ਸਾਡੇ ਵਿੱਚੋਂ ਬਹੁਤੇ ਕਵਿਤਾ ਲਿਖਣ ਵਾਲੇ ਲੇਖਕ ਗੀਤਕਾਰਾਂ ਨੂੰ ਕਿਸੇ ਸਤਿਕਾਰਤ ਸੂਚੀ ਵਿੱਚ ਨਹੀਂ ਰੱਖਦੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅਕਾਦਮਿਕ ਪਾਠਕ੍ਰਮ ਵਿੱਚ ਗੀਤਕਾਰੀ ਦਾ ਉਹ ਸਥਾਨ ਨਹੀਂ, ਜੋ ਹੋਣਾ ਚਾਹੀਦਾ ਸੀ। ਸਾਡੇ ਕੋਲ ਪੁਰਾਤਨ ਸਮਿਆਂ ਤੋਂ ਹੀ ਗੀਤ ਸਾਹਿਤ ਦੀ ਵੱਡੀ ਪਰੰਪਰਾ ਹੈ ਜੋ ਸੀਨਾ ਬ ਸੀਨਾ ਤੁਰਦੀ ਤੁਰਦੀ ਸਾਡੇ ਤੀਕ ਅੱਪੜੀ ਹੈ।
ਸਰੋਦੀ ਕਾਵਿ ਵਿੱਚ ਗੀਤ ਦਾ ਰੁਤਬਾ ਲੋਕ ਮਨ ਵਿੱਚ ਸਰਵੋਤਮ ਹੈ। ਰਿਕਾਰਡਿੰਗ ਨਾਲ ਬਹੁਤ ਗੀਤ ਸਾਂਭੇ ਗਏ। ਅੱਜ ਸਾਡੇ ਕੋਲ ਕਈ ਅਜਿਹੇ ਗੀਤ ਹਨ ਜੋ ਕਿਤਾਬਾਂ ਵਿੱਚ ਨਹੀੰੰ ਲੱਭਦੇ ਪਰ ਪੁਰਾਣੀਆਂ ਰੀਕਾਰਡਿੰਗਜ਼ ਵਿੱਚ ਸੁਰੱਖਿਅਤ ਪਏ ਹਨ। ਗਿਆਨ ਚੰਦ ਧਵਨ, ਹਰਚਰਨ ਸਿੰਘ ਪਰਵਾਨਾ, ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਦੀਦਾਰ ਸੰਧੂ,ਚੰਨ ਜੰਡਿਆਲਵੀ, ਹਰਦੇਵ ਦਿਲਗੀਰ , ਪਾਲੀ ਦੇਤਵਾਲੀਆ ਦੇ ਅਜਿਹੇ ਕਈ ਗੀਤ ਨੇ ਜੋ ਕਿਤਾਬਾਂ ਵਿੱਚੋਂ ਨਹੀਂ ਮਿਲਦੇ।
ਬਹੁਤੇ ਗੀਤਕਾਰਾਂ ਦੀਆਂ ਤਾਂ ਕਿਤਾਬਾਂ ਵੀ ਨਹੀਂ ਲੱਭਦੀਆਂ। ਉਹ ਭਾਈ ਚਤਰ ਸਿੰਘ ਜੀਵਨ ਸਿੰਘ ਜਾਂ ਭਾਪੇ ਦੀ ਹੱਟੀ ਵਾਲੇ ਅੰਬਰਸਰੋਂ ਛਾਪਦੇ ਹੁੰਦੇ ਸਨ ਪਰ ਹੁਣ ਮੇਲਿਆਂ ਮਸਾਹਦਿਆਂ ਵਿੱਚੋਂ ਇਹ ਚਿੱਠੇ ਜਾਂ ਗੀਤ ਕਿਤਾਬਾਂ ਨਹੀਂ ਮਿਲਦੀਆਂ। ਇਹ ਚਿੱਠੇ ਗੀਤਕਾਰੀ ਦੇ ਖੋਜਕਾਰਾਂ ਕੋਲ ਕਿਤੇ ਪਏ ਹੋਣ ਤਾਂ ਪਤਾ ਨਹੀਂ।
