ਪੰਜਾਬ ਵਿੱਚ ਖੇਤੀ ਇੱਕ ਕਿੱਤਾ ਹੀ ਨਹੀਂ, ਸਗੋਂ ਇਹ ਸਾਡੀ ਇੱਕ ਜੀਵਨ-ਜਾਂਚ ਵੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਮੁਲਕ ਦਾ ਢਿੱਡ ਭਰਨ ਵਾਲਾ ਅੰਨਦਾਤਾ ਵੀ ਹੈ। ਦੇਸ਼ ਦੁਨੀਆਂ ਵਿੱਚ ਜਦੋਂ ਵੀ ਕੋਈ ਔਖਿਆਈ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨ ਜਾਂ ਫਿਰ ਪੰਜਾਬੀ ਕਹਿ ਲਓ, ਉਹੀ ਸਾਹਮਣੇ ਅੱਗੇ ਹੁੰਦੇ ਹਨ। ਵੇਖਿਆ ਜਾਵੇ ਤਾਂ ਖੇਤੀ ਪ੍ਰਧਾਨ ਸੂਬਾ ਅੱਜ ਕਈ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ। ਪੰਜਾਬ ਦਾ ਪਾਣੀ ਜਿੱਥੇ ਹੇਠਾਂ ਡਿੱਗਦਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਭਾਵੇਂ ਕਿ ਇਸ ਵਿੱਚ ਬਹੁ-ਗਿਣਤੀ ਕਿਸਾਨ ਹੀ ਜ਼ਿੰਮੇਵਾਰ ਨੇ, ਪਰ ਵੱਡੇ ਪੱਧਰ ‘ਤੇ ਜ਼ਮੀਨੀ ਵਿਗਾੜ ਅਤੇ ਗ਼ਲਤ ਦਵਾਈਆਂ ਦੇ ਕਾਰਨ ਕਿਸਾਨਾਂ ਉੱਪਰ ਲਗਾਤਾਰ ਕਰਜ਼ਾ ਵੱਧ ਰਿਹਾ ਹੈ।
ਪੰਜਾਬ ਅੰਦਰ ਜੇਕਰ ਖੇਤੀ ਦੀ ਗੱਲ ਕਰੀਏ ਤਾਂ ਇਹ ਕੋਈ ਅੱਜ ਦੀ ਨਹੀਂ, ਪਿਛਲੇ ਸੈਂਕੜੇ ਦਹਾਕਿਆਂ ਤੋਂ ਹੀ ਪੰਜਾਬ ਦੀ ਉਪਜਾਊ ਧਰਤੀ ‘ਤੇ ਅੰਨ ਉਗਾਇਆ ਜਾ ਰਿਹਾ ਹੈ। ਪਹਿਲਾਂ ਜਿੱਥੇ ਕਣਕ ਝੋਨੇ ਦੀ ਆਮਦ ਇੱਥੇ ਘੱਟ ਹੁੰਦੀ ਸੀ, ਉੱਥੇ ਹੀ ਹੋਰ ਅਨੇਕਾਂ ਫ਼ਸਲਾਂ ਦੇ ਕਾਰਨ ਪੰਜਾਬ ਤੋਂ ਕਪਾਹ, ਸਰੋਂ, ਮੱਕੀ, ਬਾਜਰਾ, ਜਵਾਰ, ਤਿਲ, ਗੰਨਾ ਅਤੇ ਹੋਰ ਫ਼ਸਲਾਂ ਲਈਆਂ ਜਾਂਦੀਆਂ ਸਨ। ਜਿਵੇਂ-ਜਿਵੇਂ ਮਨੁੱਖ ਦੀ ਸਮਝ ਵਧੀ, ਸਰਕਾਰਾਂ ਨੇ ਸਾਥ ਦਿੱਤਾ, ਹਰੀ ਕ੍ਰਾਂਤੀ ਆਈ ਅਤੇ ਉਸ ਨੇ ਪੂਰਾ ਪੰਜਾਬ ਦਾ ਸਿਸਟਮ ਹੀ ਬਦਲ ਕੇ ਰੱਖ ਦਿੱਤਾ।
