ਪੰਜ ਵਾਰ ਦੇ ਓਲੰਪੀਅਨ, ਜਿਸਨੇ ਪੰਜ ਖੇਡਾਂ ਵਿੱਚ ਭਾਰਤ ਦਾ ਤਿਰੰਗਾ ਲਹਿਰਾਇਆ ਅਤੇ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦਾ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ – ਰਾਜਾ ਰਣਧੀਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਆਖਰੀ ਅੱਧ ਰੁਕਾਵਟਾਂ ਨੂੰ ਦੂਰ ਕਰਦਿਆਂ ਬਿਤਾਇਆ।
I. ਪਟਿਆਲਾ ਦੀ ਵਿਰਾਸਤ
ਰਾਜਾ ਰਣਧੀਰ ਸਿੰਘ, ਜਿਨ੍ਹਾਂ ਦਾ 27 ਮਈ, 2026 ਨੂੰ ਨਵੀਂ ਦਿੱਲੀ ਸਥਿਤ ਆਪਣੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ, ਨੇ ਆਪਣੇ ਜੀਵਨ ਕਾਲ ਦੌਰਾਨ ਕਈ ਅਹੁਦਿਆਂ ‘ਤੇ ਸੇਵਾ ਕੀਤੀ: ਪੰਜ ਵਾਰ ਓਲੰਪੀਅਨ, ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦਾ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ, ਸਤਾਈ ਸਾਲਾਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ, ਅਤੇ ਅੰਤ ਵਿੱਚ, ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ। ਉਹ 79 ਸਾਲਾਂ ਦੇ ਸਨ।
1946 ਵਿੱਚ ਪਟਿਆਲਾ ਵਿੱਚ ਜਨਮੇ, ਉਹ ਰਾਜਾ ਭਲਿੰਦਰਾ ਸਿੰਘ ਦੇ ਪੁੱਤਰ ਸਨ – ਜੋ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਛੋਟੇ ਭਰਾ ਸਨ। ਇਹ ਉਹੀ ਪਟਿਆਲਾ ਸ਼ਾਹੀ ਪਰਿਵਾਰ ਸੀ ਜਿਸਨੇ ਭਾਰਤ ਨੂੰ ਆਪਣਾ ਪਹਿਲਾ ਟੈਸਟ ਕ੍ਰਿਕਟ ਕਪਤਾਨ ਦਿੱਤਾ, ਅਤੇ ਓਲੰਪਿਕ ਲਹਿਰ ਨਾਲ ਭਾਰਤ ਦਾ ਪਹਿਲਾ ਗੰਭੀਰ ਸੰਸਥਾਗਤ ਸਬੰਧ ਵੀ ਇਸੇ ਘਰਾਣੇ ਦੇ ਜ਼ਰੀਏ ਹੋਇਆ ਸੀ। ਉਨ੍ਹਾਂ ਦੇ ਪਿਤਾ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਵਿੱਚ ਸੇਵਾ ਨਿਭਾਈ; ਉਨ੍ਹਾਂ ਦੇ ਚਾਚੇ ਨੇ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ। ਇਸ ਤਰ੍ਹਾਂ, ਰਣਧੀਰ ਸਿੰਘ ਇੱਕ ਅਜਿਹੇ ਖੇਡ ਪ੍ਰੇਮੀ ਪਰਿਵਾਰ ਦੀ ਚੌਥੀ ਪੀੜ੍ਹੀ ਸੀ ਜਿਸਦਾ ਭਾਰਤੀ ਐਥਲੈਟਿਕਸ ਵਿੱਚ ਯੋਗਦਾਨ ਆਪਣੀ ਡੂੰਘਾਈ ਅਤੇ ਨਿਰੰਤਰਤਾ ਵਿੱਚ ਕੋਈ ਸਮਾਨਤਾ ਨਹੀਂ ਰੱਖਦਾ। ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ, ਉਨ੍ਹਾਂ ਦੇ ਗੁਰਦਿਆਂ ਦੇ ਕੰਮ ਕਰਨ ਦੀ ਸਮਰੱਥਾ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ। ਆਪਣੀ ਕੁਦਰਤੀ ਦ੍ਰਿੜਤਾ ਦੇ ਅਨੁਸਾਰ, ਉਨ੍ਹਾਂ ਨੇ ਗੁਰਦੇ ਦੇ ਟ੍ਰਾਂਸਪਲਾਂਟ ਤੋਂ ਇਨਕਾਰ ਕਰ ਦਿੱਤਾ, ਇਸਦੀ ਬਜਾਏ ਰਵਾਇਤੀ ਦਵਾਈਆਂ, ਘਰੇਲੂ ਉਪਚਾਰਾਂ ਅਤੇ ਪ੍ਰਕਿਰਿਆਵਾਂ ‘ਤੇ ਨਿਰਭਰ ਕਰਨ ਦੀ ਚੋਣ ਕੀਤੀ। ਆਪਣੇ ਪਰਿਵਾਰ ਨਾਲ ਘਿਰੇ ਹੋਏ, ਉਨ੍ਹਾਂ ਨੇ ਸ਼ਾਂਤੀ ਨਾਲ ਆਖਰੀ ਸਾਹ ਲਿਆ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਹੋਣ ਕਰਕੇ, ਉਨ੍ਹਾਂ ਨੂੰ ਸਿਰਫ਼ ਇੱਕ ਨਾਮ ਹੀ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਵੀ ਵਿਰਾਸਤ ਵਿੱਚ ਮਿਲੀ: ਭਾਰਤੀ ਖੇਡਾਂ ਦੇ ਇੱਕ ਯੁੱਗ ਵਿੱਚ ਪਟਿਆਲਾ ਦੀ ਖੇਡ ਸਰਪ੍ਰਸਤੀ ਦੀ ਪਰੰਪਰਾ ਨੂੰ ਅੱਗੇ ਵਧਾਉਣਾ ਜੋ ਰਾਜਸ਼ਾਹੀ ਅਤੇ ‘ਪ੍ਰਿਵੀ ਪਰਸ’ (ਸ਼ਾਹੀ ਭੱਤੇ) ਦੇ ਯੁੱਗ ਤੋਂ ਬਾਅਦ ਆਇਆ ਸੀ – ਇੱਕ ਅਜਿਹਾ ਯੁੱਗ ਜਿੱਥੇ ਖਿਤਾਬਾਂ ਦਾ ਕੋਈ ਮੁੱਲ ਨਹੀਂ ਸੀ ਅਤੇ ਸਿਰਫ਼ ਨਤੀਜੇ ਹੀ ਮਾਇਨੇ ਰੱਖਦੇ ਸਨ।
II. ਪੰਜ ਓਲੰਪਿਕ, ਇੱਕ ਏਸ਼ੀਆਈ ਖੇਡਾਂ ਦਾ ਸੋਨ ਤਗਮਾ
ਇੱਕ ਟ੍ਰੈਪ ਸ਼ੂਟਰ ਦੇ ਤੌਰ ‘ਤੇ, ਰਣਧੀਰ ਸਿੰਘ ਨੂੰ ਪਹਿਲੀ ਵਾਰ ਟੋਕੀਓ 1964 ਓਲੰਪਿਕ ਲਈ ਰਿਜ਼ਰਵ ਖਿਡਾਰੀ ਵਜੋਂ ਚੁਣਿਆ ਗਿਆ ਸੀ – ਇਹ ਉਨ੍ਹਾਂ ਦੀ ਪ੍ਰਤਿਭਾ ਦੀ ਅਜਿਹੀ ਪਛਾਣ ਸੀ ਜੋ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਸਿਖਰ ‘ਤੇ ਪਹੁੰਚਣ ਤੋਂ ਪਹਿਲਾਂ ਹੀ ਮਿਲ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ: ਮੈਕਸੀਕੋ 1968, ਮਿਊਨਿਖ 1972, ਮਾਂਟਰੀਅਲ 1976, ਮਾਸਕੋ 1980, ਅਤੇ ਲਾਸ ਏਂਜਲਸ 1984। ਪੰਜ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਧੀਰਜ ਦਾ ਇੱਕ ਅਜਿਹਾ ਰਿਕਾਰਡ ਹੈ ਜੋ ਕਿਸੇ ਵੀ ਯੁੱਗ ਵਿੱਚ ਸਤਿਕਾਰਯੋਗ ਹੈ; ਅਤੇ ਉਸ ਯੁੱਗ ਵਿੱਚ ਜਦੋਂ ਭਾਰਤੀ ਸ਼ੂਟਿੰਗ ਕੋਲ ਨਾ ਤਾਂ ਅੱਜ ਵਰਗਾ ਬੁਨਿਆਦੀ ਢਾਂਚਾ ਸੀ ਅਤੇ ਨਾ ਹੀ ਅੱਜ ਜਿਹਾ ਅੰਤਰਰਾਸ਼ਟਰੀ ਤਜਰਬਾ, ਇਸ ਲਈ ਇਹ ਪ੍ਰਾਪਤੀ ਅਸਾਧਾਰਨ ਦੀ ਸ਼੍ਰੇਣੀ ਵਿੱਚ ਆਉਂਦੀ ਹੈ।
