ਇਹ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਲ ਹੈ ਕਿ ਚਾਰਲੀ ਚੈਪਲਿਨ ਆਪਣੇ ਸਮੇਂ ਵਿੱਚ ਕਿੰਨੇ ਮਸ਼ਹੂਰ ਸਨ। ਦੁਨੀਆ ਦੇ ਸਭ ਤੋਂ ਮਹਾਨ ਕਲਾਕਾਰ, ਚਿੱਤਰਕਾਰ, ਕਵੀ, ਸਿਆਸਤਦਾਨ ਅਤੇ ਸੁੰਦਰ ਔਰਤਾਂ ਉਹਨਾਂ ਦੇ ਨਜ਼ਦੀਕੀ ਦੋਸਤਾਂ ਦੇ ਦਾਇਰੇ ਵਿਚ ਆਉਂਦੇ ਸਨ। ਮਹਾਨ ਤੁਰਕੀ ਕਵੀ ਨਾਜ਼ਿਮ ਹਿਕਮੇਤ ਆਪਣੀ ਕਵਿਤਾ “ਆਟੋਬਾਇਓਗ੍ਰਾਫੀ” ਵਿੱਚ ਕਹਿੰਦੇ ਹਨ:
ਮੈਂ ਉਨ੍ਹਾਂ ਔਰਤਾਂ ਤੋਂ ਈਰਖਾ ਕਰਦਾ ਸੀ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ।
ਮੈਂ ਚਾਰਲੀ ਚੈਪਲਿਨ ਤੋਂ ਬਿਲਕੁਲ ਵੀ ਈਰਖਾ ਨਹੀਂ ਕਰਦਾ ਸੀ।

ਮੂਕ ਫਿਲਮਾਂ ਤੋਂ ਲੈ ਕੇ ਆਵਾਜ਼ ਵਾਲੀ ਫਿਲਮਾਂ ਤੱਕ ਦੇ ਆਪਣੇ ਸਿਨੇਮੈਟਿਕ ਸਫ਼ਰ ਵਿੱਚ, ਚਾਰਲੀ ਚੈਪਲਿਨ ਨੇ ਦਹਾਕਿਆਂ ਤੱਕ ਦੁਨੀਆ ਨੂੰ ਮੋਹਿਤ ਕੀਤਾ। ਇੱਕ ਅਦਾਕਾਰ, ਨਿਰਮਾਤਾ, ਪਟਕਥਾ ਲੇਖਕ ਅਤੇ ਨਿਰਦੇਸ਼ਕ ਵਜੋਂ ਉਨ੍ਹਾਂ ਦਾ ਕੰਮ ਡੂੰਘਾ ਹੈ।
ਦਿਲ ਨੂੰ ਤੋੜ ਕੇ ਰੱਖ ਦੇਣ ਵਾਲੀ ਹਮਦਰਦੀ ਨੂੰ ਉਜਾਗਰ ਕਰਨ ਵਾਲੇ ਸਿਨੇਮਾ ਦੇ ਸਭ ਤੋਂ ਵੱਡੇ ਜੋਕਰ ਵਜੋਂ ਚਾਰਲੀ ਦੇ ਕਿਰਦਾਰ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੁਆਰਾ ਬਹੁਤ ਪਿਆਰ ਮਿਲਿਆ। ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਦੀ ਅਜਿੱਤ ਤਸਵੀਰ ਦਾ ਮਜ਼ਾਕ ਬਣਾਉਂਦੀ 1940 ਦੀ ਫਿਲਮ “ਦਿ ਗ੍ਰੇਟ ਡਿਕਟੇਟਰ”, ਆਪਣੇ ਸਮੇਂ ਦੇ ਸਭ ਤੋਂ ਦਲੇਰ ਕੰਮਾਂ ਵਿੱਚੋਂ ਇੱਕ ਹੈ। ਉਦੋਂ ਤੱਕ, ਉਹਨਾਂ ਨੂੰ ਫਿਲਮਾਂ ਬਣਾਉਂਦੇ ਹੋਏ 25 ਸਾਲ ਹੋ ਚੁੱਕੇ ਸੀ ਅਤੇ ਸਾਰੀ ਦੁਨੀਆ ਉਨ੍ਹਾਂ ਨੂੰ ਪਛਾਣਦੀ ਸੀ।

