Punjab and Punjabiyat

1 ਨਵੰਬਰ ‘ਤੇ ਵਿਸ਼ੇਸ਼ : ਪੰਜਾਬ ਤੇ ਪੰਜਾਬੀਅਤ ਦੇ ਹਵਾਲੇ ਨਾਲ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ

ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਚ ਵੰਡਿਆ ਗਿਆ। ਇਸ ਵੰਡ ਦੌਰਾਨ ਪੰਜਾਬ ਨੇ ਬਹੁਤ ਕੁਝ ਗਵਾਇਆ । ਅਜਿਹੇ ਹਾਲਾਤਾਂ ਤੇ ਕੋਈ ਦਰਦਮੰਦ ਪੰਜਾਬੀ ਸਿਰਫ਼ ਰੋ ਹੀ ਸਕਦਾ ਸੀ। ਲਹਿੰਦੇ ਪੰਜਾਬ ‘ਚ (ਪਾਕਿਸਤਾਨੀ ਪੰਜਾਬ )ਪੰਜਾਬੀਆਂ ਨਾਲ ਅੰਤਾਂ ਦਾ ਧੱਕਾ ਹੁੰਦਾ ਰਿਹਾ ਹੈ (ਹੁਣ ਵੀ ਹੋ ਰਿਹੈ)। ਇਸਦੇ ਆਪਣੇ ਹੀ ਇਸਨੂੰ ਮਾਰਨ ‘ਤੇ ਤੁਲੇ ਹੋਏ ਹਨ। ਪਾਕਿਸਤਾਨ ‘ਚ ਪੰਜਾਬੀਆਂ ਦਾ ਹਰ ਖੇਤਰ ਚ ਬੋਲਬਾਲਾ ਹੈ। ਜੇ ਉਹ ਛੋਟੇ ਸੂਬਿਆਂ ‘ਤੇ ਲੰਬੜਦਾਰੀ ਕਰ ਸਕਦੇ ਹਨ, ਉਨ੍ਹਾਂ ਦੇ ਕੁਦਰਤੀ ਸਾਧਨਾਂ ‘ਤੇ ਕਾਬਜ਼ ਹੋ ਸਕਦੇ ਹਨ ਤਾਂ ਕੀ ਆਪਣੀ ਮਾਂ-ਬੋਲੀ ਲਈ ਕੁਝ ਨਹੀਂ ਕਰ ਸਕਦੇ? ਉਸਦਾ ਬਣਦਾ ਮਾਣ ਨਹੀਂ ਦਵਾ ਸਕਦੇ? ਸਾਫ਼ ਗੱਲ ਹੈ ਕਿ ਜੇਕਰ ਅਸੀਂ ਅਜਿਹਾ ਕਰਨ ਲੱਗੇ ਤਾਂ ਪਾਕਿਸਤਾਨ ਦੀ ਕੌਮੀ ਰਾਜਨੀਤੀ ‘ਤੇ ਕਾਬਜ਼ ਨਹੀਂ ਹੋ ਸਕਦੇ। ਉਹ ਮਜ਼੍ਹਬੀ ਜਨੂੰਨ ‘ਚ ਆ ਕੇ ਵੀ ਅਜਿਹਾ ਕਰ ਰਹੇ ਹਨ। ਮਰਹੂਮ ਗੁਲਾਮ ਹੈਦਰ ਵਾਈਂ ਲਹਿੰਦੇ ਪੰਜਾਬ ਦੇ ਠੇਠ ਪੰਜਾਬੀ ਮੁੱਖ ਮੰਤਰੀ ਹੋਏ ਹਨ। ਉਨ੍ਹਾਂ ਦੇ ਸਮੇਂ ਹੀ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ) ਵੱਲੋਂ ਪੰਜਾਬ ਸਰਕਾਰ ਵੱਲ ਚਿੱਠੀ ਘੱਲੀ ਗਈ ਕਿ ਜੇਕਰ ਪੰਜਾਬ ਸਰਕਾਰ ਚਾਹਵੇ ਤਾਂ ਮਾਂ-ਬੋਲੀ ਰਾਹੀਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਦਾ ਆਹਰ ਕਰ ਸਕਦੀ ਹੈ। ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

Charda Punjab and Lehnda Punjab
Pic Credit: Social Media

ਚੜ੍ਹਦੇ ਪੰਜਾਬ (ਭਾਰਤ ਵਾਲੇ ਪਾਸੇ ਦੇ) ‘ਚ ਵੀ ਪੰਜਾਬ ਤੇ ਪੰਜਾਬੀਅਤ ਦਾ ਕੁਝ ਨਾ ਬਣ ਸਕਿਆ। ਆਜ਼ਾਦੀ ਤੋਂ ਬਾਅਦ ਭਾਰਤ ਚ ਰਾਜਾਂ ਦਾ ਭਾਸ਼ਾ ਦੇ ਅਧਾਰ ਤੇ ਪੁਨਰਗਠਨ ਹੋਇਆ ਪਰ ਪੰਜਾਬ ਨੂੰ ਮਹਿਰੂਮ ਹੀ ਰੱਖਿਆ ਗਿਆ। ਜਿਸ ਨਾਲ ਬਹੁ-ਗਿਣਤੀ ਪੰਜਾਬੀਆਂ ਚ ਬੇਗਾਨਗੀ ਦੀ ਭਾਵਨਾ ਪੈਦਾ ਹੋਈ। ਅਕਾਲੀਆਂ ਨੇ ਪੰਜਾਬੀ ਸੂਬੇ ਲਈ ਮੋਰਚਾ ਲਾਇਆ ਜਿਸ ਵਿੱਚ ਕਾਮਰੇਡਾਂ ਨੇ ਵੀ ਸਾਥ ਦਿੱਤਾ। ਇਸ ਦੇ ਜਵਾਬ ਚ ਉਸ ਵੇਲੇ ਦੇ ਜਨ ਸੰਘ ਨੇ ਵੀ ਮਹਾਂ ਪੰਜਾਬ ਦੀ ਲਹਿਰ ਚਲਾਈ। ਜਿੱਥੇ ਕਾਮਰੇਡਾਂ ਦੀ ਲੜਾਈ ਸਮੁੱਚੇ ਪੰਜਾਬੀਆਂ ਦੇ ਹਿੱਤਾਂ ਲਈ ਸੀ ਉਥੇ ਅਕਾਲੀਆਂ ਤੇ ਜਨ-ਸੰਘੀਆਂ ਦੀ ਲੜਾਈ ਫਿਰਕਾਪ੍ਰਸਤੀ ਤੋਂ ਪ੍ਰੇਰਿਤ ਸੀ। ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ ਲਈ ਪ੍ਰੇਰਿਆ ਗਿਆ। ਇੱਕ ਨਵੰਬਰ 1966 ਨੂੰ ‘ਲੰਗੜਾ ਪੰਜਾਬੀ ਸੂਬਾ’ ਪੰਜਾਬ ਜਣ ਗਿਆ। ਜਿਸ ਨਾਲ ਅਕਾਲੀਆਂ ਦੀ ਸਿਆਸਤ ਪ੍ਰਾਪਤੀ ਦੀ ਭੁੱਖ ਤਾਂ ਮਿਟ ਗਈ ਪਰ ਪੰਜਾਬੀ ਸੂਬੇ ਦਾ ਅਸਲ ਉਦੇਸ਼ ਪੂਰਾ ਨਹੀਂ ਹੋਇਆ ਕਿਉਂਕਿ ਪੰਜਾਬੀ ਬੋਲਦੇ ਬਹੁਤੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ। ਇੱਕ ‘ਲੰਗੜਾ ਪੰਜਾਬੀ ਸੂਬਾ’ ਹਾਸਲ ਹੋਇਆ ।

Punjab Formation Day
Pic Credit: Awaz E Qaum

ਨਵੇਂ ਬਣੇ ਇਸ ਪੰਜਾਬੀ ਸੂਬੇ ‘ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲ ਗਿਆ। ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੀ ਸਥਾਪਨਾ ਹੋਈ। ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀਆਂ ਨਵੀਆਂ ਆਸਾਂ ਜਾਗੀਆਂ। ਪੰਜਾਬੀ ਦੇ ਅਖ਼ਬਾਰ ਲੱਖਾਂ ਦੀ ਗਿਣਤੀ ਚ ਛਪਣ ਲੱਗ ਪਏ। ਇਹ ਸਭ ਹੋਣ ਦੇ ਬਾਵਜੂਦ ਪੰਜਾਬੀਆਂ ‘ਚ ਫਿਰ ਵੀ ਪੰਜਾਬੀਅਤ ਦੀ ਭਾਵਨਾ ਪੈਦਾ ਨਾ ਹੋ ਸਕੀ।

ਪੰਜਾਬ ਦੇ ਆਪਣੇ ਹੀ ਪੰਜਾਬੀ ਆਪਣੀ ਮਾਦਰੀ ਜ਼ੁਬਾਨ ਤੋਂ ਕਿਨਾਰਾ ਕਰੀ ਜਾ ਰਹੇ ਹਨ। ਪੰਜਾਬੀ ਆਪਣੇ ਬੱਚਿਆਂ ਦੇ ਮੂੰਹੋਂ ਮੁੱਢਲੇ ਬੋਲ ਪੰਜਾਬੀ ਦੀ ਥਾਂ ਗੈਰ-ਪੰਜਾਬੀ ਜ਼ੁਬਾਨਾਂ ਦੇ ਸੁਣਨਾ ਪਸੰਦ ਕਰਦੇ ਹਨ। ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ‘ਚ ਉਸਰੇ ਪਬਲਿਕ ਸਕੂਲ ਪੰਜਾਬੀ ਦੇ ਘਾਣ ਚ ਮੋਹਰੀ ਰੋਲ ਅਦਾ ਕਰ ਰਹੇ ਹਨ, ਸਰਕਾਰ ਦੀ ਸਰਪ੍ਰਸਤੀ ਇਨ੍ਹਾਂ ਸਕੂਲਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਹੈ। ਪੰਜਾਬ ਚ ਲਗਾਤਾਰ ਹਿੰਦੀ ਤੇ ਅੰਗਰੇਜ਼ੀ ਦੇ ਅਖ਼ਬਾਰ ਆਪਣੇ ਪੈਰ ਪਸਾਰ ਰਹੇ ਹਨ। ਜੋ ਪੰਜਾਬੀ ਪੱਤਰਕਾਰੀ ਲਈ ਚੰਗਾ ਸ਼ਗਨ ਨਹੀਂ ਹੈ।

ਪੰਜਾਬੀਆਂ ‘ਚ ਪੰਜਾਬੀਅਤ ਦੀ ਭਾਵਨਾ ਪੈਦਾ ਨਾ ਹੋਣਾ ਜਿੱਥੇ ਪੰਜਾਬ ਦੇ ‘ਕੌਮ ‘(ਸੱਭਿਆਚਾਰਕ ਤੌਰ ‘ਤੇ ਬਣਨ ‘ਚ ਰੁਕਾਵਟ ਹੈ, ਉਥੇ ਪੰਜਾਬੀ ਜ਼ੁਬਾਨ ਤੇ ਖੁਦ ਪੰਜਾਬੀਆਂ ਦੀ ਹਸਤੀ ਲਈ ਵੀ ਨੁਕਸਾਨਦਾਇਕ ਹੈ। ਪੰਜਾਬੀਆਂ ਨੇ ਪੰਜਾਬੀ ਫਲਸਫ਼ੇ, ਪੰਜਾਬੀ ਸਕਾਫ਼ਤ ਦੀ ਬਹੁ-ਰੂਪਤਾ ਜਾਂ ਅਨੇਕਤਾ ਚ ਏਕਤਾ ਦੀ ਫਿਲਾਸਫ਼ੀ ਨੂੰ ਸਮਝਣ ਦੀ ਥਾਂ ਉਸਨੂੰ ਸਿਰਫ਼ ਧਰਮ ਤੱਕ ਸੀਮਤ ਕਰ ਲਿਆ ਹੈ ਤੇ ਆਪੋ-ਆਪਣੀ ਡਫਲੀ ਵਜਾਈ ਜਾ ਰਹੇ ਹਨ।

ਚੜ੍ਹਦੇ ਪੰਜਾਬ ਚ ਪੰਜਾਬੀਆਂ ਨੂੰ ਕੋਈ ਅਜਿਹਾ ਰਾਜਸੀ ਦਲ ਵੀ ਨਹੀਂ ਮਿਲਿਆ ਜੋ ਸੱਚੇ ਦਿਲੋਂ ਉਨ੍ਹਾਂ ਦੀ ਏਕਤਾ ਦੀ ਗੱਲ ਕਰਦਾ ਹੋਵੇ ਪੰਜਾਬੀਆਂ ਨੂੰ ਦਲ ਹੀ ਫਿਰਕੂ ਅਧਾਰ ਤੇ ਵੋਟਾਂ ਵਟੋਰਨ ਵਾਲੇ ਮਿਲੇ ਹਨ। ਪੰਜਾਬੀਆਂ ਨੂੰ ਇੱਕ ਸਿਆਸੀ ਦਲ ਅਜਿਹਾ ਮਿਲਿਆ ਹੈ, ਮੌਜੂਦਾ ਸਿਆਸੀ ਪਾਰਟੀਆਂ ਦੇ ਇਨ੍ਹਾਂ ਹੱਥਕੰਡਿਆਂ ਨੇ ਜਿੱਥੇ ਪੰਜਾਬੀਆਂ ਚ ਪੰਜਾਬੀਅਤ ਦੀ ਭਾਵਨਾ ਪੈਦਾ ਹੋਣ ਤੋਂ ਰੋਕੀ ਹੈ ਉਥੇ ਪੰਜਾਬ ਨੂੰ ਕਾਲੇ ਦਿਨਾਂ (80 ਤੋਂ 90 ਵਿਆਂ)’ਚ ਲਿਜਾਣ ਤੇ ਬਲਦੀ ਦੇ ਬੁੱਥੇ ਦੇਣ ਦਾ ਕੰਮ ਵੀ ਕੀਤਾ ਹੈ।

‘ਪੰਜਾਬੋ ਬੇਬੇ’ ਦਾ ਸਭ ਤੋਂ ਵੱਧ ਨੁਕਸਾਨ ਵੀ ਉਸਦੇ ਤਿੰਨ ਪੁੱਤਰਾਂ (ਹਿੰਦੂ, ਮੁਸਲਿਮ ਤੇ ਸਿੱਖ) ਨੇ ਕੀਤਾ ਹੈ। ਜਦੋਂ ਤੱਕ ਇਹ ਤਿੰਨੇ ਫਕੀਰ ਭਰਾ (ਫਕੀਰ-ਉਦ-ਦੀਨ, ਫਕੀਰ ਸਿੰਘ, ਫਕੀਰ ਚੰਦ) ਅੱਖਾਂ ਤੋਂ ਮਜ਼੍ਹਬੀ ਪੱਟੀਆਂ ਨਹੀਂ ਵਾਹ ਲੈਂਦੇ ਪੰਜਾਬੀ ਕੌਮ ਦੇ ਫਲਸਫ਼ੇ ਤੇ ਪੰਜਾਬ ਦੀ ਹਸਤੀ ਦਾ ਕੁਝ ਵੀ ਨਹੀਂ ਬਣੇਗਾ।

