ਜਦੋਂ ਸੋਸ਼ਲ ਮੀਡੀਆ ‘ਤੇ ਗੁੱਸਾ ਤੇ ਦੋਸ਼ ਸਬੂਤਾਂ ਨਾਲੋਂ ਤੇਜ਼ੀ ਨਾਲ ਫੈਲਦੇ ਹਨ, ਇਹ ਫਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਨਤਕ ਸ਼ੱਕ ਦੀ ਕੀਮਤ ਆਖਰਕਾਰ ਇਨਸਾਨਾਂ ਨੂੰ ਹੀ ਚੁਕਾਉਣੀ ਪੈਂਦੀ ਹੈ। ਜਿਸ ਪਲ ਕਿਸੇ ਦੋਸ਼ ਦੀ ਗੱਲ ਜਨਤਕ ਹੋ ਜਾਂਦੀ ਹੈ, ਉਸੇ ਪਲ ਕਿਸੇ ਵਿਅਕਤੀ ਦੀ ਜ਼ਿੰਦਗੀ ਮਿੰਟਾਂ ਵਿੱਚ ਬਦਲ ਸਕਦੀ ਹੈ। ਕਰੀਅਰ ਅਚਾਨਕ ਰੁਕ ਜਾਂਦੇ ਹਨ, ਰਿਸ਼ਤੇ ਕੰਬਣ ਲੱਗ ਪੈਂਦੇ ਹਨ ਅਤੇ ਦਹਾਕਿਆਂ ਵਿੱਚ ਬਣੀ ਇੱਜ਼ਤ ਢਹਿ-ਢੇਰੀ ਹੋਣ ਲੱਗਦੀ ਹੈ। ਅਕਸਰ ਉਸ ਤੋਂ ਪਹਿਲਾਂ ਹੀ ਜਦੋਂ ਕੋਈ ਜਾਂਚ ਪੂਰੀ ਵੀ ਨਹੀਂ ਹੋਈ ਹੁੰਦੀ। ਨੈੱਟਫਲਿਕਸ ‘ਤੇ ਫਿਲਮ Accused ਵੇਖਦੇ ਹੋਏ ਇਹ ਅਹਿਸਾਸ ਹੋਇਆ ਕਿ ਵਾਇਰਲ ਫੈਸਲਿਆਂ ਦੇ ਇਸ ਦੌਰ ਵਿੱਚ ਇਹ ਹਕੀਕਤ ਕਿੰਨੀ ਡਰਾਉਣੀ ਤਰ੍ਹਾਂ ਜਾਣੂ ਬਣ ਚੁੱਕੀ ਹੈ।

ਫਿਲਮ ਦੀ ਕਹਾਣੀ ਇੱਕ ਇੱਜ਼ਤਦਾਰ ਪੇਸ਼ੇਵਰ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਜ਼ਿੰਦਗੀ ਉਸ ਵੇਲੇ ਬਿਖਰਨ ਲੱਗਦੀ ਹੈ, ਜਦੋਂ ਉਸ ‘ਤੇ ਦੋਸ਼ ਲੱਗਦੇ ਹਨ। ਪਰ ਫਿਲਮ ਸਿਰਫ ਇਹ ਨਹੀਂ ਪੁੱਛਦੀ ਕਿ, ਉਹ ਦੋਸ਼ ਸੱਚੇ ਹਨ ਜਾਂ ਝੂਠੇ। ਇਹ ਉਸ ਅਸਹਿਜ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ, ਜਦੋਂ ਸੱਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਦੋਸ਼ ਜਨਤਕ ਹੋ ਜਾਣ, ਤਾਂ ਇੱਕ ਇਨਸਾਨ, ਉਸ ਦੇ ਰਿਸ਼ਤੇ ਅਤੇ ਉਸ ਦੀ ਸਾਖ ਨਾਲ ਕੀ ਹੁੰਦਾ ਹੈ?
