ਸੂਹੇ ਸੂਹੇ ਫੁੱਲਾਂ ਨਾਲ।
ਹੋਰ ਸਾਰੇ ਹੀ ਸਵਾਲਾਂ ਦੇ ਜਵਾਬ ਮੇਰੇ ਕੋਲ,
ਕੱਲ੍ਹਾ ਹੱਲ ਹੀ ਨਾ ਹੋਵੇ, ਤੇਰੀ ਚੁੱਪ ਦਾ ਸਵਾਲ।
ਰਾਤੀਂ ਵੇਖਿਆ ਮੈਂ ਚੰਨ, ਟਿਕੀ ਰਾਤ ਸੀ ਚੁਫ਼ੇਰ,
ਤੂੰ ਹੀ ਅੰਬਰਾਂ ‘ਚ ਲੈ ਕੇ, ਫਿਰੇਂ ਮੋਤੀਆਂ ਦਾ ਥਾਲ।

ਮਨ ਦਾ ਵਿਹੜਾ ਮਹਿਕ ਗਿਆ ਹੈ।
ਹੁਣ ਹੀ ਤੇਰਾ ਖ਼ਤ ਮਿਲਿਆ ਹੈ।

ਵਗਦੀ ਪੌਣ ਮਗਰ ਨਹੀਂ ਜਾਣਾ,
ਮੈਂ ਸਧਰਾਂ ਨੂੰ ਵਰਜ ਲਿਆ ਹੈ।


ਰੁੱਸ ਗਿਆ ਦਿਲ ਹੁਣ ਕਦੋਂ ਤੂੰ ਮਨਾਵੇਂਗਾ।
ਕਰੀਂ ਇਕਰਾਰ, ਕਦੇ ਰੁੱਸ ਕੇ ਨਹੀਂ ਜਾਵੇਂਗਾ।

ਉਮਰਾ ਤੇ ਲੰਘ ਚੱਲੀ, ਗਿਣ ਗਿਣ ਤਾਰਿਆਂ,
ਮੁੱਕ ਚੱਲੀ ਜਿੰਦ ਹੋਰ ਕਿੰਨਾ ਤੜਫ਼ਾਵੇਂਗਾ।

ਗੁਰਭਜਨ ਗਿੱਲਜਬਰ, ਜ਼ੁਲਮ, ਬੇਇਨਸਾਫ਼ੀ, ਵਿਤਕਰਾ, ਸ਼ੋਸ਼ਣ ਜਦ ਕੋਈ ਵੀ ਕਰਦਾ ਹੈ ਤਾਂ ਇਨਸਾਨ ਇਨਸਾਨੀਅਤ ਸਮੇਤ ਮਰਦਾ ਹੈ। ਬਾਣੀ ਵੀ ਇਹੀ ਕਹਿੰਦੀ ਹੈ… ਜਦ ਨਰ (ਬੰਦੇ / ਇਨਸਾਨ) ਦੇ ਅੰਦਰ ਨਰੂ (ਇਨਸਾਨੀਅਤ) ਮਰ ਜਾਂਦੀ ਹੈ ਤਾਂ ਉਹ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਯਾਨੀ, ਬੰਦਾ ਜਿਉਂਦਾ ਹੀ ਮਰ ਜਾਂਦਾ ਹੈ ਜਾਂ ਕਹਿ ਲਵੋ ਮਰਿਆਂ ਬਰਾਬਰ ਹੀ ਹੁੰਦਾ ਹੈ। ਇਸ ਤਰਾਂ ਦੇ ਨਰ ਆਪਾਂ ਆਪਣੇ ਜੀਵਨ ਵਿੱਚ ਆਮ ਹੀ ਦੇਖਦੇ ਹਾਂ। ਸੰਵੇਦਨਸ਼ੀਲ ਸ਼ਾਇਰ ਦਾ ਕਾਵਿ-ਮਨ ਕੁਰਲਾਉਂਦਾ ਹੈ। ਜਾਬਰ ਨੂੰ ਵੰਗਾਰਨ ਦੇ ਨਾਲ ਹੀ ਜ਼ੁਲਮ ਨੂੰ ‘ਭਾਣਾ ਮੰਨ’ ਕੇ ਸਹਿੰਦੇ ਅਵਾਮ ਵਿੱਚ ਇਨਕਲਾਬੀ ਰੂਹ ਅਤੇ ਜੋਸ਼ ਵੀ ਭਰਦਾ ਹੈ।

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ।
ਕਬਰਾਂ ਜਿਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ।

ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ,
ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ।

“ਇਨਕਲਾਬ ਦਾ ਨਾਅਰਾ ਲਾਇਆ”…

ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ।
ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ।

ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੈ ਹੋਰਾਂ ਨੂੰ,
ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ।

ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ,
ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ।

ਅਕਲਾਂ ਵਾਲੇ ਕਿੱਧਰ ਤੁਰ ਪਏ ਭਾਸ਼ਨ ਝਾੜੀ ਜਾਂਦੇ ਨੇ।
ਚਾਰ ਘਰਾਣੇ ਵਣਜਾਂ ਪਿੱਛੇ, ਵਤਨ ਉਜਾੜੀ ਜਾਂਦੇ ਨੇ।
ਪਰਮਾਰਥ ਦਾ ਦੇਂਦਾ ਹੋਕਾ, ਨਜ਼ਰਾਂ ਸਿਰਫ਼ ਪਦਾਰਥ ਤੇ,
ਅਕਲਾਂ ਦੀ ਪੋਥੀ ‘ਚੋਂ ਬਾਂਦਰ ਵਰਕੇ ਪਾੜੀ ਜਾਂਦੇ ਨੇ।

