Golden Temple

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦਾ ਇਤਿਹਾਸ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਨੂੰ ਸ੍ਰੀ ਦਰਬਾਰ ਸਾਹਿਬ ਜਾਂ ‘ਗੋਲਡਨ ਟੈਂਪਲ’ (ਅੰਗਰੇਜ਼ੀ ਬੋਲਣ ਵਾਲੀ ਦੁਨੀਆ ਲਈ ਇਸ ਦੀ ਸੁੰਦਰਤਾ ਅਤੇ ਸੋਨੇ ਦੀ ਪਰਤ ਕਾਰਨ) ਵੀ ਕਿਹਾ ਜਾਂਦਾ ਹੈ, ਦਾ ਨਾਮ ਹਰੀ (ਪਰਮਾਤਮਾ) ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸਦਾ ਅਰਥ ਹੈ ‘ਪਰਮਾਤਮਾ ਦਾ ਘਰ’। ਦੁਨੀਆ ਭਰ ਦੇ ਸਿੱਖ ਰੋਜ਼ਾਨਾ ਆਪਣੀ ਅਰਦਾਸ ਵਿੱਚ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਕਾਮਨਾ ਕਰਦੇ ਹਨ।

ਇਤਿਹਾਸਕਾਰਾਂ ਮੁਤਾਬਿਕ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਲਈ ਇੱਕ ਕੇਂਦਰੀ ਇਬਾਦਤਗਾਹ ਬਣਾਉਣ ਦਾ ਵਿਚਾਰ ਪੇਸ਼ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਖੁਦ ਤਿਆਰ ਕੀਤਾ। ਇਸ ਤੋਂ ਪਹਿਲਾਂ ਪਵਿੱਤਰ ਸਰੋਵਰ (ਅੰਮ੍ਰਿਤਸਰ) ਦੀ ਖੁਦਾਈ ਦੀ ਯੋਜਨਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੁਆਰਾ ਉਲੀਕੀ ਗਈ ਸੀ, ਪਰ ਇਸ ਨੂੰ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਗੁਰੂ ਰਾਮਦਾਸ ਸਾਹਿਬ ਨੇ ਨੇਪਰੇ ਚਾੜ੍ਹਿਆ। ਇਸ ਸਥਾਨ ਲਈ ਜ਼ਮੀਨ ਪੁਰਾਣੇ ਗੁਰੂ ਸਾਹਿਬਾਨ ਨੇ ਪਿੰਡਾਂ ਦੇ ਜ਼ਿਮੀਂਦਾਰਾਂ ਤੋਂ ਪ੍ਰਾਪਤ ਕੀਤੀ ਸੀ। ਇੱਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ, ਜਿਸ ਕਾਰਨ 1570 ਵਿੱਚ ਸਰੋਵਰ ਅਤੇ ਸ਼ਹਿਰ ਦਾ ਨਿਰਮਾਣ ਕਾਰਜ ਇਕੱਠੇ ਸ਼ੁਰੂ ਹੋਇਆ ਅਤੇ 1577 ਈਸਵੀ ਵਿੱਚ ਮੁਕੰਮਲ ਹੋਇਆ।

ਗੁਰੂ ਅਰਜਨ ਸਾਹਿਬ ਨੇ 1 ਮਾਘ, 1645 ਬਿਕ੍ਰਮੀ ਸੰਮਤ (ਦਸੰਬਰ 1588) ਨੂੰ ਲਾਹੌਰ ਦੇ ਮੁਸਲਿਮ ਸੂਫੀ ਸੰਤ ਹਜ਼ਰਤ ਮੀਆਂ ਮੀਰ ਜੀ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਨਿਰਮਾਣ ਕਾਰਜ ਦੀ ਸਿੱਧੀ ਨਿਗਰਾਨੀ ਗੁਰੂ ਅਰਜਨ ਸਾਹਿਬ ਨੇ ਕੀਤੀ, ਜਿਨ੍ਹਾਂ ਦੀ ਸਹਾਇਤਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਿਲੋ ਜੀ ਅਤੇ ਹੋਰ ਸ਼ਰਧਾਵਾਨ ਸਿੱਖਾਂ ਨੇ ਕੀਤੀ।

ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ

ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਨੂੰ ਨੀਵੀਂ ਜਗ੍ਹਾ ‘ਤੇ ਬਣਵਾਇਆ ਅਤੇ ਸਿਰਫ਼ ਇੱਕ ਦਰਵਾਜ਼ੇ ਦੀ ਬਜਾਏ ਇਸ ਦੇ ਚਾਰੋਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਰੱਖੇ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖ ਧਰਮ ਦੇ ਨਵੇਂ ਫਲਸਫੇ ਦਾ ਪ੍ਰਤੀਕ ਸਿਰਜਿਆ, ਜਿਸ ਅਨੁਸਾਰ ਇਹ ਸਥਾਨ ਹਰ ਜਾਤ, ਨਸਲ, ਲਿੰਗ ਅਤੇ ਧਰਮ ਦੇ ਵਿਅਕਤੀ ਲਈ ਖੁੱਲ੍ਹਾ ਹੈ।
ਨਿਰਮਾਣ ਕਾਰਜ 1601 ਈਸਵੀ (ਭਾਦੋਂ ਸੁਦੀ 1, 1661 ਬਿਕ੍ਰਮੀ) ਵਿੱਚ ਸੰਪੂਰਨ ਹੋਇਆ। ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਵੇਂ ਰਚੇ ਗਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਇਸ ਤੋਂ ਬਾਅਦ ਇਸ ਨੂੰ ‘ਅਠਸਠ ਤੀਰਥ’ ਦਾ ਦਰਜਾ ਪ੍ਰਾਪਤ ਹੋਇਆ ਅਤੇ ਸਿੱਖ ਕੌਮ ਨੂੰ ਆਪਣਾ ਕੇਂਦਰੀ ਤੀਰਥ ਅਸਥਾਨ ਮਿਲ ਗਿਆ।

ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ

ਐਸਜੀਪੀਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿਚਕਾਰ 67 ਫੁੱਟ ਵਰਗ ਦੇ ਪਲੇਟਫਾਰਮ ‘ਤੇ ਬਣਿਆ ਹੋਇਆ ਹੈ। ਮੁੱਖ ਇਮਾਰਤ 40.5 ਫੁੱਟ ਵਰਗ ਹੈ। ਪੁਲ ਦੇ ਕਿਨਾਰੇ ‘ਦਰਸ਼ਨੀ ਡਿਓੜੀ’ ਹੈ, ਜਿਸ ਦਾ ਦਰਵਾਜ਼ਾ ਲਗਭਗ 10 ਫੁੱਟ ਉੱਚਾ ਅਤੇ 8 ਫੁੱਟ 6 ਇੰਚ ਚੌੜਾ ਹੈ। ਪੁਲ ਦੀ ਲੰਬਾਈ 202 ਫੁੱਟ ਅਤੇ ਚੌੜਾਈ 21 ਫੁੱਟ ਹੈ। ਇਹ ਪੁਲ 13 ਫੁੱਟ ਚੌੜੀ ‘ਪਰਕਰਮਾ’ ਨਾਲ ਜੁੜਿਆ ਹੋਇਆ ਹੈ, ਜੋ ‘ਹਰਿ ਕੀ ਪੌੜੀ’ ਤੱਕ ਜਾਂਦੀ ਹੈ। ਹਰਿ ਕੀ ਪੌੜੀ ਦੀ ਪਹਿਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲਦਾ ਰਹਿੰਦਾ ਹੈ। ਮੁੱਖ ਇਮਾਰਤ ਤਿੰਨ ਮੰਜ਼ਿਲਾ ਹੈ। ਇਸ ਦੀ ਛੱਤ ‘ਤੇ ਇੱਕ ਗੁੰਬਦ ਹੈ ਜਿਸ ਦੇ ਹੇਠਾਂ ਕਮਲ ਦੀਆਂ ਪੱਤੀਆਂ ਦਾ ਨਮੂਨਾ ਹੈ ਅਤੇ ਸਿਖਰ ‘ਤੇ ਸੁਨਹਿਰੀ ਕਲਸ਼ ਅਤੇ ਛਤਰੀ ਸੁਸ਼ੋਭਿਤ ਹੈ। ਇਸ ਦੀ ਕਲਾ ਮੁਸਲਿਮ ਅਤੇ ਹਿੰਦੂ ਨਿਰਮਾਣ ਕਲਾ ਦਾ ਇੱਕ ਵਿਲੱਖਣ ਸੁਮੇਲ ਹੈ, ਅਕਸਰ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਇਸ ਆਰਕੀਟੈਕਚਰ ਨੇ ਭਾਰਤ ਵਿੱਚ ਕਲਾ ਦੇ ਇਤਿਹਾਸ ਵਿੱਚ ਇੱਕ ਸੁਤੰਤਰ ਸਿੱਖ ਆਰਕੀਟੈਕਚਰ ਸਕੂਲ ਬਣਾਇਆ ਹੈ।

ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਅਤੇ ਕੁਰਬਾਨੀਆਂ ਦਾ ਇਤਿਹਾਸ

ਸ੍ਰੀ ਹਰਿਮੰਦਰ ਸਾਹਿਬ ‘ਤੇ ਕਈ ਵਾਰ ਅਫ਼ਗਾਨੀ ਅਤੇ ਹੋਰ ਹਮਲਾਵਰਾਂ ਨੇ ਹਮਲੇ ਕੀਤੇ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ। ਹਰ ਵਾਰ ਸਿੱਖਾਂ ਨੇ ਇਸ ਦੀ ਪਵਿੱਤਰਤਾ ਬਹਾਲ ਕਰਨ ਲਈ ਜਾਨਾਂ ਵਾਰੀਆਂ। 1740 ਵਿੱਚ ਅੰਮ੍ਰਿਤਸਰ ਦੇ ਕੋਤਵਾਲ ਮੱਸਾ ਰੰਘੜ ਨੇ ਹਰਿਮੰਦਰ ਸਾਹਿਬ ‘ਤੇ ਕਬਜ਼ਾ ਕਰਕੇ ਇਸ ਨੂੰ ਕਚਹਿਰੀ ਬਣਾ ਦਿੱਤਾ ਅਤੇ ਉੱਥੇ ਨਾਚ-ਗਾਣੇ ਕਰਵਾਏ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਭੇਸ ਬਦਲ ਕੇ ਅੰਦਰ ਦਾਖਲ ਹੋ ਕੇ ਮੱਸੇ ਰੰਘੜ ਦਾ ਸਿਰ ਵੱਢ ਕੇ ਇਸ ਬੇਅਦਬੀ ਦਾ ਬਦਲਾ ਲਿਆ। 1746 ਵਿੱਚ ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਸਰੋਵਰ ਦੀ ਬੇਅਦਬੀ ਕੀਤੀ। ਇਸ ਦੌਰਾਨ ਹੋਏ ‘ਛੋਟੇ ਘੱਲੂਘਾਰੇ’ ਵਿੱਚ ਲਗਭਗ 7000 ਸਿੱਖ ਸ਼ਹੀਦ ਹੋਏ। ਉਨ੍ਹਾਂ ਵਿੱਚੋਂ ਤਿੰਨ ਹਜ਼ਾਰ ਨੂੰ ਲਾਹੌਰ ਵਿੱਚ ਜਨਤਕ ਤੌਰ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, (ਇਸ ਜਗ੍ਹਾ ਨੂੰ ਹੁਣ ਸ਼ਹੀਦਗੰਜ ਕਿਹਾ ਜਾਂਦਾ ਹੈ)। ਬਾਅਦ ਵਿੱਚ 1748 ਵਿੱਚ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ।

1757 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਅਤੇ ਸਰੋਵਰ ਨੂੰ ਗੰਦਗੀ ਨਾਲ ਭਰ ਦਿੱਤਾ। ਇਸ ਬੇਅਦਬੀ ਦਾ ਬਦਲਾ ਲੈਣ ਲਈ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਜੰਗ ਲੜੀ ਅਤੇ ਆਪਣਾ ਸੀਸ ਤਲੀ ‘ਤੇ ਰੱਖ ਕੇ ਹਰਿਮੰਦਰ ਸਾਹਿਬ ਦੀ ਪਰਕਰਮਾ ਤੱਕ ਪਹੁੰਚ ਕੇ ਸ਼ਹੀਦੀ ਦਿੱਤੀ। 1762 ਵਿੱਚ ਅਬਦਾਲੀ ਨੇ ਮੁੜ ਹਮਲਾ ਕਰਕੇ ਇਮਾਰਤ ਨੂੰ ਬਾਰੂਦ ਨਾਲ ਉਡਾ ਦਿੱਤਾ। ਕਹਿੰਦੇ ਹਨ ਕਿ ਧਮਾਕੇ ਦੌਰਾਨ ਇੱਕ ਇੱਟ ਅਬਦਾਲੀ ਦੇ ਨੱਕ ‘ਤੇ ਲੱਗੀ, ਜੋ ਬਾਅਦ ਵਿੱਚ ਉਸ ਦੀ ਮੌਤ ਦਾ ਕਾਰਨ ਬਣੀ। 1764 ਵਿੱਚ ਜਦੋਂ ਅਬਦਾਲੀ ਨੇ ਫਿਰ ਹਮਲਾ ਕੀਤਾ, ਤਾਂ ਬਾਬਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਵਿੱਚ ਸਿਰਫ਼ 30 ਸਿੱਖਾਂ ਨੇ ਹਜ਼ਾਰਾਂ ਦੀ ਫੌਜ ਦਾ ਮੁਕਾਬਲਾ ਕੀਤਾ ਅਤੇ ਸ਼ਹੀਦ ਹੋ ਗਏ।

ਪ੍ਰਬੰਧਕੀ ਇਤਿਹਾਸ

ਮਿਸਲਾਂ ਦੇ ਸਮੇਂ ਇੱਥੇ ਕਈ ਬੁੰਗੇ ਬਣਾਏ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹਰਿਮੰਦਰ ਸਾਹਿਬ ਦੇ ਸੁੰਦਰੀਕਰਨ ਅਤੇ ਸੋਨੇ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਅੰਗਰੇਜ਼ਾਂ ਵੇਲੇ ਪ੍ਰਬੰਧ ਮੈਨੇਜਰ ਕੋਲ ਚਲਾ ਗਿਆ, ਜੋ ਡਿਪਟੀ ਕਮਿਸ਼ਨਰ ਦਾ ਨਾਮਜ਼ਦ ਹੁੰਦਾ ਸੀ। ਮਹੰਤਾਂ ਅਤੇ ਪੁਜਾਰੀਆਂ ਦੇ ਮਾੜੇ ਵਿਹਾਰ ਕਾਰਨ ਸਿੱਖਾਂ ਵਿੱਚ ਰੋਸ ਪੈਦਾ ਹੋਇਆ, ਜਿਸ ਦੇ ਨਤੀਜੇ ਵਜੋਂ ‘ਗੁਰਦੁਆਰਾ ਸੁਧਾਰ ਲਹਿਰ’ ਸ਼ੁਰੂ ਹੋਈ। ਅੰਤ ਵਿੱਚ 1925 ਦੇ ‘ਸਿੱਖ ਗੁਰਦੁਆਰਾ ਐਕਟ’ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ, ਜੋ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਹੈ।

ਮੌਜੂਦਾ ਸਮੇਂ ਵਿੱਚ ਰੋਜ਼ਾਨਾਂ ਲੱਖਾਂ ਸੰਗਤਾਂ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਇੱਥੇ 24 ਘੰਟੇ ਗੁਰੂ ਕਾ ਅਤੁੱਟ ਲੰਗਰ ਚਲਦਾ ਰਹਿੰਦਾ ਹੈ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *