ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਨੌ ਸਾਲ ਦੀ ਉਮਰ ਦੇ ਵਿੱਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਜੀ ਨੇ ਗੱਦੀ ਸੰਭਾਲੀ। ਨੌ ਸਾਲ ਦੀ ਉਮਰ ਤੋਂ ਲੈ ਕੇ ਲਗਭਗ 25 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਉੱਤਰ ਭਾਰਤ ਵਿੱਚ ਸਿੱਖਾਂ ਦਾ ਦਬਦਬਾ ਕਾਇਮ ਕੀਤਾ। ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਟੱਕਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਬਲਵਾਨ ਬਣਾਇਆ। ਸਾਲ 1699 ਦੇ ਵਿੱਚ ਖਾਲਸੇ ਦੀ ਸਿਰਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਅਤੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਡਰ ਕੱਢ ਕੇ ਉਹਨਾਂ ਨੂੰ ਧਾਰਮਿਕ ਅਤੇ ਅਧਿਆਤਮਕ ਕੰਮਾਂ ਦੇ ਵਿੱਚ ਨਿਡਰ ਬਣਾਇਆ। ਖਾਲਸੇ ਦੀ ਸਿਰਜਨਾਂ ਨੇ ਹੀ ਸਿੱਖ ਕੌਮ ਵਿੱਚ ਧਰਮੀ ਯੋਧੇ ਪੈਦਾ ਕੀਤੇ। ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਖਾਲਸੇ ਦੀ ਸਿਰਜਣਾ ਦੇ ਨਾਲ ਆਪਣੇ ਆਪ ਵਿੱਚ ਇੱਕ ਮਹੱਤਤਾ ਰੱਖਣ ਲੱਗ ਪਈ। ਸਿੱਖ ਕੌਮ ਦਾ ਧਾਰਮਿਕ ਤੇ ਰਾਜਨੀਤਿਕ ਕੇਂਦਰ ਉਦੋਂ ਸ੍ਰੀ ਆਨੰਦਪੁਰ ਸਾਹਿਬ ਬਣ ਗਿਆ। ਪਹਾੜੀ ਤੇ ਮੁਗਲ ਰਾਜੇ ਕਦੇ ਵੀ ਇਹ ਸਹਾਰ ਨਾ ਸਕੇ ਕਿ ਉਹਨਾਂ ਦੇ ਰਾਜ ਅਧੀਨ ਇੱਕ ਨਵਾਂ ਸਿੱਖ ਸੁਤੰਤਰ ਰਾਜ ਕਾਇਮ ਹੋ ਰਿਹਾ ਸੀ। ਉਹ ਸਮੇਂ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਯੁੱਧ ਕਰਦੇ ਰਹੇ ਤੇ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰਬਾਣੀ ਦਾ ਨਿਤਨੇਮ ਕੀਤਾ ਜਾਂਦਾ ਸੀ ਤੇ ਦਰਬਾਰ ਸਜਾਇਆ ਜਾਂਦਾ ਸੀ।

ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਨੂੰ ਤਾਰ ਰਹੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਇੱਕ ਸਿੱਖ ਪ੍ਰੇਮੀ ਸਿੰਘ ਪੰਜ ਗ੍ਰੰਥੀ ਦਾ ਬੜੀ ਸ਼ਰਧਾ ਭਾਵਨਾ ਨਾਲ ਜਬਾਨੀ ਨਿਤਨੇਮ ਦਾ ਪਾਠ ਕਰ ਰਿਹਾ ਸੀ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਕੇਸਗੜ੍ਹ ਸਾਹਿਬ ਬੰਗਲੇ ਵਿੱਚ ਸਜੇ ਹੋਏ ਸਨ, ਉਹਨਾਂ ਨੂੰ ਵੀ ਗੁਰਬਾਣੀ ਦਾ ਪਾਠ ਸੁਣਾਈ ਦੇ ਰਿਹਾ ਸੀ। ‘ਦਖਣੀ ਓਅੰਕਾਰੁ’ ਦੀ ਬਾਣੀ ਪੜ੍ਹਦਿਆਂ ਜਦੋਂ ਪੰਗਤੀ ਆਈ :-
‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’

ਤਾਂ ‘ਕੈ’ ਦੀ ਥਾਂ ਤੇ ਪਾਠੀ ਸਿੰਘ ਵੱਲੋਂ ‘ਕੇ’ ਪੜ੍ਹਿਆ ਗਿਆ। ਕਲਗੀਧਰ ਪਾਤਸ਼ਾਹ ਜੀ ਨੇ ਸੁਣ ਕੇ ਦੋ ਵਾਰੀ ਉੱਚੀ ਆਵਾਜ਼ ਨਾਲ ਕਿਹਾ, ‘ਭਾਈ ਸਿੰਘਾ ! ਗੁਰਬਾਣੀ ਦਾ ਸ਼ੁੱਧ ਪਾਠ ਕਰ।’ ਸਿੰਘ ਬਾਣੀ ਪੜ੍ਹਨ ਵਿੱਚ ਮਸਤ ਸੀ। ਆਵਾਜ਼ ਨਾ ਸੁਣੀ ਉਸੇ ਤਰ੍ਹਾਂ ਹੀ ਪੜ੍ਹੀ ਗਿਆ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸਿੰਘ ਨੂੰ ਭੇਜ ਕੇ ਤਾੜਨਾ ਕਰਵਾਈ ਤੇ ਚਾਂਟਾ ਮਰਵਾਈਆ। ਉਸੇ ਦਿਨ ਉਸ ਸਿੰਘ ਨੇ ਦੀਵਾਨ ਵਿੱਚ ਆ ਕੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦਿਆਂ ਮੇਰੇ ਤਮਾਚੇ ਵੱਜਦੇ ਹਨ, ਤਾਂ ਫਿਰ ਸਾਡੀ ਕਲਿਆਣ ਕਿੱਥੇ ਕਿਵੇਂ ਹੋਵੇਗੀ। ਤੁਹਾਡੇ ਡਿਊਢੀਦਾਰ ਨੇ ਮੇਰੇ ਚਾਂਟੇ ਮਾਰੇ ਨੇ। ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਸਿੰਘਾ ! ਗੁਰਬਾਣੀ ਸਾਡੇ ਅੰਗ ਹਨ, ਤੂੰ ਗੁਰਬਾਣੀ ਗਲਤ ਪੜ੍ਹਦਾ ਸੀ। ਸਾਨੂੰ ਜੋ ਖੇਦ ਗੁਰਬਾਣੀ ਗਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਇਤਨਾ ਨਹੀਂ ਹੋਇਆ।
ਇਹ ਸੁਣ ਕੇ ਸਿੰਘ ਦੀ ਨਰਾਜ਼ਗੀ ਘਟੀ ਤੇ ਨਿਮਰਤਾ ਨਾਲ ਪੁੱਛਿਆ, ‘ਸਤਿਗੁਰੂ ਜੀ ! ਕਿਰਪਾ ਕਰਕੇ ਦੱਸੋ ਜਿਥੋਂ ਗਲਤ ਪੜ੍ਹਦਾ ਸੀ? ਸੋ ਹੁਣ ਸੋਧ ਲਵਾਂ। ਸਤਿਗੁਰੂ ਜੀ ਨੇ ਫ਼ੁਰਮਾਇਆ, ‘ਦਖਣੀ ਓਅੰਕਾਰੁ’ ਬਾਣੀ ਦੀ ਤੁਕ ਪੜ੍ਹੋ:-
‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’
ਦੁਬਾਰਾ ਉਸਨੇ ‘ਕੈ’ ਦੀ ਥਾਂ ‘ਕੇ’ ਹੀ ਪੜ੍ਹਿਆ ਤਾਂ ਸਤਿਗੁਰੂ ਜੀ ਨੇ ਕਿਹਾ, ‘ਇਹ ਅੱਖਰ ਤੂੰ ਗਲਤ ਪੜ੍ਹਿਆ ਹੈ ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ ਹੈ, ਭਾਵ ਗਲਤ ਹੋ ਗਿਆ ਹੈ। ਕਿਉਂਕਿ ਇਸ ਪੰਗਤੀ ਦਾ ਠੀਕ ਅਰਥ ਤਾਂ ਇਹ ਹੈ ਕਿ ਕਰਤੇ ਦੀ ਮਰਯਾਦਾ ਨੂੰ ਕਰਤਾ ਆਪ ਜਾਣਦਾ ਹੈ ‘ਕੈ’ ਅਥਵਾ ਗੁਰ ਸੂਰਮੇ ਜਾਣਦੇ ਹਨ। ਪਰ ਕੇ ਦਾ ਅਰਥ ਹੈ ‘ਕੀ’ ਸਤਿਗੁਰ ਸੂਰਮੇ ਕੀ ਜਾਣਦੇ ਹਨ? ਭਾਵ ਨਹੀਂ ਜਾਣਦੇ ਇਹ ਉਲਟ ਅਰਥ ਬਣ ਗਿਆ। ਜੇ ਸਤਿਗੁਰੂ ਸੂਰਮੇ ਹੀ ਪਰਮੇਸ਼ਵਰ ਦੀ ਮਰਯਾਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣੇਗਾ? ਤੇ ਸਤਿਗੁਰੂ ਜੀ ਹੋਰ ਦੁਨੀਆਂ ਨੂੰ ਉਪਦੇਸ਼ ਦੇ ਕੇ ਕਿਵੇਂ ਤਾਰਨਗੇ? ਦੁਨੀਆਂ ਨੂੰ ਸਮਝ ਕਿਵੇਂ ਪਵੇਗੀ? ਸਤਿਗੁਰ ਜੀ ਤਾਂ ਪ੍ਰਗਟ ਹੋਏ ਹੀ:-
‘ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥’

ਉਪਦੇਸ਼ ਦੇ ਕੇ ਬ੍ਰਹਮ ਗਿਆਨ ਬਖਸ਼ ਕੇ ਮੁਕਤ ਕਰਨ ਵਾਸਤੇ ਹਨ। ਸੋ ਹੇ ਖਾਲਸਾ ਜੀ! ਗੁਰਬਾਣੀ ਨੂੰ ਸੋਧ ਕੇ, ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜ੍ਹਿਆ ਕਰੋ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਤੇ ਹੋਰ ਕਈ ਮੁਖੀ ਸਿੰਘਾਂ ਨੇ ਬੇਨਤੀ ਕੀਤੀ, ‘ਹੇ ਗਰੀਬ ਨਿਵਾਜ ਜੀ ! ਆਪ ਕਿਰਪਾ ਕਰਕੇ ਗੁਰਬਾਣੀ ਦੇ ਅਰਥ ਪੜ੍ਹਾਉ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁਧੀ ਦਾ ਪਤਾ ਨਹੀਂ ਲੱਗਦਾ। ‘ਤਾਂ ਸਤਿਗੁਰੂ ਜੀ ਨੇ ਫ਼ੁਰਮਾਇਆ’ ਸਿੰਘੋ ! ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ ਜ਼ੰਗ ਤੋਂ ਵਿਹਲੇ ਹੋ ਕੇ ਅਰਥ ਪੜ੍ਹਾਵਾਂਗੇ। ਜਦੋਂ ਕਲਗੀਧਰ ਪਿਤਾ ਜੀ ਸਰਬੰਸ ਵਾਰ ਕੇ, ਅਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਜੰਗ ਜਿੱਤ ਕੇ, ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢ ਕੇ ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ! ਸਾਰੇ ਦੁਸ਼ਮਣ ਹਾਰ ਮੰਨ ਕੇ ਭੱਜ ਚੁੱਕੇ ਹਨ, ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਹੁਣ ਕਿਰਪਾ ਕਰਕੇ ਪੂਰਾ ਕਰੋ। ਤਾਂ ਮਹਾਰਾਜ ਜੀ ਨੇ ਕਿਹਾ, ‘ਤੁਸੀਂ ਧੀਰ ਮੱਲ ਦੇ ਪਾਸ ਕਰਤਾਰਪੁਰ ਦੁਆਬੇ ਵਿੱਚ ਜਾਓ। ਪੰਜਵੇਂ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ ਉਸ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਜਗ੍ਹਾ ਖਾਲੀ ਛੱਡੀ ਹੈ, ਉਹ ਸਰੂਪ ਲੈ ਆਵੋ। ਨਾਲੇ ਗੁਰਬਾਣੀ ਚੜ੍ਹਾ ਦਈਏ ਨਾਲੇ ਤੁਹਾਨੂੰ ਅਰਥ ਪੜ੍ਹਾ ਦਈਏ। ਸਤਿਗੁਰੂ ਜੀ ਦੇ ਹੁਕਮ ਮੰਨ ਕੇ 25 ਸਿੰਘ ਧੀਰ ਮੱਲ ਕੋਲ ਗਏ। ਧੀਰ ਮੱਲ ਨੇ ਉੱਤਰ ਦਿੱਤਾ, ਇਹ ਬੀੜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿੱਚ ਤਿਆਰ ਕੀਤੀ ਹੈ, ਆਪ ਵੀ ਸਤਿਗੁਰੂ ਜੀ ਉਹਨਾਂ ਦਾ ਸਰੂਪ ਹੀ ਹਨ। ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ? ਮੇਰੇ ਪਾਸੋਂ ਵੱਡਿਆਂ ਦੀ ਬਖਸ਼ਿਸ਼ ਕਿਉਂ ਖੋਂਹਦੇ ਹਨ? ਇਹ ਸੁਣ ਕੇ ਸਿੰਘਾਂ ਨੇ ਖਾਲੀ ਵਾਪਸ ਮੁੜ ਕੇ ਬੇਨਤੀ ਕੀਤੀ, ‘ਮਹਾਰਾਜ ਜੀ ਧੀਰ ਮੱਲ ਤਾਂ ਇਸ ਪ੍ਰਕਾਰ ਕਹਿੰਦਾ ਹੈ। ਧੀਰ ਮੱਲ ਦਾ ਜਵਾਬ ਸੁਣ ਕੇ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ, ਆਪਣੀ ਪਵਿੱਤਰ ਰਸਨਾਂ ਤੋਂ ਸਾਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚੱਲੀ ਕਿ ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਤੇ ਕੀਰਤਨ ਸੋਹਿਲੇ ਤੱਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਤੇ ਸ਼ਾਮ ਨੂੰ ਸਾਰੀ ਦੇ ਅਰਥ ਸੁਣਾਏ। ਸਤਿਗੁਰੂ ਜੀ ਨੇ ਦੇਖ ਕੇ ਕਿਹਾ, ਭਾਈ ਸਾਹਿਬ ਵੇਖਿਆ ਅਕਾਲ ਪੁਰਖ ਦਾ ਕੌਤਕ ! ਭਾਈ ਮਨੀ ਸਿੰਘ ਜੀ ਨੇ ਬੇਨਤੀ ਕੀਤੀ ਹਾਂ ਮਹਾਰਾਜ ਜੀ ! ਆਪ ਜੀ ਹੀ ਲਿਖਵਾਉਣ ਵਾਲੇ ਹੋ ਤੇ ਇਹ ਆਪ ਜੀ ਦੇ ਹੀ ਕੌਤਕ ਹਨ। ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ ਅਤੇ ਅਰਥਾਂ ਦੀ ਪੜ੍ਹਾਈ ਸ਼ੁਰੂ ਕੀਤੀ। ਹਜੂਰ ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਲਿਖਵਾਇਆ ਕਰਦੇ, ਪਿਛਲੇ ਪਹਿਰ ਉਤਨੀ ਦੇ ਹੀ 48 ਸਿੰਘਾਂ ਨੂੰ ਅਰਥ ਪੜ੍ਹਾਇਆ ਕਰਦੇ। ਇਸ ਪ੍ਰਕਾਰ 09 ਮਹੀਨੇ 09 ਦਿਨ ਵਿੱਚ ਸੰਮਤ 1763 ਬਿਕਰਮੀ 23 ਸਾਵਣ ਤੱਕ ਅਰਥ ਪੜ੍ਹਾਏ ਤੇ ਸਾਰੀ ਬਾਣੀ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ੴ ਤੋਂ ਅਠਾਰਹ ਦਸ ਬੀਸ ਤੱਕ ਸੰਪੂਰਨ ਕੀਤੀ। ਇਕ ਲਗ, ਮਾਤ੍ਰ ਦਾ ਵੀ ਫਰਕ ਸਤਿਗੁਰਾਂ ਨੇ ਨਹੀਂ ਪਾਇਆ।
ਪੰਜਵੇਂ ਪਾਤਸ਼ਾਹ ਜੀ ਦੇ ਰਚੇ, ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ‘ਰਹਰਾਸਿ ਸਾਹਿਬ’ ਦੇ ਕੇਵਲ ਪਹਿਲੇ ਪੰਜ ਹੀ ਸ਼ਬਦ ਹਨ, ਨੌਵੇਂ ਪਾਤਸ਼ਾਹ ਦੀ ਬਾਣੀ ਵੀ ਨਹੀਂ ਹੈ। ਦਸ਼ਮੇਸ਼ ਪਿਤਾ ਜੀ ਨੇ ਜੋ ਸਰੂਪ ਸੰਪੂਰਨ ਕੀਤਾ ਉਸ ਵਿੱਚ ਰਹਰਾਸਿ ਸਾਹਿਬ ਦੇ ਨੌ ਸ਼ਬਦ ਲਿਖਵਾਏ ਗਏ, ਜਿਨਾਂ ਦਾ ਪਾਠ ਹਰ ਰੋਜ਼ ਸੰਗਤਾਂ ਕਰਦੀਆਂ ਹਨ। ਭੋਗ ਦੋਹਾਂ ਸਰੂਪਾਂ ਦਾ ਅਠਾਰਹ ਦਸ ਬੀਸ ਤੇ ਹੀ ਹੈ। ਪਹਿਲੇ ਸਰੂਪ ਦੇ ਲਿਖਾਰੀ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਸਨ। ‘ੴ’ ਤੋਂ ‘ਅਠਾਰਹ ਦਸ ਬੀਸ’ ਤੱਕ ਇੱਕੋ ਲਿਖਾਰੀ, ਇੱਕੋ ਲਿਖਣ-ਸ਼ੈਲੀ ਅੱਖਰਾਂ ਦੀ ਬਣਤਰ, ਸਿਹਾਈ ਤੇ ਕਾਗਜ਼ ਇੱਕੋ ਤਰ੍ਹਾਂ ਦਾ ਹੀ ਹੈ। ਸਤਿਗੁਰੂ ਜੀ ਨੇ ਇਹ ਸਾਬੋ ਕੀ ਤਲਵੰਡੀ ਦਾ ਨਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਰੱਖ ਕੇ ਵਰ ਦਿੱਤਾ ਕਿ ਜੋ ਇਥੇ ਬੈਲ-ਬੁੱਧੀ ਵਾਲਾ ਵੀ ਪੜ੍ਹੇਗਾ, ਉਸ ਨੂੰ ਛੇਤੀ ਵਿੱਦਿਆ ਪ੍ਰਾਪਤ ਹੋਇਆ ਕਰੇਗੀ। ਗੁਰਬਾਣੀ ਦੇ ਸੰਪੂਰਨ ਹੋਣ ਤੋਂ ਜੋ ਸਿਆਹੀ ਤੇ ਕਲਮਾਂ ਬਚੀਆਂ ਮਹਾਰਾਜ ਜੀ ਨੇ ਜਿਸ ਸਰੋਵਰ ਵਿੱਚ ਸੁੱਟੀਆਂ ਉਸ ਦਾ ਨਾਮ ‘ਸ਼੍ਰੀ ਲਿਖਣਸਰ’ ਸਰੋਵਰ ਰੱਖਿਆ ਗਿਆ। ਭੰਗੂ ਰਤਨ ਸਿੰਘ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ 26ਵੇਂ ਪ੍ਰਸੰਗ ਦੱਖਣ ਕੇ ਤੁਰਨੇ ਕੀ ਸਾਖੀ ਵਿੱਚ ਲਿਖਿਆ ਹੈ:-
