Brigadier Kuldeep Singh Chandpuri

ਰੀਅਲ ਲਾਈਫ ਤੋਂ ਰੀਲ ਲਾਈਫ ਤੱਕ: ਲੋਂਗੋਵਾਲਾ ਜੰਗ ਦੇ ਅਸਲੀ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ

ਭਾਰਤੀ ਫੌਜ ਦਾ ਇਤਿਹਾਸ ਬਹਾਦਰੀ ਦੀਆਂ ਅਣਗਿਣਤ ਕਹਾਣੀਆਂ ਨਾਲ ਭਰਿਆ ਹੋਇਆ ਹੈ, ਪਰ ਜਦੋਂ ਵੀ 1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜ਼ਿਕਰ ਹੁੰਦਾ ਹੈ, ਤਾਂ ਲੋਂਗੋਵਾਲਾ ਦੀ ਲੜਾਈ ਅਤੇ ਮੇਜਰ (ਬਾਅਦ ਵਿੱਚ ਬ੍ਰਿਗੇਡੀਅਰ) ਕੁਲਦੀਪ ਸਿੰਘ ਚਾਂਦਪੁਰੀ ਦਾ ਨਾਮ ਸਭ ਤੋਂ ਪਹਿਲਾਂ ਜ਼ੁਬਾਨ ‘ਤੇ ਆਉਂਦਾ ਹੈ। ਇਹ ਇੱਕ ਅਜਿਹੀ ਲੜਾਈ ਸੀ ਜਿਥੇ ਮੁੱਠੀ ਭਰ ਭਾਰਤੀ ਸੈਨਿਕਾਂ ਨੇ ਦੁਸ਼ਮਣ ਦੇ ਹਜ਼ਾਰਾਂ ਸੈਨਿਕਾਂ ਅਤੇ ਟੈਂਕਾਂ ਦੇ ਹੰਕਾਰ ਨੂੰ ਰੇਤ ਵਿੱਚ ਮਿਲਾ ਦਿੱਤਾ ਸੀ।

1971 ਦੀ ਜੰਗ ਦਾ ਪਿਛੋਕੜ

Background of the 1971 War
Pic Credit : The Statesman

1971 ਵਿੱਚ, ਪਾਕਿਸਤਾਨ ਦੋਹਰੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਪੂਰਬੀ ਪਾਕਿਸਤਾਨ ਵਿੱਚ ਸ਼ੇਖ ਮੁਜੀਬਰ ਰਹਿਮਾਨ ਦੀ ਅਗਵਾਈ ਵਿੱਚ ਬਗਾਵਤ ਸ਼ੁਰੂ ਹੋ ਚੁੱਕੀ ਸੀ ਅਤੇ ‘ਮੁਕਤੀ ਬਾਹਿਨੀ’ ਭਾਰਤੀ ਫੌਜ ਦੇ ਸਹਿਯੋਗ ਨਾਲ ਆਜ਼ਾਦੀ ਦੀ ਲੜਾਈ ਲੜ ਰਹੀ ਸੀ। ਹਾਲਾਤ ਵਿਗੜਦੇ ਦੇਖ, ਪਾਕਿਸਤਾਨੀ ਫੌਜ ਨੇ ਭਾਰਤ ਦਾ ਧਿਆਨ ਭਟਕਾਉਣ ਲਈ ਪੱਛਮੀ ਸਰਹੱਦ (ਰਾਜਸਥਾਨ ਅਤੇ ਪੰਜਾਬ) ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਪਾਕਿਸਤਾਨੀ ਰਣਨੀਤੀਕਾਰਾਂ ਨੂੰ ਉਮੀਦ ਸੀ ਕਿ ਇਸ ਨਾਲ ਭਾਰਤ ਆਪਣੀ ਫੌਜ ਪੂਰਬੀ ਸਰਹੱਦ ਤੋਂ ਹਟਾ ਕੇ ਪੱਛਮ ਵੱਲ ਮੋੜ ਲਵੇਗਾ।

