Punjabi University

ਪੰਜਾਬੀ ਯੂਨੀਵਰਸਿਟੀ 65ਵਾਂ ਸਥਾਪਨਾ ਦਿਵਸ: 1965 ਤੋਂ ਬਲ ਰਹੀ ਵਿੱਦਿਆ ਦੀ ‘ਜੋਤ’ ਅੱਜ ਵੀ ਲੱਖਾਂ ਵਿਦਿਆਰਥੀਆਂ ਦੇ ਜੀਵਨ ਨੂੰ ਕਰ ਰਹੀ ਰੋਸ਼ਨ!

ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਰਤ ਦੀ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸਦਾ ਇਤਿਹਾਸ ਅਤੇ ਉਦੇਸ਼ ਬਹੁਤ ਹੀ ਗੌਰਵਮਈ ਅਤੇ ਵਿਲੱਖਣ ਹੈ। 30 ਅਪ੍ਰੈਲ 1962 ਨੂੰ ਪੰਜਾਬ ਵਿਧਾਨ ਸਭਾ ਦੇ 1961 ਦੇ ਐਕਟ ਨੰਬਰ 35 ਅਧੀਨ ਸਥਾਪਿਤ ਹੋਈ ਇਹ ਯੂਨੀਵਰਸਿਟੀ, ਇਜ਼ਰਾਈਲ ਦੀ ‘ਹਿਬਰੂ ਯੂਨੀਵਰਸਿਟੀ’ ਤੋਂ ਬਾਅਦ ਦੁਨੀਆ ਦੀ ਦੂਜੀ ਅਜਿਹੀ ਯੂਨੀਵਰਸਿਟੀ ਬਣੀ ਜੋ ਕਿਸੇ ਵਿਸ਼ੇਸ਼ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤੀ ਗਈ ਸੀ। ਇਸਦੀ ਸਥਾਪਨਾ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁ-ਪੱਖੀ ਵਿਕਾਸ ਕਰਨਾ ਅਤੇ ਇਸ ਨੂੰ ਉਚੇਰੀ ਸਿੱਖਿਆ ਦੇ ਹਰ ਖੇਤਰ ਵਿੱਚ ਮਾਧਿਅਮ ਵਜੋਂ ਸਥਾਪਿਤ ਕਰਨਾ ਸੀ।

ਯੂਨੀਵਰਸਿਟੀ ਦੀ ਸਥਾਪਨਾ ਤੋਂ ਤਕਰੀਬਨ ਦੋ ਮਹੀਨੇ ਬਾਅਦ, 24 ਜੂਨ 1962 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਵੱਲੋਂ ਇਸਦਾ ਨੀਂਹ ਪੱਥਰ ਰੱਖਿਆ ਗਿਆ। ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਨੇ ਉੱਚ ਸਿੱਖਿਆ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆ ਕਿਹਾ ਸੀ ਕਿ ਯੂਨੀਵਰਸਿਟੀਆਂ ਦੇਸ਼ ਅਤੇ ਕੌਮ ਦੀ ਉਸਾਰੀ ਵਿੱਚ ਰੀੜ੍ਹ ਦੀ ਹੱਡੀ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਲੋਕਤੰਤਰੀ ਭਾਰਤ ਵਿੱਚ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਅਜਿਹੇ ਸੁਤੰਤਰ ਅਤੇ ਸ਼ਕਤੀਸ਼ਾਲੀ ਨਾਗਰਿਕ ਪੈਦਾ ਕਰਨਾ ਹੈ, ਜਿਨ੍ਹਾਂ ਕੋਲ ਸਮਾਜਿਕ ਅਤੇ ਬੌਧਿਕ ਤੌਰ ‘ਤੇ ਵਧਣ-ਫੁੱਲਣ ਦੇ ਬਰਾਬਰ ਮੌਕੇ ਹੋਣ।