ਕੱਲ੍ਹ ਰਾਤੀਂ ਯੂ ਟਿਊਬ ਤੇ ਫੋਲਾ ਫਾਲੀ ਕਰਦਿਆਂ ਬਹੁਤ ਸੁਰੀਲੇ ਤੇ ਪੁਰਾਣੇ ਗਾਇਕ ਹਰਨੇਕ ਸਿੰਘ ਰਾਣਾ ਦਾ ਗਾਇਆ ਤੇ ਬਾਬੂ ਸਿੰਘ ਮਾਨ ਦੀ ਇਹ ਗੀਤ ਮੇਰੇ ਸਾਹਾਂ ‘ਚ ਸੁਗੰਧੀਆਂ ਘੋਲ਼ ਗਿਆ। ਗੀਤ ਕਾਹਦਾ ਹੈ, ਨਿੱਕੀ ਦੇਸੀ ਮਧੂ ਮੱਖੀ ਦੇ ਚੁਆਵੇਂ ਸ਼ਹਿਦ ਦੀਆਂ ਘੁੱਟਾਂ ਹੀ ਨੇ। ਵੇਖਿਉ ਕਿਤੇ ਮੈਂ ਝੂਠ ਤਾਂ ਨਹੀਂ ਮਾਰਦਾ।
ਰੰਗ ਦੇ ਦੁਪੱਟਾ ਮੇਰਾ ਲਾਲ
ਰੰਗ ਦੇ ਦੁਪੱਟਾ ਮੇਰਾ ਲਾਲ ਵੇ ਲਲਾਰੀਆ…
ਚੀਚ-ਵਹੁਟੀਆਂ ਦੇ ਰੰਗ ਨਾਲ ਵੇ
ਲਲਾਰੀਆ।
ਰੰਗ ਦੇ ਦੁਪੱਟਾ ਮੇਰਾ ਲਾਲ … ।
ਬੁੱਲ੍ਹਾਂ ਉੱਤੇ ਖੇਡਦੇ ਨੇ ਸੁਰਖ-ਸਵੇਰੇ
ਮੇਰੇ ਹਾਸਿਆਂ ‘ਚ ਚਿੱਟੀਆਂ ਦੁਪਹਿਰਾਂ।
ਮੁੱਖੜੇ ’ਤੇ ਵੱਸਣ ਬਹਾਰਾਂ ਦੀਆਂ ਰੁੱਤਾਂ,
ਮੇਰੀ ਮੁੱਠੀ ‘ਚ ਸਮਾਈਆਂ ਸੱਤੇ ਖੈਰਾਂ।
ਨੈਣਾਂ ਵਿੱਚ ਨੀਲੇ ਨੀਲੇ ਆਥਣਾਂ ਦਾ ਰੰਗ ਮੇਰੇ,
ਮੱਸਿਆ ਦੀ ਰਾਤ ਜਿਹੇ ਵਾਲ।
ਵੇ ਲਲਾਰੀਆ
ਰੰਗ ਦੇ ਦੁਪੱਟਾ ਮੇਰਾ ਲਾਲ।
ਅੱਖਾਂ ਵਿਚੋਂ ਡੁੱਲ੍ਹਦੇ ਖੁਮਾਰ ਡੀਕ ਡੀਕ
ਹੋਈਆਂ ਫਿਰਨ ਹਵਾਵਾਂ ਮਧ-ਮੱਤੀਆਂ।
ਸੂਹੇ ਬੁੱਲ੍ਹਾਂ ਉੱਤੇ ਵੇਖ ਹਾਸੇ ਦੀ ਲਕੀਰ
ਨੀਵੀਂ ਪੌਂਦੀਆਂ ਗੁਲਾਬ ਦੀਆਂ ਪੱਤੀਆਂ।
ਬੋਲ ਬਣ ਜਾਣ ਰਸ ਭਿੰਨੜਾ ਸੰਗੀਤ
ਪਾ ਕੇ ਜੱਫੀਆਂ ਸੁਗੰਧੀਆਂ ਦੇ ਨਾਲ।
ਵੇ ਲਲਾਰੀਆ
ਰੰਗ ਦੇ ਦੁਪੱਟਾ ਮੇਰਾ ਲਾਲ।
ਨੂਰ ਦੀਆਂ ਨਦੀਆਂ ਸੁਹੱਪਣਾਂ ਦੇ ਸਾਗਰਾਂ ਦਾ
ਸਭ ਕੁਝ ਸਾਡੇ ਪੱਲੇ ਪੈ ਗਿਆ।
ਮਹਿਕਾਂ ਨਾਲ ਲੱਦੀ ਹੋਈ ਪੌਣ ਦੇ ਫਰ੍ਹਾਟੇ ਨਾਲ
ਮੁੱਖ ਤੋਂ ਦੁਪੱਟਾ ਇੰਝ ਲਹਿ ਗਿਆ।
ਸੋਨੇ-ਰੰਗੇ ਸਰਘੀ ਦੇ ਥਾਲ ਤੋਂ ਸਰਕਦੇ ਜਿਉਂ
ਬੱਦਲਾਂ ਦੇ ਰੇਸ਼ਮੀ ਰੁਮਾਲ।
