from Aurangzebs General to becoming sikh

ਕਿੱਸਾ ਸੈਦ ਖਾਂ: ਔਰੰਗਜ਼ੇਬ ਦੇ ਜਰਨੈਲ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਨ ਤੱਕ ਦਾ ਸਫ਼ਰ

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਕੇ ਲੱਖਾਂ ਹੀ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ ਸੀ। ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖ ਧਰਮ ਦੇ ਪਰਫੁੱਲਤ ਹੋ ਜਾਣ ਕਾਰਨ ਬ੍ਰਾਹਮਣ ਜਮਾਤ ਅਤੇ ਰਾਜਪੂਤ ਹਿੰਦੂ ਰਾਜਿਆਂ ਨੇ ਸਿੱਖ ਸੰਸਥਾਵਾਂ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹ ਟੱਕਰ, ਸਿੱਖਾਂ ਦੇ ਦਸਵੇਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਪਣੇ ਸਿਖਰਾਂ ਤੇ ਅੰਤਿਮ ਮੰਜ਼ਿਲ ਤੱਕ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਪਹਾੜੀ ਹਿੰਦੂ ਰਾਜਿਆਂ ਦੇ ਵਿਰੋਧ ਵਿੱਚ ਲੜਿਆ ਪਹਿਲਾ ਵੱਡਾ ਯੁੱਧ ਭੰਗਾਣੀ ਦਾ ਯੁੱਧ ਸੀ। ਇਹ ਯੁੱਧ 15 ਅਪ੍ਰੈਲ 1687 ਈਸਵੀ ਨੂੰ ਲੜਿਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਸੈਨਾ ਨੇ ਜਿੱਤ ਪ੍ਰਾਪਤ ਕੀਤੀ। ਭੰਗਾਣੀ ਦੇ ਯੁੱਧ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਸਥਾਨ ਤੋਂ 7 ਕੁ ਮੀਲ ਦੂਰੀ ਤੇ ਪਾਉਂਟਾ ਨਾਮਕ ਨਵਾਂ ਨਗਰ ਵਸਾਇਆ ਸੀ। ਪਾਉਂਟਾ ਦਾ ਅਰਥ ਹੈ ‘ਪੈਰ ਰੱਖਣ ਦੀ ਥਾਂ’। ਇਸੇ ਸਥਾਨ ਤੇ ਹੀ ਔਰੰਗਜ਼ੇਬ ਮੁਗਲ ਬਾਦਸ਼ਾਹ ਵੱਲੋਂ ਆਪਣੀ ਸੈਨਾ ਵਿੱਚੋਂ ਕੱਢੇ 500 ਪਠਾਣ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਮਿਲੇ ਸਨ, ਜਿਨ੍ਹਾਂ ਦੀ ਸਿਫ਼ਾਰਿਸ਼ ਪੀਰ ਬੁੱਧੂ ਸ਼ਾਹ ਜੀ ਨੇ ਕੀਤੀ ਸੀ।

ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1691 ਈਸਵੀ ਵਿੱਚ ਇੱਕ ਹੋਰ ਵੱਡੀ ਜਿੱਤ ਪ੍ਰਾਪਤ ਕੀਤੀ ਜਿਸ ਨੂੰ ਨਦੌਣ ਦੀ ਜਿੱਤ ਕਿਹਾ ਜਾਂਦਾ ਹੈ। ਭਾਵੇਂ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਮੁਗਲ ਹਕੂਮਤ ਦੇ ਵਿਰੋਧ ਵਿੱਚ ਦਿੱਤਾ ਸੀ, ਪਰ ਫਿਰ ਵੀ ਸਮੇਂ ਦੇ ਬੀਤਣ ਨਾਲ ਇਹੋ ਹਿੰਦੂ ਰਾਜਪੂਤ ਪਹਾੜੀ ਰਾਜੇ ਗੁਰੂ ਜੀ ਦੀ ਵੱਧਦੀ ਤਾਕਤ ਤੇ ਪ੍ਰਸ਼ੰਸਾ ਤੋਂ ਈਰਖਾ ਕਰਨ ਲੱਗ ਪਏ ਸਨ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦਾ ਪੁੱਤਰ ਅਜਮੇਰ ਚੰਦ 16 ਸਤੰਬਰ 1692 ਈਸਵੀ ਨੂੰ ਬਿਲਾਸਪੁਰ ਰਾਜ ਦਾ ਰਾਜਾ ਬਣਿਆ। ਅਜਮੇਰ ਚੰਦ ਬਹੁਤ ਲੰਬੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਈਰਖਾ ਕਰਦਾ ਸੀ। ਰਾਜੇ ਅਜਮੇਰ ਚੰਦ ਦੀ ਸਲਾਹ ਨਾਲ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੇ ਦਰਬਾਰ ਦਰਖ਼ਾਸਤ ਲਿਖ ਭੇਜੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਸੈਨਾ ਨੂੰ ਪਰਾਜਿਤ ਨਹੀਂ ਕਰ ਸਕਦੇ। ਇਸ ਲਈ ਤੁਸੀਂ ਕਿਸੇ ਆਪਣੇ ਨਾਮਵਰ ਜਰਨੈਲ ਦੀ ਕਮਾਨ ਹੇਠ ਫੌਜ ਭੇਜੋ। ਪਹਾੜੀ ਰਾਜਿਆਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਦਿੱਲੀ ਤੋਂ ਆਈ ਸੈਨਾ ਦੀ ਸਾਰੇ ਪਹਾੜੀ ਰਾਜੇ ਰਲ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਮਦਦ ਕਰਨਗੇ, ਤਾਂ ਜੋ ਮੁਗਲ ਹਕੂਮਤ ਦੇ ਅਧੀਨ ਇਹ ਨਵਾਂ ਆਜ਼ਾਦ ਸਿੱਖ ਰਾਜ ਕਾਇਮ ਨਾ ਹੋ ਸਕੇ। ਮੁਗਲ ਬਾਦਸ਼ਾਹ ਔਰੰਗਜ਼ੇਬ ਈਰਖਾ ਭਰੀ ਦਰਖ਼ਾਸਤ ਨੂੰ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਭੜਕ ਉੱਠਿਆ ਅਤੇ ਉਸਨੇ ਫ਼ਰਮਾਨ ਜਾਰੀ ਕੀਤਾ ਕਿ ਜਿਹੜਾ ਵੀ ਮੇਰਾ ਜਰਨੈਲ ਅਨੰਦਪੁਰ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਬੰਦੀ ਬਣਾ ਕੇ ਜਾਂ ਮੁਰਦਾ ਫੜ ਕੇ ਲਿਆਵੇਗਾ ਮੈਂ ਉਸ ਨੂੰ ਆਪਣੀ ਸ਼ਾਹੀ ਸੈਨਾ ਦਾ ਫ਼ੌਜਦਾਰ ਬਣਾ ਦਵਾਂਗਾ। ਔਰੰਗਜ਼ੇਬ ਦਾ ਫ਼ਰਮਾਨ ਜਾਰੀ ਹੁੰਦਾ ਹੈ ਤਾਂ ਸੈਦ ਖਾਂ ਜੋ ਕਿ ਪਹਿਲਾਂ ਤੋਂ ਹੀ ਮੁਗਲ ਸੈਨਾ ਦਾ ਬਹਾਦਰ ਜਰਨੈਲ ਸੀ, ਔਰੰਗਜ਼ੇਬ ਮੁਗਲ ਬਾਦਸ਼ਾਹ ਲਈ ਦੱਖਣ ਵਿੱਚ ਕਈ ਮੁਹਿੰਮਾਂ ਕਰਕੇ ਜਿੱਤਾਂ ਪ੍ਰਾਪਤ ਕਰ ਚੁੱਕਾ ਸੀ, ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰਨ ਦੀ ਜ਼ਿੰਮੇਵਾਰੀ ਲਈ ਅਤੇ ਮੂੰਹ ਮੰਗੀ ਫੌਜ ਲੈ ਕੇ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਦਿੱਤੀ। ਸੈਦ ਖਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤੇ ਬੜੇ ਹੰਕਾਰ ਨਾਲ ਉਹ ਆਪਣੀ ਸੈਨਾ ਸਮੇਤ ਦਿੱਲੀ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਕੂਚ ਕਰਦਾ ਹੈ। ਸੈਦ ਖਾਂ ਜਦੋਂ ਆਪਣੀ ਸੈਨਾ ਸਮੇਤ ਸਢੌਰੇ ਪਹੁੰਚਿਆਂ ਤਾਂ ਇਸ ਸਥਾਨ ਤੇ ਉਸਨੇ ਕੁਝ ਸਮੇਂ ਲਈ ਰੁਕਣ ਲਈ ਸੋਚਿਆਂ ਅਤੇ ਉਸਨੇ ਵਿਉਂਤ ਬਣਾਈ ਕਿ ਸਢੌਰੇ ਪੀਰ ਬੁੱਧੂ ਸ਼ਾਹ ਦੇ ਘਰ ਉਸ ਦੀ ਹਮਸ਼ੀਰਾ (ਇੱਕੋ ਦੁੱਧ ਦੀ ਭਾਈਵਾਲ-ਸਖੀ ਭੈਣ) ਭੈਣ ਨਸੀਰਾਂ ਦਾ ਨਿਕਾਹ ਹੋਇਆ ਹੈ, ਉਹ ਉਸਨੂੰ ਵੀ ਮਿਲਦਾ ਜਾਵੇਗਾ।

ਪੀਰ ਬੁੱਧੂ ਸ਼ਾਹ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਨਿਨ ਭਗਤ ਸੀ, ਜਿਸ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ 500 ਪਠਾਣ ਸੇਵਕ ਅਤੇ ਆਪਣੇ ਦੋ ਪੁੱਤਰਾਂ ਦੇ ਸ਼ਹੀਦੀ ਜਾਮ ਪੀ ਜਾਣ ਉਪਰੰਤ, ਕਲਗੀਧਰ ਪਾਤਸ਼ਾਹ ਪਾਸੋਂ ਪਾਉਂਟਾ ਦੇ ਅਸਥਾਨ ਵਿਖੇ ਕੇਸਾਂ ਸਮੇਤ ਕੰਘੇ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸੀ ਅਤੇ ਉਸਦੀ ਬੇਗਮ ਨਸੀਰਾਂ ਨੂੰ ਸੈਦ ਖਾਂ ਦੀ ਅਨੰਦਪੁਰ ਸਾਹਿਬ ਦੀ ਮੁਹਿੰਮ ਬਾਰੇ ਪਤਾ ਲੱਗਾ ਤਾਂ ਨਸੀਰਾਂ ਦੇ ਨੇਤਰ ਬੰਦ ਹੋ ਗਏ ਤੇ ਅੱਖਾਂ ਸੇਜਲ ਹੋ ਗਈਆਂ, ਅੱਖਾਂ ਵਿੱਚੋਂ ਹੰਝੂ ਬਹਿ ਤੁਰੇ। ਠੰਢਾ ਹੌਕਾ ਭਰ, ਬੀਬੀ ਨਸੀਰਾਂ ਨੇ ਸੈਦ ਖਾਂ ਨੂੰ ਕਿਹਾ ਕਿ ਤੂੰ ਖੁਦਾ ਰੂਪੀ, ਧਰਤੀ ਦਾ ਭਾਰ ਹਰਨ ਵਾਲੇ, ਹੁਸਨ ਵਜੂਦ, ਖੁਦਾ ਰਸੀਦਾ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਉੱਪਰ ਭੈੜੀ ਸੋਚ ਲੈ ਕੇ ਹਮਲਾਵਰ ਬਣ ਆਇਆ ਹੈ, ਖੁਦਾ ਤੈਨੂੰ ਇਸ ਮਨਸੂਬੇ ਵਿੱਚ ਹਾਰ ਦੇਵੇ ਅਤੇ ਕਲਗੀਧਰ ਪਾਤਸ਼ਾਹ ਤੈਨੂੰ ਆਪਣੀ ਮਿਹਰ ਦ੍ਰਿਸ਼ਟੀ ਨਾਲ ਨਿਵਾਜਣ, ਉਹ ਅੰਤਰਯਾਮੀ ਹਨ। ਇਹ ਸੁਣ ਸੈਦ ਖਾਂ ਬਹੁਤ ਹੈਰਾਨ ਹੋਇਆ। ਬੀਬੀ ਨਸੀਰਾਂ ਨੇ ਸੈਦ ਖਾਂ ਨੂੰ ਸਮਝਾਇਆਂ ਕਿ ਇਸ ਜ਼ਿੰਦਗੀ ਵਿੱਚ ਲੋਕ ਉਸ ਨੂੰ ਯਾਦ ਕਰਦੇ ਹਨ ਜੋ ਨੇਕੀ ਕਮਾਉਂਦਾ ਹੈ। ਮਾੜੇ ਕਰਮ ਕਰਨ ਵਾਲੇ ਜ਼ਾਲਮ ਨੂੰ ਲੋਕ ਹਮੇਸ਼ਾ ਨਫ਼ਰਤ ਦੀ ਨਿਗਾਹ ਨਾਲ ਤੱਕਦੇ ਹਨ। ਬੀਬੀ ਨਸੀਰਾਂ ਨੇ ਕਿਹਾ ਕਿ ਅਜੇ ਵੀ ਸਮਾਂ ਹੈ, ਇਸ ਭੈੜੇ ਕਰਮ ਤੋਂ ਤੂੰ ਤੋਬਾ ਕਰ ਅਤੇ ਵਾਪਸ ਮੁੜ ਜਾ। ਇਹ ਸੁਣ ਸੈਦ ਖਾਂ ਨੇ ਕਿਹਾ ਕਿ ਮੇਰੀ ਹਮਸ਼ੀਰਾ ਭੈਣ ਨਸੀਰਾਂ, ਭੈਣਾਂ ਹਮੇਸ਼ਾ ਆਪਣੇ ਭਰਾਵਾਂ ਨੂੰ ਅਸੀਸਾਂ ਦੇ ਕੇ ਉਹਨਾਂ ਦਾ ਭਲਾ ਲੋਚਦੀਆਂ ਹਨ ਪਰ ਤੂੰ ਮੈਨੂੰ ਬਦ-ਦੁਆ ਦੇ ਮੇਰਾ ਹੌਸਲਾ ਪਸਤ ਕਰ ਰਹੀ ਹੈ। ਭੈਣ ਨਸੀਰਾਂ ਨੇ ਕਿਹਾ ਨਾ ਵੀਰ ਨਾ ਮੈਂ ਤੈਨੂੰ ਕੋਈ ਬਦ-ਦੁਆ ਨਹੀਂ ਦਿੱਤੀ ਸਗੋਂ ਤੈਨੂੰ ਬਦ-ਦੁਆ ਲੈਣ ਤੋਂ ਬਚਾਇਆ ਹੈ। ਮੇਰੀ ਦੁਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਤੇਰੇ ਤੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਤੈਨੂੰ ਸੋਝੀ ਦੇਣ।