ਹਰੀ ਕ੍ਰਾਂਤੀ ਦੇ ਨਾਂ ‘ਤੇ ਜਿੱਥੇ ਵੱਡੇ ਪੱਧਰ ‘ਤੇ ਟਿਊਬਵੈੱਲ ਲਗਾਏ ਗਏ, ਉੱਥੇ ਹੀ ਕਣਕ ਝੋਨੇ ਦੀ ਵੀ ਆਗਿਆ ਦਿੱਤੀ ਗਈ। ਭਾਵੇਂ ਕਿ ਕਣਕ ਬਹੁ-ਗਿਣਤੀ ਹਿੱਸਿਆਂ ਦੇ ਵਿੱਚ ਪਹਿਲੋਂ ਨਹੀਂ ਸੀ ਬੀਜੀ ਜਾਂਦੀ, ਪਰ ਹਰੀ ਕ੍ਰਾਂਤੀ ਆਉਣ ਮਗਰੋਂ ਸੂਬੇ ਅੰਦਰ ਕਣਕ ਝੋਨੇ ਦੀ ਖੇਤੀ ਵੱਡੇ ਪੱਧਰ ‘ਤੇ ਹੋਣੀ ਸ਼ੁਰੂ ਹੋਈ। ਕਿਸਾਨਾਂ ਦੀਆਂ ਫ਼ਸਲਾਂ ਮਹਿੰਗੇ ਭਾਅ ਵਿਕਣੀਆਂ ਸ਼ੁਰੂ ਹੋਈਆਂ ਅਤੇ ਇੱਕ ਸਰਕਾਰੀ ਖ਼ਰੀਦ ਦੇ ਤੌਰ ‘ਤੇ ਝੋਨਾ ਕਣਕ ਵਿਕਣਾ ਸ਼ੁਰੂ ਹੋ ਗਿਆ। ਕਿਸਾਨਾਂ ਨੂੰ ਵੱਧ ਫ਼ਸਲਾਂ ਦੇ ਭਾਅ ਦੇਣ ਵਾਸਤੇ ਜਿੱਥੇ ਲਲਚਾਇਆ ਗਿਆ, ਉੱਥੇ ਹੀ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਕਰਨ ਲਈ ਆਖਿਆ ਗਿਆ। ਫ਼ਸਲਾਂ ਦਾ ਵੱਧ ਝਾੜ ਲੈਣ ਦੇ ਚੱਕਰ ਅਤੇ ਲਾਲਚ ਵੱਸ ਪੈ ਕੇ ਕਿਸਾਨਾਂ ਨੇ ਜਿੱਥੇ ਆਪਣੀ ਮਾਂ ਭੂਮੀ ਨੂੰ ਜ਼ਹਿਰ ਖਵਾਉਣਾ ਸ਼ੁਰੂ ਕਰ ਦਿੱਤਾ, ਉੱਥੇ ਹੀ ਦੂਜੇ ਪਾਸੇ ਇਸ ਦੇ ਕਾਰਨ ਅਨੇਕਾਂ ਹੀ ਬਿਮਾਰੀਆਂ ਮਨੁੱਖ ਨੂੰ ਲੱਗ ਗਈਆਂ।
ਖ਼ੈਰ, ਇਸ ਵੇਲੇ ਫ਼ਸਲੀ ਚੱਕਰ ਦੇ ਅੰਦਰ ਕਿਸਾਨ ਫਸਿਆ ਹੋਇਆ ਹੈ। 90% ਤੋਂ ਵੱਧ ਪੰਜਾਬ ਦੇ ਕਿਸਾਨ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਾਹਰ ਨਹੀਂ ਆ ਸਕੇ। 10% ਲੋਕ ਹੀ ਝੋਨੇ ਕਣਕ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਮੱਕੀ, ਦਾਲਾਂ, ਤੇਲ ਬੀਜ ਅਤੇ ਹੋਰ ਬਾਗ਼ਬਾਨੀ ਵੱਲ ਵਧ ਰਹੇ ਨੇ। ਇਸ ਦੇ ਨਾਲ ਜਿੱਥੇ ਪਾਣੀ ਦੀ ਬੱਚਤ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਾਤਾਵਰਨ ਦਾ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਰਿਹਾ ਹੈ।