ਵੇ ਲਲਾਰੀਆ…
ਰੰਗ ਦੇ ਦੁਪੱਟਾ
ਸੀਨੇ ਵਿੱਚ ਲੈਂਦੇ ਅੰਗੜਾਈਆਂ ਅਰਮਾਨ
ਚੜ੍ਹੀ ਹਿੱਕ ਉੱਤੇ ਜੋਬਨੇ ਦੀ ਕਾਂਗ ਵੀ।
ਨੈਣ ਡੁੱਬ ਜਾਣੇ ਚਾਹੁਣ ਘੁੰਡ ਦਾ ਸਹਾਰਾ ,
ਨਾਲੇ ਮੰਗਦੀ ਸੰਧੂਰ ਮੇਰੀ ਮਾਂਗ ਵੀ ।
ਕਿਸੇ ਨੂੰ ਕੀ ਦੱਸਾਂ ‘ਕੱਲੀ ਬੈਠ ਬੈਠ ਹੱਸਾਂ ,
ਡਾਹਢੇ ਮਿੱਠੇ ਮਿੱਠੇ ਔਂਦੇ ਨੇ ਖਿਆਲ।
ਵੇ ਲਲਾਰੀਆ…
ਰੰਗ ਦੇ ਦੁਪੱਟਾ ਮੇਰਾ ਲਾਲ।
ਪੰਜਾਬੀ ਗੀਤਕਾਰੀ ਵਿੱਚ ਸ. ਬਾਬੂ ਸਿੰਘ ਮਾਨ ਦਾ ਨਾਂ ਬਹੁਤ ਉਚੇਰਾ ਹੈ। ਅਦਬੀ ਮਹੱਤਵ ਵਾਲੇ ਗੀਤਾਂ ਦੀ ਥਾਂ ਉਨ੍ਹਾਂ ਦੇ ਪ੍ਰਚੱਲਤ ਤੇ ਲੋਕ ਪ੍ਰਵਾਨ ਗੀਤ ਵਧੇਰੇ ਸਾਹਮਣੇ ਆਏ ਹਨ। ਮੁਹਾਵਰੇਦਾਰ ਪੰਜਾਬੀ ਗੀਤਕਾਰੀ ਵਿੱਚ ਉਹ ਆਪਣੇ ਤੋਂ ਵਡੇਰੇ ਗੁਰਦੇਵ ਸਿੰਘ ਮਾਨ ਤੇ ਸਮਕਾਲੀ ਦੀਦਾਰ ਸੰਧੂ ਵਾਂਗ ਪੰਜਾਬ ਦੇ ਪੇਂਡੂ ਮੁਹਾਵਰੇ ਦੇ ਸਫ਼ਲ ਪੇਸ਼ਕਾਰ ਹਨ। ਮੇਰੀ ਉਮਰ ਤੋਂ ਲੈ ਕੇ ਹੁਣ ਤੀਕ ਦੇ ਗੱਭਰੂਆਂ ਨੂੰ ਉਹ ਪਿਛਲੇ ਸੱਠ ਸਾਲ ਤੋਂ ਲੋਕ ਗੀਤਾਂ ਵਰਗੇ ਗੀਤ ਲਿਖ ਲਿਖ ਜਵਾਨ ਰੱਖਦੇ ਰਹੇ ਹਨ। ਮਾਨ ਸਾਹਿਬ ਦਾ ਪਹਿਲਾ ਰੀਕਾਰਡ ਗੀਤ ਹੀ ਵੇਖੋ, ਪੀਡੀ ਗੁੰਦੀ ਗੁੱਤ ਜਾਂ ਕਣਕ ਦੀ ਬੱਲੀ ਵਰਗਾ ਗੀਤ ਹੈ ਇਹ।
ਆ ਗਿਆ ਵਣਜਾਰਾ ਨੀ
ਚੜ੍ਹਾ ਲੈ ਭਾਬੀ ਚੂੜੀਆਂ।
ਗੁੱਸਾ ਡਾਹਢਾ ਭਾਰਾ
ਦਿਓਰਾ ਵੇ ਤੇਰੇ ਵੀਰ ਦਾ।
ਫੁੱਲਾਂ ਉੱਤੇ ਕਾਟੋ ਹਰਦਮ ਨਹੀਂ ਖੇਡਦੀ ਰਹਿਣੀ।
ਬੱਤੀਆਂ ਦੰਦਾਂ ਵਿੱਚੋਂ ਮੰਗ ਲੈ ਜਿਹੜੀ ਵੀ ਸ਼ੈਅ ਲੈਣੀ।
ਪਲਟਣ ਵਿਚੋਂ ਛੁੱਟੀ ਆਇਆ
ਕਹਿੰਦਾ ਦਿਓਰ ਕੁਆਰਾ
ਨੀ ਚੜ੍ਹਾ ਲੈ ਭਾਬੀ ਚੁੜੀਆਂਂ।