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਵਿਕਾਸ

Punjabi Language and Culture
Pic Credit : Punjabi University, Patiala

ਪੰਜਾਬੀ ਯੂਨੀਵਰਸਿਟੀ ਦਾ ਮੂਲ ਸੰਕਲਪ ਪੰਜਾਬੀਅਤ ਦੀ ਸੇਵਾ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਯੂਨੀਵਰਸਿਟੀ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਪੰਜਾਬੀ ਵਿਕਾਸ ਵਿਭਾਗ ਰਾਹੀਂ ਵੱਖ-ਵੱਖ ਵਿਗਿਆਨਕ ਅਤੇ ਤਕਨੀਕੀ ਵਿਸ਼ਿਆਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ। ‘ਰਿਸਰਚ ਸੈਂਟਰ ਫਾਰ ਪੰਜਾਬੀ ਲੈਂਗੂਏਜ ਤਕਨਾਲੋਜੀ’ ਰਾਹੀਂ ਪੰਜਾਬੀ ਨੂੰ ਕੰਪਿਊਟਰ ਅਤੇ ਇੰਟਰਨੈੱਟ ਦੀ ਭਾਸ਼ਾ ਬਣਾਉਣ ਲਈ ‘ਆਓ ਪੰਜਾਬੀ ਸਿੱਖੀਏ’ ਵਰਗੇ ਆਨਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬੀ ਕੋਸ਼ਕਾਰੀ ਅਤੇ ਪੰਜਾਬੀ ਸਾਹਿਤ ਅਧਿਐਨ ਵਿਭਾਗਾਂ ਨੇ ਪੰਜਾਬੀ ਭਾਸ਼ਾ ਦੇ ਸ਼ਬਦਾਂ ਅਤੇ ਸਾਹਿਤਕ ਰੂਪਾਂ ਨੂੰ ਸੰਭਾਲਣ ਵਿੱਚ ਵਿਸ਼ਵ ਪੱਧਰੀ ਕੰਮ ਕੀਤਾ ਹੈ।

ਸਿਰਫ 9 ਕਾਲਜਾਂ ਨਾਲ ਸ਼ੁਰੂ ਹੋਈ ਸੀ ਪੰਜਾਬੀ ਯੂਨੀਵਰਸਿਟੀ

Punjabi University started with only 9 colleges 1
Pic Credit : Punjabi University, Patiala

ਸ਼ੁਰੂਆਤ ਵਿੱਚ ਇਹ ਯੂਨੀਵਰਸਿਟੀ ਸਿਰਫ 9 ਕਾਲਜਾਂ ਨਾਲ ਸ਼ੁਰੂ ਹੋਈ ਸੀ, ਪਰ ਅੱਜ ਇਹ ਪੰਜਾਬ ਦੇ 9 ਜ਼ਿਲ੍ਹਿਆਂ ਦੀਆਂ ਵਿੱਦਿਅਕ ਲੋੜਾਂ ਪੂਰੀਆਂ ਕਰ ਰਹੀ ਹੈ। ਯੂਨੀਵਰਸਿਟੀ ਕੈਂਪਸ 316 ਏਕੜ (ਜੋ ਹੁਣ ਵੱਧ ਕੇ ਲਗਭਗ 600 ਏਕੜ ਹੋ ਚੁੱਕਾ ਹੈ) ਵਿੱਚ ਫੈਲਿਆ ਹੋਇਆ ਹੈ। ਕੈਂਪਸ ਵਿੱਚ 70 ਤੋਂ ਵੱਧ ਅਧਿਆਪਨ ਅਤੇ ਖੋਜ ਵਿਭਾਗ ਹਨ। ਇਥੇ ਆਰਟਸ, ਸਾਇੰਸ, ਇੰਜੀਨੀਅਰਿੰਗ, ਸੋਸ਼ਲ ਸਾਇੰਸ, ਕਾਨੂੰਨ, ਮੈਡੀਸਨ, ਬਿਜ਼ਨੈੱਸ ਸਟੱਡੀਜ਼ ਅਤੇ ਭਾਸ਼ਾ ਫ਼ੈਕਲਟੀਆਂ ਅਧੀਨ ਉੱਚ ਪੱਧਰੀ ਸਿੱਖਿਆ ਦਿੱਤੀ ਜਾਂਦੀ ਹੈ। ਐੱਮ.ਫਿਲ ਅਤੇ ਪੀਐੱਚ.ਡੀ ਪੱਧਰ ‘ਤੇ ਧਰਮ, ਅਰਥ ਸ਼ਾਸਤਰ, ਮੈਨੇਜਮੈਂਟ ਅਤੇ ਸਾਇੰਸ ਦੇ ਵਿਸ਼ਿਆਂ ਵਿੱਚ ਮਿਆਰੀ ਖੋਜ ਕੀਤੀ ਜਾਂਦੀ ਹੈ।

ਯੂਨੀਵਰਸਿਟੀ ਦੀ ਸ਼ਾਨਦਾਰ ਪ੍ਰਬੰਧਕੀ ਵਿਰਾਸਤ

The Universitys Glorious Administrative Legacy
Pic Credit : Punjabi University, Patiala

