ਮਹਾਰਾਣੀ ਜਿੰਦ ਕੌਰ, ਜਿਨ੍ਹਾਂ ਨੂੰ “ਰਾਣੀ ਜਿੰਦਾਂ” ਵਜੋਂ ਵੀ ਜਾਣਿਆ ਜਾਂਦਾ ਹੈ, ਸਿੱਖ ਸਾਮਰਾਜ ਦੀ ਆਖਰੀ ਮਹਾਰਾਣੀ ਸੀ। ਜਿੰਦ ਕੌਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਖ਼ੁਦ “ਮਹਾਰਾਣੀ” ਦੇ ਸ਼ਾਹੀ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਉਹ ਕੋਈ ਆਮ ਰਾਣੀ ਨਹੀਂ ਸੀ, ਸਗੋਂ ਉਹ ਬ੍ਰਿਟਿਸ਼ ਸਾਮਰਾਜ ਲਈ ਸਭ ਤੋਂ ਵੱਡਾ ਖ਼ਤਰਾ ਸਨ। ਜਦੋਂ ਪੰਜਾਬ ਦੇ ਮਜ਼ਬੂਤ ਸਿੱਖ ਰਾਜ ਨੂੰ ਅੰਦਰੂਨੀ ਗੱਦਾਰੀਆਂ ਅਤੇ ਬਾਹਰੀ ਹਮਲਿਆਂ ਨੇ ਘੇਰ ਲਿਆ ਸੀ, ਉਸ ਵੇਲੇ ਜਿੰਦ ਕੌਰ ਨੇ ਇੱਕ ਚੱਟਾਨ ਵਾਂਗ ਖੜ੍ਹ ਕੇ ਸਿੱਖ ਸਵੈ-ਮਾਣ ਦੀ ਲੜਾਈ ਲੜੀ। ਅੰਗਰੇਜ਼ਾਂ ਨੇ ਉਨ੍ਹਾਂ ਨੂੰ “ਪੰਜਾਬ ਦੀ ਮੈਸਾਲੀਨਾ” ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਉਨ੍ਹਾਂ ਦੀ ਬਹਾਦਰੀ ਅਤੇ ਪ੍ਰਭਾਵ ਤੋਂ ਡਰਦੇ ਸਨ।
ਮੁੱਢਲਾ ਜੀਵਨ ਅਤੇ ਸ਼ੇਰ-ਏ-ਪੰਜਾਬ ਨਾਲ ਵਿਆਹ

ਜਿੰਦ ਕੌਰ ਦਾ ਜਨਮ 1817 ਵਿੱਚ ਸਰਦਾਰ ਮੰਨਾ ਸਿੰਘ ਔਲਖ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾ ਕਰਦੇ ਸਨ। ਜਿੰਦ ਕੌਰ ਆਪਣੀ ਬੇਮਿਸਾਲ ਸੁੰਦਰਤਾ ਅਤੇ ਤਿੱਖੀ ਬੁੱਧੀ ਲਈ ਜਾਣੀ ਜਾਂਦੀ ਸੀ। ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬੁੱਧੀ ਅਤੇ ਖ਼ੂਬਸੂਰਤੀ ਬਾਰੇ ਸੁਣਿਆ, ਤਾਂ ਉਨ੍ਹਾਂ ਨੇ 1835 ਵਿੱਚ ਜਿੰਦ ਕੌਰ ਨਾਲ ਵਿਆਹ ਕਰ ਲਿਆ। ਉਹ ਰਣਜੀਤ ਸਿੰਘ ਦੀਆਂ 18 ਰਾਣੀਆਂ ਵਿੱਚੋਂ ਸਭ ਤੋਂ ਛੋਟੀ ਰਾਣੀ ਸੀ। ਜ਼ਿਕਰਯੋਗ 1838 ਵਿੱਚ ਮਹਾਰਾਜਾ ਦਲੀਪ ਸਿੰਘ ਨੇ ਉਨ੍ਹਾਂ ਦੇ ਘਰ ਜਨਮ ਲਿਆ।
ਸਿੱਖ ਰਾਜ ਦਾ ਪਤਨ