1940 ਤੋਂ ਬਾਅਦ 7 ਸਾਲਾਂ ਤੱਕ, ਉਹ ਦੂਜੇ ਵਿਸ਼ਵ ਯੁੱਧ ਕਾਰਨ ਕੋਈ ਨਵੀਂ ਫਿਲਮ ਨਹੀਂ ਬਣਾ ਸਕੇ। ਇਸ ਸਮੇਂ ਦੌਰਾਨ, ਵਿਸ਼ਵ ਰਾਜਨੀਤੀ ਵਿੱਚ ਕਾਫ਼ੀ ਬਦਲਾਅ ਆ ਚੁੱਕੇ ਸੀ। ਜੋ ਲੋਕ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿੰਦੇ ਸਨ, ਉਹਨਾਂ ਦੀ ਸ਼ਾਮਤ ਸੀ ਅਤੇ ਡਰ ਦਾ ਮਾਹੌਲ ਸੀ।
ਅਜਿਹੀ ਸਥਿਤੀ ਵਿੱਚ, ਚਾਰਲੀ ਚੈਪਲਿਨ ਚਾਹੁੰਦੇ ਤਾ ਇੱਕ ਜੋਕਰ ਵਜੋਂ ਆਪਣੀ ਸਥਾਪਿਤ ਭੂਮਿਕਾ ਨਿਭਾਉਂਦੇ ਰਹਿ ਸਕਦੇ ਅਤੇ ਆਪਣੇ ਖਜ਼ਾਨੇ ਭਰਦੇ ਰਹਿ ਸਕਦੇ ਸਨ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। 1947 ਵਿੱਚ, ਉਨ੍ਹਾਂ ਨੇ “Monsieur Verdoux” ਫਿਲਮ ਬਣਾਈ। ਇਸ ਫਿਲਮ ਵਿੱਚ, ਚਾਰਲੀ ਨੇ ਇੱਕ ਸੀਰੀਅਲ ਕਿਲਰ ਦੀ ਭੂਮਿਕਾ ਨਿਭਾਈ।

1920 ਦੇ ਦਹਾਕੇ ਦੇ ਇੱਕ ਫ੍ਰਾਂਸੀਸੀ ਅਪਰਾਧੀ ਦੇ ਜੀਵਨ ‘ਤੇ ਆਧਾਰਿਤ, ਇਹ ਫਿਲਮ ਯੁੱਧ ਦੇ ਕਾਰਨ ਆਈ ਮੰਦੀ ਤੋਂ ਬਾਅਦ 30 ਸਾਲ ਕੰਮ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤੇ ਗਏ ਇਕ ਬੈਂਕ ਕਲਰਕ ਦੀ ਕਹਾਣੀ ਹੈ. ਉਸਦੇ ਪਰਿਵਾਰ ਚ ਵ੍ਹੀਲਚੇਅਰ ‘ਤੇ ਉਸਦੀ ਅਪਾਹਜ ਪਤਨੀ ਅਤੇ ਇੱਕ ਬੱਚਾ ਹੈ। ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ, ਉਹ ਮਜਬੂਰੀ ਚ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੁੰਦਾ ਹੈ। ਉਸਦਾ ਕੰਮ-ਢੰਗ ਅਮੀਰ ਵਿਧਵਾਵਾਂ ਨੂੰ ਭਰਮਾਉਣਾ, ਉਨ੍ਹਾਂ ਦਾ ਕਤਲ ਕਰਨਾ ਅਤੇ ਫਿਰ ਉਨ੍ਹਾਂ ਦੇ ਪੈਸੇ ਚੋਰੀ ਕਰਨਾ ਹੈ। ਅੰਤ ਵਿੱਚ ਉਹ ਫੜ ਲਿਆ ਜਾਂਦਾ ਹੈ ਅਤੇ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ।
ਇਹ ਇੱਕ ਬਲੈਕ ਕਾਮੇਡੀ ਹੈ ਜਿਸ ਵਿੱਚ ਚੈਪਲਿਨ ਨਿਜੀ ਅਤੇ ਜਨਤਕ ਕਤਲ ਦੀ ਵਿਅੰਗਮਈ ਤੁਲਨਾ ਪੇਸ਼ ਕਰਦੇ ਹਨ। ਫਿਲਮ ਦਾ ਮੁੱਖ ਪਾਤਰ, Verdoux, ਅਦਾਲਤ ਵਿੱਚ ਕਹਿੰਦਾ ਹੈ, “ਜਿਥੋਂ ਤੱਕ ਮੇਰੇ ਸਮੂਹਕ ਕਾਤਲ ਹੋਣ ਦੀ ਗੱਲ ਹੈ, ਕੀ ਤੁਹਾਡੀ ਦੁਨੀਆ ਅਜਿਹਾ ਕਰਨ ਲਈ ਉਤਸ਼ਾਹਿਤ ਨਹੀਂ ਕਰਦੀ? ਕੀ ਯੁੱਧ ਲਈ ਹਥਿਆਰ ਬਣਾਉਣਾ ਸਮੂਹਕ ਕਤਲ ਨਹੀਂ ਹੈ?” ਜੇਲ੍ਹ ਵਿੱਚ ਉਸਨੂੰ ਮਿਲਣ ਵਾਲੇ ਇੱਕ ਰਿਪੋਰਟਰ ਨੂੰ, ਉਹ ਕਹਿੰਦੇ ਹਨ, “ਇੱਕ ਕਤਲ ਤੁਹਾਨੂੰ ਖਲਨਾਇਕ ਬਣਾਉਂਦਾ ਹੈ। ਲੱਖਾਂ ਲੋਕਾਂ ਨੂੰ ਮਾਰਨ ਤੋਂ ਬਾਅਦ, ਤੁਸੀਂ ਇੱਕ ਹੀਰੋ ਬਣ ਜਾਂਦੇ ਹੋ। ਜੇ ਤੁਹਾਡੇ ਕੋਲ ਗਿਣਤੀ ਹੈ, ਤਾਂ ਕਤਲ ਵੀ ਇੱਕ ਪਵਿੱਤਰ ਉੱਦਮ ਬਣ ਜਾਂਦਾ ਹੈ, ਦੋਸਤ!”