ਸੈਦ ਖਾਂ ਆਪਣੀ ਭੈਣ ਦਾ ਰਵੱਈਆ ਵੇਖ ਬਹੁਤ ਹੈਰਾਨ ਸੀ ਅਤੇ ਉਸਨੇ ਅਗਲੇ ਹੀ ਦਿਨ ਭੈਣ ਪਾਸੋਂ ਵਿਦਾਇਗੀ ਲਈ ਤੇ ਵਿਦਾ ਹੋਇਆ। ਹੁਣ ਸੈਦ ਖਾਂ ਦੇ ਮਨ ਵਿੱਚ ਨਸੀਰਾਂ ਭੈਣ ਦੀਆਂ ਗੱਲਾਂ ਕਿਤੇ ਨਾ ਕਿਤੇ ਘਰ ਕਰ ਬੈਠੀਆਂ ਸਨ। ਸੈਦ ਖਾਂ ਤੇਜ਼ੀ ਨਾਲ ਅਨੰਦਪੁਰ ਸਾਹਿਬ ਵੱਲ ਵਧਿਆ ਅਤੇ ਉਸਨੇ ਆਪਣੀ ਸੈਨਾ ਨੂੰ ਅਨੰਦਪੁਰ ਸਾਹਿਬ ਦੀ ਘੇਰਾ-ਬੰਦੀ ਕਰਨ ਦਾ ਹੁਕਮ ਜਾਰੀ ਕੀਤਾ। ਸੈਦ ਖਾਂ ਦੀ ਭਾਰੀ ਫੌਜ ਨੇ ਅਨੰਦਪੁਰ ਸਾਹਿਬ ਦੀ ਘੇਰਾ-ਬੰਦੀ ਕਰ ਲਈ ਸੀ ਅਤੇ ਸੈਦ ਖਾਂ ਆਪ ਅਨੰਦਪੁਰ ਸਾਹਿਬ ਤੋਂ 15 ਕੁ ਮੀਲ ਦੀ ਦੂਰੀ ਤੇ ਪਿੰਡ ਸਿੰਬਲ ਮਾਜਰਾ ਵਿੱਚ ਡੇਰਾ ਲਾਈ ਬੈਠਾ ਸੀ। ਸੈਦ ਖਾਂ ਦੀ ਭੈਣ ਨਸੀਰਾਂ ਨੇ ਸੱਚੇ ਦਿਲੋਂ ਅਰਦਾਸ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮੇਰੇ ਭਰਾ ਨੂੰ ਸਮੱਤ ਬਖਸ਼ੋ।

ਗੁਰੂ ਗੋਬਿੰਦ ਸਿੰਘ ਜੀ ਨੇ ਸੈਦ ਖਾਂ ਦੇ ਹੰਕਾਰ ਨੂੰ ਤੋੜਨ ਲਈ ਅਨੰਦਪੁਰ ਸਾਹਿਬ ਤੋਂ ਇੱਕ ਬਾਣ ਮਾਰਿਆਂ ਜੋ ਸੈਦ ਖਾਂ ਦੇ ਡੇਰੇ ਵਿੱਚ ਸਿੰਬਲ ਦੇ ਰੁੱਖ ਵਿੱਚ ਜਾ ਲੱਗਾ। ਜਦੋਂ ਸੈਦ ਖਾਂ ਨੇ ਬਾਣ ਬਾਰੇ ਪਤਾ ਕਰਵਾਇਆਂ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਬਾਣ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਤਾਂ ਉਸਨੇ ਆਪਣੇ ਮਨੋ ਮਨ ਵਿੱਚ ਸੋਚਿਆਂ ਕਿ ਸਿੱਖਾਂ ਦਾ ਇਹ ਗੁਰੂ ਕੋਈ ਜਾਦੂਗਰ ਜਾਂ ਅੰਤਰਯਾਮੀ ਹੈ, ਜੋ ਉਸਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਇਥੇ ਡੇਰਾ ਲਾਈ ਬੈਠੇ ਹਾਂ। ਸੈਦ ਖਾਂ ਨੇ ਇਹ ਸਾਰੀ ਗੱਲ ਆਪਣੇ ਮਨ ਅੰਦਰ ਸੋਚੀ ਸੀ ਕਿਸੇ ਨਾਲ ਸਾਂਝੀ ਨਹੀਂ ਸੀ ਕੀਤੀ। ਕੁਝ-ਕੁ ਸਮੇਂ ਬਾਅਦ ਇੱਕ ਹੋਰ ਬਾਣ ਚਿੱਠੀ ਸਮੇਤ ਸੈਦ ਖਾਂ ਦੇ ਪਲੰਘ ਦੇ ਪਾਵੇ ਵਿੱਚ ਆ ਲੱਗਾ। ਉਸ ਚਿੱਠੀ ਵਿੱਚ ਲਿਖਿਆਂ ਸੀ ਕਿ ਸੈਦ ਖਾਂ ਨਾ ਮੈਂ ਕੋਈ ਜਾਦੂਗਰ ਹਾਂ ਨਾ ਮੈਂ ਕੋਈ ਅੰਤਰਯਾਮੀ, ਇਹ ਸਿਰਫ ਮੇਰਾ ਅਭਿਆਸ ਹੈ। ਸੈਦ ਖਾਂ ਦੇ ਮਨ ਵਿੱਚ ਚਿੱਠੀ ਪੜ੍ਹਦੇ ਸਾਰ ਹੀ ਭੈਣ ਨਸੀਰਾਂ ਦੀਆਂ ਗੱਲਾਂ ਘਰ ਕਰ ਆਈਆਂ। ਸੈਦ ਖਾਂ ਦੇ ਮਨ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਘਰ ਕਰ ਚੁੱਕੀ ਸੀ। ਸੈਦ ਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਨਿਮਰਤਾ ਨਾਲ ਹੰਕਾਰ ਛੱਡ ਕੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੈਦ ਖਾਂ ਦੇ ਸਾਹਮਣੇ ਆਏ ਤਾਂ ਗੁਰੂ ਜੀ ਦੇ ਮੁੱਖ ਦਾ ਜਲੋਅ ਸੈਦ ਖਾਂ ਤੋਂ ਸਹਾਰ ਨਾ ਹੋਇਆ ਤੇ ਸੈਦ ਖਾਂ ਉੱਚੀ ਉੱਚੀ ਪੁਕਾਰਨ ਲੱਗਾ,

“ਖੁਦਾ-ਆਇਦ ! ਖੁਦਾ-ਆਇਦ ! ਕਿ ਮੈਂ ਆਇਦ ਖੁਦਾ ਬੰਦਹ?
ਹਕੀਕਤ ਦਰ ਮਿਜ਼ਾਜ ਆਇਦ ਕਿ ਮੁਰਦਹ ਰਾ ਕੁਨੱਦ ਜ਼ਿੰਦਹ”

ਭਾਵ:- ਲੋਕੋ ਰੱਬ ਆਇਆ ਹੈ, ਰੱਬ ਆ ਰਿਹਾ ਹੈ, ਕਿ ਰੱਬ ਦਾ ਪਿਆਰਾ ਬੰਦਾ ਆਉਂਦਾ ਹੈ? ਰੱਬ ਸਥੂਲ ਜਾਮੇਂ ਵਿੱਚ ਆ ਰਿਹਾ ਹੈ ਤਾਂ ਜੋ ਮੁਰਦੇ ਨੂੰ ਜਿਵਾਲ ਸਕੇ ।

ਇਹ ਬੋਲ ਪੁਕਾਰਦਿਆਂ-ਪੁਕਾਰਦਿਆਂ ਸੈਦ ਖਾਂ ਸਿਜਦੇ ਵਿੱਚ ਪੈ ਗਿਆ ਤੇ ਮੁੜ-ਮੁੜ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਿਜਦਾ ਕਰੀ ਜਾਵੇ। ਸੈਦ ਖਾਂ ਦੀ ਫੌਜ ਇਹ ਕਰਿਸ਼ਮਾ ਵੇਖ ਬੜੀ ਹੈਰਾਨ ਸੀ। ਸੈਦ ਖਾਂ ਨੇ ਬੜੀ ਨਿਮਰਤਾ ਨਾਲ ਹੰਕਾਰ ਦਾ ਤਿਆਗ ਕਰਕੇ ਗੁਰੂ ਜੀ ਨੂੰ ਕਿਹਾ ਕਿ ਹੁਣ ਮੈਂ ਆਪ ਜੀ ਦਾ ਗੁਲਾਮ ਬੰਦਾ ਹਾਂ ਮੈਨੂੰ ਹੁਕਮ ਕਰੋ, ਮੈਂ ਤੁਹਾਡੇ ਹੱਕ ਵਿੱਚ ਵੈਰੀਆਂ ਨਾਲ ਲੜ੍ਹ ਸਕਦਾ ਹਾਂ। ਪਰ ਗੁਰੂ ਜੀ ਨੇ ਸੈਦ ਖਾਂ ਨੂੰ ਮਨ੍ਹਾਂ ਕਰ ਦਿੱਤਾ ਤੇ ਹੁਕਮ ਕੀਤਾ, ਸੈਦ ਖਾਂ ਜਿੰਨੇ ਤੇਰੇ ਸੁਆਸ ਬਾਕੀ ਹਨ ਹੁਣ ਤੂੰ ਉਹਨਾਂ ਨੂੰ ਖੁਦਾ ਦੀ ਬੰਦਗੀ ਵਿੱਚ ਲਗਾ ਕੇ ਆਪਣੇ ਜੀਵਨ ਨੂੰ ਸਫਲ ਬਣਾ। ਸੈਦ ਖਾਂ ਨੇ ਹੁਣ ਆਪਣੀ ਸਾਰੀ ਫੌਜ ਨੂੰ ਕਹਿ ਦਿੱਤਾ ਕਿ ਹੁਣ ਮੈਂ ਉਹਨਾਂ ਦੀ ਫੌਜ ਦਾ ਸਰਦਾਰ ਨਹੀਂ, ਉਹ ਆਪਣੀ ਮਰਜ਼ੀ ਨਾਲ ਦਿੱਲੀ ਵਾਪਸ ਪਰਤ ਸਕਦੇ ਹਨ, ਤੇ ਕਿਹਾ ਉਹ ਹੁਣ ਖੁਦਾ ਦੀ ਬੰਦਗੀ ਲਈ ਜਾਵੇਗਾ। ਇਹ ਕਹਿ ਕੇ ਸੈਦ ਖਾਂ ਦੁਆਬੇ ਵਿੱਚ ਦੀ ਹੁੰਦਾ ਹੋਇਆ ਕਾਂਗੜੇ ਦੀਆਂ ਪਹਾੜੀਆਂ ਵਿੱਚ ਨਾਮ ਲੀਨ ਹੋ ਕੰਦ ਮੂਲ ਖਾ ਕੇ ਪ੍ਰਭੂ ਬੰਦਗੀ ਵਿੱਚ ਜੁੜ ਗਿਆ ਤੇ ਸਮਾਂ ਬੀਤਣ ਨਾਲ ਅਨੁਭਵੀ ਪੁਰਸ਼ ਬਣ ਪ੍ਰਗਟ ਹੋਇਆ, ਅਤੇ ਉਸੇ ਅਨੁਭਵ ਦੀ ਸੇਧ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਮਦਮੇ ਸਾਹਿਬ ਦੇ ਸਥਾਨ ਤੇ ਮਿਲਿਆ ਤੇ ਗੁਰ ਅਸੀਸਾਂ ਪ੍ਰਾਪਤ ਕੀਤੀਆਂ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ ਕਿ ਸੈਦ ਖਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਸਿੱਖ ਬਣ ਕੇ ਗੁਰੂ ਸਾਹਿਬ ਜੀ ਦੇ ਨਾਲ ਨਾਂਦੇੜ ਸਾਹਿਬ ਤੱਕ ਨਿਭਿਆਂ। ਜਦੋਂ ਪੀਰ ਬੁੱਧੂ ਸ਼ਾਹ ਤੇ ਭੈਣ ਨਸੀਰਾਂ ਨੂੰ ਇਸ ਮਾਜ਼ਰੇ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਖੁਦਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਅਤੇ ਸੱਚੇ ਮਨੋ ਕੀਤੀ ਅਰਦਾਸ ਦੀ ਤਾਕਤ ਨੂੰ ਸਮਝਿਆ।

ਇੱਕ ਸੈਦ ਖਾਂ ਦੀ ਗੱਲ ਹੀ ਨਹੀਂ ਸਗੋਂ ਬਹੁਤ ਸਾਰੇ ਮੁਗਲ ਹਕੂਮਤ ਦੇ ਭੇਜੇ ਜਰਨੈਲ ਜੋ ਚੱਲੇ ਤਾਂ ਗੁਰੂ ਸਾਹਿਬ ਨਾਲ ਯੁੱਧ ਕਰ ਉਹਨਾਂ ਨੂੰ ਬੰਦੀ ਬਣਾਉਣ ਲਈ ਸੀ ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਪ੍ਰਾਪਤ ਕਰ ਗੁਰੂ ਨਦਰ ਦੇ ਪਾਤਰ ਬਣੇ ਅਤੇ ਆਪਣਾ ਜੀਵਨ ਸਫ਼ਲ ਬਣਾ ਗਏ।

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *