ਭਾਰਤ ਦੇਸ਼ ਦੇ ਪੰਜਾਬ ਸੂਬੇ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਵਿਸਾਖੀ ਦਾ ਪਿਛੋਕੜ ਭਾਵੇਂ ਸਭਿਆਚਾਰਕ ਸੀ, ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਉਪਰੰਤ ਸਿੱਖ ਜਗਤ ਵਿੱਚ ਇਹ ਤਿਉਹਾਰ ਧਾਰਮਿਕ ਰੰਗਤ ਵਿੱਚ ਰੰਗਿਆ ਗਿਆ । ਪੁਰਾਤਨ ਸਮੇਂ ਤੋਂ ਹੀ ਬਸੰਤ ਰੁੱਤ ਵਿੱਚ ਪੰਜਾਬੀ ਸੂਬੇ ਦੇ ਕਿਸਾਨ ਇਸ ਸਮੇਂ ਦੀ ਫਸਲ ਕਣਕ ਦੇ ਪੱਕਣ ਤੇ ਸੁੱਖੀ ਸਾਂਦੀ ਫਸਲ ਘਰ ਆਉਣ ਦੀਆਂ ਅਰਦਾਸਾਂ ਕਰਦੇ ਸਨ ਅਤੇ ਘਰ ਵਿੱਚ ਧਨ ਦੌਲਤ ਦੇ ਆਉਣ ਦੀ ਖੁਸ਼ੀ ਚ ਉੱਚੀ-ਉੱਚੀ ਇਕੱਠੇ ਹੋ ਬੋਲੀਆਂ ਪਾਉਂਦੇ ਤੇ ਖੁਸ਼ੀ ਮਨਾਉਂਦੇ ਸਨ । ਸਮੇਂ ਦੇ ਨਾਲ-ਨਾਲ ਪੰਜਾਬ ਵਿੱਚ ਵਗਦੇ ਪਾਣੀਆਂ ਦੇ ਕੰਢਿਆਂ ਤੇ ਵਸਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸਾਖੀ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ। ਪੰਜਾਬ ਦੇ ਕਿਸਾਨਾਂ ਵਿੱਚ ਇੱਕ ਰੀਤ ਚੱਲ ਪਈ ਕਿ ਇਸ ਦਿਨ ਕਣਕ ਭਾਵੇਂ ਕੱਚੀ ਹੋਵੇ ਜਾਂ ਪੱਕੀ ਉਸਨੂੰ ਦਾਤਰੀ ਲਗਾ ਕੇ ਵਾਢੀ ਦਾ ਸ਼ਗਨ ਕਿਸਾਨ ਜਰੂਰ ਕਰ ਦਿੰਦੇ ਸਨ । ਕਣਕ ਦੀ ਫਸਲ ਦੇ ਨਾਲ ਨਾਲ ਪਤਝੜ ਰੁੱਤ ਵਿੱਚ ਜੋ ਦਰਖ਼ਤ ਆਪਣੇ ਪੱਤੇ ਝੜ ਜਾਣ ਕਾਰਨ ਆਪਣੀ ਰੰਗਤ ਗਵਾ ਚੁੱਕੇ ਹੁੰਦੇ ਸਨ, ਉਹ ਦਰਖ਼ਤ ਵੀ ਮੁੜ ਬਸੰਤ ਵਿੱਚ ਆਪਣੇ ਜੋਬਨ ਚ ਆਉਂਦੇ। ਕੁਦਰਤ ਦਾ ਇਹ ਸੋਹਣਾ ਮਾਹੌਲ ਕਿਸਾਨ ਨੂੰ ਇਹ ਤਿਉਹਾਰ ਸਭਿਆਚਾਰਕ ਢੰਗ ਨਾਲ ਮਨਾਉਣ ਲਈ ਉਲਾਰਦਾ ਹੈ । ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਬਿਆਨਦੀ ਪਹਿਲੀ ਵਾਰ ਵਿੱਚ ਇਹ ਤੁਕ
ਕਰ ਕਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ

ਸਪਸ਼ਟ ਸੰਕੇਤ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੈਸਾਖੀ ਸੀ । ਵਿਸੋਆ ਦਾ ਅਰਥ ਵਿਸਾਖੀ ਹੁੰਦਾ ਹੈ । ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਹੀ ਵਿਸਾਖੀ ਵਾਲੇ ਦਿਨ ਨੂੰ ਸਭਿਆਚਾਰਕ ਦੇ ਨਾਲ-ਨਾਲ ਧਾਰਮਿਕ ਰੰਗਤ ਚੜਨੀ ਸ਼ੁਰੂ ਹੋ ਗਈ ਸੀ । ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਦੇ ਸੁਝਾਅ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸਾਖੀ ਦੇ ਦਿਹਾੜੇ ਤੇ ਗੋਇੰਦਵਾਲ ਸਾਹਿਬ ਵਿਖੇ ਮਹਾ-ਸਮਾਗਮ ਰਚਾਇਆ ਸੀ । ਸਮੇਂ ਦੇ ਬੀਤਣ ਨਾਲ ਅਜਿਹੇ ਸਮਾਗਮ ਹੋਰ ਵੀ ਵੱਖੋ ਵੱਖਰੇ ਧਾਰਮਿਕ ਸਥਾਨਾਂ ਤੇ ਮਨਾਏ ਜਾਣ ਲੱਗ ਪਏ । ਵਿਸਾਖੀ ਮੌਕੇ ਗੁਰੂ ਘਰ ਇਕੱਤਰ ਹੋਣ ਦਾ ਉਦੇਸ਼ ਆਪਸੀ ਪਿਆਰ ਅਤੇ ਗੁਰਮਤਿ ਸਿਧਾਂਤ ਪ੍ਰਤੀ ਦ੍ਰਿੜਤਾ ਪੈਦਾ ਕਰਨਾ ਸੀ । ਬਾਣੀ ਵਿੱਚ ਦਰਜ ਹੈ:
ਲਿਖ ਪਾਰੋ ਸਭ ਦੇਸ਼ ਪਠਾਇਆ ।
ਸੁਨ ਸਭ ਸੰਗਤ ਅਤ ਸੁਖ ਪਾਇਆ ।
ਸਭਹਨ ਵਿਸੋਆ ਦਿਨ ਮਨ ਸਰਸਨ ।
ਬਡੇ ਭਾਗ ਪਾਵੈ ਗੁਰ ਦਰਸਨ ।
ਗੁਰੂ ਦੇ ਪਿਆਰ ਨੂੰ ਲੋਚਦੀ ਸਿੱਖ ਸੰਗਤ ਵਿਸਾਖੀ ਮੌਕੇ ਗੁਰੂ ਘਰਾਂ ਵਿੱਚ ਹਾਜ਼ਰੀ ਭਰਦੀ ਸੀ ਅਤੇ ਇਸ ਦਿਨ ਨੂੰ ਤਿਉਹਾਰ ਵਾਂਗ ਮਨਾਉਂਦੀ ਸੀ । ਹਰ ਸਾਲ ਸਿੱਖ ਜਗਤ ਵਿੱਚ ਇਹ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਰਿਹਾ। ਪਰ 1699 ਈਸਵੀ ਦੀ ਵਿਸਾਖੀ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦੀ ਹੈ। 1699 ਈਸਵੀ ਦਾ ਵਿਸਾਖੀ ਵਾਲਾ ਦਿਨ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਉਘੜਵੇਂ ਰੂਪ ਵਿੱਚ ਦਰਜ ਹੈ । ਇਸ ਦਿਨ ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਖਾਲਸਾ ਪੰਥ ਦੀ ਸਾਜਨਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਇੱਕ ਕ੍ਰਾਂਤੀਕਾਰੀ ਅਧਿਆਇ ਸਿਰਜਿਆ । 1699 ਈਸਵੀ ਦੇ ਸਾਲ ਵਿੱਚ ਸਿੱਖ ਜਗਤ ਦੇ ਲੋਕ ਵੱਖੋ ਵੱਖਰੇ ਸਥਾਨਾਂ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਤੇ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਆਏ ਸਨ । ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਬਸੇਰਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਸੀ । ਸਮੇਂ ਦੀ ਲੋੜ ਅਨੁਸਾਰ ਸਮਾਜਿਕ ਤੇ ਧਾਰਮਿਕ ਹਾਲਾਤਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਨਿਆਰਾ ਰੂਪ ਪ੍ਰਦਾਨ ਕੀਤਾ ।