ਨੌ ਮਹੀਨੈ ਤੇ ਨੌ ਦਿਨੈ, ਤਲਵੰਡੀ ਰਖੈ ਮੁਕਾਮ ।
ਡੇਰਾ ਤੋਰਾ ਰੁਖ ਦਖਣ, ਛਡ ਤੁਰਕਨ ਬਡ ਥਾਨ ॥
ਹੁਣ ਇਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਉਹ ਸੰਕਲਪ ਵੀ ਪੂਰਾ ਕੀਤਾ ਜੋ ਧੀਰ ਮੱਲ ਨੇ ਤਾਨ੍ਹਾ ਦੇ ਭੇਜਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਸੱਚਾ ਗੁਰੂ ਹੈ ਤਾਂ ਮੇਰੇ ਪਾਸੋਂ ਪਾਠ ਕਰਨ ਲਈ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕਿਉਂ ਮੰਗਵਾਉਂਦਾ ਹੈ? ਆਪ ਉਹੋ ਜਿਹਾ ਰਚ ਲਵੇ। ਹੁਣ ਦਮਦਮਾ ਸਾਹਿਬ ਜੰਗਾਂ ਯੁੱਧਾਂ ਤੋਂ ਫੁਰਸਤ ਪਾ ਕੇ ਗੁਰੂ ਜੀ ਨੇ ਇਹ ਰੀਤ ਥਾਪੀ ਕਿ ਇਕ ਪਹਿਰ ਨਿਤਾਪ੍ਰਤੀ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਤੰਬੂ ਵਿੱਚ ਬੈਠ ਕੇ ਉਚਾਰਦੇ ਰਹਿੰਦੇ ਭਾਈ ਮਨੀ ਸਿੰਘ ਜੀ ਲਿਖਦੇ ਰਹਿੰਦੇ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਕੇ ਵੱਡਾ ਭਾਰੀ ਜਗ ਤੇ ਉਤਸ਼ਾਹ ਕੀਤਾ। ਇਹ ਅਤਿਅੰਤ ਭਾਰੀ ਸਮਰੱਥਾ ਹੈ ਤੇ ਤ੍ਰਿਕਾਲ ਗਯਾਤਾ ਦੇਖ ਸੁਣ ਕੇ ਸਭ ਲੋਕ ਵੀ ਹੱਕੇ ਵਕੇ ਰਹਿ ਗਏ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਲਿਆਗਰ ਸਿੰਘ ਜੀ, ਭਾਈ ਧੰਨਾ ਸਿੰਘ ਜੀ ਆਦਿ 48 ਸਿੰਘਾਂ ਨੇ ਅਰਥ ਪੜ੍ਹੇ। ਭਾਈ ਮਨੀ ਸਿੰਘ ਜੀ ਨੂੰ ਕੁਝ ਸਿੰਘਾਂ ਸਮੇਤ ਕਲਗੀਧਰ ਪਿਤਾ ਜੀ ਨੇ ਸ੍ਰੀ ਹਜੂਰ ਸਾਹਿਬ ਤੋਂ ਗੁਰਿਆਈ ਵਾਲੀ ਪਾਵਨ ਬੀੜ ਦੇ ਕੇ ਹੈਡ ਗ੍ਰੰਥੀ ਥਾਪ ਕੇ ਸ੍ਰੀ ਅੰਮ੍ਰਿਤਸਰ ਭੇਜਿਆ।