ਲੋਂਗੋਵਾਲਾ ਚੌਂਕੀ ‘ਤੇ ਦੁਸ਼ਮਣ ਦਾ ਹਮਲਾ

Enemy attack on Longowala outpost
Pic Credit : Zee News

ਇਹ 4 ਅਤੇ 5 ਦਸੰਬਰ 1971 ਦੀ ਇੱਕ ਇਤਿਹਾਸਿਕ ਰਾਤ ਸੀ ਜਦੋਂ ਸਾਰਾ ਦੇਸ਼ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ। ਰਾਜਸਥਾਨ ਦੇ ਰੇਤਲੇ ਥਾਰ ਮਾਰੂਥਲ ਵਿੱਚ ਸਥਿਤ ਲੋਂਗੋਵਾਲਾ ਚੌਂਕੀ ‘ਤੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਅਗਵਾਈ ਹੇਠ ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ ਦੇ ਸਿਰਫ 120 ਸੈਨਿਕ ਤੈਨਾਤ ਸਨ। ਅਚਾਨਕ ਰਾਤ ਦੇ ਸੰਨਾਟੇ ਵਿੱਚ ਟੈਂਕਾਂ ਦੀ ਹਲਕੀ ਜਿਹੀ ਗਰਜ ਸੁਣਾਈ ਦਿੱਤੀ। ਦੁਸ਼ਮਣ ਫੌਜਾਂ ਕੋਲ 2,000 ਤੋਂ ਵੱਧ ਸੈਨਿਕ, 50 ਸ਼ੇਰਮਨ ਅਤੇ ਟੀ-59 ਟੈਂਕ ਅਤੇ ਭਾਰੀ ਤੋਪਖ਼ਾਨਾ ਸੀ। ਮੇਜਰ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੋਲ ਦੋ ਹੀ ਰਸਤੇ ਸਨ- ਜਾਂ ਤਾਂ ਜੈਸਲਮੇਰ ਦੇ ਰਾਮਗੜ੍ਹ ਵੱਲ ਪਿੱਛੇ ਹਟ ਜਾਣਾ ਜਾਂ ਫਿਰ ਆਖ਼ਰੀ ਸਾਹ ਤੱਕ ਲੜਨਾ। ਇੱਕ ਸੱਚੇ ਪੰਜਾਬੀ ਯੋਧੇ ਵਾਂਗ ਉਨ੍ਹਾਂ ਨੇ ਲੜਨ ਦਾ ਫੈਸਲਾ ਕੀਤਾ।

ਮੇਜਰ ਚਾਂਦਪੁਰੀ ਦੀ ਰਣਨੀਤੀ

Major Chandpuris strategy
Pic Credit : TOI

ਮੇਜਰ ਚਾਂਦਪੁਰੀ ਜਾਣਦੇ ਸਨ ਕਿ ਸਿੱਧੀ ਲੜਾਈ ਵਿੱਚ ਉਹ ਟੈਂਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਨੇ ਬੜੇ ਧਿਆਨ ਨਾਲ ਯੋਜਨਾ ਬਣਾਈ। ਉਨ੍ਹਾਂ ਨੇ ਦੁਸ਼ਮਣ ਦੇ ਟੈਂਕਾਂ ਨੂੰ ਚੌਂਕੀ ਦੇ ਬਿਲਕੁਲ ਨੇੜੇ (100 ਮੀਟਰ ਤੱਕ) ਆਉਣ ਦਿੱਤਾ। ਜਿਵੇਂ ਹੀ ਟੈਂਕ ਰੇਂਜ ਵਿੱਚ ਆਏ, ਭਾਰਤੀ ਸੈਨਿਕਾਂ ਨੇ ਮੋਢੇ ‘ਤੇ ਰੱਖ ਕੇ ਚੱਲਣ ਵਾਲੇ ਐਂਟੀ-ਟੈਂਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਹਿਲੇ ਹੀ ਹਮਲੇ ਵਿੱਚ 2 ਪਾਕਿਸਤਾਨੀ ਟੈਂਕਾਂ ਨੂੰ ਅੱਗ ਲੱਗ ਗਈ ਅਤੇ ਬਾਕੀ ਮਾਰੂਥਲ ਦੀ ਰੇਤ ਦੇ ਵਿੱਚ ਫਸ ਗਏ।

ਇੱਕ ਹੋਰ ਦਿਲਚਸਪ ਰਣਨੀਤੀ ਇਹ ਸੀ ਕਿ ਭਾਰਤੀ ਸੈਨਿਕਾਂ ਨੇ ਚੌਂਕੀ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾ ਦਿੱਤੀ ਸੀ। ਰਾਤ ਦੇ ਹਨੇਰੇ ਵਿੱਚ, ਪਾਕਿਸਤਾਨੀ ਫੌਜ ਨੂੰ ਲੱਗਾ ਕਿ ਇਹ ਬਾਰੂਦੀ ਸੁਰੰਗਾਂ ਵਾਲਾ ਖੇਤਰ ਹੈ। ਇਸ ਡਰ ਕਾਰਨ ਉਹ ਲਗਭਗ ਦੋ ਘੰਟੇ ਉੱਥੇ ਹੀ ਰੁਕੇ ਰਹੇ, ਜਿਸ ਦਾ ਫਾਇਦਾ ਭਾਰਤੀ ਸੈਨਿਕਾਂ ਨੂੰ ਮਿਲਿਆ।

