Relations between Punjab and Iran

ਗੁਰੂ ਨਾਨਕ ਦੇਵ ਜੀ, ਫਾਰਸੀ ਸੱਭਿਆਚਾਰ ਅਤੇ ਸਿੱਖ ਇਤਿਹਾਸ ਪੰਜਾਬ ਨੂੰ ਈਰਾਨ ਨਾਲ ਕਿਵੇਂ ਜੋੜਦੇ ਹਨ

ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਬਣਿਆ ਸ਼ਬਦ ਹੈ ਇਹ ਸ਼ਬਦ “ਪੰਜ” + “ਆਬ” ਹਨ । ਪੰਜ ਦਾ ਅਰਥ “ਪੰਜ” (Five) ਅਤੇ ਆਬ ਦਾ ਅਰਥ “ਪਾਣੀ” (Water)। ਇਸਦਾ ਅਰਥ ਹੈ ਕਿ ਪੰਜਾਬ ਸ਼ਬਦ ਦਾ ਮਤਲਬ “ਪੰਜ ਦਰਿਆਵਾਂ ਦੀ ਧਰਤੀ” ਤੋਂ ਲਿਆ ਜਾਂਦਾ ਹੈ । ਇਹ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਹਨ । ਫ਼ਾਰਸੀ ਭਾਸ਼ਾ ਮੁੱਖ ਤੌਰ ਤੇ ਈਰਾਨ ਦੇਸ਼ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਜੋ ਪੰਜਾਬ ਅਤੇ ਈਰਾਨ ਦੇ ਪੁਰਾਤਨ ਆਪਸੀ ਸੰਬੰਧਾਂ ਨੂੰ ਦਰਸਾਉਂਦੀ ਹੈ । ਮੁਹੰਮਦ-ਬਿਨ-ਕਾਸਮ (712 A.D.) ਦੇ ਹਮਲੇ ਤੋਂ ਬਾਅਦ ਭਾਰਤ ਦੇ ਸਿੰਧ ਦੇ ਇਲਾਕੇ ਵਿੱਚ ਬਹੁਤ ਸਾਰੇ ਮੁਸਲਮਾਨ ਲੋਕ ਆ ਕੇ ਵਸ ਗਏ । ਇਹਨਾਂ ਮੁਸਲਮਾਨਾਂ ਦੇ ਸਿੰਧ ਚ ਆ ਕੇ ਵਸਣ ਨਾਲ ਇਸ ਇਲਾਕੇ ਵਿੱਚ ਸਥਾਨਕ ਭਾਸ਼ਾ ਅਤੇ ਅਰਬੀ ਭਾਸ਼ਾ ਦੀ ਸੁਮੇਲ ਭਾਸ਼ਾ ਬੋਲੀ ਜਾਣ ਲੱਗੀ ਜਿਸ ਨੂੰ ਸਿੰਧੀ ਭਾਸ਼ਾ ਦੇ ਨਾਂ ਨਾਲ ਜਾਣਿਆ ਗਿਆ । ਸਿੰਧ ਦੇ ਇਲਾਕੇ ਵਿੱਚ ਸਿੰਧੀ ਤੇ ਭਾਰਤ ਦੇ ਬਾਕੀ ਇਲਾਕੇ ਵਿੱਚ ਹਿੰਦਾਵੀ ਭਾਸ਼ਾ ਬੋਲੀ ਜਾਂਦੀ ਸੀ ਇਸੇ ਕਰਕੇ ਸਿੰਧ ਦੇ ਇਲਾਕੇ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਅਤੇ ਭਾਰਤ ਦੀ ਭਾਸ਼ਾ ਨੂੰ ਹਿੰਦਾਵੀ ਭਾਸ਼ਾ (ਵੈਦਿਕ ਭਾਸ਼ਾ) ਨਾਲ ਜਾਣਿਆ ਜਾਂਦਾ ਸੀ ।

ਜਦੋਂ ਮਹਿਮੂਦ ਗਜ਼ਨਵੀ ਨੇ ਪੰਜਾਬ ਤੇ ਆਪਣਾ ਰਾਜ ਕਾਇਮ ਕੀਤਾ ਤਾਂ ਉਸ ਸਮੇਂ ਲਾਹੌਰ ਵਿੱਚ ਹਿੰਦਾਵੀ ਭਾਸ਼ਾ ਬੋਲੀ ਜਾਂਦੀ ਸੀ । ਗਿਆਰਵੀਂ ਸਦੀ ਦੇ ਸ਼ੁਰੂਆਤ ਤੋਂ ਗਜ਼ਨਵੀ ਨੇ ਭਾਰਤ-ਪੰਜਾਬ ਉੱਤੇ 17 ਹਮਲੇ ਕੀਤੇ ਅਤੇ ਗਜ਼ਨੀ ਸਮਰਾਜ ਦੀ ਨੀਹ ਪੰਜਾਬ ਵਿੱਚ ਰੱਖੀ । 997 ਈਸਵੀ ਤੋਂ 1184 ਈਸਵੀ ਤੱਕ ਪੰਜਾਬ ਗਜ਼ਨੀ ਸਾਮਰਾਜ ਦਾ ਹਿੱਸਾ ਰਿਹਾ । ਗਜ਼ਨੀ ਸ਼ਾਸਕਾਂ ਦੇ ਸਮੇਂ ਤੋਂ ਪੰਜਾਬ ਦੇ ਸਾਮਰਾਜ ਦੀ ਭਾਸ਼ਾ ਫ਼ਾਰਸੀ ਬਣੀ । ਭਾਵੇਂ ਗਜ਼ਨੀ ਸਮਰਾਜ ਅਫਗਾਨਿਸਤਾਨ ਵਿੱਚ ਸੀ ਪਰ ਫਿਰ ਵੀ ਇਹਨਾਂ ਦੇ ਪੰਜਾਬੀ ਸਾਮਰਾਜ ਵਿੱਚ ਫ਼ਾਰਸੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਸੀ । ਮਹਿਮੂਦ ਗਜ਼ਨਵੀ ਦੇ ਰਾਜ ਸਮੇਂ ਬਹੁਤ ਸਾਰੇ ਈਰਾਨੀ ਤੇ ਅਫਗਾਨੀ ਲੋਕ ਪੰਜਾਬ ਵਿੱਚ ਆ ਕੇ ਵਸ ਗਏ ਸਨ । ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਪੁਰਾਤਨ ਭਾਰਤ ਦੇ ਬਿਲਕੁਲ ਨਾਲ ਲੱਗਦੀ ਸੀ, ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਵਿੱਚ ਆ ਕੇ ਵਸਣ ਦਾ ਫੈਸਲਾ ਕੀਤਾ । ਹੁਣ ਲਾਹੌਰ ਈਰਾਨ ਦੇ ਵਿਦਵਾਨਾਂ ਲਈ ਅਤੇ ਗਜ਼ਨੀ ਤੇ ਖੁਰਾਸਾਨ ਦੇ ਫੌਜੀ ਅਧਿਕਾਰੀਆਂ ਲਈ ਸਾਹਿਤ ਦਾ ਕੇਂਦਰ ਬਣ ਚੁੱਕਾ ਸੀ ।