ਲਗਾਤਾਰ ਹੇਠਾਂ ਡਿੱਗਦਾ ਪਾਣੀ ਦਾ ਪੱਧਰ

ਜੇਕਰ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਝੋਨੇ ਦੀ ਫ਼ਸਲ ਕਾਰਨ ਧਰਤੀ ਹੇਠਲਾ ਪਾਣੀ ਥੱਲੇ ਜਾਣ ਦੀ ਵਧੇਰੇ ਸਮੱਸਿਆ ਹੈ। ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਜਿੱਥੇ ਨੀਵਾਂ ਹੁੰਦਾ ਜਾ ਰਿਹਾ ਹੈ, ਉੱਥੇ ਹੀ ਕਈ ਜਗ੍ਹਾ ‘ਤੇ ਰਸਾਇਣਿਕ ਖਾਦਾਂ ਦੇ ਕਾਰਨ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਪਾਣੀ ਜ਼ਹਿਰੀਲਾ ਹੋਣ ਦੇ ਹੋਰ ਵੀ ਬਥੇਰੇ ਕਾਰਨ ਨੇ ਜਿਵੇਂ ਫ਼ੈਕਟਰੀਆਂ, ਕਾਰਖ਼ਾਨੇ ਆਦਿ, ਪਰ ਦੋਸ਼ ਹਮੇਸ਼ਾ ਕਿਸਾਨ ਨੂੰ ਦਿੱਤਾ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਰਿਸਰਚ ਦੇ ਮੁਤਾਬਿਕ 1998 ਤੋਂ ਲੈ ਕੇ 2018 ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 3 ਮੀਟਰ ਤੋਂ ਲੈ ਕੇ 10 ਮੀਟਰ ਤੱਕ ਘੱਟ ਚੁੱਕਾ ਹੈ ਅਤੇ ਪਿਛਲੇ 20 ਸਾਲਾਂ ਦੇ ਵਿੱਚ 30 ਮੀਟਰ ਦੇ ਕਰੀਬ ਪਾਣੀ ਹੇਠਾਂ ਚਲਾ ਗਿਆ ਹੈ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 19 ਜ਼ਿਲ੍ਹਿਆਂ ਅੰਦਰ ਹਰ ਸਾਲ ਇੱਕ ਮੀਟਰ ਦੇ ਕਰੀਬ ਹੇਠਾਂ ਚਲਾ ਜਾਂਦਾ ਹੈ। ਹਾਲਾਂਕਿ ਬੀਤੇ ਕੁੱਝ ਸਾਲਾਂ ‘ਚ ਲਗਾਤਾਰ ਖੇਤੀਬਾੜੀ ਯੂਨੀਵਰਸਿਟੀਆਂ ਖੇਤੀਬਾੜੀ ਵਿਭਾਗਾਂ ਅਤੇ ਸਰਕਾਰਾਂ ਦੇ ਸਹਿਯੋਗ ਦੇ ਨਾਲ ਧਰਤੀ ਹੇਠਲੇ ਇਸ ਨੂੰ ਘਟਾਇਆ ਗਿਆ ਹੈ ਪਰ ਹੁਣ ਵੀ ਲਗਭਗ ਅੱਧਾ ਮੀਟਰ ਪਾਣੀ ਹਰ ਸਾਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚੋਂ ਹੇਠਾਂ ਜਾ ਰਿਹਾ ਹੈ।
ਕਿਸਾਨਾਂ ਉੱਪਰ ਕਰਜ਼ੇ ਦਾ ਬੋਝ ਅਤੇ ਖੁਦਕੁਸ਼ੀਆਂ!