ਯੂਨੀਵਰਸਿਟੀ ਨੂੰ ਸਿਖਰਾਂ ‘ਤੇ ਪਹੁੰਚਾਉਣ ਵਿੱਚ ਇਥੋਂ ਦੇ ਵਾਈਸ ਚਾਂਸਲਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਭਾਈ ਜੋਧ ਸਿੰਘ (ਪਹਿਲੇ ਵਾਈਸ ਚਾਂਸਲਰ) ਤੋਂ ਲੈ ਕੇ ਸਰਦਾਰ ਕਿਰਪਾਲ ਸਿੰਘ ਨਾਰੰਗ, ਇੰਦਰਜੀਤ ਕੌਰ ਸੰਧੂ, ਡਾ. ਐਸ. ਐਸ. ਜੌਹਲ, ਅਤੇ ਸ. ਸਵਰਨ ਸਿੰਘ ਬੋਪਾਰਾਇ ਵਰਗੀਆਂ ਸ਼ਖਸੀਅਤਾਂ ਨੇ ਆਪਣੀ ਦੂਰ-ਅੰਦੇਸ਼ੀ ਨਾਲ ਇਸ ਸੰਸਥਾ ਨੂੰ ਸਿੰਜਿਆ ਹੈ। ਇਨ੍ਹਾਂ ਵਿਦਵਾਨਾਂ ਨੇ ਯੂਨੀਵਰਸਿਟੀ ਨੂੰ ਸਿਰਫ ਅਕਾਦਮਿਕ ਤੌਰ ‘ਤੇ ਹੀ ਨਹੀਂ, ਸਗੋਂ ਪ੍ਰਬੰਧਕੀ ਪਾਰਦਰਸ਼ਤਾ ਅਤੇ ਗੁਣਵੱਤਾ ਪੱਖੋਂ ਵੀ ਮਜ਼ਬੂਤ ਕੀਤਾ। ਪੰਜਾਬੀ ਯੂਨੀਵਰਸਿਟੀ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚ ਮੋਹਰੀ ਹੈ।

ਗੁਰੂ ਗੋਬਿੰਦ ਸਿੰਘ ਭਵਨ, ਇਹ ਇਮਾਰਤ ਯੂਨੀਵਰਸਿਟੀ ਦੀ ਪਛਾਣ ਹੈ, ਜਿਸਦਾ ਨੀਂਹ ਪੱਥਰ 1967 ਵਿੱਚ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ ਰੱਖਿਆ ਸੀ। ਇਥੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੁੱਧ ਅਤੇ ਜੈਨ ਧਰਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ। ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਪ੍ਰੋ. ਹਰਬੰਸ ਸਿੰਘ ਵੱਲੋਂ ਤਿਆਰ ਕੀਤੀਆਂ ਸਿੱਖ ਧਰਮ ਦੀਆਂ ਚਾਰ ਸੈਂਚੀਆਂ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਪ੍ਰਾਪਤੀਆਂ ਵਿੱਚੋਂ ਇੱਕ ਹਨ। ਗੁਰਮਤਿ ਸੰਗੀਤ ਦੀ ਪ੍ਰਾਚੀਨ ਰੀਤੀ ਨੂੰ ਸੰਭਾਲਣ ਲਈ ਵਿਸ਼ੇਸ਼ ਵਿਭਾਗ ਅਤੇ ਆਨਲਾਈਨ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ।

ਇਥੇ ਹੀ ਬਸ ਨਹੀਂ, ਯੂਨੀਵਰਸਿਟੀ ਨੇ ਫਿਲਮ, ਥੀਏਟਰ ਅਤੇ ਸੰਗੀਤ ਜਗਤ ਨੂੰ ਵੱਡੇ ਸਿਤਾਰੇ ਦਿੱਤੇ ਹਨ। ਟੈਲੀਵਿਜ਼ਨ ਅਤੇ ਥੀਏਟਰ ਵਿਭਾਗ, ਸੰਗੀਤ ਅਤੇ ਡਾਂਸ ਵਿਭਾਗ ਪੰਜਾਬੀ ਕਲਾ ਨੂੰ ਪਰਫੁੱਲਤ ਕਰ ਰਹੇ ਹਨ। ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਨੇ ਕਈ ਵਾਰ ‘ਮਾਕਾ ਟਰਾਫੀ’ ਜਿੱਤ ਕੇ ਭਾਰਤ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਯੂਨੀਵਰਸਿਟੀ ਨੇ ਲਗਾਤਾਰ ਹਾਸਲ ਕੀਤੇ ਉੱਚ ਗ੍ਰੇਡ

University consistently achieves high grades
Pic Credit : Punjabi University, Patiala

ਯੂਨੀਵਰਸਿਟੀ ਨੇ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਾਈਟੇਸ਼ਨ ਕਾਊਂਸਲ ਵੱਲੋਂ ਲਗਾਤਾਰ ਉੱਚ ਗ੍ਰੇਡ ਹਾਸਲ ਕੀਤੇ ਹਨ। ਸਾਲ 2016 ਵਿੱਚ 11 ਮੈਂਬਰੀ ਨੈਕ ਟੀਮ ਨੇ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਇਸ ਨੂੰ ‘A’ ਗ੍ਰੇਡ ਦਿੱਤਾ ਸੀ। ਟੀਮ ਨੇ ਵਿਸ਼ੇਸ਼ ਤੌਰ ‘ਤੇ ਨੋਟ ਕੀਤਾ ਕਿ ਯੂਨੀਵਰਸਿਟੀ ਆਪਣੇ ਮੂਲ ਉਦੇਸ਼, ਪੰਜਾਬੀ ਭਾਸ਼ਾ ਦੇ ਵਿਕਾਸ ਤੋਂ ਕਦੇ ਵੀ ਲਾਂਭੇ ਨਹੀਂ ਹੋਈ।

ਯੂਨੀਵਰਸਿਟੀ ਦੇ ਕਈ ਵਿਭਾਗਾਂ ਨੂੰ ਯੂਜੀਸੀ, ਡੀਐਸਟੀ-ਐਫ.ਆਈ.ਐਸ.ਟੀ. (UGC, DST-FIST) ਅਤੇ DBT-IPLS ਵਰਗੀਆਂ ਰਾਸ਼ਟਰੀ ਸੰਸਥਾਵਾਂ ਤੋਂ ਵੱਡੀਆਂ ਗ੍ਰਾਂਟਾਂ ਮਿਲਦੀਆਂ ਹਨ। ਫਿਜ਼ਿਕਸ, ਪੰਜਾਬੀ ਅਤੇ ਇਕਨਾਮਿਕਸ ਵਿਭਾਗਾਂ ਨੂੰ ‘Center of Advanced Study’ (CAS) ਦਾ ਰੁਤਬਾ ਪ੍ਰਾਪਤ ਹੈ। ਹਜ਼ਾਰਾਂ ਖੋਜਾਰਥੀ UGC-NET, JRF ਅਤੇ ਹੋਰ ਵੱਕਾਰੀ ਫੈਲੋਸ਼ਿਪਾਂ ਅਧੀਨ ਇਥੇ ਖੋਜ ਕਰ ਰਹੇ ਹਨ।

ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿਰਫ ਇੱਕ ਅਕਾਦਮਿਕ ਅਦਾਰਾ ਨਹੀਂ, ਸਗੋਂ ਪੰਜਾਬੀ ਰੂਹ ਦਾ ਪ੍ਰਤੀਕ ਬਣ ਚੁੱਕੀ ਹੈ। ਇਸ ਨੇ ਪੇਂਡੂ ਅਤੇ ਪੱਛੜੇ ਇਲਾਕਿਆਂ ਵਿੱਚ ਆਪਣੇ ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਰਾਹੀਂ ਸਿੱਖਿਆ ਨੂੰ ਘਰ-ਘਰ ਪਹੁੰਚਾਇਆ ਹੈ। ਭਵਿੱਖ ਵਿੱਚ ਯੂਨੀਵਰਸਿਟੀ ਦਾ ਟੀਚਾ ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣਾ ਅਤੇ ਵਿਸ਼ਵ ਪੱਧਰੀ ਖੋਜ ਰਾਹੀਂ ਮਨੁੱਖਤਾ ਦੀ ਸੇਵਾ ਕਰਨਾ ਹੈ।

316 ਏਕੜ ਦੇ ਇਸ ਹਰੇ-ਭਰੇ ਕੈਂਪਸ ਵਿੱਚ 1965 ਤੋਂ ਬਲ ਰਹੀ ਵਿੱਦਿਆ ਦੀ ਜੋਤ ਅੱਜ ਵੀ ਲੱਖਾਂ ਵਿਦਿਆਰਥੀਆਂ ਦੇ ਜੀਵਨ ਨੂੰ ਰੋਸ਼ਨ ਕਰ ਰਹੀ ਹੈ। ਇਹ ਯੂਨੀਵਰਸਿਟੀ ਪੰਜਾਬ ਦੀ ਬੌਧਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਉਹ ਚਾਨਣ-ਮੁਨਾਰਾ ਹੈ, ਜੋ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਰਹੇਗਾ।

Gurpreet Singh

Gurpreet has worked as a journalist and news editor in various newspapers and news websites for the last 14 years and is still doing so. Apart from this, he has been writing articles on issues like "Punjab's water, land, pollution, besides farmers-laborers and education" in reputed newspapers for the last 6/7 years.

Post navigation

Leave a Comment

Leave a Reply

Your email address will not be published. Required fields are marked *