1675 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਿਰਫ ਨੌ ਸਾਲ ਦੇ ਸਨ, ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਆਪਣੇ ਹੱਥੀ ਆਪਣੇ ਘਰ ਦੇ ਸਾਹਮਣੇ ਕੀਤਾ ਸੀ । ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਚ ਸ਼ਹੀਦ ਕੀਤਾ ਗਿਆ ਸੀ ਤੇ ਉਥੋਂ ਉਹਨਾਂ ਦਾ ਸੀਸ ਭਾਈ ਜੇਤਾ ਜੀ ਭਾਈ ਨਨੂ ਰਾਮ ਜੀ ਤੇ ਭਾਈ ਉਦੋਂ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ । ਸੀਸ ਦਾ ਸੰਸਕਾਰ ਕਰਨ ਉਪਰੰਤ ਇੱਕ ਥੜੇ ਤੇ ਬਹਿ ਕੇ (ਅਕਾਲ ਬੁੰਗਾ ਸਾਹਿਬ) ਸਿੱਖ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੰਬੋਧਨ ਕੀਤਾ ਅਤੇ ਭਾਈ ਜੇਤਾ ਜੀ ਨੂੰ ਪੁੱਛਿਆ ਕਿ ਜਦੋਂ ਸਾਡੇ ਗੁਰੂ ਮੇਰੇ ਪਿਤਾ ਜੀ ਦਾ ਸੀਸ ਧੜ ਨਾਲੋਂ ਵੱਖ ਕੀਤਾ ਗਿਆ, ਉਹਨਾਂ ਤੇ ਕਹਿਰ ਢਾਇਆ ਗਿਆ ਤਾਂ ਉਥੇ ਸਾਡੇ ਚਾਂਦਨੀ ਚੌਂਕ ਵਿੱਚ ਕੋਈ ਸਿੱਖ ਨਹੀਂ ਸਨ ਤਾਂ ਭਾਈ ਜੈਤਾ ਜੀ ਦਾ ਜਵਾਬ ਸੀ ਕਿ ਸਿੱਖ ਤਾਂ ਹੋਣਗੇ ਪਰ ਗੁਰੂ ਜੀ ਪਹਿਚਾਣਿਆ ਕੋਈ ਨਹੀਂ ਸੀ ਜਾ ਰਿਹਾ ਕਿ ਕੌਣ ਸਿੱਖ ਹੈ, ਕੌਣ ਹਿੰਦੂ ਤੇ ਕੌਣ ਮੁਸਲਮਾਨ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹੋਂ ਬਚਨ ਕੀਤੇ ਕਿ ਅੱਛਾ ਪਹਿਚਾਣੇ ਨਹੀਂ ਸੀ ਜਾਂਦੇ ਸਿੱਖ ਤਾਂ ਐਸੇ ਸਿੱਖ ਬਣਾਵਾਂਗਾ ਜਿਹੜੇ ਲੱਖਾਂ ਚ ਖੜੇ ਪਹਿਚਾਣੇ ਜਾਣਗੇ ।

1675 ਈਸਵੀ ਵਿੱਚ ਕਹੇ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਪੂਰੇ ਕੀਤੇ । 1675 ਤੋਂ 1699 ਈਸਵੀ ਤੱਕ ਭਾਵੇਂ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਸ਼ਰਧਾਲੂਆਂ ਨਾਲ ਵਿਸਾਖੀ ਮਨਾਉਂਦੇ ਰਹੇ ਹੋਣਗੇ, ਪਰ 1699 ਈਸਵੀ ਵਿਸਾਖੀ ਵਾਲਾ ਦਿਨ ਉਹਨਾਂ ਨੂੰ ਸਮੇਂ ਦੇ ਹਾਲਾਤਾਂ ਦੇ ਅਨੁਕੂਲ ਲੱਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਲ ਦੀ ਵਿਸਾਖੀ ਨੂੰ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਪ੍ਰਦਾਨ ਕੀਤੀ । ਪੰਜਾਬ ਭਾਰਤ ਦਾ ਉੱਤਰੀ ਪੱਛਮੀ ਦੁਆਰ ਹੋਣ ਕਰਕੇ ਪੰਜਾਬ ਦੇ ਲੋਕਾਂ ਨੇ ਸਿਕੰਦਰ, ਮੁਹੰਮਦ-ਬਿਨ-ਕਾਸਮ, ਗਜਨਵੀ, ਗੋਰੀ ਤੇ ਬਾਬਰ ਵਰਗੇ ਧਾੜਵੀਆਂ ਦੇ ਹਮਲੇ ਆਪਣੀ ਹਿੱਕ ਤੇ ਹੰਡਾਏ ਸਨ । ਖਾਲਸਾ ਪੰਥ ਦੀ ਸਾਜਨਾ ਕਰਕੇ ਗੁਰੂ ਜੀ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਅਸਲ ਪਹਿਚਾਣ ਨਾਲ ਮੁੜ ਜੋੜਿਆ ਸੀ । ਦਸਵੇਂ ਪਾਤਸ਼ਾਹ ਜੀ ਦੇ ਇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸ ਬਣਾ ਕੇ ਅਰਸ਼ ਤੇ ਪਹੁੰਚਾ ਦਿੱਤਾ ਸੀ । ਸ੍ਰੀ ਆਨੰਦਪੁਰ ਸਾਹਿਬ ਵਿਖੇ 1699 ਈਸਵੀ ਦੀ ਵਿਸਾਖੀ ਦਾ ਇਹ ਦਿਨ ਜਬਰ, ਜ਼ੁਲਮ, ਬੇਇਨਸਾਫੀ, ਵਿਤਕਰੇ, ਝੂਠ, ਪਖੰਡ, ਜਾਤ-ਪਾਤ ਅਨਿਆ ਆਦਿ ਵਿਰੁੱਧ ਇਕ ਸੰਘਰਸ਼ ਦਾ ਬਿਗਲ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਵਿਸਾਖੀ ਵਾਲੇ ਦਿਨ ਚਰਨ ਪਾਹੁਲ ਦਾ ਤਿਆਗ ਕਰਕੇ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤਾ । 1699 ਈਸਵੀ ਦੀ ਵਿਸਾਖੀ ਦਾ ਦਿਹਾੜਾ ਇੱਕ ਹੋਰ ਅਨੋਖਾ ਨਜ਼ਾਰਾ ਪੇਸ਼ ਕਰਦਾ ਹੈ । ਕਿਉਂਕਿ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਸਿੱਖਾਂ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਦੀ ਦਾਤ ਬਖਸ਼ੀ ਤੇ ਫਿਰ ਉਹਨਾਂ ਪੰਜਾਂ ਪਿਆਰਿਆਂ ਤੋਂ ਆਪ ਖੰਡੇ ਦੀ ਪਾਹਲ ਦਾ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ । ਇਸ ਬੇਮਿਸਾਲ ਦ੍ਰਿਸ਼ ਨਾਲ ਗੁਰੂ ਅਤੇ ਚੇਲੇ ਦਾ ਅਜਿਹਾ ਰੂਪ ਸਾਹਮਣੇ ਆਉਂਦਾ ਹੈ, ਜਿਸ ਵਿੱਚ ਗੁਰੂ ਚੇਲੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ । ਭਾਈ ਗੁਰਦਾਸ ਜੀ ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ
‘ਵਾਹ-ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦ੍ਰਿਸ਼ਟੀਕੋਣ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਅਧਿਆਤਮਿਕ ਜਾਗ੍ਰਿਤੀ ਦਾ ਵਿਸਥਾਰ ਕਰਨਾ ਅਤੇ ਉਸ ਕੰਮ ਨੂੰ ਸੰਪੂਰਨ ਕਰਨਾ ਸੀ । ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵਿਸਾਖੀ ਵਾਲੇ ਦਿਨ ਹਰਿਦੁਆਰ ਵਿੱਚ ਭੀੜ ਤੋਂ ਉਲਟ ਦਿਸ਼ਾ ਵੱਲ ਜਲ ਅਰਪਿਤ ਕਰਕੇ ਬ੍ਰਾਹਮਣ ਜਗਤ ਦੀਆਂ ਥੋਥੀਆਂ ਰਸਮਾਂ ਨੂੰ ਚੁਣੌਤੀ ਦਿੱਤੀ ਸੀ ਅਤੇ ਲੋਕਾਂ ਨੂੰ ਉਹਨਾਂ ਵਹਿਮਾਂ ਭਰਮਾਂ ਚੋਂ ਬਾਹਰ ਕੱਢਿਆ ਸੀ, ਉਸੇ ਤਰ੍ਹਾਂ 1699 ਈਸਵੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਲੋੜ ਮੁਤਾਬਕ ਸਮਾਜ ਨੂੰ ਸੇਧ ਦੇ ਕੇ ਸਿੱਖਾਂ ਨੂੰ ਇੱਕ ਨਿਆਰੀ ਪਹਿਚਾਣ ਦੇ ਕੇ ਖਾਲਸਾ ਰੂਪ ਪ੍ਰਦਾਨ ਕੀਤਾ ਤੇ ਸਿੱਖ ਜਗਤ ਵਿੱਚ ਸੰਤ ਸਿਪਾਹੀ ਪੈਦਾ ਕੀਤੇ ।



Leave a Comment