ਦੂਜੀ ਸਮੱਸਿਆ ਇਹ ਹੈ ਕਿ ਕਿਸਾਨਾਂ ਉੱਪਰ ਖੇਤੀ ਲਾਗਤ ਜਿਵੇਂ ਬੀਜ, ਖਾਦਾਂ, ਡੀਜ਼ਲ ਆਦਿ ਦੇ ਵੱਧ ਭਾਅ ਕਾਰਨ ਅਤੇ ਫ਼ਸਲਾਂ ਦੇ ਵਾਜਿਬ ਮੁੱਲ ਨਾ ਮਿਲਣ ਦੇ ਚੱਲਦਿਆਂ ਕਿਸਾਨਾਂ ਉੱਪਰ ਕਰਜ਼ੇ ਦਾ ਬੋਝ ਘਟਣ ਦੀ ਬਜਾਏ ਵੱਧ ਰਿਹਾ ਹੈ। ਭਾਵੇਂ ਹੀ ਅੱਜ ਫ਼ਸਲਾਂ ਵਧੇਰੇ ਨਿਕਲ ਰਹੀਆਂ ਨੇ ਪਰ ਕਿਸਾਨੀ ਦਾ ਨੁਕਸਾਨ ਵੱਧ ਹੋ ਰਿਹਾ। ਬਹੁ-ਗਿਣਤੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਨੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 2016 ਵਿੱਚ ਦਿੱਤੀ ਰਿਪੋਰਟ ਅਨੁਸਾਰ ਸਾਲ 2000 ਦੌਰਾਨ ਪੰਜਾਬ ਵਿਚ 73 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਅਤੇ ਇਹ ਆਂਕੜਾ ਵੱਧ ਕੇ 2014 ਵਿੱਚ 98 ਹੋ ਗਿਆ। ਉੱਥੇ ਹੀ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸਾਲ 2000 ਵਿਚ 16603 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਅਤੇ 2014 ਵਿਚ ਇਹ ਘੱਟ ਕੇ 12360 ਰਹਿ ਗਿਆ। ਐਨ.ਸੀ.ਆਰ.ਬੀ.ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਆਂਕੜਾ 2019 ਵਿੱਚ ਵੱਧ ਕੇ 239 ਹੋ ਗਿਆ ਅਤੇ ਭਾਰਤ ਵਿਚ 5957 ਰਹਿ ਗਿਆ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਕਰਜ਼ੇ ਦੀ ਮਾਰ ਪੈ ਰਹੀ ਹੈ, ਜਿਸ ਕਰਕੇ ਖੁਦਕੁਸ਼ੀਆਂ ਵੱਧ ਰਹੀਆਂ ਹਨ।
ਦੂਜੇ ਪਾਸੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜਿਆਂ ਮੁਤਾਬਿਕ ਸਾਲ 2018 ਦੌਰਾਨ ਪੰਜਾਬ ਦੇ 323 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਰਥਕ ਤੰਗੀ ਤੇ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਕੀਤੀਆਂ ਸਨ। ਇਸ ਦਾ ਮਤਲਬ ਹੈ ਕਿ ਪੰਜਾਬ ‘ਚ ਔਸਤਨ ਲਗਭਗ ਇੱਕ ਕਿਸਾਨ ਰੋਜ਼ਾਨਾ ਖ਼ੁਦਕੁਸ਼ੀ ਕਰ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦਾ ਇਹ ਆਂਕੜਾ ਬਹੁਤ ਹੀ ਘੱਟ ਹੈ। ਉਨ੍ਹਾਂ ਮੁਤਾਬਿਕ ਪੰਜਾਬ ‘ਚ ਵਧੇਰੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀਆਂ ਸਨ ਪਰ ਪੁਲਿਸ ਥਾਣਿਆਂ ਤੱਕ ਬਹੁਤੇ ਮਾਮਲੇ ਤਾਂ ਪੁੱਜਦੇ ਹੀ ਨਹੀਂ ਹਨ।
ਜ਼ਮੀਨ ਦੀ ਉਪਜਾਊ ਸ਼ਕਤੀ

ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘੱਟਣਾ। ਲਗਾਤਾਰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਕਾਰਨ ਮਿੱਟੀ ਦੀ ਸਿਹਤ ਵਿਗੜ ਰਹੀ ਹੈ ਯਾਨੀ ਕਿ ਅਸੀਂ ਧਰਤੀ ਮਾਂ ਦਾ ਸੀਨਾ ਸਾੜ ਰਹੇ ਹਾਂ ਜਿਸ ਦੇ ਕਾਰਨ ਅਸੀਂ ਖ਼ੁਦ ਹੀ ਕਈ ਬਿਮਾਰੀਆਂ ਦੇ ਵਿੱਚ ਘਿਰ ਚੁੱਕੇ ਹਾਂ। ਭਾਵੇਂ ਕਿ ਇਹ ਅੱਜ ਆਮ ਗੱਲ ਹੋ ਗਈ ਹੈ ਕਿ ਹਰ ਚੀਜ਼ ਵਿੱਚ ਹੀ ਮਿਲਾਵਟ ਹੈ, ਪਰ ਜਦੋਂ ਅਸੀਂ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਹੀ ਜ਼ਹਿਰ ਮਿਲਾਉਣੀ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਸਾਡੀ ਸਿਹਤ ਨਾਲ ਤਾਂ ਵਿਗਾੜ ਹੋਵੇਗਾ ਹੀ। ਸਗੋਂ ਜਿਹੜੀ ਧਰਤੀ ਸਾਨੂੰ ਖਾਣ ਲਈ ਅੰਨ ਦਿੰਦੀ ਹੈ ਉਸ ਦੀ ਸਿਹਤ ਵੀ ਖ਼ਰਾਬ ਹੋਵੇਗੀ ਜਿਸ ਦੇ ਕਾਰਨ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲੱਗਣਗੀਆਂ। ਇਸ ਦੇ ਨਾਲ ਹੀ ਗੱਲ ਜੁੜਦੀ ਹੈ ਕਿ ਬੇਵਕਤੀ ਬਾਰਿਸ਼, ਗੜੇਮਾਰੀ ਅਤੇ ਵੱਧਦੀ ਗਰਮੀ ਦੇ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਰਿਹਾ।
ਫ਼ਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਕਣਕ ਝੋਨੇ ਤੋਂ ਇਲਾਵਾ ਹੋਰ ਕਿਸੇ ਫ਼ਸਲ ‘ਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਨਹੀਂ ਮਿਲ ਰਹੀ, ਉੱਥੇ ਦੂਜੇ ਪਾਸੇ ਕਿਸਾਨ ਇਸ ਗੱਲ ਤੋਂ ਵੀ ਪਰੇਸ਼ਾਨ ਹਨ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਕਣਕ ਝੋਨੇ ਤੋਂ ਇਲਾਵਾ ਹੋਰ ਅਨੇਕਾਂ ਫ਼ਸਲਾਂ ‘ਤੇ ਐਮਐਸਪੀ ਦੇਣੀ ਸ਼ੁਰੂ ਕਰ ਦੇਵੇ ਤਾਂ ਉਹ ਇਸ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਪੰਜਾਬ ਦੇ ਪਾਣੀ, ਹਵਾ ਅਤੇ ਜ਼ਮੀਨ ਨੂੰ ਬਚਾ ਸਕਦੇ ਹਨ। ਪਰ ਸਰਕਾਰ ਅਜਿਹਾ ਨਹੀਂ ਕਰ ਰਹੀ। ਮਾਰਕੀਟਿੰਗ ਦੀ ਸਮੱਸਿਆ ਦੇ ਕਾਰਨ ਕਿਸਾਨ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਨਹੀਂ ਬੀਜ ਪਾ ਰਹੇ। ਭਾਵੇਂ ਕਿ ਦਾਲਾਂ, ਮੱਕੀ ਅਤੇ ਹੋਰਨਾਂ ਸਬਜ਼ੀਆਂ ਦੀ ਕਣਕ ਝੋਨੇ ਤੋਂ ਜ਼ਿਆਦਾ ਡਿਮਾਂਡ ਹੈ ਪਰ ਬਾਵਜੂਦ ਇਸਦੇ ਕਿਸਾਨ ਇਹਨਾਂ ਨੂੰ ਘੱਟ ਬੀਜ ਰਹੇ ਨੇ ਕਿਉਂਕਿ ਇਹਨਾਂ ਦਾ ਭਾਅ ਕਿਸਾਨਾਂ ਨੂੰ ਪੂਰਾ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ।
ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀ ?

ਅਗਲੀ ਗੱਲ ਹੈ ਕਿ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕੀ ਹੈ। ਵੈਸੇ ਤਾਂ ਹੱਲ ਕੋਈ ਇੰਨ੍ਹੀ ਜਲਦੀ ਨਿਕਲਣ ਵਾਲਾ ਨਹੀਂ, ਪਰ ਜੇਕਰ ਕਿਸਾਨ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਮੱਕੀ, ਦਾਲਾਂ ਅਤੇ ਤੇਲ ਬੀਜ, ਬਾਗ਼ਬਾਨੀ ਵੱਲ ਵੱਧਦੇ ਨੇ, ਤਾਂ ਕਿਸਾਨ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਨੇ। ਇਸ ਦੇ ਨਾਲ ਜਿੱਥੇ ਪਾਣੀ ਦੀ ਬਚਤ ਹੋਵੇਗੀ, ਉੱਥੇ ਹੀ ਕਿਸਾਨਾਂ ਦੀ ਆਮਦਨ ਵੀ ਵਧੇਗੀ। ਛੋਟੇ ਕਿਸਾਨ ਮਿਲ ਕੇ ਜੇਕਰ ਖੇਤੀ ਸੰਦ ਖ਼ਰੀਦ ਸਕਦੇ ਹਨ ਅਤੇ ਆਪਣੀ ਫ਼ਸਲ ਨੂੰ ਸਿੱਧੇ ਗਾਹਕਾਂ ਤੱਕ ਪਹੁੰਚਾ ਸਕਦੇ ਹਨ, ਤਾਂ ਇਹ ਸਭ ਤੋਂ ਵਧੀਆ ਤਰੀਕਾ ਹੋਵੇਗਾ ਕਿ ਪੰਜਾਬ ਦੀ ਕਿਸਾਨੀ ਬਚ ਸਕਦੀ ਹੈ। ਇਸ ਦੇ ਨਾਲ ਇੱਕ ਤਾਂ ਕਿਸਾਨਾਂ ਦੇ ਖ਼ਰਚੇ ਘਟਣਗੇ, ਉੱਪਰੋਂ ਉਹ ਥੋੜ੍ਹੀਆਂ-ਥੋੜ੍ਹੀਆਂ ਫ਼ਸਲਾਂ ਮੰਡੀਆਂ ਵਿੱਚ ਵੀ ਅਤੇ ਆਮ ਬਾਜ਼ਾਰਾਂ ਵਿੱਚ ਵੀ ਵੇਚ ਸਕਦੇ ਹਨ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਕ ਧੰਦੇ ਕਾਫ਼ੀ ਮਹੱਤਵਪੂਰਨ ਹੋ ਸਕਦੇ ਨੇ, ਜਿਵੇਂ ਕਿਸਾਨ ਜੇਕਰ ਪਸ਼ੂ ਪਾਲਣ, ਮਧੂ ਮੱਖੀ ਪਾਲਣ ਅਤੇ ਮੱਛੀ ਪਾਲਣ ਵਰਗੇ ਧੰਦੇ ਕਰਦੇ ਨੇ, ਤਾਂ ਉਨ੍ਹਾਂ ਨੂੰ ਇਸ ਤੋਂ ਹੋਰਨਾ ਫ਼ਸਲਾਂ ਤੋਂ ਇਲਾਵਾ ਵੱਧ ਆਮਦਨ ਹੋ ਸਕਦੀ ਹੈ। ਵੈਸੇ ਇਹ ਅੱਜ ਦੀ ਤਰੀਕ ਵਿੱਚ ਇੰਨੀ ਜਲਦੀ ਹੋਣਾ ਸੰਭਵ ਨਹੀਂ ਹੈ।