ਉਨ੍ਹਾਂ ਦੀ ਪ੍ਰਤੀਯੋਗੀ ਸਫਲਤਾ ਦਾ ਸਿਖਰ 1978 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਆਇਆ, ਜਿੱਥੇ ਉਨ੍ਹਾਂ ਨੇ ਪੁਰਸ਼ਾਂ ਦੇ ਟ੍ਰੈਪ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ – ਅਤੇ ਇਸਦੇ ਨਾਲ ਹੀ ਉਹ ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ। 1982 ਵਿੱਚ ਦਿੱਲੀ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਵਿਅਕਤੀਗਤ ਤੌਰ ਤੇ ਕਾਂਸੀ ਅਤੇ ਟੀਮ ਦੇ ਤੌਰ ਤੇ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 1986 ਵਿੱਚ ਸਿਓਲ, 1994 ਵਿੱਚ ਹੀਰੋਸ਼ੀਮਾ ਅਤੇ 1994 ਵਿੱਚ ਐਡਮੰਟਨ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਹਿੱਸਾ ਲਿਆ। ਇਹਨਾਂ ਪ੍ਰਾਪਤੀਆਂ ਲਈ, ਉਨ੍ਹਾਂ ਨੂੰ 1979 ਵਿੱਚ ਅਰਜੁਨ ਪੁਰਸਕਾਰ ਅਤੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇੱਕ ਅਥਲੀਟ ਦੇ ਤੌਰ ‘ਤੇ ਜੋ ਚੀਜ਼ ਉਨ੍ਹਾਂ ਨੂੰ ਸਭ ਤੋਂ ਵੱਖਰਾ ਬਣਾਉਂਦੀ ਸੀ, ਉਹ ਕੋਈ ਅਸਾਧਾਰਨ ਕੁਦਰਤੀ ਪ੍ਰਤਿਭਾ ਨਹੀਂ ਸੀ, ਸਗੋਂ ਉਨ੍ਹਾਂ ਦਾ ਅਨੁਸ਼ਾਸਿਤ ਸਮਰਪਣ ਸੀ – ਹਰ ਸਾਲ ਲਗਾਤਾਰ ਭਾਰਤ ਦੇ ਖੇਡ ਜਗਤ ਪ੍ਰਤੀ ਪ੍ਰਸ਼ਾਸਨਿਕ ਉਦਾਸੀਨਤਾ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀਆਂ ਸਖ਼ਤ ਮੰਗਾਂ ਦੇ ਵਿਚਕਾਰ, ਦ੍ਰਿੜ ਰਹਿਣ ਦੀ ਉਨ੍ਹਾਂ ਦੀ ਇੱਛਾ।
III. ਪ੍ਰਸ਼ਾਸਕ: IOA ਵਿੱਚ 25 ਸਾਲ
