28 ਮਈ –ਮਾਹਵਾਰੀ ਸਵੱਛਤਾ ਦਿਵਸ ‘ਤੇ ਵਿਸ਼ੇਸ਼ ਲੇਖ
ਹਰ ਸਾਲ 28 ਮਈ ਨੂੰ ਦੁਨੀਆ ਭਰ ਵਿੱਚ ਮਾਹਵਾਰੀ ਸਵੱਛਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਮਾਹਵਾਰੀ, ਔਰਤਾਂ ਦੀ ਸਿਹਤ ਅਤੇ ਸਨਮਾਨ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਪਰ ਭਾਰਤ ਵਿੱਚ ਇਹ ਚਰਚਾ ਇੱਕ ਹੋਰ ਵੱਡੇ ਅਤੇ ਚੁੱਪ ਸੰਕਟ ਨਾਲ ਜੁੜੀ ਹੋਈ ਹੈ — ਪਾਣੀ ਦੀ ਕਮੀ ਅਤੇ ਬਦਲਦਾ ਮੌਸਮ, ਜਿਸ ਨੇ ਲੱਖਾਂ ਔਰਤਾਂ ਅਤੇ ਕੁੜੀਆਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਮੁਸ਼ਕਲ ਬਣਾ ਦਿੱਤੀ ਹੈ। ਦੇਸ਼ ਦੇ ਉਹ ਖੇਤਰ ਜਿੱਥੇ ਸੋਕਾ ਵੱਧ ਰਿਹਾ ਹੈ, ਤਾਪਮਾਨ ਚੜ੍ਹ ਰਿਹਾ ਹੈ ਅਤੇ ਖੂਹ-ਟਿਊਬਵੈੱਲ ਸੁੱਕ ਰਹੇ ਹਨ, ਉੱਥੇ ਮਾਹਵਾਰੀ ਸਿਰਫ਼ ਇੱਕ ਜੈਵਿਕ ਪ੍ਰਕਿਰਿਆ ਨਹੀਂ ਰਹਿ ਜਾਂਦੀ। ਇਹ ਉਹ ਦਿਨ ਬਣ ਜਾਂਦੇ ਹਨ ਜਦੋਂ ਔਰਤਾਂ ਨੂੰ ਪਾਣੀ, ਸਫ਼ਾਈ, ਟਾਇਲਟ ਅਤੇ ਥੋੜ੍ਹੀ ਜਿਹੀ ਨਿੱਜਤਾ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ।
ਰਾਜਸਥਾਨ, ਬੁੰਦੈਲਖੰਡ ਅਤੇ ਮੱਧ ਭਾਰਤ ਦੇ ਕਈ ਪਿੰਡਾਂ ਵਿੱਚ ਅੱਜ ਵੀ ਔਰਤਾਂ ਸਵੇਰੇ ਤੜਕੇ ਪਾਣੀ ਭਰਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਮਾਹਵਾਰੀ ਦੇ ਦਿਨਾਂ ਵਿੱਚ ਇਹ ਮੁਸ਼ਕਲ ਹੋਰ ਵੱਧ ਜਾਂਦੀ ਹੈ, ਜਦੋਂ ਇੱਕ ਵਾਧੂ ਬਾਲਟੀ ਪਾਣੀ ਵੀ ਕਈ ਵਾਰ ਉਪਲਬਧ ਨਹੀਂ ਹੁੰਦੀ। ਅਜਿਹੇ ਹਾਲਾਤਾਂ ਵਿੱਚ ਸਫ਼ਾਈ ਬਣਾਈ ਰੱਖਣਾ ਸਿਰਫ਼ ਸਿਹਤ ਦਾ ਨਹੀਂ, ਸਨਮਾਨ ਦਾ ਵੀ ਮਸਲਾ ਬਣ ਜਾਂਦਾ ਹੈ।