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਜੇਕਰ ਜੜ੍ਹੋਂ ਖ਼ਤਮ ਕਰਨਾ ਹੈ, ਤਾਂ ਸਾਨੂੰ ਅੱਜ ਤੋਂ ਹੀ ਸ਼ੁਰੂਆਤ ਕਰਨੀ ਹੋਵੇਗੀ ਅਤੇ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਕੋਈ ਨਿਯਮ ਬਣਾਉਣੇ ਹੋਣਗੇ ਕਿ ਉਹ ਪੰਜਾਬ ਦੀ ਖੇਤੀ ਨੂੰ ਕਿਸਾਨਾਂ ਦੇ ਨਾਲ ਮਿਲ ਕੇ ਕਿਵੇਂ ਬਚਾਉਣ। ਪੰਜਾਬ ਦੇ ਕਿਸਾਨ ਹਾਲਾਂਕਿ ਵੱਡੇ ਪੱਧਰ ‘ਤੇ ਚਾਹੁੰਦੇ ਹਨ ਕਿ ਉਹ ਝੋਨੇ ਕਣਕ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਹੋਰਨਾਂ ਫ਼ਸਲਾਂ ਨੂੰ ਉਗਾਉਣ ਤਾਂ ਜੋ ਚੰਗੀ ਆਮਦਨ ਕਮਾਈ ਜਾ ਸਕੇ, ਲੇਕਿਨ ਸਰਕਾਰਾਂ ਅਤੇ ਹੋਰ ਵਿਭਾਗ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ, ਉਹ ਉਨ੍ਹਾਂ ਨੂੰ ਸਹਾਇਤਾ ਨਹੀਂ ਦੇ ਰਹੇ, ਜਿਸ ਦੇ ਕਾਰਨ ਪੰਜਾਬ ਦਾ ਕਿਸਾਨ ਕਰਜਾਈ ਵੀ ਹੋ ਰਿਹਾ, ਪੰਜਾਬ ਦੀ ਧਰਤੀ ਵੀ ਗੰਦਲ਼ੀਂ ਹੋ ਰਹੀ, ਪਾਣੀ ਦਾ ਪੱਧਰ ਵੀ ਡਿੱਗ ਰਿਹਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਲੋੜ ਹੈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ, ਬੇਸ਼ੱਕ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਅਥਾਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਥਾਂ-ਥਾਂ ਖੇਤੀਬਾੜੀ ਮੇਲੇ ਲਗਾਏ ਜਾ ਰਹੇ ਨੇ, ਪਰ ਇਹਨਾਂ ਮੇਲਿਆਂ ਦਾ ਤਾਂ ਹੀ ਫ਼ਾਇਦਾ ਹੈ ਤਾਂ ਜੋ ਕਿਸਾਨ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਪੰਜਾਬ ਦੇ ਪਾਣੀ, ਹਵਾ, ਧਰਤੀ ਆਦਿ ਨੂੰ ਬਚਾਉਣ ਅਤੇ ਇੱਕ ਚੰਗੀ ਖੇਤੀ ਕਰਕੇ ਵਧੀਆ ਆਮਦਨ ਕਮਾ ਸਕਣ।



Leave a Comment