ਇੱਕ ਸੰਸਥਾ-ਨਿਰਮਾਤਾ ਵਜੋਂ ਰਣਧੀਰ ਸਿੰਘ ਦੀ ਵਿਰਾਸਤ ਸਭ ਤੋਂ ਵੱਧ ਸਥਾਈ ਤੌਰ ‘ਤੇ ਕਾਇਮ ਰਹੇਗੀ। ਉਨ੍ਹਾਂ ਨੇ 1987 ਤੋਂ 2014 ਤੱਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਜਨਰਲ ਵਜੋਂ ਸੇਵਾ ਨਿਭਾਈ – ਇਹ ਲਗਾਤਾਰ 27 ਸਾਲਾਂ ਦਾ ਅਜਿਹਾ ਕਾਰਜਕਾਲ ਹੈ, ਜਿਸਦਾ ਭਾਰਤੀ ਖੇਡ ਪ੍ਰਸ਼ਾਸਨ ਦੇ ਇਤਿਹਾਸ ਵਿੱਚ ਇਸਦੀ ਕੋਈ ਮਿਸਾਲ ਨਹੀਂ ਹੈ। ਉਸ ਸਮੇਂ ਦੌਰਾਨ, ਭਾਰਤੀ ਐਥਲੀਟਾਂ ਨੇ 9 ਓਲੰਪਿਕ ਖੇਡਾਂ ਅਤੇ ਕਈ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੱਕਰਾਂ ਵਿੱਚ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਭਾਗੀਦਾਰੀ ਨੂੰ ਸੰਭਵ ਬਣਾਉਣ ਵਾਲੇ ਜ਼ਿਆਦਾਤਰ ਲੌਜਿਸਟਿਕਲ, ਕੂਟਨੀਤਕ ਅਤੇ ਤਾਲਮੇਲ ਕਾਰਜ ਉਨ੍ਹਾਂ ਦੇ ਹੀ ਦਫ਼ਤਰ ਵਿੱਚੋਂ ਲੰਘੇ।
ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਦੇ ਸਿੱਧੇ-ਸਪਾਟ ਅਤੇ ਕਈ ਵਾਰ ਹਮਲਾਵਰ ਸ਼ੈਲੀ ਤੇ ਗੌਰ ਕੀਤਾ, ਜਿਸ ਕਾਰਨ ਸੰਸਥਾਗਤ ਪੱਧਰ ‘ਤੇ ਕੁਝ ਟਕਰਾਅ ਵੀ ਹੋਏ। ਇਸ ਦੌਰਾਨ, ਉਨ੍ਹਾਂ ਦੇ ਸਮਰਥਕ – ਗਿਣਤੀ ਵਿਚ ਕਾਫੀ ਜ਼ਿਆਦਾ ਅਤੇ ਚੰਗੇ ਹਲਾਤਾਂ ਵਿਚ ਸੀ – ਨੇ ਉਨ੍ਹਾਂ ਨੂੰ ਇੱਕ ਅਜਿਹੇ ਪ੍ਰਸ਼ਾਸਕ ਵਜੋਂ ਪੇਸ਼ ਕੀਤਾ ਜੋ ਖੇਡ ਜਗਤ ਨੂੰ ਸੱਚਮੁੱਚ ਅੰਦਰੋਂ ਚੰਗੀ ਤਰ੍ਹਾਂ ਜਾਣਦਾ ਸੀ; ਇੱਕ ਅਜਿਹਾ ਵਿਅਕਤੀ ਜਿਸਨੇ ਨਿੱਜੀ ਤੌਰ ‘ਤੇ ਮੈਦਾਨ ਵਿੱਚ ਕਦਮ ਰੱਖਿਆ ਅਤੇ ਇਹ ਸਮਝਿਆ ਕਿ ਖਿਡਾਰੀਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਇਨ੍ਹਾਂ ਦੋਵਾਂ ਚਿੱਤਰਣਾਂ ਦੇ ਆਪਣੇ-ਆਪਣੇ ਗੁਣ ਸਨ; ਕੋਈ ਵੀ ਇੱਕ ਦੂਜੇ ਨੂੰ ਗਲਤ ਸਾਬਤ ਨਹੀਂ ਕਰਦਾ।
IV. ਗਲੋਬਲ ਪਹੁੰਚ: ਆਈਓਸੀ, ਓਸੀਏ, ਅਤੇ ਏਸ਼ੀਅਨ ਖੇਡਾਂ ਦੀ ਲਹਿਰ
ਰਣਧੀਰ ਸਿੰਘ ਦੀਆਂ ਪ੍ਰਸ਼ਾਸਕੀ ਇੱਛਾਵਾਂ ਇੰਦਰਪ੍ਰਸਥ ਤੋਂ ਬਹੁਤ ਅੱਗੇ ਤੱਕ ਫੈਲੀਆਂ ਹੋਈਆਂ ਸਨ। ਉਨ੍ਹਾਂ ਨੇ 1991 ਤੋਂ 2015 ਤੱਕ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਸੇਵਾ ਨਿਭਾਈ, ਜਿਸ ਨਾਲ ਉਨ੍ਹਾਂ ਨੂੰ ਇਸ ਖੇਤਰ ਵਿਚ ਤੇਜ਼ ਆਰਥਿਕ ਅਤੇ ਭੂ-ਰਾਜਨੀਤਿਕ ਬਦਲਾਅ ਦੇ ਢਾਈ ਦਹਾਕਿਆਂ ਦੌਰਾਨ ਏਸ਼ੀਆਈ ਖੇਡਾਂ ਦੇ ਢਾਂਚੇ ‘ਤੇ ਬੇਮਿਸਾਲ ਪ੍ਰਭਾਵ ਪਾਉਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਆਈਓਸੀ ਮੈਂਬਰਸ਼ਿਪ (2001-2014), ਅਤੇ ਉਸ ਤੋਂ ਬਾਅਦ ਮਿਲੀ ਆਨਰੇਰੀ ਮੈਂਬਰਸ਼ਿਪ ਨੇ ਉਨ੍ਹਾਂ ਨੂੰ ਉਸ ਮੰਚ ਤੇ ਲਿਆ ਖੜਾ ਕੀਤਾ, ਜਿੱਥੇ ਵਿਸ਼ਵ ਓਲੰਪਿਕ ਨੀਤੀਆਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਬਜਟ ਅਲਾਟ ਕੀਤੇ ਜਾਂਦੇ ਹਨ, ਅਤੇ ਮੇਜ਼ਬਾਨ ਸ਼ਹਿਰਾਂ ਦੀ ਚੋਣ ਸੰਬੰਧੀ ਫੈਸਲੇ ਲਏ ਜਾਂਦੇ ਹਨ।
ਉਨ੍ਹਾਂ ਦੇ ਪ੍ਰਸ਼ਾਸਕੀ ਕਰੀਅਰ ਦਾ ਸਿਖਰ ਸਤੰਬਰ 2024 ਵਿੱਚ ਨਵੀਂ ਦਿੱਲੀ ਵਿੱਚ ਹੋਈ 44ਵੀਂ ਓਸੀਏ ਜਨਰਲ ਅਸੈਂਬਲੀ ਵਿੱਚ ਆਇਆ, ਜਦੋਂ ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਪ੍ਰਧਾਨ ਚੁਣਿਆ ਗਿਆ – ਇਹ ਅਹੁਦਾ ਸੰਭਾਲਣ ਵਾਲੇ ਉਹ ਪਹਿਲੇ ਭਾਰਤੀ ਅਤੇ ਪਟਿਆਲਾ ਸ਼ਾਹੀ ਪਰਿਵਾਰ ਦੇ ਤੀਜੇ ਮੈਂਬਰ ਸਨ। 2026 ਦੇ ਸ਼ੁਰੂ ਵਿੱਚ, ਜਦੋ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ, ਤਾਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਉਸ ਜਨਰਲ ਅਸੈਂਬਲੀ ਦੀ ਇੱਕ ਤਸਵੀਰ – ਰਣਧੀਰ ਸਿੰਘ ਨੂੰ ਸਰੀਰਕ ਤੌਰ ‘ਤੇ ਕਮਜ਼ੋਰ ਪਰ ਸ਼ਾਂਤੀ ਨਾਲ 45 ਰਾਸ਼ਟਰੀ ਓਲੰਪਿਕ ਕਮੇਟੀਆਂ ਦੇ ਆਦੇਸ਼ ਨੂੰ ਸਵੀਕਾਰ ਕਰਦੇ ਹੋਏ ਦਿੱਖ ਰਹੇ ਹਨ- ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ ਜੀਵਨ ਦੇ ਦ੍ਰਿੜ ਇਰਾਦੇ ਅਤੇ ਉਸਦੀ ਕੀਮਤ ਦੋਵਾਂ ਨੂੰ ਬਹੁਤ ਵਧੀਆ ਢੰਗ ਨਾਲ ਦਰਸਾਉਂਦੀ ਹੈ।
ਉਨ੍ਹਾਂ ਨੇ ਆਈਓਸੀ ਦੇ ਕਈ ਕਮਿਸ਼ਨਾਂ ਵਿੱਚ ਵੀ ਸੇਵਾ ਨਿਭਾਈ, ਵਰਲਡ ਐਂਟੀ-ਡੋਪਿੰਗ ਏਜੰਸੀ (WADA) ਦੇ ਫਾਊਂਡੇਸ਼ਨ ਬੋਰਡ ਵਿੱਚ ਆਈਓਸੀ ਦੀ ਨੁਮਾਇੰਦਗੀ ਕੀਤੀ, ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ, ਐਸੋਸੀਏਸ਼ਨ ਆਫ਼ ਨੈਸ਼ਨਲ ਓਲੰਪਿਕ ਕਮੇਟੀਜ਼ (ਏਐਨਓਸੀ), ਅਤੇ ਅਫਰੋ-ਏਸ਼ੀਅਨ ਗੇਮਜ਼ ਕੌਂਸਲ ਵਿੱਚ ਅਹੁਦਿਆਂ ‘ਤੇ ਰਹੇ। ਆਪਣੇ ਦੇਸ਼ ਲਈ, ਉਨ੍ਹਾਂ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਨਵੀਂ ਦਿੱਲੀ ਨੂੰ ਮੇਜ਼ਬਾਨ ਸ਼ਹਿਰ ਵਜੋਂ ਸੁਰੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ – ਇਹ ਇੱਕ ਅਜਿਹਾ ਸਮਾਗਮ ਸੀ ਜਿਸ ਵਿਚ, ਬਾਅਦ ਵਿੱਚ ਕਿੰਨੇ ਹੀ ਸੰਗਠਨਾਤਮਕ ਵਿਵਾਦਾਂ ਦਾ ਸਾਹਮਣਾ ਕੀਤਾ ਹੋਵੇ, ਪਰ ਇਸਨੇ ਵਿਸ਼ਵ ਖੇਡ ਖੇਤਰ ਵਿੱਚ ਭਾਰਤ ਦੇ ਸਥਾਨ ਬਾਰੇ ਹੁਣ ਤੱਕ ਦੇ ਸਭ ਤੋਂ ਮਹੱਤਵਾਕਾਂਖੀ ਦਾਅਵੇ ਨੂੰ ਵੀ ਪੇਸ਼ ਕੀਤਾ ਸੀ।
V. ਪਰਿਵਾਰ: ਦੋ ਵਿਆਹ, ਇੱਕ ਸ਼ੂਟਿੰਗ ਵਾਰਸ
ਰਣਧੀਰ ਸਿੰਘ ਦੀ ਨਿੱਜੀ ਜ਼ਿੰਦਗੀ ਗੁੰਝਲਾਂ ਨਾਲ ਭਰੀ ਹੋਈ ਸੀ ਜੋ ਅਕਸਰ ਇੰਨੇ ਲੰਬੇ ਸਮੇਂ ਤੱਕ ਜਨਤਕ ਜੀਵਨ ਵਿੱਚ ਰਹਿਣ ਕਾਰਨ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਦੋ ਵਿਆਹ ਕੀਤੇ। ਉਨ੍ਹਾਂ ਦਾ ਪਹਿਲਾ ਵਿਆਹ ਉਮਾ ਨਾਲ ਹੋਇਆ ਸੀ, ਜਿਸ ਨਾਲ ਉਨ੍ਹਾਂ ਦੀਆਂ ਦੋ ਧੀਆਂ ਸਨ – ਮਹਿਮਾ ਅਤੇ ਸੁਨੈਨਾ (ਮਫੀ)। ਉਨ੍ਹਾਂ ਦਾ ਦੂਜਾ ਵਿਆਹ ਵਨੀਤਾ ਨਾਲ ਹੋਇਆ ਸੀ, ਜੋ ਕਿ ਪੰਜਾਬ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਭੈਣ ਸੀ – ਇਸ ਰਿਸ਼ਤੇ ਨੇ ਪਟਿਆਲਾ ਦੇ ਖੇਡ ਪਰਿਵਾਰ ਨੂੰ ਪੰਜਾਬ ਦੇ ਰਾਜਨੀਤਿਕ ਸੰਸਾਰ ਨਾਲ ਦੋਹਰੇ ਤੌਰ ਤੇ ਜੋੜ ਦਿੱਤਾ। ਇਸ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਹੈ, ਰਾਜੇਸ਼ਵਰੀ “ਰੀਆ” ਕੁਮਾਰੀ, ਜਿਸਨੇ ਉਸ ਖੇਡ ਵਿੱਚ ਆਪਣਾ ਨਾਮ ਬਣਾਇਆ ਹੈ, ਜਿਸ ਨੂੰ ਸੰਸਥਾਗਤ ਰੂਪ ਦੇਣ ਵਿਚ ਉਨ੍ਹਾਂ ਦੇ ਪਿਤਾ ਨੇ ਮਦਦ ਕੀਤੀ ਸੀ। ਰੀਆ ਇੱਕ ਮਸ਼ਹੂਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟ੍ਰੈਪ ਨਿਸ਼ਾਨੇਬਾਜ਼ ਹੈ। ਜਨਵਰੀ 2021 ਵਿੱਚ, ਉਨ੍ਹਾਂ ਨੇ ਕੁਵੈਤ ਸ਼ੂਟਿੰਗ ਫੈਡਰੇਸ਼ਨ ਦੁਆਰਾ ਆਯੋਜਿਤ ਏਸ਼ੀਅਨ ਔਨਲਾਈਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾ ਟ੍ਰੈਪ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। 