1839 ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਸਿੱਖ ਸਾਮਰਾਜ ਵਿੱਚ ਹਫੜਾ-ਦਫੜੀ ਫੈਲ ਗਈ। ਇੱਕ ਤੋਂ ਬਾਅਦ ਇੱਕ ਵਾਰਸਾਂ (ਖਹਰ ਸਿੰਘ, ਨੌਨਿਹਾਲ ਸਿੰਘ, ਸ਼ੇਰ ਸਿੰਘ) ਦੇ ਕਤਲ ਹੋਏ। ਸਤੰਬਰ 1843 ਵਿੱਚ, ਪੰਜ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ (Regent) ਬਣਾਇਆ ਗਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦਰਬਾਰ ਸਾਜ਼ਿਸ਼ਾਂ ਦਾ ਗੜ੍ਹ ਬਣ ਚੁੱਕਾ ਸੀ ਅਤੇ ਅੰਗਰੇਜ਼ ਸਤਲੁਜ ਕੰਢੇ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਰਹੇ ਸਨ।

ਮਹਾਰਾਣੀ ਜਿੰਦ ਕੌਰ ਨੇ ਪਰਦੇ ਦੀ ਪ੍ਰਥਾ ਨੂੰ ਤਿਆਗ ਦਿੱਤਾ ਅਤੇ ਖੁੱਲ੍ਹੇ ਦਰਬਾਰ ਵਿੱਚ ਆ ਕੇ ਰਾਜ-ਕਾਜ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ। ਉਨ੍ਹਾਂ ਨੇ ਫ਼ੌਜੀ ਕੌਂਸਲਾਂ (ਪੰਚਾਇਤਾਂ) ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਸਿੱਖ ਫ਼ੌਜੀਆਂ ਨੂੰ ਆਪਣੇ ਦੇਸ਼ ਦੀ ਰਾਖੀ ਲਈ ਪ੍ਰੇਰਿਤ ਕੀਤਾ।
ਪਹਿਲੀ ਐਂਗਲੋ-ਸਿੱਖ ਜੰਗ ਅਤੇ ਗੱਦਾਰੀ

1845-46 ਦੇ ਪਹਿਲੇ ਐਂਗਲੋ-ਸਿੱਖ ਯੁੱਧ ਦੌਰਾਨ, ਮਹਾਰਾਣੀ ਜਿੰਦ ਕੌਰ ਨੇ ਫ਼ੌਜ ਦੇ ਮਨੋਬਲ ਨੂੰ ਵਧਾਉਣ ਲਈ ਭਾਸ਼ਣ ਦਿੱਤੇ ਅਤੇ ਲੜਾਈ ਲਈ ਉਤਸ਼ਾਹਿਤ ਕੀਤਾ। ਹਾਲਾਂਕਿ, ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਗੱਦਾਰ ਜਰਨੈਲਾਂ ਨੇ ਸਿੱਖ ਫੌਜ ਨਾਲ ਵਿਸ਼ਵਾਸਘਾਤ ਕੀਤਾ, ਜਿਸ ਕਾਰਨ ਸਿੱਖਾਂ ਦੀ ਹਾਰ ਹੋਈ। 9 ਮਾਰਚ 1846 ਨੂੰ “ਲਾਹੌਰ ਦੀ ਸੰਧੀ” ਹੋਈ, ਜਿਸ ਨੇ ਸਿੱਖ ਰਾਜ ਦੀਆਂ ਤਾਕਤਾਂ ਨੂੰ ਸੀਮਤ ਕਰ ਦਿੱਤਾ ਸੀ। ਅੰਗਰੇਜ਼ਾਂ ਨੇ ਮਹਾਰਾਣੀ ਨੂੰ ਪਾਸੇ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਜਾਣਦੇ ਸਨ ਕਿ ਮਹਾਰਾਣੀ ਜਿੰਦ ਕੌਰ ਦੇ ਹੁੰਦਿਆਂ ਪੰਜਾਬ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਅਸੰਭਵ ਹੈ।
ਕੈਦ, ਅਪਮਾਨ ਅਤੇ ਦੇਸ਼ ਨਿਕਾਲਾ
ਅੰਗਰੇਜ਼ਾਂ ਨੇ ਮਹਾਰਾਣੀ ‘ਤੇ ਸਾਜ਼ਿਸ਼ਾਂ ਘੜਨ ਦੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਨੌ ਸਾਲ ਦੇ ਪੁੱਤਰ ਦਲੀਪ ਸਿੰਘ ਤੋਂ ਵੱਖ ਕਰ ਦਿੱਤਾ। ਇਹ ਇੱਕ ਮਾਂ ਲਈ ਸਭ ਤੋਂ ਵੱਡਾ ਦੁੱਖ ਸੀ। ਉਨ੍ਹਾਂ ਨੂੰ ਪਹਿਲਾਂ ਸ਼ੇਖਪੁਰਾ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਅਤੇ ਫਿਰ 1848 ਵਿੱਚ ਬਨਾਰਸ ਭੇਜ ਦਿੱਤਾ ਗਿਆ ਸੀ। ਅੰਗਰੇਜ਼ਾਂ ਨੇ ਉਨ੍ਹਾਂ ਦੇ ਗਹਿਣੇ ਅਤੇ ਸ਼ਾਹੀ ਭੱਤਾ ਵੀ ਜ਼ਬਤ ਕਰ ਲਿਆ।

ਪਰ ਮਹਾਰਾਣੀ ਦੀ ਰੂਹ ਨੂੰ ਕੈਦ ਕਰਨਾ ਮੁਸ਼ਕਲ ਸੀ। ਜਦੋਂ ਦੂਜੀ ਸਿੱਖ-ਅੰਗਰੇਜ਼ ਜੰਗ ਸ਼ੁਰੂ ਹੋਈ, ਤਾਂ ਉਨ੍ਹਾਂ ਨੇ ਬਨਾਰਸ ਤੋਂ ਹੀ ਗੁਪਤ ਚਿੱਠੀਆਂ ਰਾਹੀਂ ਸਿੱਖ ਸਰਦਾਰਾਂ ਨੂੰ ਬਗਾਵਤ ਲਈ ਉਕਸਾਇਆ। ਜਦੋਂ ਅੰਗਰੇਜ਼ਾਂ ਨੂੰ ਇਸ ਦਾ ਪਤਾ ਲੱਗਾ, ਤਾਂ ਉਨ੍ਹਾਂ ਨੇ ਮਹਾਰਾਣੀ ਨੂੰ ਚੁਨਾਰ (ਚਿਨਾਰ) ਦੇ ਕਿਲ੍ਹੇ (ਉੱਤਰ ਪ੍ਰਦੇਸ਼) ਵਿੱਚ ਭੇਜ ਦਿੱਤਾ, ਜੋ ਕਿ ਬਹੁਤ ਹੀ ਸਖ਼ਤ ਜੇਲ੍ਹ ਸੀ।
ਚੁਨਾਰ ਦੇ ਕਿਲ੍ਹੇ ਤੋਂ ਫ਼ਰਾਰ ਹੋਣਾ: ਇੱਕ ਸਾਹਸੀ ਕਾਰਨਾਮਾ
ਅਪ੍ਰੈਲ 1849 ਵਿੱਚ, ਮਹਾਰਾਣੀ ਜਿੰਦ ਕੌਰ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਜਿਸ ਨੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਸੇਵਾਦਾਰਨੀ ਦੇ ਸਹਿਯੋਗ ਨਾਲ ਮਹਾਰਾਣੀ ਜਿੰਦ ਕੌਰ ਸੇਵਾਦਾਰਨੀ ਦੇ ਭੇਸ ਵਿੱਚ ਸ਼ੇਖਪੁਰਾ ਕਿਲ੍ਹੇ ਦੇ ਪਹਿਰੇਦਾਰਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਫ਼ਰਾਰ ਹੋ ਗਈ। ਉਹ 800 ਮੀਲ ਦੀ ਦੂਰੀ ਤੈਅ ਕਰਕੇ ਨੇਪਾਲ ਪਹੁੰਚੀ। ਨੇਪਾਲ ਦੇ ਰਾਜੇ ਨੇ ਉਨ੍ਹਾਂ ਨੂੰ ਸਿਆਸੀ ਸ਼ਰਨ ਦਿੱਤੀ। ਉਥੇ ਰਹਿੰਦਿਆਂ ਵੀ ਉਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਲਈ ਸੰਪਰਕ ਬਣਾਈ ਰੱਖਿਆ, ਪਰ ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ।
ਮਾਂ-ਪੁੱਤ ਦਾ ਮਿਲਾਪ ਅਤੇ ਆਖ਼ਰੀ ਦਿਨ

ਕਈ ਸਾਲਾਂ ਦੀ ਲੰਬੀ ਜਲਾਵਤਨੀ ਤੋਂ ਬਾਅਦ, 1861 ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣ ਦੀ ਇਜਾਜ਼ਤ ਮਿਲੀ। ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ। ਜਦੋਂ ਉਹ ਕਲਕੱਤੇ ਦੇ ਸਪੈਂਸ ਹੋਟਲ ਵਿੱਚ ਮਿਲੇ, ਤਾਂ ਮਹਾਰਾਣੀ ਨੇ ਆਪਣੇ ਪੁੱਤਰ ਦੇ ਸਿਰ ‘ਤੇ ਹੱਥ ਫੇਰਿਆ ਅਤੇ ਪਛਾਣ ਲਿਆ ਕਿ ਉਸਦੇ ਪੁੱਤਰ ਦੇ ਕੇਸ ਕੱਟੇ ਹੋਏ ਸਨ। ਇਹ ਉਨ੍ਹਾਂ ਲਈ ਬਹੁਤ ਦੁਖਦਾਈ ਸੀ।
ਉਹ ਦਲੀਪ ਸਿੰਘ ਨਾਲ ਇੰਗਲੈਂਡ ਚਲੇ ਗਏ। ਉਥੇ ਉਨ੍ਹਾਂ ਨੇ ਦਲੀਪ ਸਿੰਘ ਨੂੰ ਉਸ ਦੇ ਸ਼ਾਨਦਾਰ ਸਿੱਖ ਵਿਰਾਸਤ ਅਤੇ ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਸੁਣਾ ਕੇ ਉਸਦੇ ਮਨ ਵਿੱਚ ਆਪਣੇ ਧਰਮ ਅਤੇ ਰਾਜ ਪ੍ਰਤੀ ਭਾਵਨਾ ਨੂੰ ਜਗਾਇਆ।
1 ਅਗਸਤ 1863 ਨੂੰ ਰਾਣੀ ਜਿੰਦ ਕੌਰ ਨੇ ਲੰਡਨ ਦੇ ਐਬਿੰਗਟਨ ਹਾਊਸ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਨੂੰ ਪੰਜਾਬ ਦੀ ਧਰਤੀ ਵਿੱਚ ਦਫ਼ਨਾਇਆ ਜਾਵੇ, ਪਰ ਅੰਗਰੇਜ਼ ਸਰਕਾਰ ਨੇ ਡਰ ਕਾਰਨ ਇਸ ਦੀ ਇਜਾਜ਼ਤ ਨਹੀਂ ਦਿੱਤੀ। ਅੰਤ ਵਿੱਚ ਉਨ੍ਹਾਂ ਦਾ ਸਸਕਾਰ ਨਾਸਿਕ (ਮਹਾਰਾਸ਼ਟਰ) ਵਿਖੇ ਗੋਦਾਵਰੀ ਨਦੀ ਦੇ ਕੰਢੇ ਹੋਇਆ। ਬਾਅਦ ਵਿੱਚ ਮਹਾਰਾਣੀ ਜਿੰਦ ਕੌਰ ਦੀਆਂ ਅਸਥੀਆਂ ਨੂੰ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਵੱਲੋਂ ਲਾਹੌਰ ਲਿਜਾਇਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਦਫ਼ਨਾਈਆਂ ਗਈਆਂ।
ਇਤਿਹਾਸਕ ਮਹੱਤਤਾ ਅਤੇ ਵਿਰਾਸਤ
ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰ ਨੂੰ “ਪੰਜਾਬ ਦੀ ਮੈਸਾਲੀਨਾ” ਜਾਂ ਇੱਕ “ਭੜਕਾਊ ਔਰਤ” ਵਜੋਂ ਪੇਸ਼ ਕੀਤਾ ਪਰ ਆਧੁਨਿਕ ਇਤਿਹਾਸਕਾਰ ਉਨ੍ਹਾਂ ਨੂੰ ਸਿੱਖ ਰਾਜ ਦੀ ਹਿੰਮਤੀ ਨਾਇਕਾ ਮੰਨਦੇ ਹਨ। ਅਸਲ ਵਿੱਚ, ਉਹ ਭਾਰਤ ਦੀਆਂ ਪਹਿਲੀਆਂ ਮਹਿਲਾ ਸੁਤੰਤਰਤਾ ਸੰਗਰਾਮੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਉਸ ਸਮੇਂ ਅੰਗਰੇਜ਼ਾਂ ਦਾ ਵਿਰੋਧ ਕੀਤਾ ਜਦੋਂ ਵੱਡੇ-ਵੱਡੇ ਰਾਜੇ-ਮਹਾਰਾਜੇ ਆਪਣੇ ਗੋਡੇ ਟੇਕ ਚੁੱਕੇ ਸਨ।
ਮਹਾਰਾਣੀ ਜਿੰਦ ਕੌਰ ਦਾ ਜੀਵਨ ਇੱਕ ਦੁਖਾਂਤ ਅਤੇ ਇੱਕ ਮਿਸਾਲ ਵੀ ਹੈ। ਉਹ ਸਿੱਖ ਰਾਜ ਦੇ ਉਸ ਆਖਰੀ ਦੀਵੇ ਵਾਂਗ ਸਨ ਜਿਸ ਨੇ ਬੁਝਣ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੇ ਹਨੇਰੇ ਨੂੰ ਚੁਣੌਤੀ ਦਿੱਤੀ। ਅੱਜ ਜਦੋਂ ਅਸੀਂ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਮਹਾਰਾਣੀ ਜਿੰਦ ਦੀ ਸ਼ਖ਼ਸੀਅਤ ਇੱਕ “ਬਾਗ਼ੀ ਰਾਣੀ” ਵਜੋਂ ਚਮਕਦੀ ਹੈ, ਜਿਸ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ। ਉਹ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਹੀ ਨਹੀਂ ਸੀ, ਸਗੋਂ ਆਪਣੇ ਆਪ ਵਿੱਚ ਇੱਕ ਅਜਿਹਾ ਇਤਿਹਾਸ ਸੀ ਜੋ ਅੱਜ ਵੀ ਹਰ ਪੰਜਾਬੀ ਦੇ ਮਨ ਵਿੱਚ ਅਣਖ ਤੇ ਆਜ਼ਾਦੀ ਦੀ ਚਿਣਗ ਪੈਦਾ ਕਰਦਾ ਹੈ।



Leave a Comment