ਭਾਰਤੀ ਹਵਾਈ ਸੈਨਾ ਦਾ ਕਹਿਰ

Indian Air Forces fury
Pic Credit : The Print

ਸਵੇਰ ਹੁੰਦੇ ਹੀ ਭਾਰਤੀ ਹਵਾਈ ਸੈਨਾ ਦੇ ਜੈੱਟਾਂ ਨੇ ਮੋਰਚਾ ਸੰਭਾਲ ਲਿਆ। ਖੁੱਲ੍ਹੇ ਮਾਰੂਥਲ ਵਿੱਚ ਪਾਕਿਸਤਾਨੀ ਟੈਂਕਾਂ ਲਈ ਲੁਕਣ ਦੀ ਕੋਈ ਥਾਂ ਨਹੀਂ ਸੀ। ਇਸ ਛੇ ਘੰਟੇ ਦੀ ਲੜਾਈ ਵਿੱਚ ਪਾਕਿਸਤਾਨ ਦੇ 36 ਟੈਂਕ ਅਤੇ 100 ਤੋਂ ਵੱਧ ਵਾਹਨ ਅਤੇ ਕਈ ਸੈਨਿਕ ਮਾਰੇ ਗਏ। ਦੁਸ਼ਮਣ ਫੌਜ ਨੂੰ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। ਇਹ ਲੜਾਈ ਦੁਨੀਆ ਭਰ ਵਿੱਚ ਮਿਸਾਲ ਬਣੀ ਗਈ ਕਿ ਕਿਵੇਂ ਹੌਸਲੇ ਨਾਲ ਵੱਡੀ ਤੋਂ ਵੱਡੀ ਫੌਜ ਨੂੰ ਹਰਾਇਆ ਜਾ ਸਕਦਾ ਹੈ।

ਫ਼ਿਲਮ ‘ਬਾਰਡਰ’ ਅਤੇ ਮੇਜਰ ਚਾਂਦਪੁਰੀ ਦੀ ਵਿਰਾਸਤ

The film Border
Pic Credit : Muslim Mirror

1997 ਵਿੱਚ ਜੇ.ਪੀ. ਦੱਤਾ ਨੇ ਇਸ ਇਤਿਹਾਸਿਕ ਲੜਾਈ ‘ਤੇ ‘ਬਾਰਡਰ’ ਫ਼ਿਲਮ ਬਣਾਈ, ਜੋ ਸੁਪਰਹਿੱਟ ਰਹੀ। ਅਦਾਕਾਰ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਇੰਨੀ ਬਾਖ਼ੂਬੀ ਨਿਭਾਈ ਕਿ ਉਹ ਘਰ-ਘਰ ਵਿੱਚ ਮਸ਼ਹੂਰ ਹੋ ਗਏ। ਇਸ ਫ਼ਿਲਮ ਰਾਹੀਂ ਨਵੀਂ ਪੀੜ੍ਹੀ ਨੂੰ ਲੋਂਗੋਵਾਲਾ ਦੇ ਇਸ ਅਸਲੀ ਨਾਇਕ ਬਾਰੇ ਜਾਣਨ ਦਾ ਮੌਕਾ ਮਿਲਿਆ।

ਨਿੱਜੀ ਜੀਵਨ ਅਤੇ ਸੇਵਾ ਮੁਕਤੀ

Personal life and retirement
Pic Credit : The Better India

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਂਟਗੁਮਰੀ ਵਿਖੇ ਹੋਇਆ ਸੀ। ਮਦਰਾਸ ਤੋਂ ਅਫਸਰ ਸਿਖਲਾਈ ਅਕੈਡਮੀ ਵਿੱਚ ਆਪਣੀ ਸਿਖਲਾਈ ਪੂਰੀ ਕਰਕੇ ਉਨ੍ਹਾਂ ਨੂੰ 1963 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ। ਉਨ੍ਹਾਂ ਨੇ ਪੱਛਮੀ ਸੈਕਟਰ ਵਿੱਚ 1965 ਦੀ ਜੰਗ ਵਿੱਚ ਵੀ ਹਿੱਸਾ ਲਿਆ, ਗਾਜਾ ਵਿਖੇ ਸੰਯੁਕਤ ਰਾਸ਼ਟਰ ਐਮਰਜੈਂਸੀ ਫੋਰਸ (UNEF) ਵਿੱਚ ਸੇਵਾ ਨਿਭਾਈ ਅਤੇ ਮੱਧ ਪ੍ਰਦੇਸ਼ ਦੇ ਇਨਫੈਂਟਰੀ ਸਕੂਲ ਵਿੱਚ ਦੋ ਵਾਰ ਲੜਾਈ ਸਿਖਲਾਈ ਇੰਸਟਰਕਟਰ ਵਜੋਂ ਸੇਵਾ ਵੀ ਨਿਭਾਈ। ਉਨ੍ਹਾਂ ਦੀ ਬਹਾਦਰੀ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ।

ਚਾਂਦਪੁਰੀ ਭਾਰਤੀ ਫੌਜ ਤੋਂ ਬ੍ਰਿਗੇਡੀਅਰ ਵਜੋਂ ਸੇਵਾ ਮੁਕਤ ਹੋਏ। ਸੇਵਾ ਮੁਕਤੀ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਰਹਿਣ ਲੱਗੇ। 18 ਨਵੰਬਰ 2018 ਨੂੰ ਇਸ ਮਹਾਨ ਯੋਧੇ ਦਾ ਦੇਹਾਂਤ ਹੋ ਗਿਆ। ਬ੍ਰਿਗੇਡੀਅਰ ਚਾਂਦਪੁਰੀ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਭਾਰਤੀਆਂ ਦੇ ਦਿਲਾਂ ਵਿੱਚ ਜੋਸ਼ ਭਰਦੀ ਰਹੇਗੀ।

Post navigation

Leave a Comment

Leave a Reply

Your email address will not be published. Required fields are marked *