ਫਿਲਮ ਦੇ ਆਖਰੀ ਦ੍ਰਿਸ਼ ਵਿੱਚ ਚਾਰਲੀ ਚੈਪਲਿਨ ਦੀ ਪ੍ਰਤਿਭਾ ਚਮਕਦੀ ਹੈ। Verdoux ਨੂੰ ਗਿਲੋਟਿਨ ਕਰਨ ਤੋਂ ਪਹਿਲਾਂ, ਇੱਕ ਪਾਦਰੀ ਉਨ੍ਹਾਂ ਨੂੰ ਮਿਲਣ ਆਉਂਦੇ ਹੈ ਅਤੇ ਉਸਨੂੰ ਸਿਗਰਟ ਦੀ ਪੇਸ਼ਕਸ਼ ਕਰਦੇ ਹਨ। Verdoux ਇਨਕਾਰ ਕਰ ਦਿੰਦਾ ਹੈ। ਫਿਰ ਉਸਨੂੰ ਰਮ ਦਾ ਗਲਾਸ ਦਿੱਤਾ ਜਾਂਦਾ ਹੈ। Verdoux ਦੁਬਾਰਾ ਇਨਕਾਰ ਕਰ ਦਿੰਦਾ ਹੈ, ਪਰ ਅਚਾਨਕ ਆਪਣਾ ਮਨ ਬਦਲ ਲੈਂਦਾ ਹੈ ਅਤੇ ਕਹਿੰਦਾ ਹੈ, “ਮੈਂ ਪਹਿਲਾਂ ਕਦੇ ਰਮ ਨਹੀਂ ਚਖੀ।” ਉਹ ਇਸਨੂੰ ਇੱਕ ਘੁੱਟ ਵਿੱਚ ਪੀਂਦਾ ਹੈ। ਪਾਦਰੀ ਪ੍ਰਾਰਥਨਾ ਕਰਨ ਲੱਗ ਜਾਂਦੇ ਹਨ, ਅਤੇ ਗਾਰਡ ਉਸਨੂੰ ਗਿਲੋਟਿਨ ਵੱਲ ਲੈ ਜਾਂਦੇ ਹਨ। ਫਿਲਮ ਖਤਮ ਹੁੰਦੀ ਹੈ।
‘Monsieur Verdoux’ ਉਸ ਸਮੇਂ ਰਿਲੀਜ਼ ਹੋਈ ਜਦੋਂ ਰਾਜਨੀਤਿਕ ਡਰ ਆਪਣੇ ਸਿਖਰ ‘ਤੇ ਸੀ। ਕਿਉਂਕਿ ਚੈਪਲਿਨ ਨੇ ਜਨਤਾ ਸਾਹਮਣੇ ਸ਼ੀਸ਼ਾ ਰੱਖਣ ਦੀ ਹਿੰਮਤ ਦਿਖਾਈ ਸੀ, ਇਸ ਲਈ ਉਨ੍ਹਾਂ ਦਾ ਇਸ ਲਈ ਸ਼ਿਕਾਰ ਬਣਨਾ ਤੈਅ ਸੀ।