ਐਲਬਰੂਨੀ, ਮਾਸੂਦ, ਉੱਤਬੀ ਅਤੇ ਹੋਰ ਬਹੁਤ ਸਾਰੇ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਜਿਨਾਂ ਨੇ ਬਹੁਤ ਇਤਿਹਾਸ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਹੈ, ਉਹ ਲਾਹੌਰ ਰਹਿੰਦੇ ਰਹੇ ਹਨ । ਅਬਦੁਲ ਮਾਜੀਦ ਦੇ ਅਨੁਸਾਰ ਪੰਜਾਬ ਭਾਰਤ ਦਾ ਪਹਿਲਾ ਸੂਬਾ ਸੀ ਜਿਸਨੇ ਸਭ ਤੋਂ ਪਹਿਲਾਂ ਈਰਾਨ ਦੇ ਸੱਭਿਆਚਾਰ ਨੂੰ ਗ੍ਰਹਿਣ ਕੀਤਾ। ਪੁਰਾਤਨ ਸਮੇਂ ਤੋਂ ਹੀ ਪੱਛਮੀ ਪੰਜਾਬ, ਈਰਾਨ ਦੇ ਅਖੇਮਿਨੀ ਸਾਮਰਾਜ ਦੇ ਰਾਜੇ ਮਹਾਨ ਡੇਰੀਅਸ (522-486 B.C.) ਦੇ ਅਧੀਨ ਰਿਹਾ ਸੀ। ਉਦੋਂ ਇਸ ਇਲਾਕੇ ਨੂੰ ਸਪਤ-ਸਿੰਧੂ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ । ਪਰ ਜ਼ਰਕਸੀਸ (486-465 B.C.) ਜੋ ਇਸੇ ਸਾਮਰਾਜ ਦਾ ਮਹਾਨ ਰਾਜਾ ਸੀ, ਦੀ ਮੌਤ ਤੋਂ ਬਾਅਦ ਪੰਜਾਬ ਈਰਾਨ ਦੇ ਇਸ ਮਹਾਨ ਅਖੇਮਿਨੀ ਸਾਮਰਾਜ ਤੋ ਖੁਸ ਗਿਆ । ਇਸ ਮਹਾਨ ਅਖੇਮਿਨੀ ਸਾਮਰਾਜ ਦੀ ਸ਼ੁਰੂਆਤ ਸਾਇਰਸ ਮਹਾਨ (600-530 B.C.) ਨੇ ਕੀਤੀ ਸੀ । ਪੁਰਾਤਨ ਸਮੇਂ ਤੋਂ ਪੰਜਾਬ ਇਸ ਫ਼ਾਰਸੀ ਦੇਸ਼ ਦੇ ਅਧੀਨ ਰਿਹਾ ਸੀ ਇਸੇ ਕਰਕੇ ਅੱਜ ਤੱਕ ਵੀ ਇਹਨਾਂ ਦੇਸ਼ਾਂ ਦਾ ਪ੍ਰਭਾਵ ਪੰਜਾਬ ਤੇ ਵੇਖਿਆ ਜਾਂਦਾ ਰਿਹਾ ਹੈ ।

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਅਤੇ ਆਖਰੀ ਉਦਾਸੀ ਦੇ ਦੌਰਾਨ ਈਰਾਨ ਗਏ ਸਨ । ਗੁਰੂ ਨਾਨਕ ਦੇਵ ਜੀ ਨੇ 1519 ਤੋਂ 1521 ਦੌਰਾਨ ਈਰਾਨ ਦੇਸ਼ ਦੇ ਖੋਹਰਮਸ਼ਹਰ, ਬੁਸ਼ੇਹਰ, ਮਸ਼ਹਦ ਅਤੇ ਤੇਹਰਾਨ ਸ਼ਹਿਰਾਂ ਦੀ ਯਾਤਰਾ ਕੀਤੀ ਸੀ । ਦਿੱਲੀ ਸਲਤਨਤ ਤੇ ਮੁਗਲਾਂ ਦੇ ਭਾਰਤ ਉੱਤੇ ਰਾਜ ਦੇ ਸਮੇਂ, ਭਾਵੇਂ ਪੰਜਾਬ ਮੁਗਲਾਂ ਦੇ ਅਧੀਨ ਰਿਹਾ ਸੀ ਅਤੇ ਮੁਗਲਾਂ ਨੇ ਪਹਿਲਾ ਲਾਹੌਰ ਤੇ ਫਿਰ ਦਿੱਲੀ ਤੋਂ ਰਾਜ ਕਰਨਾ ਸ਼ੁਰੂ ਕੀਤਾ ਸੀ, ਪਰ ਫਿਰ ਵੀ ਉਹਨਾਂ ਦੇ ਸਾਮਰਾਜ ਦੀ ਦਰਬਾਰੀ ਭਾਸ਼ਾ ਫ਼ਾਰਸੀ ਰਹੀ ਸੀ । ਮੁਗਲ ਬਾਦਸ਼ਾਹ ਅਕਬਰ ਦੇ ਜੀਵਨ ਬਾਰੇ ਉਸਦੇ ਨੌ ਰਤਨਾਂ ਚੋਂ ਇੱਕ ਅਬੁਲ-ਫਜ਼ਲ ਨੇ ਅਕਬਰਨਾਮਾ ਫ਼ਾਰਸੀ ਭਾਸ਼ਾ ਵਿੱਚ ਹੀ ਲਿਖਿਆ ਸੀ । ਜਹਾਂਗੀਰ ਦੀ ਲਿਖੀ ਸਵੈ-ਜੀਵਨੀ ਤੁਜਕ-ਏ-ਜਹਾਂਗੀਰੀ, ਮੋਹਸਿਨ ਫਾਨੀ ਦੀ ਲਿਖੀ ਦਬਿਸਤਾਨ-ਏ-ਮਜਾਹਿਬ, ਮੱਧ ਕਾਲ ਸਮੇਂ ਦੇ ਲੇਖਕ ਸ਼ੇਖ ਅਹਿਮਦ ਸਰਹਿੰਦੀ ਦੁਆਰਾ ਲਿਖੀ ਮਕਤੂਬਾਤ-ਏ-ਇਮਾਮ ਰੱਬਾਨੀ, ਇਹ ਸਾਰੇ ਗ੍ਰੰਥ ਫ਼ਾਰਸੀ ਭਾਸ਼ਾ ਵਿੱਚ ਲਿਖੇ ਗਏ ਹਨ । ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪੰਜਾਬ ਦਾ ਈਰਾਨ ਨਾਲ ਘੋੜਿਆਂ ਦਾ ਵਪਾਰ ਵੀ ਚੱਲਦਾ ਰਿਹਾ ਸੀ । ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਫ਼ਾਰਸੀ ਦੇ ਬਹੁਤ ਸਾਰੇ ਕਵੀ ਸਨ । ਗੁਰੂ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸਦੇ ਕੀਤੇ ਜੁਲਮਾਂ ਵਿਰੁੱਧ 1705 ਈਸਵੀ ਨੂੰ ਜੋ ਪੱਤਰ ਜ਼ਫਰਨਾਮਾ ਲਿਖਿਆ ਸੀ ਉਹ ਪੱਤਰ ਵੀ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਸੀ । ਇਤਿਹਾਸਕਾਰ ਲਿਖਦੇ ਹਨ ਕਿ ਪੰਜਾਬ ਦੇ ਮਹਾਰਾਜੇ ਰਣਜੀਤ ਸਿੰਘ ਨੇ ਵੀ ਆਪਣੇ ਸਮੇਂ ਦੌਰਾਨ ਆਪਣੇ ਦਰਬਾਰ ਦੀ ਸਰਕਾਰੀ ਭਾਸ਼ਾ ਫ਼ਾਰਸੀ ਭਾਸ਼ਾ ਹੀ ਰੱਖੀ ਸੀ ।