ਅੱਜ ਦੀ ਦੁਨੀਆ ਵਿੱਚ ਦੋਸ਼ ਲੰਮਾ ਸਮਾਂ ਨਿਜੀ ਨਹੀਂ ਰਹਿੰਦੇ। ਇੱਕ ਗੱਲਬਾਤ ਵਿੱਚ ਉੱਠੀ ਗੱਲ ਕੁਝ ਘੰਟਿਆਂ ਵਿੱਚ ਖ਼ਬਰ ਬਣ ਸਕਦੀ ਹੈ ਅਤੇ ਫਿਰ ਸੋਸ਼ਲ ਮੀਡੀਆ ਦੇ ਗੁੱਸੇ ਦਾ ਰੂਪ ਧਾਰ ਸਕਦੀ ਹੈ। ਇੱਕ ਵਾਰੀ ਇਹ ਸਿਲਸਿਲਾ ਸ਼ੁਰੂ ਹੋ ਜਾਵੇ ਤਾਂ ਨਤੀਜੇ ਤੁਰੰਤ ਦਿਖਣ ਲੱਗਦੇ ਹਨ, ਅਕਸਰ ਜਾਂਚ ਪੂਰੀ ਹੋਣ ਤੋਂ ਕਾਫ਼ੀ ਪਹਿਲਾਂ ਹੀ।
ਦੋਸ਼ ਦਾ ਸਭ ਤੋਂ ਡਰਾਉਣਾ ਹਿੱਸਾ, ਹਮੇਸ਼ਾ ਕਾਨੂੰਨੀ ਕਾਰਵਾਈ ਨਹੀਂ ਹੁੰਦਾ

Accused ਵੇਖਦੇ ਸਮੇਂ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਦੋਸ਼ ਦਾ ਸਭ ਤੋਂ ਡਰਾਉਣਾ ਹਿੱਸਾ ਹਮੇਸ਼ਾ ਕਾਨੂੰਨੀ ਕਾਰਵਾਈ ਨਹੀਂ ਹੁੰਦਾ। ਅਸਲ ਡਰ ਉਸ ਪਲ ਵਿੱਚ ਹੁੰਦਾ ਹੈ ਜਦੋਂ ਸ਼ੱਕ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਾਖਲ ਹੋ ਜਾਂਦਾ ਹੈ। ਦੋਸਤ ਹੌਲੀ-ਹੌਲੀ ਦੂਰ ਹੋਣ ਲੱਗਦੇ ਹਨ। ਸਹਿਕਰਮੀ ਸੰਭਲ ਕੇ ਗੱਲ ਕਰਦੇ ਹਨ। ਜਿਹੜੇ ਲੋਕ ਪਹਿਲਾਂ ਖੁੱਲ੍ਹ ਕੇ ਮਿਲਦੇ ਸਨ, ਉਹ ਅਚਾਨਕ ਚੁੱਪ ਹੋ ਜਾਂਦੇ ਹਨ। ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਅਨਿਸ਼ਚਿਤਤਾ ਦੇ ਇੱਕ ਧੁੰਦਲੇ ਘੇਰੇ ਵਿੱਚ ਜੀਉਣ ਲੱਗਦਾ ਹੈ, ਜਦਕਿ ਉਸ ਦੇ ਆਲੇ-ਦੁਆਲੇ ਦੇ ਲੋਕ ਵੀ ਇਹ ਫੈਸਲਾ ਨਹੀਂ ਕਰ ਪਾਉਂਦੇ ਕਿ ਕੀ ਮੰਨਣਾ ਹੈ?
