ਪੰਜਾਬ ਦੀ 553 ਕਿੱਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਜਿਸ ਪਾਸੇ ਪਾਕਿਸਤਾਨ ਲੱਗਦੈ ਉਧਰੋਂ ਅਕਸਰ ਸੁਰੱਖਿਆ ਏਜੰਸੀਆਂ ਨੂੰ ਚੁਣੌਤੀਆਂ ਦਰਪੇਸ਼ ਰਹਿੰਦੀਆਂ ਹੀ ਨੇ। ਇਹ ਚੁਣੌਤੀਆਂ ਨਾ ਸਿਰਫ਼ ਪੰਜਾਬ ਜਾਂ ਕੇਂਦਰ ਬਲਕਿ ਪੂਰੇ ਦੇਸ਼ ਲਈ ਚੁਣੌਤੀਆਂ ਨੇ ਜਿਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਲਈ ਸੁਰੱਖਿਆ ਏਜੰਸੀਆਂ ਭਾਵੇਂ ਫਿਰ ਉਹ ਭਾਰਤੀ ਫੌਜ ਹੋਵੇ ਜਾਂ ਬੀਐੱਸਐੱਫ ਦਿਨ-ਰਾਤ ਚੌਕਸ ਰਹਿੰਦੀਆਂ ਨੇ। ਵੈਸੇ ਤਾਂ ਭਾਰਤ ਨਾਲ ਲੱਗਦੇ ਚੀਨ, ਮਿਆਂਮਾਰ, ਬੰਗਲਾਦੇਸ਼ ਵਾਲੇ ਪਾਸਿਓਂ ਵੀ ਖ਼ਤਰੇ ਦੇ ਮੱਦੇਨਜ਼ਰ ਹਰ ਵਕਤ ਚੌਕਸੀ ਜ਼ਰੂਰੀ ਏ ਪਰ ਪਾਕਿਸਤਾਨ ਕਦੇ ਕਿਸੇ ਚੁੱਕ ‘ਚ ਆ ਕੇ ਤੇ ਕਦੇ ਆਪ ਮੁਹਾਰੇ ਕੋਈ ਨਾ ਕੋਈ ਹਿਮਾਕਤ ਕਰਦਾ ਹੀ ਰਹਿੰਦਾ ਏ, ਜਿਸਦਾ ਮੂੰਹਤੋੜ ਜਵਾਬ ਦੇਣ ਲਈ ਸੁਰੱਖਿਆ ਦਸਤਿਆਂ ਨੂੰ ਤਿਆਰ ਬਰ ਤਿਆਰ ਰਹਿਣਾ ਪੈਂਦਾ ਏ। ਪੰਜਾਬ ਦੀ 3.17 ਕਰੋੜ ਦੇ ਕਰੀਬ ਦੀ ਅਬਾਦੀ ਵਿੱਚ 58 ਫੀਸਦ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਅਤੇ 38 ਫੀਸਦ ਦੇ ਕਰੀਬ ਹਿੰਦੂ(ਸਨਾਤਨ) ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਬਾਕੀ ਤਕਰੀਬਨ 2 ਫੀਸਦ ਦੇ ਵਿੱਚ ਮੁਸਲਿਮ, ਇਸਾਈ ਅਤੇ ਹੋਰ ਧਰਮਾਂ ਦੇ ਲੋਕ ਵੱਸਦੇ ਹਨ। ਹਿੰਦੂ-ਸਿੱਖ ਇੱਥੇ ਸ਼ੁਰੂ ਤੋਂ ਹੀ ਨਹੁੰ-ਮਾਸ ਦੇ ਰਿਸ਼ਤੇ ਵਾਂਗ ਵਿਚਰਦੇ ਆ ਰਹੇ ਹਨ, ਜਦਕਿ ਪਿਛਲੇ ਕੁੱਝ ਦਹਾਕਿਆਂ ‘ਚ ਸੂਬੇ ਦੇ ਵਿਗੜੇ ਹਾਲਾਤਾਂ ਨੇ ਦੋਨਾਂ ਧਰਮਾਂ ਦਰਮਿਆਨ ਤਰੇੜ ਪਾਉਣ ਦੀ ਕੋਸ਼ਿਸ਼ ਕੀਤੀ। ਖ਼ਾਸ ਕਰਕੇ 1980 ਤੋਂ 90 ਦੇ ਦਹਾਕੇ ਦੇ ਕਾਲੇ ਦੌਰ ਨੇ ਇਸ ਸੂਬੇ ਨੂੰ ਨਜ਼ਰ ਲਗਾ ਦਿੱਤੀ। ਪਰ ਸੂਝਵਾਨ ਲੋਕਾਂ ਦੀ ਵੀ ਇੱਥੇ ਕਮੀ ਨਹੀਂ ਜਿਨ੍ਹਾਂ ਦੀ ਸਿਆਣਪ ਸਦਕਾ ਸਾਰੇ ਧਰਮਾਂ ਦਾ ਆਪਸੀ ਭਾਈਚਾਰਾ ਕਾਇਮ ਏ।
ਨਸ਼ਿਆਂ ਨੇ ਮਾਰ ਲਏ ਜਵਾਨ ਗੱਭਰੂ

ਪੰਜਾਬ ਦੇ ਵਿਗੜੇ ਹਲਾਤਾਂ ਦਾ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਪੂਰਾ ਫਾਇਦਾ ਉਠਾਇਆ ਗਿਆ, ਨੌਜਵਾਨਾਂ ਨੂੰ ਵਰਗਲਾਇਆ ਗਿਆ। ਵੱਖਰੇ ਸੂਬੇ ਦੀ ਮੰਗ ਉੱਠਣ ਲੱਗੀ ਅਤੇ ਸਰਹੱਦ ਪਾਰ ਤੋਂ ਡਰੱਗਸ ਦੇ ਨਜਾਇਜ਼ ਧੰਦੇ ਨੇ ਜੋਰ ਫੜ ਲਿਆ, ਜੋ ਸੁਰੱਖਿਆ ਦਸਤਿਆਂ ਲਈ ਵੱਡੀ ਚੁਣੌਤੀ ਬਣ ਗਈ। ਜਿਸ ਪੰਜਾਬ ‘ਚ ਕਦੇ ਦੁੱਧ-ਘਿਓ ਦੀ ਨਦੀਆਂ ਵਹਿੰਦੀਆਂ ਸਨ, ਜਿਸਦੇ ਖਿਡਾਰੀ ਖ਼ਾਸ ਕਰਕੇ ਪਹਿਲਵਾਨ ਕੌਮਾਂਤਰੀ ਪੱਧਰ ਤੱਕ ਜਾਣ ਜਾਂਦੇ ਸਨ, ਹੁਣ ਨੌਜਵਾਨਾਂ ਦੀਆਂ ਰਗਾਂ ‘ਚ ਨਸ਼ਿਆਂ ਨੇ ਵਾਸਾ ਕਰ ਲਿਆ ਏ। ਇਹ ਨਸ਼ਾ ਕਿਵੇਂ ਆਉਂਦਾ, ਕਿੱਥੋਂ ਆਉਂਦਾ, ਕੌਣ ਠੱਲ ਪਾਊ ਇਸ ਵਿਸ਼ੇ ਨੂੰ ਚੋਣ ਮੁੱਦਾ ਬਣਾ ਕੇ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਨੇ । ਹਰ ਸਰਕਾਰ ਆਪੋ-ਆਪਣੇ ਹਿਸਾਬ ਨਾਲ ਵੱਡੇ-ਵੱਡੇ ਵਾਅਦੇ ਕਰਕੇ ਹਕੂਮਤ ਵਿੱਚ ਆਉਂਦੀ ਏ ਪਰ ਹੱਥ ਛੋਟੀਆਂ-ਮੋਟੀਆਂ ਮੱਛੀਆਂ ‘ਤੇ ਹੀ ਪਾਉਂਦੀਆਂ ਨੇ, ਵੱਡੇ ਮਗਰਮੱਛਾਂ ਦਾ ਐਨਾ ਕੁ ਰਸੂਖ਼ ਏ ਛੇਤੀ ਕੋਈ ਹੱਥ ਪਾਉਂਦਾ ਹੀ ਨਹੀਂ ਅਤੇ ਸੂਬੇ ਦੀ ਸਾਰੀ ਸਿਆਸਤ ਵੀ ਇਸੇ ਨਸ਼ੇ ਦੇ ਆਲੇ-ਦੁਆਲੇ ਹੀ ਘੁੰਮਦੀ ਵਿਖਾਈ ਦਿੰਦੀ ਏ। ਗੁਆਂਢੀ ਮੁਲਕ ਵੱਲੋਂ ਡ੍ਰੋਨ ਦੀ ਸਹਾਇਤਾ ਨਾਲ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸੁਰੱਖਿਆ ਦਸਤਿਆਂ ਲਈ ਹਮੇਸ਼ਾਂ ਚੁਣੌਤੀ ਬਣੀ ਰਹਿੰਦੀ ਏ। ਡ੍ਰੋਨਾਂ ਰਾਹੀਂ ਹੈਰੋਇਨ, ਆਈਸ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹਥਿਆਰ, ਗੋਲਾ-ਬਰੂਦ ਦੀ ਸਮੱਗਲਿੰਗ ਇੱਕ ਵੱਡੀ ਸਿਰਦਰਦੀ ਹੈ। ਧੁੰਦ ਦੇ ਮੌਸਮ ਵਿੱਚ ਇਹ ਕੰਮ ਕਾਫੀ ਵੱਧ ਜਾਂਦਾ ਹੈ। ਸਿਆਸੀ ਚੋਣਾਂ ਦੌਰਾਨ ਇਹਨਾਂ ਨਸ਼ੀਲੇ ਪਦਾਰਥਾਂ ਦੀ ਪੰਜਾਬ ‘ਚ ਐਂਟਰੀ ਹੋਰ ਵੱਧ ਜਾਂਦੀ ਹੈ, ਜਿਸਦੀ ਰੋਕਥਾਮ ਲਈ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ ਦੀ ਨਿਗਰਾਨੀ ਤਾਂ ਕੇਂਦਰੀ ਸੁਰੱਖਿਆ ਬਲ ਕਰਦੇ ਹੀ ਨੇ ਨਾਲ-ਨਾਲ ਬਠਿੰਡਾ ਪੁਲਿਸ ਨੂੰ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ‘ਤੇ ਵੀ ਚੌਕਸੀ ਵਧਾ ਕੇ ਰੱਖਣੀ ਪੈਂਦੀ ਹੈ। ਚੋਣਾਂ ਦੌਰਾਨ ਨਸ਼ਾ ਇੰਨਾ ਵੱਧ ਜਾਂਦਾ ਹੈ ਕਿ ਸਮਝ ਨਹੀਂ ਆਉਂਦੀ ਕਿ ਦੁਸ਼ਮਣ ਦੇਸ਼ ਦੇ ਅੰਦਰ ਹੈ ਕਿ ਬਾਹਰ। ਲੋਕਾਂ ਨੂੰ ਕਿਸੇ ਵੀ ਪਾਰਟੀ ‘ਤੇ ਭਰੋਸਾ ਨਹੀਂ. ਉਹ ਵੋਟਰਾਂ ਨੂੰ ਲੁਭਾਉਣ ਲਈ ਨਸ਼ੇ ਦੀ ਸਪਲਾਈ ਵਿੱਚ ਕੋਈ ਢਿੱਲ ਵਰਤਦੇ ਹੋਣ।
ਦਹਿਸ਼ਤਗਰਦੀ ਸੱਭ ਤੋਂ ਵੱਡੀ ਚੁਣੌਤੀ

ਸੱਭ ਤੋਂ ਵੱਡੀ ਚੁਣੌਤੀ ਹੁੰਦੀ ਏ ਦਹਿਸ਼ਤਗਰਦੀ। ਸਰਹੱਦ ਦੇ ਅੰਦਰ ਅਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਹਰ ਵੇਲੇ ਸੁਰੱਖਿਆ ਦਸਤਿਆਂ ਲਈ ਇੱਕ ਵੱਡੀ ਚੁਣੌਤੀ ਰਹਿੰਦੀ ਏ। ਕਿੰਨੀ ਵੀ ਚੌਕਸੀ ਹੋਵੇ ਦਹਿਸ਼ਤਗਰਦ ਸਰਹੱਦ ਪਾਰ ਕਰ ਹੀ ਜਾਂਦੇ ਨੇ. ਕਈ ਵਾਰ ਮਾਰੇ ਜਾਂਦੇ ਨੇ ਤੇ ਕਈ ਵਾਰ ਆਪਣਾ ਕੰਮ ਕਰਕੇ ਨਿਕਲ ਜਾਂਦੇ ਨੇ. ਪਾਕਿਸਤਾਨ ਹਰ ਵਾਰ ਉਹਨਾਂ ‘ਤੇ ਕਿਸੇ ਤਰ੍ਹਾਂ ਦਾ ਆਪਣਾ ਕੰਟਰੋਲ ਹੋਣ ਤੋਂ ਇਨਕਾਰ ਕਰ ਦਿੰਦਾ ਏ। ਜਦਕਿ ਖੂਫੀਆ ਜਾਣਕਾਰੀਆਂ ਮੁਤਾਬਕ ਇਹ ਸਾਰਾ ਕੰਮ ਪਾਕਿਸਤਾਨ ਦੀ ਬਦਨਾਮ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਹੀ ਹੁੰਦਾ ਹੈ । ਆਈ.ਐੱਸ.ਆਈ. ਹਮੇਸ਼ਾਂ ਪੰਜਾਬ ਦੇ ਜ਼ਮੀਨੀ ਰਸਤੇ ਜਾਂ ਸਮੁੰਦਰੀ ਰਸਤੇ ਭਾਰਤ ਨੂੰ ਢਾਹ ਲਾਉਣ ਲਈ ਜਤਨਸ਼ੀਲ ਰਹਿੰਦੀ ਹੈ. ਆਪਣੇ ਟ੍ਰੇਨਿੰਗ ਦਿੱਤੇ ਦਹਿਸ਼ਤਗਰਦ ਭੇਜਦੀ ਹੈ ਜੋ ਕਈ ਵਾਰ ਤਾਂ ਫੜੇ ਜਾਂਦੇ ਨੇ ਤੇ ਕਈ ਵਾਰ ਕੋਈ ਵੱਡੀ ਵਾਰਦਾਤ ਕਰਨ ਚ ਕਾਮਯਾਬ ਵੀ ਹੋ ਜਾਂਦੇ ਨੇ। ਇੰਨਾ ਹੀ ਨਹੀਂ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਵਰਗਲਾ ਕੇ ਵੱਖਰੇ ਸੂਬੇ ਦੀ ਮੰਗ ਦੇ ਤਹਿਤ ਖ਼ਾਲਿਸਤਾਨੀ ਨਾਅਰੇ ਨੂੰ ਹੱਲਾਸ਼ੇਰੀ ਦੇਣ ਲਈ ਵੀ ਪੂਰੀ ਵਾਹ ਲਾਉਂਦੀ ਹੈ। ਇਸ ਕੰਮ ਵਿੱਚ ਅਮਰੀਕਾ ਪਾਕਿਸਤਾਨ ਦੀ ਹਮੇਸ਼ਾ ਆਰਥਿਕ ਮਦਦ ਕਰਦਾ ਆਇਆ ਹੈ, ਪਰ ਹੁਣ ਪਿਛਲੇ ਕੁੱਝ ਸਮੇਂ ਤੋਂ ਚੀਨ ਵੀ ਭਾਰਤ ਦੀ ਵੱਧਦੀ ਤਾਕਤ ਨੂੰ ਦੇਖ ਕੇ ਪਾਕਿਸਤਾਨ ਨੂੰ ਇਸੇ ਤਰ੍ਹਾਂ ਦੀ ਮਦਦ ਦਿੰਦਾ ਆ ਰਿਹਾ ਹੈ ਤਾਂਕਿ ਭਾਰਤ ਅੰਦਰੂਨੀ ਸੁਰੱਖਿਆ ‘ਚ ਉਲਝਿਆ ਰਹੇ। ਉਹ ਗੱਲ ਵੱਖਰੀ ਹੈ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਚੌਕਸੀ ਤਕਰੀਬਨ ਹਰ ਵਾਰ ਅਜਿਹੀਆਂ ਤਾਕਤਾਂ ਨੂੰ ਮੂੰਹਤੋੜ ਜਵਾਬ ਦੇਣ ‘ਚ ਕਾਮਯਾਬ ਰਹਿੰਦੀਆਂ ਨੇ।