2023 ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ, ਉਨ੍ਹਾਂ ਨੇ ਮਹਿਲਾ ਟ੍ਰੈਪ ਈਵੈਂਟ ਵਿੱਚ ਟੀਮ ਚਾਂਦੀ ਦਾ ਤਗਮਾ ਜਿੱਤਿਆ – ਇੱਕ ਤਗਮਾ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਪਿਤਾ ਦੁਆਰਾ ਪੋਡੀਅਮ ‘ਤੇ ਪੇਸ਼ ਕੀਤਾ ਗਿਆ ਸੀ, ਜੋ ਉਸ ਸਮੇਂ ਓਸੀਏ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਨ, ਖੇਡ ਦੇ ਸਭ ਤੋਂ ਯਾਦਗਾਰੀ ਪਲਾਂ ਵਿੱਚੋਂ ਇੱਕ ਸੀ । ਇਸ ਤਰ੍ਹਾਂ, ਪਰਿਵਾਰ ਦੀ ਸ਼ੂਟਿੰਗ ਵਿਰਾਸਤ ਬਿਨ੍ਹਾਂ ਕਿਸੇ ਰੁਕਾਵਟ ਦੇ ਤੀਜੀ ਪੀੜ੍ਹੀ ਤੱਕ ਨਿਰੰਤਰ ਜਾਰੀ ਹੈ।
ਇੱਕ ਧੀ ਦਾ ਬੰਦੂਕ ਚੁੱਕਣਾ ਸ਼ਾਇਦ ਰਣਧੀਰ ਸਿੰਘ ਦੁਆਰਾ ਬਣਾਈ ਗਈ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣ ਹੈ – ਇੱਕ ਅਜਿਹੀ ਦੁਨੀਆ ਜਿੱਥੇ ਨਿਸ਼ਾਨੇਬਾਜ਼ੀ ਹੁਣ ਸਿਰਫ਼ ਇੱਕ ਸ਼ਾਹੀ ਮਨੋਰੰਜਨ ਨਹੀਂ, ਸਗੋਂ ਇੱਕ ਗੰਭੀਰ ਮੁਕਾਬਲੇ ਵਾਲੀ ਖੇਡ ਹੈ; ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਸਮਰੱਥ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ, ਫੈਡਰੇਸ਼ਨਾਂ ਅਤੇ ਵੱਧਣ ਦੇ ਰਸਤੇ ਮੌਜੂਦ ਸਨ।
VI. ਵਿਰਾਸਤ
ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਨੇ, ਉਨ੍ਹਾਂ ਦੇ ਦੇਹਾਂਤ ਦਾ ਐਲਾਨ ਕਰਦੇ ਹੋਏ, ਉਨ੍ਹਾਂ ਨੂੰ “ਭਾਰਤ, ਏਸ਼ੀਆ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕਾਂ ਵਿੱਚੋਂ ਇੱਕ” ਦੱਸਿਆ, ਜਿਨ੍ਹਾਂ ਦੇ ਯਤਨ “ਸ਼ੂਟਿੰਗ ਖੇਡਾਂ ਅਤੇ ਓਲੰਪਿਕ ਲਹਿਰ ਦੇ ਵਿਕਾਸ ਲਈ ਅਨਮੋਲ” ਸਨ। ਇਹ ਸੰਸਥਾਗਤ ਭਾਸ਼ਾ ਹੈ। ਪਰ ਇਸਦੇ ਪਿੱਛੇ ਮਨੁੱਖੀ ਸੱਚਾਈ ਇੱਕ ਅਜਿਹੇ ਵਿਅਕਤੀ ਦੀ ਹੈ ਜਿਸਨੇ ਦੋ ਦੁਨੀਆਵਾਂ – ਸ਼ੂਟਿੰਗ ਰੇਂਜ ਅਤੇ ਬੋਰਡਰੂਮ ਵਿਚਕਾਰ ਇੱਕ ਪੁਲ ਦਾ ਕੰਮ ਕੀਤਾ – ਅਤੇ ਜਿਸ ਨੂੰ ਅੰਤਰਰਾਸ਼ਟਰੀ ਖੇਡਾਂ ਦੇ ਸੰਗਠਨਾਤਮਕ ਢਾਂਚੇ ਵਿੱਚ ਇੱਕ ਅਜਿਹਾ ਕਰੀਅਰ ਮਿਲਿਆ ਜੋ ਓਨਾ ਹੀ ਚੁਣੌਤੀਪੂਰਨ ਅਤੇ ਅਨੁਸ਼ਾਸਿਤ ਸੀ ਜਿੰਨਾ ਕਿ ਉਹ ਕਿੱਤਾ ਜੋ ਉਨ੍ਹਾਂ ਨੇ ਬੰਦੂਕ ਨਾਲ ਅਪਣਾਇਆ ਸੀ।