ਖੰਭਾਂ ਦੀ ਉਸ ਡਾਰ ਬਣਾਉਣੀ ਮੂੰਹ ਕਰ ਲੈਣਾ ਮੋਟਾ।
ਪਲ ਵਿਚ ਅੱਖੀਆਂ ਫੇਰ ਲਵੇਂਗਾ ਤੂੰ ਏਂ ਨਹੁੰ ਨਹੁੰ ਖੋਟਾ।
ਕੌਣ ਉਤਾਰਨ ਵਾਲਾ ਜੰਮਿਆਂ
ਚੜ੍ਹ ਜਾਂਦਾ ਜਦ ਪਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਚੜ੍ਹੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ।
ਤੈਥੋਂ ਨਿੱਕੀਆਂ ਹੋ ਗਈਆਂ ਨੇ ਭਰ ਜੋਬਨ ਮੁਟਿਆਰਾਂ।
ਮੈਨੂੰ ਵੀ ਕੋਈ ਸਾਕ ਲਿਆਦੇ
ਕਰਦੇ ਪਾਰ ਉਤਾਰਾ।
ਨੀ ਚੜ੍ਹਾ ਲੈ ਭਾਬੀ ਚੂੜੀਆਂ।
ਸਭ ‘ਤੇ ਪਾਣੀ ਫੇਰੇ ਤੇਰੇ ਵੀਰੇ ਦੀ ਅੜਬਾਈ।
ਸਿਫਤਾਂ ਦੇ ਪੁਲ ਬੰਨ੍ਹੇ ਬਾਪੂ ਨੂੰ ਚੋਖੀ ਵਾਹ ਲਾਈ।
ਕਹਿੰਦਾ ਬੀਬੀ ਵੇਖ ਕੇ ਮੱਖੀ
ਖਾਂਦਾ ਕੌਣ ਦੋਬਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਗੁੱਸਾ ਡਾਢਾ ਭਾਰਾ।
ਪੰਜੇ ਉਂਗਲਾਂ ਇੱਕੋ ਜਹੀਆਂ ਹੋਣ ਕਦੇ ਨਾ ਭਾਬੀ।
ਨੀਵੀਂ ਥਾਂ ਬਿਠਾ ਲਈਂ ਜੇਕਰ ਨਿਕਲੇ ਜ਼ਰਾ ਖਰਾਬੀ।
ਸੌ ਮਾਰੀਂ ਤੇ ਇੱਕ ਗਿਣੀ,
ਜੇ ਕੁਸਕੇ ਮਾਨ ਵਿਚਾਰਾ…
ਨੀ ਚੜ੍ਹਾ ਲੈ ਭਾਬੀ ਚੂੜੀਆਂ।
ਪੈਰਾਂ ਹੇਠਾਂ ਹੱਥ ਦੇਂਦਿਆਂ ਉਮਰ ਲੰਘਾ ਲਈ ਸਾਰੀ।
ਕੱਲ੍ਹ ਗਲ ਜਾਣੇ ਨੇ ਮੌਰਾਂ ਵਿੱਚ ਸਲੰਘ ਘੁਮਾਕੇ ਮਾਰੀ।
ਮੇਰਾ ਈ ਜੇਰਾ ਪਾਣੀ ਵਾਂਗੂੰ
ਪੀ ਗਈ ਗੁੱਸਾ ਸਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਗੁੱਸਾ ਡਾਢਾ ਭਾਰਾ।
ਲੇਖਕ ਬਾਰੇ – ਪ੍ਰੋ. ਗੁਰਭਜਨ ਸਿੰਘ ਗਿੱਲ
ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ



Leave a Comment