ਇਹ ਤਣਾਅ ਸਿਰਫ ਫਿਲਮ ਦੀ ਕਹਾਣੀ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਖੋਜਕਰਤਾ ਵੀ ਇਸ ਗੱਲ ਦਾ ਅਧਿਐਨ ਕਰਨ ਲੱਗੇ ਹਨ ਕਿ ਜਨਤਕ ਦੋਸ਼ ਸਮਾਜਿਕ ਵਰਤਾਰੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਖ਼ਾਸ ਕਰਕੇ ਡਿਜੀਟਲ ਮੀਡੀਆ ਦੇ ਦੌਰ ਵਿੱਚ।

2021 ਵਿੱਚ ਜਰਨਲ ‘ਨੇਚਰ ਹਿਊਮਨ ਬਿਹੇਵੀਅਰ’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਦਰਸਾਇਆ ਕਿ ਸੋਸ਼ਲ ਮੀਡੀਆ ‘ਤੇ ਨੈਤਿਕ ਗੁੱਸੇ ਵਾਲੀਆਂ ਪੋਸਟਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਅਤੇ ਹੋਰ ਲੋਕਾਂ ਨੂੰ ਵੀ ਉਸੇ ਤਰ੍ਹਾਂ ਦੀ ਨਿੰਦਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੀਆਂ ਹਨ। ਖੋਜਕਾਰਾਂ ਦੇ ਮੁਤਾਬਕ ਗੁੱਸੇ ਜਾਂ ਨੈਤਿਕ ਫੈਸਲੇ ਵਾਲੀਆਂ ਪੋਸਟਾਂ ਨੂੰ ਨਿਰਪੱਖ ਜਾਣਕਾਰੀ ਨਾਲੋਂ ਕਈ ਗੁਣਾ ਵੱਧ ਪ੍ਰਤੀਕਿਰਿਆ ਮਿਲਦੀ ਹੈ। ਅਸਲ ਵਿੱਚ ਇਸ ਦਾ ਮਤਲਬ ਇਹ ਹੈ ਕਿ ਦੋਸ਼ ਇੰਟਰਨੈੱਟ ‘ਤੇ ਬੇਹੱਦ ਤੇਜ਼ੀ ਨਾਲ ਫੈਲ ਸਕਦੇ ਹਨ, ਅਕਸਰ ਉਨ੍ਹਾਂ ਲੋਕਾਂ ਰਾਹੀਂ ਜੋ ਮਾਮਲੇ ਦੀ ਪੂਰੀ ਜਾਣਕਾਰੀ ਵੀ ਨਹੀਂ ਰੱਖਦੇ। ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਇੰਟਰਨੈੱਟ ਗੁੱਸੇ ਨੂੰ ਇਨਾਮ ਦਿੰਦਾ ਹੈ। ਇਸ ਕਰਕੇ ਹੀ Accused ਵਿੱਚ ਦਿਖਾਈ ਗਈ ਸਥਿਤੀ ਹਕੀਕਤ ਵਿੱਚ ਵੀ ਵਧੇਰੇ ਦਿਖਣ ਲੱਗੀ ਹੈ।
ਡਿਜੀਟਲ ਯੁੱਗ ਵਿੱਚ ਅਟਕਲਾਂ ਕਿੰਨੀ ਤੇਜ਼ੀ ਨਾਲ ਜਨਤਕ ਦੋਸ਼ਾਂ ਵਿੱਚ ਬਦਲ ਸਕਦੀਆਂ ਨੇ?