ਸਰਹੱਦੀ ਲੋਕਾਂ ਦੀ ਪਰੇਸ਼ਾਨੀ ਦੂਰ ਕਰਨ ਦੇ ਉਪਾਅ

ਬੀਐੱਸਐੱਫ ਪੰਜਾਬ ਪੁਲਿਸ ਨਾਲ ਮਿਲਕੇ ਸਾਂਝੀ ਮੁਹਿੰਮ ਦੇ ਤਹਿਤ ਇਹਨਾਂ ‘ਤੇ ਠੱਲ ਪਾਉਣ ਲਈ ਹਮੇਸ਼ਾਂ ਜਤਨਸ਼ੀਲ ਰਹਿੰਦੀ ਹੈ। ਇਸਦੇ ਇਲਾਵਾ ਜਾਗਰੂਕਤਾ ਮੁਹਿੰਮਾਂ ਚਲਾਕੇ ਪਿੰਡਾਂ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਹਲਾਤ ਦੀ ਸੂਚਨਾ ਦੇਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਨਸ਼ਿਆਂ ‘ਚ ਪਏ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਉਹਨਾਂ ਦੇ ਮੁੜ ਵਸੇਬੇ ਦੇ ਕੰਮ ਕੀਤੇ ਜਾਂਦੇ ਹਨ। ਸਕੂਲੀ ਪਾਠਕ੍ਰਮਾਂ ਵਿੱਚ ਨਸ਼ਾ ਵਿਰੋਧੀ ਸਿੱਖਿਆ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸਰਹੱਦਾਂ ਦੀ ਚੌਕਸੀ ਅਤੇ ਸੁਰੱਖਿਆ ਲਈ ਕੇਂਦਰ ਸਰਕਾਰ ਦਾ ਤਾਂ ਇੱਕ ਵੱਡਾ ਬਜਟ ਹੁੰਦਾ ਹੀ ਹੈ, ਪੰਜਾਬ ਦੀ ਮੌਜੂਦਾ ਸਰਕਾਰ ਨੇ ਵੀ ਪੰਜਾਬ ਨੂੰ ਪਹਿਲਾ ਐਂਟੀ ਡ੍ਰੋਨ ਕਵਰੇਜ ਰਾਜ ਬਨਾਉਣ ਦਾ ਦਮ ਭਰਿਆ ਹੈ। ਜਿਸਦੇ ਤਹਿਤ ਐਂਟੀ ਡ੍ਰੋਨ ਸਿਸਟਮ ਦੀ ਤਾਇਨਾਤੀ, ਏ.ਆਈ. ਸਮਰੱਥ ਕੈਮਰਿਆਂ ਦੀ ਸਥਾਪਨਾ ਅਤੇ ਪਿੰਡਾਂ ਦੀਆਂ ਰੱਖਿਆ ਕਮੇਟੀਆਂ ਦਾ ਗਠਨ ਸ਼ਾਮਿਲ ਹੈ। ਸੂਬਾ ਸਰਕਾਰ ਵੱਲੋਂ ਸਰਹੱਦੀ ਖੇਤਰਾਂ ਦੀ ਹੋਮ ਗਾਰਡਾਂ ਦੀ ਤਾਇਨਾਤੀ ਅਤੇ ਸੁਰੱਖਿਆ ਉਪਾਵਾਂ ਲਈ 20 ਕਰੋੜ ਦਾ ਇੱਕ ਖ਼ਾਸ ਬਜਟ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ।



Leave a Comment