Toori Bazar ferozepur

ਇਨਕਲਾਬੀਆਂ ਦੇ ਗੁਪਤ ਹੈੱਡ-ਕੁਆਰਟਰ ਦੀ ਅਣਗੌਲੀ ਦਾਸਤਾਨ…

ਪੰਜਾਬ ਦਾ ਸ਼ਹਿਰ ਫਿਰੋਜ਼ਪੁਰ… ਜਿਸ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ। ਫਿਰੋਜ਼ਪੁਰ ਦੀਆਂ ਤੰਗ ਗਲੀਆਂ ਵਿੱਚ ਇੱਕ ਅਜਿਹੀ ਇਮਾਰਤ ਹੈ, ਜਿਸ ਦੀਆਂ ਕੰਧਾਂ ਅੱਜ ਵੀ ਇਨਕਲਾਬ ਦੇ ਗੀਤ ਗਾਉਂਦੀਆਂ ਹਨ। ਇਹ ਉਹ ‘ਗੁਪਤ ਟਿਕਾਣਾ’ ਹੈ ਜਿੱਥੇ ਚੰਦਰ ਸ਼ੇਖਰ ਆਜ਼ਾਦ ਦੀ ਪਿਸਤੌਲ ਗਰਜੀ ਸੀ ਅਤੇ ਜਿੱਥੇ ਭਗਤ ਸਿੰਘ ਨੇ ਸਾਂਡਰਸ ਨੂੰ ਸੋਧਣ ਦੀ ਵਿਉਂਤਬੰਦੀ ਕੀਤੀ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸੇ ਸ਼ਹਿਰ ਦੇ ਇੱਕ ਭੀੜ-ਭੜੱਕੇ ਵਾਲੇ ਬਜ਼ਾਰ ਵਿੱਚ ‘ਇਨਕਲਾਬ’ ਦਾ ਇੱਕ ਅਜਿਹਾ ਟਿਕਾਣਾ ਦਫ਼ਨ ਹੈ, ਜਿਸ ਨੇ ਅੰਗਰੇਜ਼ੀ ਹਕੂਮਤ ਦੀਆਂ ਨੀਂਦਾਂ ਉਡਾ ਦਿੱਤੀਆਂ ਸਨ? ਦਰਅਸਲ, ਉਹ ਹੈ ਤੂੜੀ ਬਜ਼ਾਰ ਸਥਿਤ ਗੁਪਤ ਟਿਕਾਣਾ, ਜੋ 1928 ਵਿੱਚ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਪੰਜਾਬ ਹੈੱਡਕੁਆਰਟਰ ਸੀ।

ਇੱਥੇ ਡਾ. ਗਯਾ ਪ੍ਰਸ਼ਾਦ ਇੱਕ ਨਕਲੀ ਦਵਾਖਾਨਾ ਚਲਾਉਂਦੇ ਸਨ, ਪਰ ਅਸਲ ਵਿੱਚ ਉੱਪਰਲੀ ਮੰਜ਼ਿਲ ‘ਤੇ ਬੰਬ ਬਣਾਉਣ ਦੀ ਸਮੱਗਰੀ ਇਕੱਠੀ ਕੀਤੀ ਜਾਂਦੀ ਸੀ। ਦਹਾਕਿਆਂ ਤੱਕ ਇਹ ਇਮਾਰਤ ਗੁਮਨਾਮ ਰਹੀ, ਜਦੋਂ ਤੱਕ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਆਪਣੀ ਖੋਜ ਰਾਹੀਂ ਇਸ ਨੂੰ ਦੁਨੀਆ ਦੇ ਸਾਹਮਣੇ ਨਹੀਂ ਲਿਆਂਦਾ। 2015 ਵਿੱਚ ਇਸ ਨੂੰ ‘ਸੁਰੱਖਿਅਤ ਇਮਾਰਤ’ ਤਾਂ ਐਲਾਨ ਦਿੱਤਾ ਗਿਆ, ਪਰ ਅੱਜ ਵੀ ਇਹ ਸ਼ਹੀਦੀ ਯਾਦਗਾਰ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਹੈ। ਨਾ ਇੱਥੇ ਮਿਊਜ਼ੀਅਮ ਬਣਿਆ ਅਤੇ ਨਾ ਹੀ ਲਾਇਬ੍ਰੇਰੀ।”

ਇਨਕਲਾਬੀ ਵਿਰਾਸਤ ਦੀ ਅਣਗੌਲੀ ਦਾਸਤਾਨ

ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼ਹਾਦਤ ਦੇ ਦਹਾਕਿਆਂ ਬਾਅਦ ਵੀ ਸਾਡੇ ਦੇਸ਼ ਦੀਆਂ ਕਈ ਅਹਿਮ ਇਨਕਲਾਬੀ ਯਾਦਗਾਰਾਂ ਗੁਮਨਾਮੀ ਦੇ ਹਨੇਰੇ ਵਿੱਚ ਹਨ। ਅਜਿਹੀ ਹੀ ਇੱਕ ਇਤਿਹਾਸਕ ਇਮਾਰਤ ਹੈ, ਫਿਰੋਜ਼ਪੁਰ ਸ਼ਹਿਰ ਦੇ ‘ਤੂੜੀ ਬਜ਼ਾਰ’ ਵਿੱਚ ਸਥਿਤ ਉਹ ਗੁਪਤ ਟਿਕਾਣਾ, ਜੋ ਕਦੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਰਿਹਾ ਸੀ।

ਅਗਸਤ 1928 ਵਿੱਚ ਚੁਣਿਆ ਗਿਆ ਇਹ ਟਿਕਾਣਾ, ਪੰਜਾਬ ਵਿੱਚ ਕ੍ਰਾਂਤੀਕਾਰੀ ਪਾਰਟੀ ਦੇ ਹੈੱਡ-ਕੁਆਰਟਰ ਵਜੋਂ ਵਰਤਿਆ ਜਾਂਦਾ ਸੀ। ਇਸ ਸਥਾਨ ਦੀ ਮਹੱਤਤਾ ਨੂੰ ਸਮਝਣ ਲਈ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਜ਼ਰੂਰੀ ਹੈ। ਜਦੋਂ ਪਾਰਟੀ ਨੇ ਬਿਹਾਰ ਵਿੱਚ ਸਰਕਾਰੀ ਖਜ਼ਾਨਾ ਲੁੱਟਣ ਦੀ ਯੋਜਨਾ ਬਣਾਈ, ਤਾਂ ਸ਼ਹੀਦ ਭਗਤ ਸਿੰਘ ਦੀ ਪਛਾਣ ਛੁਪਾਉਣ ਲਈ ਉਨ੍ਹਾਂ ਦੇ ਕੇਸ ਅਤੇ ਦਾੜ੍ਹੀ ਇਸੇ ਗੁਪਤ ਟਿਕਾਣੇ ਵਿੱਚ ਕ੍ਰਾਂਤੀਕਾਰੀ ਸਾਥੀਆਂ ਦੁਆਰਾ ਕੱਟੇ ਗਏ ਸਨ। ਲਾਲਾ ਲਾਜਪਤ ਰਾਏ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਦੀ ਪੂਰੀ ਰਣਨੀਤੀ ਇਸੇ ਛੱਤ ਹੇਠ ਤਿਆਰ ਹੋਈ ਸੀ ਅਤੇ ਕ੍ਰਾਂਤੀਕਾਰੀ ਇਥੇ ਹੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦੇ ਸਨ।

ਡਾ. ਗਯਾ ਪ੍ਰਸ਼ਾਦ ਇਥੇ ਦਵਾਖਾਨੇ ਦੀ ਆੜ ਵਿੱਚ ਬੰਬ ਬਣਾਉਣ ਦੀ ਸਮੱਗਰੀ ਇਕੱਠੀ ਕਰਦੇ ਸਨ। ਇਥੇ ਹੀ ਰਹਿ ਕੇ ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਸਨ। ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਮਹਾਵੀਰ ਸਿੰਘ ਅਤੇ ਹੋਰ ਕਈ ਸੂਰਮੇ ਇਥੇ ਕਈ-ਕਈ ਮਹੀਨੇ ਗੁਪਤ ਰੂਪ ਵਿੱਚ ਰਹਿੰਦੇ ਰਹੇ। ਖ਼ੈਰ, ਅੱਜ ਆਜ਼ਾਦੀ ਦੇ ਕਰੀਬ 79 ਸਾਲਾਂ ਬਾਅਦ ਵੀ ਇਸ ਇਤਿਹਾਸਿਕ ਇਮਾਰਤ ਦੇ ਵੱਲ ਸਰਕਾਰਾਂ ਵੱਲੋਂ ਮੂੰਹ ਨਹੀਂ ਕੀਤਾ ਗਿਆ। ਬੇਸ਼ੱਕ ਲੋਕ-ਲਹਿਰ ਦੇ ਦਬਾਅ ਹੇਠ ਡੀ.ਸੀ. ਫਿਰੋਜ਼ਪੁਰ ਨੇ ਇਸ ਨੂੰ ‘ਸੁਰੱਖਿਅਤ ਇਮਾਰਤ’ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਸੀ, ਪਰ ਹਕੀਕਤ ਅੱਜ ਵੀ ਨਿਰਾਸ਼ਾਜਨਕ ਹੈ। ਨਾ ਤਾਂ ਇਹ ਇਮਾਰਤ ਪੁਰਾਤੱਤਵ ਵਿਭਾਗ ਨੂੰ ਸੌਂਪੀ ਗਈ ਹੈ ਅਤੇ ਨਾ ਹੀ ਇਥੇ ਕੋਈ ਅਜਾਇਬ ਘਰ ਜਾਂ ਲਾਇਬ੍ਰੇਰੀ ਬਣਾਈ ਗਈ ਹੈ। ਸ਼ਹੀਦਾਂ ਦੇ ਨਾਂ ‘ਤੇ ਸਿਆਸਤ ਕਰਨ ਵਾਲੀਆਂ ਸਰਕਾਰਾਂ ਅੱਜ ਵੀ ਇਸ ਵਿਰਾਸਤ ਨੂੰ ਸੰਭਾਲਣ ਵਿੱਚ ਨਾਕਾਮ ਰਹੀਆਂ ਹਨ।

ਅਜੋਕੇ ਹਾਲਾਤ ਅਤੇ ਸ਼ਹੀਦਾਂ ਦੇ ਸੁਪਨੇ

1947 ਦੀ ਆਜ਼ਾਦੀ ਤੋਂ ਬਾਅਦ ਵੀ ਸ਼ਹੀਦਾਂ ਦਾ ‘ਲੁੱਟ-ਖਸੁੱਟ ਰਹਿਤ ਸਮਾਜ’ ਸਿਰਜਣ ਦਾ ਸੁਪਨਾ ਅਧੂਰਾ ਹੈ। ਅੱਜ ਵੀ ਸਾਡੇ ਦੇਸ਼ ਦੀ 85% ਆਬਾਦੀ ਗਰੀਬੀ ਅਤੇ ਕਰਜ਼ੇ ਦੀ ਮਾਰ ਹੇਠ ਹੈ, ਜਦਕਿ ਮੁੱਠੀ ਭਰ ਕਾਰਪੋਰੇਟ ਘਰਾਣੇ ਮੁਲਕ ਦੇ ਸਾਧਨਾਂ ਨੂੰ ਲੁੱਟ ਰਹੇ ਹਨ। ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿੱਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਅੱਜ ਦੇ ਇਸ ਹਨੇਰੇ ਭਰੇ ਦੌਰ ਵਿੱਚ ਸ਼ਹੀਦਾਂ ਦੀ ਵਿਚਾਰਧਾਰਾ ਹੀ ਸਾਡਾ ਰਾਹ ਰੁਸ਼ਨਾ ਸਕਦੀ ਹੈ। ਸ਼ਹੀਦਾਂ ਦੀ ਵਿਰਾਸਤ ਕੇਵਲ ਪੱਥਰ ਦੀਆਂ ਇਮਾਰਤਾਂ ਨਹੀਂ, ਸਗੋਂ ਉਹ ਜਜ਼ਬਾ ਹਨ ਜੋ ਸਾਨੂੰ ਬਰਾਬਰੀ ਅਤੇ ਇਨਸਾਫ਼ ਲਈ ਲੜਨਾ ਸਿਖਾਉਂਦੇ ਹਨ। ਸਮੇਂ ਦੀ ਮੁੱਖ ਲੋੜ ਹੈ ਕਿ ਇਸ ਗੁਪਤ ਟਿਕਾਣੇ ਵਰਗੀਆਂ ਇਤਿਹਾਸਕ ਥਾਵਾਂ ਨੂੰ ਸੰਭਾਲ ਕੇ ਇਨ੍ਹਾਂ ਨੂੰ ਇਨਕਲਾਬੀ ਸਿੱਖਿਆ ਦੇ ਕੇਂਦਰ ਬਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਸੂਰਬੀਰਾਂ ਦੇ ਅਸਲ ਸੁਪਨਿਆਂ ਤੋਂ ਜਾਣੂ ਹੋ ਸਕਣ। ਇਨਕਲਾਬੀ ਸ਼ਬਦਾਂ ਵਿੱਚ “ਲੁੱਟ ਰਹਿਤ ਸਮਾਜ ਦੀ ਸਿਰਜਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”