ਡਿਜੀਟਲ ਯੁੱਗ ਵਿੱਚ ਜਨਤਕ ਮੰਚ ਕਈ ਵਾਰ ਅਦਾਲਤ ਵਾਂਗ ਵਰਤਾਅ ਕਰਨ ਲੱਗਦਾ ਹੈ, ਜਿਥੇ ਫੈਸਲੇ ਤੁਰੰਤ ਸੁਣਾ ਦਿੱਤੇ ਜਾਂਦੇ ਹਨ। ਇਸ ਦੀ ਇੱਕ ਡਰਾਉਣੀ ਮਿਸਾਲ 2013 ਵਿੱਚ ਅਮਰੀਕਾ ਦੇ ਬੋਸਟਨ ਮੈਰਾਥਨ ਧਮਾਕਿਆਂ ਤੋਂ ਬਾਅਦ ਸਾਹਮਣੇ ਆਈ। ਜਦੋਂ ਅਧਿਕਾਰੀ ਸ਼ੱਕੀ ਲੋਕਾਂ ਦੀ ਭਾਲ ਕਰ ਰਹੇ ਸਨ, ਉਸੇ ਵੇਲੇ ਇੰਟਰਨੈੱਟ ਉਪਭੋਗਤਾਵਾਂ ਨੇ ਖੁਦ ਤਸਵੀਰਾਂ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਕੁਝ ਹੀ ਘੰਟਿਆਂ ਵਿੱਚ ਆਨਲਾਈਨ ਕਮਿਊਨਿਟੀਆਂ ਨੇ ਗਲਤੀ ਨਾਲ ਇੱਕ ਲਾਪਤਾ ਕਾਲਜ ਵਿਦਿਆਰਥੀ ਸੁਨੀਲ ਤ੍ਰਿਪਾਠੀ ਨੂੰ ਸ਼ੱਕੀ ਵਿਅਕਤੀ ਵਜੋਂ ਦਰਸਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਤਸਵੀਰ ਅਤੇ ਨਾਮ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਗਏ ਅਤੇ ਕੁਝ ਖ਼ਬਰ ਚੈਨਲਾਂ ‘ਤੇ ਵੀ ਦਿਖਾਈ ਗਈ। ਹਕੀਕਤ ਇਹ ਸੀ ਕਿ, ਤ੍ਰਿਪਾਠੀ ਦਾ ਉਸ ਹਮਲੇ ਨਾਲ ਕੋਈ ਸੰਬੰਧ ਨਹੀਂ ਸੀ। ਉਸ ਦੇ ਪਰਿਵਾਰ ਲਈ ਇਹ ਤਜਰਬਾ ਬਹੁਤ ਦਰਦਨਾਕ ਸੀ। ਜਦੋਂ ਉਹ ਆਪਣੇ ਪੁੱਤਰ ਦੀ ਖੋਜ ਕਰ ਰਹੇ ਸਨ, ਉਸੇ ਵੇਲੇ ਉਸ ਦਾ ਨਾਮ ਦੁਨੀਆ ਭਰ ਵਿੱਚ ਇੱਕ ਸ਼ੱਕੀ ਅੱਤਵਾਦੀ ਵਜੋਂ ਫੈਲ ਰਿਹਾ ਸੀ। ਇਹ ਮਾਮਲਾ ਇਸ ਗੱਲ ਦੀ ਤਿੱਖੀ ਯਾਦ ਦਿਵਾਉਂਦਾ ਹੈ ਕਿ ਡਿਜੀਟਲ ਯੁੱਗ ਵਿੱਚ ਅਟਕਲਾਂ ਕਿੰਨੀ ਤੇਜ਼ੀ ਨਾਲ ਜਨਤਕ ਦੋਸ਼ਾਂ ਵਿੱਚ ਬਦਲ ਸਕਦੀਆਂ ਹਨ।
ਇੱਕ ਹੋਰ ਉਦਾਹਰਣ 2019 ਵਿੱਚ ਸਾਹਮਣੇ ਆਈ ਜਦੋਂ ਅਮਰੀਕਾ ਦੇ ਹਾਈ ਸਕੂਲ ਵਿਦਿਆਰਥੀ ਨਿਕ ਸੈਂਡਮੈਨ ਦੀ ਇੱਕ ਛੋਟੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਸ ਛੋਟੀ ਕਲਿੱਪ ਦੇ ਆਧਾਰ ‘ਤੇ ਲੱਖਾਂ ਲੋਕਾਂ ਨੇ ਤੁਰੰਤ ਆਪਣੀ ਰਾਏ ਬਣਾ ਲਈ। ਬਾਅਦ ਵਿੱਚ ਜਦੋਂ ਪੂਰੀ ਵੀਡੀਓ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਸਥਿਤੀ ਕਾਫ਼ੀ ਜਟਿਲ ਸੀ। ਸੈਂਡਮੈਨ ਨੇ ਬਾਅਦ ਵਿੱਚ ਕਈ ਮੀਡੀਆ ਸੰਸਥਾਵਾਂ ਖ਼ਿਲਾਫ਼ ਮਾਣਹਾਣੀ ਦੇ ਮਾਮਲੇ ਦਰਜ ਕਰਵਾਏ, ਇਹ ਕਹਿੰਦੇ ਹੋਏ ਕਿ ਜਲਦੀ ਕੀਤੀ ਗਈ ਰਿਪੋਰਟਿੰਗ ਨੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ। ਇਹ ਮਾਮਲੇ ਇੱਕ ਵੱਡਾ ਪੈਟਰਨ ਦਿਖਾਉਂਦੇ ਹਨ, ਜਦੋਂ ਦੋਸ਼ ਜਨਤਕ ਚਰਚਾ ਵਿੱਚ ਆ ਜਾਂਦੇ ਹਨ, ਤਾਂ ਸਾਖ ਨੂੰ ਨੁਕਸਾਨ ਹੋ ਸਕਦਾ ਹੈ ਭਾਵੇਂ ਅੰਤਿਮ ਸੱਚ ਜੋ ਵੀ ਨਿਕਲੇ।
ਅਨਿਸ਼ਚਿਤ ਰਹਿਣਾ ਜਾਂ ਨਿਰਪੱਖ ਰਹਿਣਾ ਅਕਸਰ ਔਖਾ ਲੱਗਦਾ

ਮਨੋਵਿਗਿਆਨੀ ਕਹਿੰਦੇ ਹਨ ਕਿ ਇਹ ਇਸ ਲਈ ਹੁੰਦਾ ਹੈ ਕਿਉਂਕਿ ਮਨੁੱਖ ਕੁਦਰਤੀ ਤੌਰ ‘ਤੇ ਨੈਤਿਕ ਸਪਸ਼ਟਤਾ ਲੱਭਦੇ ਹਨ। ਜਦੋਂ ਕਿਸੇ ਗਲਤ ਕੰਮ ਦੇ ਦੋਸ਼ ਸਾਹਮਣੇ ਆਉਂਦੇ ਹਨ, ਲੋਕ ਤੁਰੰਤ ਪੱਖ ਲੈਣ ਦੀ ਲੋੜ ਮਹਿਸੂਸ ਕਰਦੇ ਹਨ। ਅਨਿਸ਼ਚਿਤ ਰਹਿਣਾ ਜਾਂ ਨਿਰਪੱਖ ਰਹਿਣਾ ਅਕਸਰ ਔਖਾ ਲੱਗਦਾ ਹੈ। ਪਰ ਨਿਆਂ ਪ੍ਰਣਾਲੀ ਬਿਲਕੁਲ ਵੱਖਰੇ ਤਰੀਕੇ ਨਾਲ ਕੰਮ ਕਰਦੀ ਹੈ। ਅਦਾਲਤਾਂ ਜਾਨ ਬੂਝ ਕੇ ਹੌਲੀ ਚਲਦੀਆਂ ਹਨ। ਸਬੂਤ ਧਿਆਨ ਨਾਲ ਵੇਖੇ ਜਾਂਦੇ ਹਨ। ਗਵਾਹੀਆਂ ਦੀ ਜਾਂਚ ਹੁੰਦੀ ਹੈ। ਕਾਨੂੰਨੀ ਨਤੀਜੇ ਤੱਕ ਪਹੁੰਚਣ ਵਿੱਚ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਜਨਤਕ ਫੈਸਲੇ ਕਾਨੂੰਨੀ ਕਾਰਵਾਈ ਨਾਲੋਂ ਕਈ ਗੁਣਾ ਤੇਜ਼ੀ ਨਾਲ ਹੋਣ ਲੱਗਦੇ ਹਨ।
ਅਮਰੀਕਾ ਵਿੱਚ ਸਥਿਤ ਯੇਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੀ ਇਹ ਅਧਿਐਨ ਕੀਤਾ ਕਿ ਲੋਕ ਆਨਲਾਈਨ ਨੈਤਿਕ ਫੈਸਲੇ ਕਿਵੇਂ ਬਣਾਉਂਦੇ ਹਨ? ਉਨ੍ਹਾਂ ਨੂੰ ਪਤਾ ਲੱਗਿਆ ਕਿ ਜੋ ਲੋਕ ਸੋਸ਼ਲ ਮੀਡੀਆ ‘ਤੇ ਕਿਸੇ ਮਾਮਲੇ ਬਾਰੇ ਤਿੱਖੀ ਰਾਏ ਜਨਤਕ ਤੌਰ ‘ਤੇ ਦਿੰਦੇ ਹਨ, ਉਹ ਬਾਅਦ ਵਿੱਚ ਆਪਣੀ ਰਾਏ ਬਦਲਣ ਵਿੱਚ ਘੱਟ ਤਿਆਰ ਹੁੰਦੇ ਹਨ, ਕਿਉਂਕਿ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨਣਾ ਔਖਾ ਲੱਗਦਾ ਹੈ। ਇਹ ਮਨੋਵਿਗਿਆਨਕ ਰੁਝਾਨ ਹੀ ਕਈ ਵਾਰ ਵੱਡੇ ਵਿਵਾਦਾਂ ਨੂੰ ਹੋਰ ਧੁਰਿਆਂ ਵਿੱਚ ਵੰਡ ਦਿੰਦਾ ਹੈ।
ਜਦੋਂ ਸ਼ੱਕ ਰਿਸ਼ਤਿਆਂ ਵਿੱਚ ਦਾਖਲ ਹੁੰਦਾ ਹੈ ਤਾਂ…

Accused ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਦੋਸ਼ਾਂ ਦਾ ਪ੍ਰਭਾਵ ਨਿਜੀ ਰਿਸ਼ਤਿਆਂ ‘ਤੇ ਕਿਵੇਂ ਪੈਂਦਾ ਹੈ? ਫਿਲਮ ਬਹੁਤ ਸੂਖਮ ਢੰਗ ਨਾਲ ਦਿਖਾਉਂਦੀ ਹੈ ਕਿ ਜਦੋਂ ਸ਼ੱਕ ਰਿਸ਼ਤਿਆਂ ਵਿੱਚ ਦਾਖਲ ਹੁੰਦਾ ਹੈ ਤਾਂ ਭਰੋਸਾ ਹੌਲੀ-ਹੌਲੀ ਕਿਵੇਂ ਘਿਸਣ ਲੱਗਦਾ ਹੈ? ਸਮਾਜ ਸ਼ਾਸਤਰੀ ਇਸ ਨੂੰ “ਸੈਕੰਡਰੀ ਸਟਿਗਮਾ” (Secondary Stigma) ਕਹਿੰਦੇ ਹਨ। ਜਦੋਂ ਕਿਸੇ ਵਿਅਕਤੀ ‘ਤੇ ਗੰਭੀਰ ਦੋਸ਼ ਲੱਗਦੇ ਹਨ, ਤਾਂ ਉਸ ਦਾ ਦਾਗ਼ ਸਿਰਫ ਉਸੇ ਤੱਕ ਸੀਮਿਤ ਨਹੀਂ ਰਹਿੰਦਾ। ਇਹ ਉਸ ਦੇ ਪਰਿਵਾਰ, ਸਾਥੀ ਅਤੇ ਦੋਸਤਾਂ ਤੱਕ ਵੀ ਫੈਲ ਜਾਂਦਾ ਹੈ। ਕੈਂਬ੍ਰਿਜ ਯੂਨੀਵਰਸਿਟੀ ਦੀ ਖੋਜ ਮੁਤਾਬਕ, ਦੋਸ਼ੀ ਠਹਿਰਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਅਕਸਰ ਸਮਾਜਿਕ ਤਨਹਾਈ, ਸ਼ਰਮ ਅਤੇ ਮਨੋਵਿਗਿਆਨਕ ਦਬਾਅ ਦਾ ਸਾਹਮਣਾ ਕਰਦੇ ਹਨ। ਕਈ ਵਾਰ ਉਨ੍ਹਾਂ ਨੂੰ ਆਪਣੇ ਪਿਆਰੇ ਵਿਅਕਤੀ ਦਾ ਜਨਤਕ ਤੌਰ ‘ਤੇ ਬਚਾਅ ਕਰਨ ਜਾਂ ਖੁਦ ਨੂੰ ਦੂਰ ਕਰਨ ਦੇ ਦਬਾਅ ਵਿੱਚ ਰਹਿਣਾ ਪੈਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਦਾ ਭਾਵਨਾਤਮਕ ਬੋਝ ਬਹੁਤ ਡੂੰਘਾ ਹੋ ਸਕਦਾ ਹੈ।
ਅਜੋਕੇ ਯੁੱਗ ‘ਚ ਗੁੱਸਾ, ਸਬੂਤਾਂ ਨਾਲੋਂ ਵੀ ਤੇਜ਼ੀ ਨਾਲ ਫੈਲਦਾ!
ਇਹੀ ਕਾਰਨ ਹੈ ਕਿ Accused ਵਰਗੀਆਂ ਕਹਾਣੀਆਂ ਇੰਨੀਆਂ ਪ੍ਰਭਾਵਸ਼ਾਲੀ ਲੱਗਦੀਆਂ ਹਨ। ਇਹ ਸਾਨੂੰ ਇੱਕ ਅਜਿਹੀ ਦੁਨੀਆ ਦਾ ਦਰਪਣ ਦਿਖਾਉਂਦੀਆਂ ਹਨ ਜਿਥੇ ਨਿਆਂ ਸਿਰਫ ਅਦਾਲਤਾਂ ਵਿੱਚ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਦੀਆਂ ਪੋਸਟਾਂ, ਖ਼ਬਰਾਂ ਦੀਆਂ ਚਰਚਾਵਾਂ ਅਤੇ ਨਿਜੀ ਰਿਸ਼ਤਿਆਂ ਦੀਆਂ ਸ਼ੱਕ ਭਰੀਆਂ ਗੱਲਬਾਤਾਂ ਵਿੱਚ ਵੀ ਤੈਅ ਹੋਣ ਲੱਗਦਾ ਹੈ। ਫਿਲਮ ਸਾਨੂੰ ਕੋਈ ਸੌਖਾ ਜਵਾਬ ਨਹੀਂ ਦਿੰਦੀ। ਪਰ ਇਹ ਇੱਕ ਅਸਹਿਜ ਸੱਚ ਸਾਹਮਣੇ ਰੱਖਦੀ ਹੈ, ਜਦੋਂ ਇੱਕ ਦੋਸ਼ ਜਨਤਕ ਹੋ ਜਾਂਦਾ ਹੈ, ਉਸ ਪਲ ਤੋਂ ਹੀ ਨੁਕਸਾਨ ਸ਼ੁਰੂ ਹੋ ਸਕਦਾ ਹੈ। ਅੱਜ ਦੇ ਦੌਰ ਵਿੱਚ ਜਦੋਂ ਗੁੱਸਾ ਸਬੂਤਾਂ ਨਾਲੋਂ ਤੇਜ਼ੀ ਨਾਲ ਫੈਲਦਾ ਹੈ, ਸਮਾਜ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਿਰਫ ਨਿਆਂ ਦੀ ਨਹੀਂ, ਸਗੋਂ ਨਿਆਂਸੰਗਤਾ (Fairness) ਦੀ ਵੀ ਹੈ।
ਸ਼ਾਇਦ ਸਭ ਤੋਂ ਜ਼ਿੰਮੇਵਾਰ ਕਦਮ ਇਹੀ ਹੈ ਕਿ ਅਸੀਂ ਥੋੜ੍ਹਾ ਰੁਕ ਕੇ ਸੋਚੀਏ, ਤੱਥਾਂ ਦੀ ਉਡੀਕ ਕਰੀਏ, ਨਾ ਕਿ ਤੁਰੰਤ ਫੈਸਲਾ ਸੁਣਾ ਦੇਈਏ। ਕਿਉਂਕਿ ਇੱਕ ਵਾਰ ਜਨਤਕ ਸ਼ੱਕ ਹੇਠਾਂ ਡਿੱਗੀ ਸਾਖ ਨੂੰ ਮੁੜ ਖੜ੍ਹਾ ਕਰਨ ਵਿੱਚ ਕਈ ਵਾਰ ਉਨ੍ਹਾਂ ਕੁਝ ਸਕਿੰਟਾਂ ਨਾਲੋਂ ਕਈ ਗੁਣਾ ਵੱਧ ਸਮਾਂ ਲੱਗਦਾ ਹੈ ਜਿਨ੍ਹਾਂ ਵਿੱਚ ਉਹ ਦੋਸ਼ ਵਾਇਰਲ ਹੋਏ ਸਨ।



Leave a Comment