ਅੱਜ ਲੋੜ ਹੈ ਕਿ ਪੰਜਾਬੋ ਬੇਬੇ ਦੇ ਤਿੰਨੋਂ ਪੁੱਤ ਨਵੀਂ ਵਿਗਿਆਨਕ ਚੇਤਨਾਂ ਤੋਂ ਸਬਕ ਲੈਂਦੇ ਹੋਏ ਮਜ਼੍ਹਬੀ ਜਨੂੰਨ ਨੂੰ ਪਰੇ ਸੁੱਟਣ ਹਿੰਦੂ, ਮੁਸਲਿਮ ਤੇ ਸਿੱਖ ਹੋਣ ਦੀ ਥਾਂ ਪੰਜਾਬੀ ਹੋਣ ਨੂੰ ਤਰਜੀਹ ਦੇਣ। ‘ਫਕੀਰ-ਉਦ-ਦੀਨ’, ‘ਫਕੀਰ ਸਿੰਘ’ ਤੇ ‘ਫਕੀਰ ਚੰਦ’ ਦੀ ਥਾਂ ‘ਫਕੀਰਾ’ ਬਣਨ। ‘ਭੋਲਾ ਸਿੰਘ’, ‘ਭੋਲਾ ਖਾਂ’ ਤੇ ‘ਭੋਲਾ ਨਾਥ’ ਬਣਨ ਦੀ ਥਾਂ ‘ਭੋਲਾ’ ਬਣਨ ‘ਮੇਹਰਦੀਨ’, ‘ਮੇਹਰ ਸਿੰਘ’ ਤੇ ‘ਮੋਹਰ ਚੰਦ’ ਬਣਨ ਦੀ ਥਾਂ ‘ਮੇਹਰਾ’ ਜਾਂ ‘ਮੇਹਰੂ’ ਬਣਨ ਇਸੇ ਚ ਹੀ ਪੰਜਾਬੀ ਕੌਮ ਦੀ ਭਲਾਈ ਹੈ।

ਪੰਜਾਬੀ ਸੂਬਾ ਬਣਨ ਦੇ ਸੱਠ ਸਾਲ ਬਾਅਦ ਵੀ ਅੱਜ ਪੰਜਾਬ ਸਮਾਜਿਕ, ਆਰਥਿਕ , ਰਾਜਨੀਤਕ ਤੇ ਸੱਭਿਆਚਾਰਕ ਤੌਰ ‘ਤੇ ਪਹਿਲਾਂ ਨਾਲੋਂ ਰਸਾਤਲ ਵੱਲ ਗਿਆ ਹੈ| ਜਿਸ ਭਾਸ਼ਾ ਵਿਭਾਗ ਨੂੰ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਬਣਾਇਆ ਗਿਆ ਸੀ ਉਸਦੇ ਡਾਇਰੈਕਟਰ ਨੂੰ ਸਰਕਾਰ ਦੀ ਅਫਸਰਸ਼ਾਹੀ ਸਾਹਮਣੇ ਮਜਬੂਰ ਹੋਣਾ ਪੈ ਰਿਹਾ ਹੈ | ਜਿਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਿਰਮਾਣ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਹੋਇਆ ਸੀ ਅੱਜ ਉਹ ਵੱਡੇ ਵਿੱਤੀ ਘਾਟੇ ਦਾ ਸ਼ਿਕਾਰ ਹੈ | ਸਰਕਾਰ ਦੇ ਪੰਜਾਬੀ ਭਾਸ਼ਾ ਬਾਰੇ ਨਜ਼ਰੀਆ ਤੇ ਅਕਾਦਮਿਕ ਖੇਤਰ ਬਾਰੇ ਉਸਦੀ ਤੰਗ ਸੋਚ ਵੀ ਦਿਖਾ ਦਿੰਦਾ ਹੈ |

Shiv Inder Singh

Shiv Inder Singh is an independent journalist, writer, and political analyst with 25 years of experience in journalism and media. Founder and Editor-in-Chief of Suhi Saver (2010), he contributes to The Caravan, The Wire, and LiveMint. He is a Jagjit Singh Anand Award recipient, known for his commitment to public-interest and investigative journalism.

Post navigation

Leave a Comment

Leave a Reply

Your email address will not be published. Required fields are marked *