48 ਸਿੰਘਾਂ ਨੇ ਸ੍ਰੀ ਦਸ਼ਮੇਸ਼ ਪਿਤਾ ਜੀ ਤੋਂ ਅਰਥ ਸੁਣ ਕੇ ਬ੍ਰਹਮ ਗਿਆਨ ਪਾ ਲਿਆ ਤੇ ਜੀਵਨ-ਮੁਕਤ ਤੇ ਬਿਦੇਹ ਮੁਕਤ ਹੋ ਗਏ। ਕਿਸੇ ਨੂੰ ਸਰੀਰ ਦਾ ਚੇਤਾ ਨਾ ਰਿਹਾ। ਇਹ ਵੇਖ ਕੇ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਭਾਈ ਸਾਹਿਬ ! ਤੁਸੀਂ ਦੂਜੇ ਸਿੰਘਾਂ ਵਾਂਗ ਬਿਦੇਹ-ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ, ਸਗੋਂ ਸੇਵਾ ਕਰਨੀ ਹੈ, ਭਾਵੇਂ ਤੁਹਾਡੇ ਸਰੀਰ ਦਾ ਬੰਦ-ਬੰਦ ਕਿਉਂ ਨਾ ਕੱਟਿਆ ਜਾਵੇ, ਤੁਹਾਡੇ ਗਿਆਨ ਵਿੱਚ ਕੋਈ ਫਰਕ ਨਹੀਂ ਪਵੇਗਾ ਅਤੇ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਵੀ ਸੇਵਾ ਕਰਨੀ ਹੈ, ਤੁਹਾਡੇ ਗਿਆਨ ਵਿੱਚ ਵੀ ਕੋਈ ਕਚਿਆਈ ਨਹੀਂ ਆਵੇਗੀ ਭਾਵੇਂ ਤੁਹਾਡੇ ਸਰੀਰ ਨਾਲੋਂ ਸੀਸ ਵੀ ਕਿਉਂ ਨਾ ਅੱਡ ਹੋ ਜਾਵੇ, ਤੁਸੀਂ ਉਸੇ ਤਰ੍ਹਾਂ ਹੀ ਗਿਆਨ ਵਿੱਚ ਇਸਥਿਤ ਰਹੋਗੇ।

ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਤਿਗੁਰੂ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਬਖ਼ਸ਼ ਕੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਭੇਜਿਆ। ਇਥੇ ਆ ਕੇ ਭਾਈ ਸਾਹਿਬ ਜੀ ਨੇ ਅਰਥਾਂ ਦੀ ਟਕਸਾਲ ਚਲਾਈ ਅਤੇ ਬਾਬਾ ਦੀਪ ਸਿੰਘ ਜੀ ਨੇ ਵੀ ਹੁਕਮ ਮੰਨ ਕੇ ਦਮਦਮੇ ਸਾਹਿਬ ਆ ਕੇ ਟਕਸਾਲ ਚਲਾਈ। ਇਹ ਦੋਵੇਂ ਟਕਸਾਲਾਂ ਹੁਣ ਤੱਕ ਸੀਨੇ-ਬਸੀਨੇ ਬ੍ਰਹਮ ਗਿਆਨੀਆਂ ਦੁਆਰਾ ਚਲੀਆਂ ਆ ਰਹੀਆਂ ਹਨ। ਦਮਦਮੀ ਟਕਸਾਲ ਸੰਪਰਦਾਇਕ ਪ੍ਰਣਾਲੀ ਵਿੱਚ ਇਸ ਟਕਸਾਲ ਦਾ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ ਗਿਆ ਹੈ। ਉਹਨਾਂ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਸ਼ਹੀਦ ਦੀ ਜ਼ਿੰਮੇਵਾਰੀ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਅਰਥ ਸਮਝਾਉਣ ਲਈ ਲਗਾਈ ਗਈ ਤੇ ਦਮਦਮਾ ਸਾਹਿਬ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਟਕਸਾਲ ਦਾ ਮੁਖੀ ਐਲਾਨਿਆ ਗਿਆ। ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ, ਸ਼ਹੀਦ ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਇਆ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬਾਬਾ ਠਾਕੁਰ ਸਿੰਘ ਜੀ ਖਾਲਸਾ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੱਦੀ ਤੇ ਬਿਰਾਜਮਾਨ ਨੇ। ਅਜੋਕੇ ਸਮੇਂ ਦੇ ਵਿੱਚ ਸਿੱਖ ਧਰਮ ਦੇ ਵਿਕਾਸ ਦੇ ਲਈ ਲੋਕਾਂ ਨੂੰ ਗੁਰਬਾਣੀ ਦੇ ਲੜ ਲਾਉਣ ਦੇ ਲਈ ਅਜਿਹੀਆਂ ਟਕਸਾਲਾਂ ਦੀ ਬਹੁਤ ਲੋੜ ਹੈ। ਜਿਆਦਾਤਰ ਸਿੰਘ ਗੁਰਬਾਣੀ ਦਾ ਉਚਾਰਨ ਕਰਨ ਦੇ ਵੇਲੇ ਕੁਤਾਹੀ ਵਰਤਦੇ ਹਨ ਤੇ ਨਾ ਹੀ ਉਹਨਾਂ ਨੂੰ ਗੁਰਬਾਣੀ ਦੀ ਉਸ ਤੁੱਕ ਦਾ ਕੋਈ ਅਰਥ ਪਤਾ ਹੁੰਦਾ ਹੈ ਤੇ ਨਾ ਹੀ ਉਸ ਦੀ ਮਹੱਤਤਾ। ਅਜੋਕੇ ਸਮੇਂ ਦੇ ਵਿੱਚ ਦਮਦਮੀ ਟਕਸਾਲ ਦਾ ਪੰਜਾਬ ਸੂਬੇ ਵਿੱਚ ਮੁੱਖ ਕੇਂਦਰ ਮਹਿਤਾ ਅੰਮ੍ਰਿਤਸਰ ਸਾਹਿਬ ਅਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੇ ਵਿੱਚ ਹੈ। ਦਮਦਮੀ ਟਕਸਾਲ ਸਿੱਖ ਪੰਥ ਦੀ ਇੱਕ ਪ੍ਰਸਿੱਧ ਧਾਰਮਿਕ ਅਤੇ ਵਿਦਿਅਕ ਸੰਸਥਾ ਹੈ। ਮਹਿਤਾ ਪਿੰਡ ਵਿੱਚ ਸਥਿਤ ਟਕਸਾਲ ਦਾ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਥਾਨ ਸਿੱਖ ਧਰਮ ਦੀ ਸਿੱਖਿਆ, ਗੁਰਬਾਣੀ ਦੇ ਸ਼ੁੱਧ ਉਚਾਰਨ, ਕਥਾ ਕੀਰਤਨ ਅਤੇ ਅੰਮ੍ਰਿਤ ਪ੍ਰਚਾਰ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਰਤਮਾਨ ਸਮੇਂ ਵਿੱਚ ਇਥੇ ਵਿਦਿਆਰਥੀਆਂ ਨੂੰ ਗੁਰਮਤ ਗੁਰਬਾਣੀ ਸੰਥਿਆ ਅਤੇ ਸਿੱਖ ਰਹਿਤ ਮਰਿਆਦਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਮਹਿਤਾ ਵਾਲੀ ਦਮਦਮੀ ਟਕਸਾਲ ਨੇ ਪੰਜਾਬ ਅਤੇ ਸਿੱਖ ਪੰਥ ਵਿੱਚ ਧਾਰਮਿਕ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅੱਜ ਵੀ ਇਥੇ ਵੱਡੇ ਧਾਰਮਿਕ ਸਮਾਗਮ ਨਗਰ ਕੀਰਤਨ ਅਤੇ ਗੁਰਮਤ ਪ੍ਰਚਾਰ ਦੇ ਕਾਰਜ ਹੁੰਦੇ ਰਹਿੰਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖ ਕੌਮ ਦੇ ਲਈ ਸੇਵਾਵਾਂ ਨਿਭਾ ਰਹੇ ਹਨ।



Leave a Comment