ਜਨਤਾ ਨੇ ਫਿਲਮ ਨੂੰ ਨਕਾਰ ਦਿੱਤਾ। ਪ੍ਰੈਸ ਕਾਨਫਰੰਸਾਂ ਵਿੱਚ, ਫਿਲਮ ‘ਤੇ ਚਰਚਾ ਕਰਨ ਦੀ ਬਜਾਏ, ਪੱਤਰਕਾਰ ਚਾਰਲੀ ਤੋਂ ਉਸਦੀ ਰਾਜਨੀਤਿਕ ਵਿਚਾਰਧਾਰਾ, ਦੇਸ਼ ਭਗਤੀ ਅਤੇ ਟੈਕਸ ਚੋਰੀ ਬਾਰੇ ਹਮਲਾਵਰ ਸਵਾਲ ਪੁੱਛਣ ਲੱਗੇ। ਉਹ ਜਾਣਨਾ ਚਾਹੁੰਦੇ ਸਨ ਕਿ ਚਾਰਲੀ ਅਮਰੀਕੀ ਨਾਗਰਿਕਤਾ ਕਿਉਂ ਨਹੀਂ ਲੈ ਰਹੇ।
ਨਾਜ਼ੀ- ਵਿਚਾਰ ਧਾਰਾ ਤੋਂ ਪ੍ਰੇਰਿਤ ਹਮਲਿਆਂ ਕਾਰਨ ਫਿਲਮ ਨੂੰ ਸਿਨੇਮਾਘਰਾਂ ਤੋਂ ਹਟਾਉਣਾ ਪਿਆ। ਪਰ ਉਸ ਸਮੇਂ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਆਲੋਚਕ ਮੰਨੇ ਜਾਂਦੇ ਜੇਮਜ਼ ਏਜੀ ਨੇ ਫਿਲਮ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, “ਇਹ ਹੁਣ ਤੱਕ ਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ। ਮੈਨੂੰ ਯਕੀਨ ਹੈ ਕਿ ਇੱਕ ਲੋਕਤੰਤਰ ਜੋ ਆਪਣੇ ਸਾਰੇ ਦੁਸ਼ਮਣਾਂ ਨੂੰ ਆਪਣੇ ਅੰਦਰ ਨਹੀਂ ਰੱਖ ਸਕਦਾ, ਭਾਵੇਂ ਉਹ ਦੁਸ਼ਮਣ ਕੋਈ ਵੀ ਹੋਣ, ਉਹ ਇੱਕ ਲੋਕਤੰਤਰ ਦੇ ਰੂਪ ਵਿੱਚ ਤਬਾਹ ਹੋ ਚੁੱਕਾ ਹੈ।”

ਚਾਰਲੀ ਅਮਰੀਕਾ ਜਾਂ ਕਿਸੇ ਵੀ ਦੇਸ਼ ਦੇ ਦੁਸ਼ਮਣ ਨਹੀਂ ਸਨ। ਉਹ ਸਮਾਜ ਤੋਂ ਕੁਝ ਜ਼ਰੂਰੀ ਸਵਾਲ ਪੁੱਛ ਰਹੇ ਸੀ ਜਿਸ ਵਿੱਚ ਆਲੋਚਨਾ ਲਈ ਕੋਈ ਜਗ੍ਹਾ ਨਹੀਂ ਬਚੀ ਸੀ। 1954 ਵਿੱਚ, ਚਾਰਲੀ ਚੈਪਲਿਨ ਅਮਰੀਕਾ ਛੱਡ ਕੇ ਸਵਿਟਜ਼ਰਲੈਂਡ ਚਲੇ ਗਏ, ਜਿਥੇ 1977 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਚਾਰਲੀ ਚੈਪਲਿਨ ਨੂੰ ਯਾਦ ਕਰਨਾ ਇੱਕ ਅਜਿਹੇ ਕਲਾਕਾਰ ਨੂੰ ਸਲਾਮ ਕਰਨਾ ਹੈ ਜਿਹਨਾਂ ਨੇ ਆਪਣੀ ਕਲਾ ਦੁਆਰਾ, ਮੁਸ਼ਕਲ ਸਮਿਆਂ ਵਿੱਚ ਲੋਕਾਂ ਨੂੰ ਹਸਾਉਣ ਅਤੇ ਜਗਾਉਣ ਦਾ ਦੋਹਰਾ ਮੁਸ਼ਕਲ ਕੰਮ ਕੀਤਾ। ਇਹ ਉਸ ਮਹਾਨ ਆਤਮਾ ਨੂੰ ਯਾਦ ਕਰਨਾ ਹੈ ਜੋ ਸੱਚ ਬੋਲਣ ਵੇਲੇ ਕਦੇ ਕਿਸੇ ਦੇ ਸਾਹਮਣੇ ਨਹੀਂ ਡਰਿਆ ਨਾ ਝੁਕਿਆ। ਉਹ ਯਕੀਨਨ ਇੱਕ ਜੋਕਰ ਤਾਂ ਬਿਲਕੁਲ ਨਹੀਂ ਸੀ।



Leave a Comment