ਅੱਜ ਭਾਰਤੀ ਸ਼ੂਟਿੰਗ – ਇਸਦੇ ਕਈ ਓਲੰਪਿਕ ਤਗਮੇ, ਇਸਦਾ ਮਜ਼ਬੂਤ ਰਾਸ਼ਟਰੀ ਸੰਘ, ਨੌਜਵਾਨ ਪ੍ਰਤਿਭਾ ਦਾ ਨਿਰੰਤਰ ਪ੍ਰਵਾਹ – ਇਹ ਸਿਰਫ਼ ਅਚਾਨਕ ਨਹੀਂ ਹੋਇਆ। ਇਸਦਾ ਇੱਕ ਵੱਡਾ ਹਿੱਸਾ ਦਹਾਕਿਆਂ ਦੇ ਧੀਰਜ ਵਾਲੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਪੈਦਾ ਹੋਇਆ ਹੈ, ਜਿਸ ਵਿੱਚ ਰਣਧੀਰ ਸਿੰਘ ਨੇ ਕੇਂਦਰੀ ਭੂਮਿਕਾ ਨਿਭਾਈ। ਇਹ ਤੱਥ ਕਿ ਇਸ ਸਬੰਧ ਨੂੰ ਹਮੇਸ਼ਾ ਸਪੱਸ਼ਟ ਤੌਰ ‘ਤੇ ਪ੍ਰਗਟ ਨਹੀਂ ਕੀਤਾ ਜਾਂਦਾ, ਇਸ ਗੱਲ ਦਾ ਮਾਪ ਹੈ ਕਿਸ ਤਰ੍ਹਾਂ ਇੱਕ ਚੰਗਾ ਪ੍ਰਸ਼ਾਸਨ ਉਨ੍ਹਾਂ ਨਤੀਜਿਆਂ ਨੂੰ ਸੰਭਵ ਬਣਾਉਂਦਾ ਹੈ, ਜੋ ਉਨ੍ਹਾਂ ਵਿਚ ਪੂਰੀ ਤਰ੍ਹਾਂ ਘੁਲ ਮਿਲ ਕੇ ਅਲੋਪ ਹੋ ਜਾਂਦਾ ਹੈ।
ਪਟਿਆਲਾ ਦੀਆਂ ਫਾਇਰਿੰਗ ਰੇਂਜਾਂ ਤੋਂ ਲੈ ਕੇ ਲੁਸਾਨੇ ਵਿੱਚ ਆਈਓਸੀ ਦੇ ਗਲਿਆਰਿਆਂ ਤੱਕ, 1978 ਵਿੱਚ ਬੈਂਕਾਕ ਤੋਂ ਲੈ ਕੇ 2024 ਵਿੱਚ ਓਸੀਏ ਜਨਰਲ ਅਸੈਂਬਲੀ ਤੱਕ – ਰਾਜਾ ਰਣਧੀਰ ਸਿੰਘ ਨੇ ਆਪਣਾ ਪੂਰਾ ਜੀਵਨ ਖੇਡ ਨੂੰ ਸਮਰਪਿਤ ਕਰ ਦਿੱਤਾ; ਉਨ੍ਹਾਂ ਨੇ ਇਸਨੂੰ ਸਿਰਫ਼ ਸਹੂਲਤ ਦਾ ਪੇਸ਼ਾ ਨਹੀਂ, ਸਗੋਂ ਵਿਸ਼ਵਾਸ ਦਾ ਮਾਮਲਾ ਮੰਨਿਆ। ਉਨ੍ਹਾਂ ਦੇ ਪਿੱਛੇ ਉਹ ਸੰਸਥਾਵਾਂ ਹਨ ਜਿਨ੍ਹਾਂ ਨੂੰ ਬਣਾਉਣ ਵਿੱਚ ਉਨ੍ਹਾਂ ਨੇ ਮਦਦ ਕੀਤੀ ਸੀ, ਅਤੇ ਉਹ ਖਿਡਾਰੀ ਹਨ ਜਿਨ੍ਹਾਂ ਲਈ ਉਨ੍ਹਾਂ ਨੇ ਰਾਹ ਪੱਧਰਾ ਕੀਤਾ ਸੀ। ਪੰਜਾਬ ਆਪਣੇ ਇੱਕ ਹੋਣਹਾਰ ਪੁੱਤਰ ਦੇ ਵਿਛੋੜੇ ‘ਤੇ ਸੋਗ ਮਨਾ ਰਿਹਾ ਹੈ; ਉਥੇ ਹੀ, ਭਾਰਤੀ ਖੇਡ ਜਗਤ ਆਪਣੇ ਇੱਕ ਸਭ ਤੋਂ ਪ੍ਰਭਾਵਸ਼ਾਲੀ ਪ੍ਰਸ਼ਾਸਕ ਦੇ ਦੇਹਾਂਤ ‘ਤੇ ਸੋਗ ਮਨਾ ਰਿਹਾ ਹੈ।
ਲੇਖਕ ਪੰਜਾਬ ਕੇਡਰ ਦੇ 1984 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਅਤੇ ਦ ਕੇਬੀਐਸ ਕ੍ਰੋਨਿਕਲ ਦੇ ਸੰਸਥਾਪਕ-ਸੰਪਾਦਕ ਹਨ। ਇਹ ਲੇਖ ਮੂਲ ਰੂਪ ਵਿੱਚ ਲੇਖਕ ਦੇ ਨਿੱਜੀ ਬਲੌਗ, ਦ ਕੇਬੀਐਸ ਕ੍ਰੋਨਿਕਲ ‘ਤੇ ਪ੍ਰਕਾਸ਼ਿਤ ਹੋਇਆ ਸੀ। ਮੂਲ ਅੰਗਰੇਜ਼ੀ ਸੰਸਕਰਣ ਪੜ੍ਹਨ ਲਈ ਇੱਥੇ ਕਲਿੱਕ ਕਰੋ।



Leave a Comment