ਦੱਖਣੀ ਏਸ਼ੀਆ ਦੇ ਵਿਦਵਾਨਾਂ ਅਨੁਸਾਰ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਮੁੜ ਇੱਕ ਵਾਰ ਫਿਰ ਪੰਜਾਬੀਆਂ ਨੇ ਈਰਾਨ ਵੱਲ ਨੂੰ ਜਾਣਾ ਸ਼ੁਰੂ ਕੀਤਾ । ਅਣਵੰਡੇ ਪੰਜਾਬ ਦੇ ਰਾਵਲਪਿੰਡੀ ਇਲਾਕੇ ਦੇ ਲੋਕਾਂ ਨੇ ਸਭ ਤੋਂ ਪਹਿਲਾਂ 1900 ਤੋਂ 1920 ਦੇ ਵਿਚਕਾਰ ਕੰਮ ਦੇ ਮੌਕਿਆਂ ਦੀ ਤਲਾਸ਼ ਲਈ ਈਰਾਨ ਨੂੰ ਜਾਣਾ ਸ਼ੁਰੂ ਕੀਤਾ । ਪੰਜਾਬ ਜਿਹੀ ਉਪਜਾਊ ਭੂਮੀ ਹੋਣ ਕਾਰਨ ਕਈ ਲੋਕਾਂ ਨੇ ਉੱਥੇ ਸਸਤੀ ਜਮੀਨ ਖਰੀਦ, ਰਹਿਣ ਵਸੇਰਾ ਵੀ ਕਰ ਲਿਆ । ਜਾਹੇਦਾਨ ਤੇ ਤਹਿਰਾਨ ਈਰਾਨ ਦੇ ਦੋ ਸ਼ਹਿਰ ਹਨ, ਜਿੱਥੇ ਪੰਜਾਬੀਆਂ ਦਾ ਰਹਿਣ ਵਸੇਰਾ ਹੈ । ਈਰਾਨ ਵਿੱਚ ਪੁਰਾਤਨ ਸਮੇਂ ਵਿੱਚ ਇੱਕ ਪਿੰਡ ਦੁਸ਼ਟੇਆਬ ਸੀ ਜੋ ਪੰਜਾਬੀ ਕਿਸਾਨਾਂ ਦਾ ਪਿੰਡ ਸੀ । ਇੱਕ ਵਾਰ ਈਰਾਨ ਦਾ ਬਾਦਸ਼ਾਹ ਦੁਸ਼ਟੇਆਬ ਪਿੰਡ ਵਿੱਚ ਦੀ ਲੰਘ ਰਿਹਾ ਸੀ ਤਾਂ ਉਸਨੇ ਖੁੱਲੀਆਂ ਵੱਡੀਆਂ ਦਾੜ੍ਹੀਆਂ ਵਾਲੇ ਅਤੇ ਦਸਤਾਰਾਂ ਬੰਨੀਆਂ ਵਾਲੇ ਕਿਸਾਨਾਂ ਨੂੰ ਵੇਖ ਕੇ, ਆਪਣੇ ਘੋੜੇ ਤੋਂ ਉਤਰ ਕੇ ਸਿੱਜਦਾ ਕੀਤਾ ਅਤੇ ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਹੈ ਤਾਂ ਬਾਦਸ਼ਾਹ ਦਾ ਉੱਤਰ ਸੀ ਕਿ ਇਹ ਲੰਬੀਆਂ ਖੁੱਲੀਆਂ ਦਾੜ੍ਹੀਆਂ ਵਾਲੇ ਬੰਦਗੀ ਕਰਨ ਵਾਲੇ ਫਕੀਰ ਨੇ, ਮੈਂ ਇਹਨਾਂ ਨੂੰ ਸਿੱਜਦਾ ਕਰਦਾ ਹਾਂ, ਤਾਂ ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਦੱਸਿਆ ਕਿ ਇਹ ਭਾਰਤ-ਪੰਜਾਬ ਤੋਂ ਆਏ ਸਿੱਖ ਕਿਸਾਨ ਨੇ ਜੋ ਸਾਡੇ ਸ਼ਹਿਰ ਦੁਸ਼ਟੇਆਬ ਵਿੱਚ ਖੇਤੀ ਕਰਦੇ ਨੇ ਤਾਂ ਬਾਦਸ਼ਾਹ ਨੇ ਉਹਨਾਂ ਕਿਸਾਨਾਂ ਨੂੰ ਜਮੀਨ ਵੀ ਦਿੱਤੀ ਤੇ ਉਸ ਦੁਸ਼ਟੇਆਬ ਜਿਸ ਦਾ ਅਰਥ ਹੁੰਦਾ ਹੈ “ਪਾਣੀ ਚੋਰੀ ਕਰਨ ਵਾਲੇ” ਨਾਮ ਬਦਲ ਕੇ ਜਾਹੇਦਾਨ ਰੱਖਿਆ ਜਿਸ ਦਾ ਅਰਥ ਹੈ “ਰੱਬ ਦੀ ਬੰਦਗੀ ਕਰਨ ਵਾਲੇ ਲੋਕ” । ਉਦੋਂ ਤੋਂ ਹੀ ਈਰਾਨ ਦੇਸ਼ ਵਿੱਚ ਜਾਹੇਦਾਨ ਸ਼ਹਿਰ ਵੱਸ ਰਿਹਾ ਹੈ । ਈਰਾਨ ਵਿੱਚ ਅੱਜ ਦੇ ਸਮੇਂ ਵਿੱਚ ਸਿੱਖਾਂ ਦੇ ਵੱਡੇ ਦੋ ਗੁਰੂ ਘਰ ਵੀ ਹਨ । ਜਿਸ ਵਿੱਚੋਂ ਇੱਕ ਤਹਿਰਾਨ ਵਿੱਚ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਹੈ । ਅੱਜ ਦੇ ਸਮੇਂ ਵਿੱਚ ਲਗਭਗ ਸਿੱਖਾਂ ਦੇ 50 ਪਰਿਵਾਰ ਇਸ ਸ਼ਹਿਰ ਵਿੱਚ ਬੜੇ ਖੁਸ਼ਹਾਲ ਢੰਗ ਨਾਲ ਵੱਸ ਰਹੇ ਹਨ । ਦੂਜਾ ਗੁਰਦੁਆਰਾ ਸਾਹਿਬ ਜਾਹੇਦਾਨ ਵਿੱਚ ਹੈ । ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ 2016 ‘ਚ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਇਸ ਈਰਾਨ ਦੇ ਗੁਰਦੁਆਰੇ ਵਿੱਚ ਜਾ ਚੁੱਕੇ ਹਨ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਈਰਾਨ ਦੀ ਯੂਨੀਵਰਸਿਟੀ ਆਫ ਰਿਲੀਜਨ ਵਿੱਚ ਵਿਜਟਿੰਗ ਪ੍ਰੋਫੈਸਰ ਹਨ । ਹਰਪਾਲ ਸਿੰਘ ਪੰਨੂ ਨੇ ਆਪਣੀ ਈਰਾਨ ਯਾਤਰਾ ਦਾ ਇੱਕ ਕਿੱਸਾ ਜੱਗ ਜਾਹਰ ਕੀਤਾ ਕਿ ਜਦੋਂ ਉਹ ਈਰਾਨ ਗਏ ਤਾਂ ਉੱਥੇ ਉਹ ਇੱਕ ਬੱਸ ਦਾ ਸਫਰ ਕਰ ਰਹੇ ਸਨ ਤਾਂ ਉਹਨਾਂ ਦੀ ਅਗਲੀ ਸੀਟ ਤੇ ਇੱਕ ਇਰਾਨੀ ਲੜਕਾ ਬੈਠਾ ਸੀ ਜੋ ਉਹਨਾਂ ਨੂੰ ਕੋਈ ਚਿੰਤਤ ਨਜ਼ਰ ਆਇਆ । ਉਹ ਜਵਾਨ ਇਰਾਨੀ ਲੜਕਾ ਕਦੇ ਸੱਜੇ ਵੇਖੇ ਤੇ ਕਦੇ ਖੱਬੇ ਵੇਖੇ । ਉਸਦੇ ਚਿਹਰੇ ਤੇ ਬਿਲਕੁਲ ਬੇਚੈਨੀ ਨਜ਼ਰ ਆ ਰਹੀ ਸੀ । ਕੁਝ ਕੁ ਸਮੇਂ ਬਾਅਦ ਉਸ ਜਵਾਨ ਲੜਕੇ ਨੇ ਹਰਪਾਲ ਸਿੰਘ ਪੁੰਨੂ ਨੂੰ ਆਪਣੀ ਜਗ੍ਹਾ ਤੇ ਬੈਠਣ ਲਈ ਕਿਹਾ ਤੇ ਆਪ ਪਿੱਛੇ ਬੈਠਣ ਲਈ ਸੀਟ ਮੰਗੀ। ਹਰਪਾਲ ਸਿੰਘ ਪੁੰਨੂ ਦੇ ਦੱਸਿਆ ਕਿ ਮੈਂ ਉਸ ਜਵਾਨ ਲੜਕੇ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਕਿ ਕਿਉਂ ਤੁਹਾਡੀ ਸੀਟ ਠੀਕ ਨਹੀਂ ਤੁਸੀਂ ਪਿੱਛੇ ਕਿਉਂ ਬੈਠਣਾ ਚਾਹੁੰਦੇ ਹੋ ਤਾਂ ਉਸ ਜਵਾਨ ਈਰਾਨੀ ਲੜਕੇ ਦਾ ਜਵਾਬ ਸੁਣ ਕੇ ਹਰਪਾਲ ਸਿੰਘ ਪੰਨੂ ਹੈਰਾਨ ਰਹਿ ਗਏ ਉਸ ਜਵਾਨ ਲੜਕੇ ਦਾ ਜਵਾਬ ਸੀ ਕਿ ਇੰਨੀ ਸੋਹਣੀ ਦਸਤਾਰ ਵਾਲੇ ਤੇ ਖੁੱਲੀ ਵੱਡੀ ਦਾੜ੍ਹੀ ਵਾਲੇ ਸੱਜਣ ਪੁਰਸ਼ ਦੇ ਮੈਂ ਅਗਾਹ ਕਿਵੇਂ ਬੈਠ ਸਕਦਾ ਹਾਂ, ਮੈਂ ਆਪ ਜੀ ਦੇ ਪਿਛਲੇ ਸੀਟ ਤੇ ਬੈਠਣ ਦੀ ਆਗਿਆ ਮੰਗਦਾ ਹਾਂ । ਇਸ ਤਰ੍ਹਾਂ ਸਾਨੂੰ ਉਸ ਜਵਾਨ ਲੜਕੇ ਦਾ ਜਵਾਬ ਈਰਾਨੀਆਂ ਦਾ ਪੰਜਾਬੀਆਂ ਲਈ ਪਿਆਰ ਤੇ ਸਤਿਕਾਰ ਤੇ ਆਦਰ ਦਰਸਾਉਂਦਾ ਹੈ ।