“ਜੀ ਆਇਆਂ ਨੂੰ ਆਖਣ ਦੇ”… ਗ਼ਜ਼ਲ ਦੇ ਖ਼ੂਬਸੂਰਤ ਲਫ਼ਜ਼ ਖ਼ੁਦ-ਬ-ਖ਼ੁਦ ਬੜਾ ਕੁਝ ਬੋਲ ਰਹੇ ਨੇ! ਪਾਠਕ ਨਾਲ ਸੰਵਾਦ ਰਚਾਉਂਦੇ ਹਨ।

ਜੀ ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ।
ਹਰ ਵੰਗਾਰ, ਚੁਣੌਤੀ ਮਿੱਤਰੋ, ਹਰ ਮਨ ਵਿਚ ਮਹਿਮਾਨ ਨਹੀਂ ਹੁੰਦੀ।
ਸੰਗਮਰਮਰ ਤੇ ਸੋਨੇ ਵਾਲੇ ਮਹਿਲ ਮੁਨਾਰੇ ਹੋ ਸਕਦੇ ਨੇ,
ਗੁਰ ਦੇ ਸ਼ਬਦ ਬਿਨਾ ਓ ਭਲਿਓ, ਕੌਮਾਂ ਦੀ ਕੋਈ ਸ਼ਾਨ ਨਹੀਂ ਹੁੰਦੀ।

ਦੋਸਤੋ, ਸਭ ਜਾਣਦੇ ਹਨ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਮਨ ਮਸਤਕ ਦੀ ਧੂੜ ਸ਼ੀਸ਼ਾ ਸਾਫ਼ ਕੀਤਿਆਂ ਸਾਫ਼ ਨਹੀਂ ਹੁੰਦੀ। ਫਿਰ ਵੀ ਸ਼ੀਸ਼ੇ ਦੇ ਸੱਚ ਮੂਹਰੇ ਖੜ੍ਹਾ ਬੰਦਾ ਖ਼ੁਦ ਤੇ ਯਕੀਨ ਹੀ ਨਹੀਂ ਕਰਦਾ!

ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ।
ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ
ਮੈਂ ਕਿੱਧਰ ਨੂੰ ਤੁਰਿਆ ਜਾਵਾਂ, ਜਲਥਲ, ਦਲਦਲ ਚਾਰ ਚੁਫ਼ੇਰੇ,
ਪਿਛਲਾ ਕਦਮ ਗਵਾਚ ਰਿਹਾ ਹੈ, ਅਗਲਾ ਹੇਠਾਂ ਧੱਸ ਰਿਹਾ ਹੈ।

ਦਹਿਸ਼ਤ ਦੇ ਮਾਹੌਲ ਵਿੱਚ ਇਨਸਾਨ ਜੀਵਨ ਨਹੀਂ ਜਿਉਂਦਾ, ਬਲਕਿ, ਡਰਦਾ-ਸਹਿਮਦਾ ਤੇ ਡਿਗਦਾ-ਢਹਿੰਦਾ ਜੂਨ ਕੱਟਦਾ ਹੈ। ਕੋਈ ਵੀ ਧਰਮ ਜਾਂ ਮਜ਼ਬ ਦਹਿਸ਼ਤ ਨਹੀਂ, ਬਲਕਿ, ਮਨੁੱਖਤਾ ਅਤੇ ਇਨਸਾਨ ਦੇ ਜੀਵਨ ਜਾਚ ਦੀ ਗੱਲ ਕਰਦਾ ਹੈ।

ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ, ਇਹ ਤਾਂ ‘ਨੇਰ੍ਹਾ ਗਰਦੀ।
ਗ਼ਾਜ਼ੀ ਬਣ ਕੇ ਲੋਕ ਕਰਨ ਜਾਂ ਕਰਦੀ ਸ਼ਾਹੀ ਵਰਦੀ।

ਬਾਬਰ ਵੇਲੇ ਤੋਂ ਅੱਜ ਤੀਕਰ, ਸਰਬ ਸਮੇਂ ਨੇ ਤੱਕਿਆ,
ਕੁਰਸੀ ਦੀ ਰਖਵਾਲੀ ਖ਼ਾਤਰ, ਕਲਗੀ ਕੀਹ ਕੁਝ ਕਰਦੀ।

ਸੰਵੇਦਨਸ਼ੀਲ ਮਨੁੱਖ ਦੀ ਰੂਹ ਅੰਦਰ ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ। ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਜ਼ਿਆਦਾ ਦੇਰ ਤੱਕ ਰੋਕ ਜਾਂ ਟੋਕ ਨਹੀਂ ਸਕਦਾ। ਅਡੋਲ ਸ਼ਬਦਾਂ ਵਿੱਚ ਅਥਾਹ ਸ਼ਕਤੀ ਹੁੰਦੀ ਹੈ ਅਤੇ ਲੇਖਕ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਤੇ ਹੋਰ ਅਜਿਹੀਆਂ ਬੇਇਨਸਾਫ਼ੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਆਪਣਾ ਧਰਮੀ ਕਰਤੱਵ ਮੰਨਦਾ ਹੈ। ਗੁਰਭਜਨ ਗਿੱਲ ਦੀ ਰੂਹ ਦਾ ਇਹ ਸੁਨੇਹਾ ਪਾਠਕਾਂ ਦੀ ਰੂਹ ਨੂੰ ਛੂਹ ਜਾਂਦਾ ਹੈ।

Post navigation

Leave a Comment

Leave a Reply

Your email address will not be published. Required fields are marked *