2025 ਵਿੱਚ BMC Women’s Health ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਇਸ ਹਕੀਕਤ ਨੂੰ ਅੰਕੜਿਆਂ ਰਾਹੀਂ ਸਾਹਮਣੇ ਲਿਆ। ਖੋਜਕਰਤਾਵਾਂ ਨੇ NFHS-5 ਦੇ ਡਾਟਾ ਅਤੇ ਦੇਸ਼ ਦੇ 707 ਜ਼ਿਲ੍ਹਿਆਂ ਦੀ ਸੈਟੇਲਾਈਟ-ਆਧਾਰਿਤ ਸੁੱਖਾ ਮੈਪਿੰਗ ਦਾ ਵਿਸ਼ਲੇਸ਼ਣ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਦੀ ਕਮੀ ਮਾਹਵਾਰੀ ਸਵੱਛਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। ਅਧਿਐਨ ਦੇ ਨਤੀਜੇ ਚਿੰਤਾਜਨਕ ਸਨ। ਲਗਭਗ 45 ਫੀਸਦੀ ਲੋਕ ਉਹਨਾਂ ਖੇਤਰਾਂ ਵਿੱਚ ਰਹਿ ਰਹੇ ਸਨ ਜਿੱਥੇ ਸੋਕੇ ਵਰਗੇ ਹਾਲਾਤ ਸਨ। ਕਰੀਬ 30 ਫੀਸਦੀ ਘਰਾਂ ਵਿੱਚ ਘਰ ਦੇ ਅੰਦਰ ਪਾਣੀ ਦੀ ਸਹੂਲਤ ਨਹੀਂ ਸੀ, ਜਦਕਿ 18 ਫੀਸਦੀ ਘਰਾਂ ਵਿੱਚ ਟਾਇਲਟ ਹੀ ਮੌਜੂਦ ਨਹੀਂ ਸਨ। ਅਜਿਹੇ ਹਾਲਾਤਾਂ ਵਿੱਚ ਕਈ ਔਰਤਾਂ ਨੂੰ ਮਜਬੂਰੀ ਵਿੱਚ ਗੰਦੇ ਕੱਪੜੇ, ਰਾਖ ਜਾਂ ਹੋਰ ਅਸੁਰੱਖਿਅਤ ਤਰੀਕੇ ਵਰਤਣੇ ਪੈਂਦੇ ਹਨ। ਅੰਕੜੇ ਸਿਰਫ਼ ਗਿਣਤੀਆਂ ਨਹੀਂ ਦੱਸਦੇ। ਉਹ ਇਹ ਵੀ ਦੱਸਦੇ ਹਨ ਕਿ ਪਾਣੀ ਦੀ ਕਮੀ ਇੱਕ ਔਰਤ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਿੰਨਾ ਚੁੱਪਚਾਪ ਪ੍ਰਭਾਵਿਤ ਕਰਦੀ ਹੈ। ਜਦੋਂ ਪਾਣੀ ਹੀ ਨਾ ਹੋਵੇ ਤਾਂ ਕੱਪੜੇ ਧੋਣਾ, ਨਹਾਉਣਾ, ਟਾਇਲਟ ਸਾਫ਼ ਰੱਖਣਾ ਅਤੇ ਵਰਤੇ ਹੋਏ ਪੈਡ ਜਾਂ ਕੱਪੜੇ ਦਾ ਸੁਰੱਖਿਅਤ ਨਿਪਟਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਖੋਜ ਇਹ ਵੀ ਦਰਸਾਉਂਦੀ ਹੈ ਕਿ ਸੋਕਾ ਸਿਰਫ਼ ਪਾਣੀ ਦੀ ਘਾਟ ਨਹੀਂ ਲਿਆਉਂਦਾ, ਬਲਕਿ ਪਹਿਲਾਂ ਤੋਂ ਕਮਜ਼ੋਰ ਪੇਂਡੂ ਸਵੱਛਤਾ ਪ੍ਰਣਾਲੀ ਨੂੰ ਹੋਰ ਵੀ ਕਮਜ਼ੋਰ ਕਰ ਦਿੰਦਾ ਹੈ। ਸਭ ਤੋਂ ਵੱਧ ਪ੍ਰਭਾਵ ਪੱਛਮੀ ਅਤੇ ਮੱਧ ਭਾਰਤ ਦੇ ਸੁੱਖੇ ਪ੍ਰਭਾਵਿਤ ਖੇਤਰਾਂ ਵਿੱਚ ਦੇਖਿਆ ਗਿਆ, ਜਦਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਅਸਾਮ ਵਰਗੇ ਰਾਜਾਂ ਵਿੱਚ ਵੀ ਮਾਹਵਾਰੀ ਸਵੱਛਤਾ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਸਾਹਮਣੇ ਆਈਆਂ। ਗਰੀਬੀ, ਸਮਾਜਿਕ ਸ਼ਰਮ ਅਤੇ ਖਰਾਬ ਸਵੱਛਤਾ ਪ੍ਰਬੰਧ ਇਕੱਠੇ ਹੋ ਕੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੰਦੇ ਹਨ।
ਇਹ ਸਿਰਫ਼ ਅਸੁਵਿਧਾ ਦਾ ਮਸਲਾ ਨਹੀਂ ਹੈ। ਵਿਸ਼ਵ ਸਿਹਤ ਸੰਸਥਾ (WHO) ਅਨੁਸਾਰ ਮਾਹਵਾਰੀ ਦੌਰਾਨ ਮਾੜੀ ਸਵੱਛਤਾ ਕਾਰਨ ਇਨਫੈਕਸ਼ਨ, ਟੌਕਸਿਕ ਸ਼ਾਕ ਸਿੰਡਰੋਮ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ। ਇਸ ਦਾ ਅਸਰ ਸਿੱਖਿਆ ‘ਤੇ ਵੀ ਪੈਂਦਾ ਹੈ। ਕਈ ਕੁੜੀਆਂ ਮਾਹਵਾਰੀ ਦੌਰਾਨ ਸਕੂਲ ਜਾਣਾ ਛੱਡ ਦਿੰਦੀਆਂ ਹਨ ਕਿਉਂਕਿ ਉੱਥੇ ਪਾਣੀ, ਸਾਫ਼ ਟਾਇਲਟ ਜਾਂ ਨਿੱਜਤਾ ਦੀ ਸਹੂਲਤ ਨਹੀਂ ਹੁੰਦੀ। ਵਿਸ਼ਵ ਪੱਧਰ ‘ਤੇ ਵੀ ਸਥਿਤੀ ਚਿੰਤਾਜਨਕ ਹੈ। WHO-UNICEF ਦੀ 2023 ਦੀ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 2.2 ਅਰਬ ਲੋਕਾਂ ਕੋਲ ਸੁਰੱਖਿਅਤ ਪੀਣ ਵਾਲਾ ਪਾਣੀ ਨਹੀਂ ਹੈ, ਜਦਕਿ 3.5 ਅਰਬ ਲੋਕ ਬੁਨਿਆਦੀ ਸਵੱਛਤਾ ਸਹੂਲਤਾਂ ਤੋਂ ਵਾਂਝੇ ਹਨ। ਹਰ ਤੀਜੇ ਸਕੂਲ ਵਿੱਚ ਅਜੇ ਵੀ ਬੁਨਿਆਦੀ ਸਫ਼ਾਈ ਦੀ ਘਾਟ ਹੈ। ਭਾਰਤ ਵਿੱਚ NFHS-5 ਦੇ ਅੰਕੜੇ ਦੱਸਦੇ ਹਨ ਕਿ 15 ਤੋਂ 24 ਸਾਲ ਦੀ ਉਮਰ ਦੀਆਂ ਸਿਰਫ਼ 64 ਫੀਸਦੀ ਕੁੜੀਆਂ ਅਤੇ ਔਰਤਾਂ ਹੀ ਮਾਹਵਾਰੀ ਦੌਰਾਨ ਸੁਰੱਖਿਅਤ ਤਰੀਕੇ ਵਰਤਦੀਆਂ ਹਨ। ਸ਼ਹਿਰੀ ਖੇਤਰਾਂ ਵਿੱਚ ਇਹ ਅੰਕੜਾ 77 ਫੀਸਦੀ ਹੈ, ਪਰ ਪੇਂਡੂ ਖੇਤਰਾਂ ਵਿੱਚ ਇਹ ਘਟ ਕੇ 57 ਫੀਸਦੀ ਰਹਿ ਜਾਂਦਾ ਹੈ। ਸਰਕਾਰ ਵੱਲੋਂ ਮਾਹਵਾਰੀ ਸਵੱਛਤਾ ਯੋਜਨਾ (2011) ਅਤੇ ਸਵੱਛ ਭਾਰਤ ਮਿਸ਼ਨ (2014) ਵਰਗੀਆਂ ਕਈ ਸਕੀਮਾਂ ਚਲਾਈਆਂ ਗਈਆਂ ਹਨ। ਪਰ ਮਾਹਰਾਂ ਦਾ ਮੰਨਣਾ ਹੈ ਕਿ ਸਭ ਤੋਂ ਵੱਡੀ ਕਮੀ ਅਜੇ ਵੀ ਪਾਣੀ ਦੀ ਭਰੋਸੇਯੋਗ ਉਪਲਬਧਤਾ ਦੀ ਹੈ। ਸਿਰਫ਼ ਟਾਇਲਟ ਬਣਾਉਣਾ ਕਾਫ਼ੀ ਨਹੀਂ, ਜੇ ਉਨ੍ਹਾਂ ਵਿੱਚ ਪਾਣੀ ਹੀ ਨਾ ਹੋਵੇ।
ਪੰਜਾਬ ਇਸ ਸੰਕਟ ਦੀ ਇੱਕ ਮਿਲੀ-ਜੁਲੀ ਤਸਵੀਰ ਪੇਸ਼ ਕਰਦਾ ਹੈ। ਨਵੰਬਰ 2025 ਵਿੱਚ ਰਾਜ ਸਰਕਾਰ ਨੇ “ਨਵੀਂ ਦਿਸ਼ਾ ਸਕੀਮ” ਦਾ ਵਿਸਥਾਰ ਕੀਤਾ, ਜਿਸ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਹਰ ਮਹੀਨੇ ਮੁਫ਼ਤ ਸੈਨੇਟਰੀ ਪੈਡ ਵੰਡੇ ਜਾਂਦੇ ਹਨ। ਮਾਰਚ 2026 ਤੱਕ 13.65 ਲੱਖ ਤੋਂ ਵੱਧ ਔਰਤਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਸੀ ਅਤੇ 7.37 ਕਰੋੜ ਤੋਂ ਵੱਧ ਪੈਡ ਵੰਡੇ ਗਏ ਸਨ। ਰਾਜ ਦੇ 27,000 ਤੋਂ ਵੱਧ ਆਂਗਣਵਾੜੀ ਕੇਂਦਰ ਇਸ ਮੁਹਿੰਮ ਨਾਲ ਜੁੜੇ ਹੋਏ ਹਨ। ਇਸ ਦਾ ਮਕਸਦ ਸਿਰਫ਼ ਪੈਡ ਮੁਹੱਈਆ ਕਰਵਾਉਣਾ ਨਹੀਂ, ਸਗੋਂ ਮਾਹਵਾਰੀ ਨਾਲ ਜੁੜੀ ਚੁੱਪ ਅਤੇ ਸ਼ਰਮ ਨੂੰ ਵੀ ਤੋੜਨਾ ਹੈ। ਫਿਰ ਵੀ ਜ਼ਮੀਨੀ ਹਕੀਕਤ ਕੁਝ ਹੋਰ ਕਹਿੰਦੀ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਪਾਣੀ ਦੀ ਸਪਲਾਈ ਅਨਿਯਮਿਤ ਹੈ। ਕਈ ਥਾਵਾਂ ‘ਤੇ ਟਾਇਲਟ ਤਾਂ ਹਨ, ਪਰ ਉਨ੍ਹਾਂ ਵਿੱਚ ਪਾਣੀ ਨਹੀਂ। ਔਰਤਾਂ ਨੂੰ ਅੱਜ ਵੀ ਬਾਲਟੀਆਂ ਚੁੱਕ ਕੇ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ। ਅਜਿਹੇ ਵਿੱਚ ਸਿਰਫ਼ ਮਾਹਵਾਰੀ ਉਤਪਾਦ ਉਪਲਬਧ ਕਰਵਾ ਦੇਣਾ ਕਾਫ਼ੀ ਨਹੀਂ ਰਹਿੰਦਾ। ਸਕੂਲਾਂ ਦਾ ਹਾਲ ਵੀ ਇਸੇ ਸੰਕਟ ਨੂੰ ਦਰਸਾਉਂਦਾ ਹੈ। 2018 ਤੋਂ 2022 ਦਰਮਿਆਨ ਹੋਏ ਵੱਖ-ਵੱਖ ਅਧਿਐਨਾਂ ਮੁਤਾਬਕ 20 ਤੋਂ 30 ਫੀਸਦੀ ਕੁੜੀਆਂ ਮਾਹਵਾਰੀ ਦੌਰਾਨ ਸਕੂਲ ਨਹੀਂ ਜਾਂਦੀਆਂ। ਕਾਰਨ ਅਕਸਰ ਇੱਕੋ ਹੁੰਦਾ ਹੈ — ਪਾਣੀ, ਸਾਫ਼ ਟਾਇਲਟ ਅਤੇ ਨਿੱਜਤਾ ਦੀ ਘਾਟ।
ਅਸਲ ਵਿੱਚ ਮਾਹਵਾਰੀ ਸਿਹਤ ਨੂੰ ਸਿਰਫ਼ “ਔਰਤਾਂ ਦਾ ਮਸਲਾ” ਕਹਿ ਕੇ ਵੱਖ ਨਹੀਂ ਕੀਤਾ ਜਾ ਸਕਦਾ। ਇਹ ਪਾਣੀ, ਸਵੱਛਤਾ, ਸਿੱਖਿਆ ਅਤੇ ਜਲਵਾਯੂ ਤਬਦੀਲੀ ਨਾਲ ਜੁੜਿਆ ਇੱਕ ਵੱਡਾ ਸਮਾਜਿਕ ਸੰਕਟ ਹੈ। ਮਾਹਵਾਰੀ ਸਵੱਛਤਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਾਹਵਾਰੀ ਹਰ ਔਰਤ ਦੀ ਜ਼ਿੰਦਗੀ ਦਾ ਕੁਦਰਤੀ ਹਿੱਸਾ ਹੈ। ਪਰ ਇਸ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਸਨਮਾਨ ਨਾਲ ਜੀਣਾ ਅਜੇ ਵੀ ਲੱਖਾਂ ਲਈ ਇੱਕ ਦੂਰਲਾ ਸੁਪਨਾ ਹੈ। ਅਤੇ ਜਦੋਂ ਪਾਣੀ ਸੁੱਕਦਾ ਹੈ, ਤਾਂ ਸਿਰਫ਼ ਜ਼ਮੀਨ ਨਹੀਂ ਫਟਦੀ — ਔਰਤਾਂ ਦੀ ਸਿਹਤ, ਉਨ੍ਹਾਂ ਦਾ ਸਨਮਾਨ ਅਤੇ ਉਨ੍ਹਾਂ ਦੇ ਮੌਕੇ ਵੀ ਚੁੱਪਚਾਪ ਰੁੜ੍ਹ ਜਾਂਦੇ ਹਨ।



Leave a Comment