ਪੁਰਾਤਨ ਸਮੇਂ ਤੋਂ ਪੰਜਾਬ ਖਿੱਤੇ ਦੀ ਈਰਾਨ ਨਾਲ ਡੂੰਘੀ ਸਾਂਝ ਰਹੀ ਹੈ, ਫ਼ਾਰਸੀ ਭਾਸ਼ਾ ਦਾ ਪੁਰਾਤਨ ਸਮੇਂ ਤੋਂ ਹੀ ਪ੍ਰਭਾਵ ਹੋਣ ਕਾਰਨ ਪੰਜਾਬ ਸ਼ਬਦ ਵੀ ਫ਼ਾਰਸੀ ਭਾਸ਼ਾ ਤੋਂ ਬਣਿਆ ਤੇ ਹੋਰ ਵੀ ਬਹੁਤ ਸਾਰੇ ਰੋਜ਼ਾਨਾ ਜ਼ਿੰਦਗੀ ਚ ਬੋਲੇ ਜਾਂਦੇ ਪੰਜਾਬੀ ਭਾਸ਼ਾ ਦੇ ਸ਼ਬਦ 80 ਪ੍ਰਤੀਸ਼ਤ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ । ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀ ਹੋਵੇਗੀ ਕੇ ਪੁਰਾਤਨ ਸਮੇਂ ਤੌ ਹੀ ਈਰਾਨ ਦੇਸ਼ ਨਾਲ ਪੰਜਾਬੀਆਂ ਦਾ ਵਪਾਰ ਤਾਂ ਰਿਹਾ ਹੀ ਹੈ ਪਰ ਵਪਾਰ ਦੇ ਨਾਲ-ਨਾਲ ਈਰਾਨ ਦੀ ਭਾਸ਼ਾ ਤੇ ਸੱਭਿਆਚਾਰ ਨੇ ਪੰਜਾਬ ਪੰਜਾਬੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ।

ਅੱਜ ਦੇ ਸਮੇਂ ਰੋਜਾਂਨਾ ਜ਼ਿੰਦਗੀ ਵਿੱਚ ਬੋਲੇ ਜਾਂਦੇ ਫ਼ਾਰਸੀ ਭਾਸ਼ਾ ਦੇ ਸ਼ਬਦ ।
ਦਰਵਾਜ਼ਾ (Darwaza)
ਕਿਤਾਬ (Kitab)
ਦੁਨੀਆ (Duniya)
ਬਾਜ਼ਾਰ (Bazaar)
ਖ਼ਬਰ (Khabar)
ਜਵਾਬ (Jawab)
ਸਵਾਲ (Sawal)
ਮਿਹਨਤ (Mehnat)
ਰੋਜ਼ (Roz)
ਦੋਸਤ (Dost)
ਜ਼ਮੀਨ (Zameen)
ਮਕਾਨ (Makaan)
ਖ਼ਾਨਦਾਨ (Khandaan)
ਆਦਮੀ (Aadmi)
ਔਰਤ (Aurat)
ਬੱਚਾ (Bachcha)
ਹਕੂਮਤ (Hukumat)
ਦਰਬਾਰ (Darbar)
ਵਜ਼ੀਰ (Wazir)
ਫੌਜ (Fauj)
ਕਾਨੂੰਨ (Qanoon)
ਅਦਾਲਤ (Adalat)
ਮੁਹੱਬਤ (Muhabbat)
ਖੁਸ਼ੀ (Khushi)
ਗ਼ਮ (Gham)
ਨਫ਼ਰਤ (Nafrat)
ਇੱਜ਼ਤ (Izzat)
ਤਾਰੀਖ਼ (Tareekh)
ਹਿਸਾਬ (Hisaab)
ਕਲਮ (Qalam)
ਰੰਗ (Rang)
ਸਫ਼ਰ (Safar)
ਅਮਨ (Aman)
ਜ਼ੰਗ (Jang)
ਥਾਣੇਦਾਰ (Thanedar)
ਕਾਨੂੰਨਗੋ (Kanoongo)

Asst. Prof. Ravinder Singh

PG Department of History Sri Guru Teg Bahadur Khalsa College, Sri Anandpur Sahib, Ropar, Punjab.

Post navigation

Leave a Comment

Leave a Reply

Your email address will not be published. Required fields are marked *