ਇਸ ਇਤਿਹਾਸਕ ਟਿਕਾਣੇ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਸਿਹਰਾ ਰੇਲਵੇ ਦੇ ਸੀਨੀਅਰ ਇੰਜੀਨੀਅਰ ਅਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੂੰ ਜਾਂਦਾ ਹੈ, ਜਿਨ੍ਹਾਂ ਦਾ ਪਿਛੋਕੜ ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਨਾਲ ਜੁੜਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸੇ ਸਰਕਾਰ, ਯੂਨੀਵਰਸਿਟੀ ਜਾਂ ਪੁਰਾਤੱਤਵ ਵਿਭਾਗ ਨੇ ਇਸ ਟਿਕਾਣੇ ਨੂੰ ਲੱਭਣ ਵਿੱਚ ਦਿਲਚਸਪੀ ਨਹੀਂ ਦਿਖਾਈ। ਰਾਕੇਸ਼ ਕੁਮਾਰ ਨੇ ਸ਼ਹੀਦ ਭਗਤ ਸਿੰਘ ਦੇ ਅਦਾਲਤੀ ਕੇਸਾਂ ਦੀ ਸਾਲਾਂ ਬੱਧੀ ਘੋਖ ਕੀਤੀ ਅਤੇ ਆਪਣੀ ਨਿਜੀ ਮਿਹਨਤ, ਲੇਖਾਂ ਅਤੇ ਹਜ਼ਾਰਾਂ ਹੱਥ-ਪਰਚਿਆਂ ਰਾਹੀਂ ਇਸ ਗੁਪਤ ਟਿਕਾਣੇ ਨੂੰ ਜਨਤਕ ਚਰਚਾ ਦਾ ਵਿਸ਼ਾ ਬਣਾਇਆ।

ਖ਼ੈਰ, “ਆਜ਼ਾਦੀ ਸਿਰਫ ਗੋਰਿਆਂ ਤੋਂ ਕਾਲਿਆਂ ਕੋਲ ਸੱਤਾ ਦੀ ਤਬਦੀਲੀ ਨਹੀਂ ਸੀ, ਆਜ਼ਾਦੀ ਦਾ ਮਤਲਬ ਸੀ- ਲੁੱਟ ਰਹਿਤ ਸਮਾਜ।” “ਜਿਸ ਦਿਨ ਇਤਿਹਾਸ ਦੀਆਂ ਇਹ ਨਿਸ਼ਾਨੀਆਂ ਮਿਟ ਗਈਆਂ, ਸਾਡੀ ਆਉਣ ਵਾਲੀ ਨਸਲ ਆਪਣੀ ਪਛਾਣ ਭੁੱਲ ਜਾਵੇਗੀ।”

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *