patiala shahi jutti

ਪਟਿਆਲਾ ਸ਼ਾਹੀ ਜੁੱਤੀ: ਵਿਰਾਸਤ, ਕਲਾ ਅਤੇ ਸੰਘਰਸ਼

ਪਟਿਆਲਾ ਪੰਜਾਬ ਦਾ ਇੱਕ ਅਜਿਹਾ ਸ਼ਾਹੀ ਸ਼ਹਿਰ ਹੈ ਜੋ ਕਿ ਆਪਣੀ ਸ਼ਾਨਦਾਰ ਵਿਰਾਸਤ ਅਤੇ ਰਾਜੇ-ਮਹਾਰਾਜਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਰਿਵਾਇਤੀ ਕਲਾ ਲਈ ਜਾਣਿਆ ਜਾਂਦਾ ਹੈ। ਜਿਸ ਵਿੱਚ ਕਿਲਾ ਮੁਬਾਰਕ ਅਤੇ ਸ਼ੀਸ਼ ਮਹਿਲ ਵਰਗੀਆਂ ਇਮਾਰਤਾਂ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਰਗੇ ਧਾਰਮਿਕ ਸਥਾਨ, ਫੁਲਕਾਰੀ, ਪਟਿਆਲਾ ਸ਼ਾਹੀ ਸਲਵਾਰ, ਪਟਿਆਲਾ ਸ਼ਾਹੀ ਪੱਗ ਅਤੇ ਖਾਸ ਕਰਕੇ ਇਸ ਦੀ ਵਿਸ਼ਵ ਪ੍ਰਸਿੱਧ ਪਟਿਆਲਾ ਸ਼ਾਹੀ ਜੁੱਤੀ ਇਸ ਸ਼ਹਿਰ ਦੀ ਪਛਾਣ ਹਨ। ਪਟਿਆਲਾ ਸ਼ਾਹੀ ਜੁੱਤੀ ਸਿਰਫ ਇੱਕ ਪਹਿਰਾਵਾ ਨਹੀਂ ਬਲਕਿ ਪੰਜਾਬ ਅਤੇ ਪਟਿਆਲੇ ਦੀ ਸ਼ਾਨ ਹੈ ਅਤੇ ਪੰਜਾਬੀ ਕਲਾਕ੍ਰਿਤੀ ਦੀ ਪਛਾਣ ਹੈ। ਇਸ ਦੀ ਸ਼ੁਰੂਆਤ ਪਟਿਆਲੇ ਦੇ ਸ਼ਾਹੀ ਦਰਬਾਰਾਂ ਤੋਂ ਮੰਨੀ ਜਾਂਦੀ ਹੈ, ਜਿਥੇ ਰਾਜੇ-ਮਹਾਰਾਜੇ ਇਸ ਨੂੰ ਪਹਿਨਣਾ ਆਪਣੀ ਸ਼ਾਨ ਦਾ ਪ੍ਰਤੀਕ ਸਮਝਦੇ ਸਨ। ਇਸ ਵਿਸ਼ੇ ਨੂੰ ਹੋਰ ਨੇੜੇ ਤੋਂ ਜਾਣਨ ਅਤੇ ਸਮਝਣ ਲਈ ਅਸੀਂ ਪਹੁੰਚ ਗਏ ਪਟਿਆਲੇ ਦੇ ਜੁੱਤੀ ਬਜ਼ਾਰ, ਜਿੱਥੇ ਇੱਕ-ਦੋ ਨਹੀਂ ਬਲਕਿ ਸੈਂਕੜੇ ਦੁਕਾਨਾਂ ਅਤੇ ਵਰਕਰ ਇਸ ਪਰੰਪਰਾਗਤ ਵਿਰਾਸਤ ਅਤੇ ਕਾਰੋਬਾਰ ਨੂੰ ਜੀਵਤ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਇਤਿਹਾਸਿਕ ਤੱਥ

ਇਤਿਹਾਸ ‘ਤੇ ਝਾਤੀ ਮਾਰਿਆਂ ਪਤਾ ਚਲਦਾ ਹੈ ਕਿ ਬਹੁਤ ਸਾਰੇ ਪਰਿਵਾਰ ਅਤੇ ਕਾਰੀਗਰ ਪੁਸ਼ਤਾਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ, ਇਹਨਾਂ ਕਾਰੀਗਰਾਂ ਦੇ ਦਾਦੇ-ਪਰਦਾਦੇ ਰਾਜਸਥਾਨ ਵਿੱਚ ਜੀਨਗਰ ਸਮਾਜ ਨਾਲ ਸੰਬੰਧਿਤ ਸਨ। ਜਿੰਨਾਂ ਨੂੰ ਪਟਿਆਲੇ ਦੇ ਰਾਜੇ, ਮਹਾਰਾਜਾ ਭੁਪਿੰਦਰ ਸਿੰਘ ਨੇ ਰਾਜਸਥਾਨ ਤੋਂ ਘੋੜਿਆਂ ਦੀਆਂ ਕਾਠੀਆਂ ਬਣਾਉਣ ਲਈ ਬੁਲਾਇਆ ਸੀ। ਇਹ ਕਾਠੀਆਂ ਚਮੜੇ ਦੀਆਂ ਬਣਦੀਆਂ ਸਨ। ਇਸ ਤੋਂ ਬਾਅਦ ਇਹਨਾਂ ਨੇ ਸ਼ਾਹੀ ਪਰਿਵਾਰਾਂ ਲਈ ਚਮੜੇ ਦੀਆਂ ਜੁੱਤੀਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਅੱਜ ਵੀ ਪਟਿਆਲਾ ਸ਼ਾਹੀ ਜੁੱਤੀ ਦੇ ਨਾਮ ਨਾਲ ਪ੍ਰਸਿੱਧ ਹਨ।

ਬਣਾਉਣ ਦੀ ਬੁਨਿਆਦੀ ਪ੍ਰਕਿਰਿਆ

ਇਹ ਜੁੱਤੀਆਂ ਰਵਾਇਤੀ ਤੌਰ ‘ਤੇ ਅੱਜ ਵੀ ਹੱਥ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਭਾਂਵੇ ਉਹ ਚਮੜੇ ਦੀਆਂ ਹੋਣ, ਕੱਪੜੇ ਦੀਆਂ, ਰੇਸ਼ਮ ਦੀਆਂ, ਮਖ਼ਮਲੀ ਜਾਂ ਫੇਰ ਆਧੁਨਿਕ ਸਿੰਥੈਟਿਕ ਮਟੀਰੀਅਲ ਦੀਆਂ ਹੋਣ, ਪਰ ਸਭ ਨੂੰ ਬਣਾਉਣ ਦੀ ਬੁਨਿਆਦੀ ਪ੍ਰਕਿਰਿਆ ਲੱਗਭਗ ਇੱਕੋ ਜਿਹੀ ਹੁੰਦੀ ਹੈ। ਜੁੱਤੀ ਬਣਾਉਣ ਦੀ ਇਸ ਪ੍ਰਕਿਰਿਆ ਵਿੱਚ ਕੜ੍ਹਾਈ ਅਤੇ ਡਿਜ਼ਾਇਨ ਦੇ ਹਿਸਾਬ ਨਾਲ ਕਈ ਦਿਨਾਂ ਤੋਂ ਲੈ ਕੇ ਕਈ ਹਫ਼ਤਿਆਂ ਤੱਕ ਲੱਗ ਜਾਂਦੇ ਹਨ।

ਸਭ ਤੋਂ ਪਹਿਲਾਂ ਪੈਰ ਮੁਤਾਬਿਕ ਇਸ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਫਿਰ ਇਸ ਦੀ ਕਟਿੰਗ ਹੁੰਦੀ ਹੈ ਅਤੇ ਸਿਲਾਈ ਤੋਂ ਪਹਿਲਾਂ ਜੁੱਤੀ ਦੇ ਉੱਪਰੀ ਹਿੱਸੇ ‘ਤੇ ਕੜ੍ਹਾਈ ਦਾ ਕੰਮ ਕੀਤਾ ਜਾਂਦਾ ਹੈ। ਜਿਸ ਵਿੱਚ ਜ਼ਰੀ ਅਤੇ ਤਿੱਲੇ ਦੀ ਕੜ੍ਹਾਈ, ਫੁਲਕਾਰੀ ਡਿਜ਼ਾਇਨ, ਸ਼ੀਸ਼ੇ ਦਾ ਕੰਮ, ਮੋਤੀ, ਸਿਤਾਰੇ ਜਾਂ ਬੀੜ ਵਰਕ, ਪ੍ਰਿੰਟਿੰਗ ਜਾਂ ਹੱਥੀ ਪੇਂਟਿੰਗ ਵਰਗੀਆਂ ਸੁਖਮ ਕਲਾਵਾਂ ਸ਼ਾਮਲ ਹਨ। ਜੋ ਇਸ ਨੂੰ ਸ਼ਾਹੀ ਦਿੱਖ ਪ੍ਰਦਾਨ ਕਰਦੀਆਂ ਹਨ। ਸਜਾਵਟ ਤੋਂ ਬਾਅਦ ਜੁੱਤੀ ਦੇ ਉਪਰੀ ਹਿੱਸੇ ਦੀ ਸਿਲਾਈ ਕੀਤੀ ਜਾਂਦੀ ਹੈ, ਅਤੇ ਫੇਰ ਮੋਟੇ ਚਮੜੇ ਜਾਂ ਰਬੜ ਦਾ ਤਲਵਾ ਤਿਆਰ ਕਰਕੇ ਇਹਨਾਂ ਨੂੰ ਗੂੰਦ ਜਾਂ ਸਿਲਾਈ ਦੀ ਮਦਦ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਦੀ ਅੱਗੋਂ ਮੁੜੀ ਹੋਈ ਨੋਕ ਪਟਿਆਲਾ ਸ਼ਾਹੀ ਜੁੱਤੀ ਦੀ ਸਭ ਤੋਂ ਵੱਡੀ ਪਛਾਣ ਹੈ।

ਆਰਥਿਕ ਅਤੇ ਰੋਜ਼ੀ-ਰੋਟੀ ‘ਤੇ ਪ੍ਰਭਾਵ

ਪਟਿਆਲਾ ਸ਼ਾਹੀ ਜੁੱਤੀ ਦਾ ਅਲੋਪ ਹੋਣਾ ਸਿਰਫ਼ ਇੱਕ ਸੱਭਿਆਚਾਰਕ ਨੁਕਸਾਨ ਹੀ ਨਹੀਂ ਹੈ, ਸਗੋਂ ਇਹ ਇੱਕ ਰੋਜ਼ੀ-ਰੋਟੀ ਦਾ ਸੰਕਟ ਵੀ ਹੈ। ਸੈਂਕੜੇ ਪਰਿਵਾਰ ਆਪਣੀ ਰੋਜ਼ੀ-ਰੋਟੀ ਲਈ ਇਸ ਕਲਾ ‘ਤੇ ਨਿਰਭਰ ਕਰਦੇ ਹਨ। ਸੰਸਥਾਗਤ ਸਹਾਇਤਾ, ਸਿਖਲਾਈ ਪ੍ਰੋਗਰਾਮਾਂ ਅਤੇ ਸਹੀ ਬਾਜ਼ਾਰ ਪਹੁੰਚ ਤੋਂ ਬਿਨਾਂ, ਕਾਰੀਗਰਾਂ ਨੂੰ ਆਪਣੇ ਰਵਾਇਤੀ ਹੁਨਰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਨੀਤੀ ਅਤੇ ਮਾਰਕੀਟ ਸਹਾਇਤਾ ਦੀ ਲੋੜ

ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ, ਕਰਾਫਟ ਕਲੱਸਟਰਾਂ, ਡਿਜ਼ਾਈਨ ਨਵੀਨਤਾ ਸਹਾਇਤਾ, ਈ-ਕਾਮਰਸ ਏਕੀਕਰਨ, ਅਤੇ ਸੰਭਾਵੀ ਭੂਗੋਲਿਕ ਸੰਕੇਤ (GI) ਸੁਰੱਖਿਆ ਰਾਹੀਂ ਸਰਕਾਰੀ ਦਖਲਅੰਦਾਜ਼ੀ ਦੀ ਤੁਰੰਤ ਲੋੜ ਹੈ। ਹੱਥ ਨਾਲ ਬਣੇ ਉਤਪਾਦਾਂ ਬਾਰੇ ਖਪਤਕਾਰ ਜਾਗਰੂਕਤਾ ਵੀ ਮੁੱਖ ਭੂਮਿਕਾ ਨਿਭਾ ਸਕਦੀ ਹੈ।

ਆਧੁਨਿਕ ਡਿਜ਼ਾਈਨ ਰਾਹੀਂ ਪੁਨਰ ਸੁਰਜੀਤੀ

ਰਵਾਇਤੀ ਕਾਰੀਗਰੀ, ਸਮਕਾਲੀ ਡਿਜ਼ਾਈਨ, ਟਿਕਾਊ ਸਮੱਗਰੀ ਅਤੇ ਗਲੋਬਲ ਮਾਰਕੀਟਿੰਗ ਦਾ ਸੁਮੇਲ ਪਟਿਆਲਾ ਸ਼ਾਹੀ ਜੁੱਤੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਸਕਦਾ ਹੈ। ਫੈਸ਼ਨ ਡਿਜ਼ਾਈਨਰ, ਸਟਾਰਟਅੱਪ ਅਤੇ ਸੱਭਿਆਚਾਰਕ ਸੰਸਥਾਵਾਂ ਇਸ ਪੁਨਰ ਸੁਰਜੀਤੀ ਵਿੱਚ ਮੁੱਖ ਭਾਈਵਾਲ ਹੋ ਸਕਦੇ ਹਨ।

ਮੁਕਾਬਲੇ ਦਾ ਯੁੱਗ ਅਤੇ ਚਿੰਤਾ ਦਾ ਵਿਸ਼ਾ

ਪਰ ਅੱਜ ਦੇ ਸਮੇਂ ਵਿੱਚ ਇਹਨਾਂ ਦਾ ਮੁਕਾਬਲਾ ਮਸ਼ੀਨਮੇਡ ਫੁਟਵੇਅਰ ਨਾਲ ਹੈ, ਜੋ ਕਿ ਬੜੇ ਹੀ ਸਸਤੇ ਦਾਮਾਂ ਤੇ ਅਤੇ ਵੱਖ-ਵੱਖ ਡਿਜਾਇਨਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ। ਜਿਸ ਕਾਰਨ ਪਟਿਆਲਾ ਸ਼ਾਹੀ ਜੁੱਤੀ ਦੀ ਡਿਮਾਂਡ ਅਤੇ ਵਿਕਰੀ ਵਿੱਚ ਬਹੁਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਕਲਾ ਅਤੇ ਵਿਰਾਸਤ ਦਾ ਨਿਘਾਰ ਵੱਲ ਜਾਣਾ ਸੱਚ-ਮੁੱਚ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਦੇ ਨਤੀਜੇ ਵਜੋਂ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਨਵੀਂ ਪੀੜ੍ਹੀ ਹੁਣ ਇਸ ਵਿਰਾਸਤੀ ਕਿੱਤੇ ਵਿੱਚ ਉੱਨੀ ਦਿਲਚਸਪੀ ਨਹੀਂ ਲੈ ਰਹੀ। ਜੇਕਰ ਇਹ ਰੁਝਾਨ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਹ ਅਨਮੋਲ ਵਿਰਾਸਤ ਹੋਲੀ-ਹੋਲੀ ਵਿਲੁਪਤ ਹੋ ਜਾਵੇਗੀ। ਇਸ ਲਈ ਅੱਜ ਇਸ ਵਿਰਾਸਤ ਨੂੰ ਬਚਾਉਣ ਲਈ ਸਰਕਾਰੀ, ਸਮਾਜਿਕ ਅਤੇ ਸੰਸਥਾਗਤ ਪੱਧਰ ‘ਤੇ ਗੰਭੀਰ ਯਤਨਾਂ ਦੀ ਬਹੁਤ ਜ਼ਰੂਰਤ ਹੈ। ਤਾਂ ਕਿ ਇਸ ਕਲਾ ਨੂੰ ਬਚਾ ਕੇ ਅਗਲੀਆਂ ਪੀੜ੍ਹੀਆਂ ਤੱਕ ਲਿਜਾਇਆ ਜਾ ਸਕੇ।

Post navigation

Leave a Comment

Leave a Reply

Your email address will not be published. Required fields are marked *