ਜਦੋਂ ਵੀ ਪੰਜਾਬੀਆਂ ਦੀ ਜਾਂਬਾਜ਼ੀ ਜਾਂ ਗੈਰਤ ਅਤੇ ਅਣਖ ਦੀ ਗੱਲ ਤੁਰਦੀ ਹੈ ਤਾਂ ਜ਼ਿਹਨ ਵਿੱਚ ਸਭ ਤੋਂ ਪਹਿਲਾਂ ਨਾਉਂ ਦੁੱਲਾ ਭੱਟੀ ਦਾ ਆਉਂਦਾ ਹੈ। ਦੁੱਲਾ ਭੱਟੀ ਬਹੁਤ ਹੀ ਬਹਾਦਰ ਇਨਸਾਨ ਸੀ। ਦੁੱਲੇ ਭੱਟੀ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਜਿਲਾ ਹਾਫਿਜਾਬਾਦ ਦੇ ਬੱਦਰ ਇਲਾਕੇ ਵਿੱਚ ਚੂਚਕ ਨਾਂ ਦੇ ਪਿੰਡ ਦੇ ਨੇੜੇ 1547 ਈਸਵੀ ਦੇ ਲਗਭਗ ਹੋਇਆ ਸੀ। ਦੁੱਲੇ ਭੱਟੀ ਦਾ ਪਿਤਾ ਫਰੀਦ ਖਾਂ ਭੱਟੀ ਸੀ ਜਦੋਂ ਕਿ ਉਸਦੀ ਮਾਤਾ ਦਾ ਨਾਂ ਲੱਧੀ ਦੱਸਿਆ ਜਾਂਦਾ ਹੈ।
ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੇ ਜਦੋਂ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਦੁੱਲੇ ਭੱਟੀ ਦੀ ਵੀਰਤਾ ਨੂੰ ਕਾਵਿ ਰੂਪ ਵਿੱਚ ਹਰ ਕੋਈ ਗਾਉਂਦਾ ਹੈ। ਬੱਚੇ ਅਕਸਰ ਲੋਹੜੀ ਮੰਗਦੇ ਸਮੇਂ ‘ਸੁੰਦਰ ਮੁੰਦਰੀਏ ਹੋ! ਤੇਰਾ ਕੌਣ ਵਿਚਾਰਾ ਹੋ! ਦੁੱਲਾ ਭੱਟੀ ਵਾਲਾ ਹੋ!’ ਵਾਲਾ ਜੋ ਗੀਤ ਗਾਉਂਦੇ ਹਨ ਇਹ ਦੁੱਲੇ ਭੱਟੀ ਦੀ ਯਾਦ ਵਿੱਚ ਹੀ ਬਣਿਆ ਲੋਕ ਗੀਤ ਹੈ। ਜਿਸ ਪਿੰਡ ਵਿੱਚ ਦੁੱਲੇ ਭੱਟੀ ਦਾ ਜਨਮ ਹੋਇਆ ਸੀ ਉਹ ਚਨਾਬ ਦਰਿਆ ਦੇ ਹੜਾਂ ਦੀ ਮਾਰ ਹੇਠ ਆ ਕੇ ਉੱਜੜ ਗਿਆ ਸੀ ਜਿਸ ਕਰਕੇ ਦੁੱਲੇ ਭੱਟੀ ਦੇ ਕਬੀਲੇ ਵਾਲੇ ਲੋਕਾਂ ਨੇ ਉੱਥੇ ਨੇੜੇ ਹੀ ਇੱਕ ਹੋਰ ਪਿੰਡ ਆਬਾਦ ਕਰ ਲਿਆ ਜਦੋਂ ਕਿ ਦੁੱਲੇ ਭੱਟੀ ਦਾ ਪਰਿਵਾਰ ਪਿੰਡੀ ਭੱਟੀਆਂ ਪਿੰਡ ਵਿਖੇ ਆ ਕੇ ਵੱਸ ਗਿਆ। ਪਿੰਡੀ ਭੱਟੀਆਂ ਪਹਿਲਾਂ ਜ਼ਿਲਾ ਗੁਜਰਾਂਵਾਲਾ ਦੇ ਅਧੀਨ ਆਉਂਦਾ ਸੀ ਪਰ ਜਦੋਂ ਇਸ ਜਿਲੇ ਵਿੱਚੋਂ ਹਾਫਿਜ਼ਾਬਾਦ ਨੂੰ ਜ਼ਿਲਾ ਬਣਾ ਦਿੱਤਾ ਗਿਆ ਤਾਂ ਪਿੰਡੀ ਭੱਟੀਆਂ ਜ਼ਿਲਾ ਹਾਫਿਜ਼ਾਬਾਦ ਵਿੱਚ ਆ ਗਿਆ। ਇਹ ਪਿੰਡ ਲਾਹੌਰ ਤੋਂ 130 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਦੁਲੇ ਭੱਟੀ ਦੀਆਂ ਰਗਾਂ ਵਿੱਚ ਆਪਣੇ ਉਹਨਾਂ ਬਹਾਦਰ ਵਡੇਰਿਆਂ ਦਾ ਖੂਨ ਵਗਦਾ ਸੀ ਜਿਨਾਂ ਨੇ ਬਾਦਸ਼ਾਹ ਬਾਬਰ ਦੇ ਸਮੇਂ ਤੋਂ ਹੀ ਮੁਗਲ ਸਲਤਨਤ ਨਾਲ ਸਦਾ ਹੀ ਲੋਹਾ ਲਿਆ। ਬਾਬਰ ਦੇ ਪੁੱਤਰ ਹੁਮਾਯੂੰ ਦੇ ਸਮੇਂ ਸਾਰੇ ਦੇਸ਼ ਵਿੱਚ ਕਿਸਾਨਾਂ ਤੋਂ ਲਗਾਨ ਲਿਆ ਜਾਂਦਾ ਸੀ ਪ੍ਰੰਤੂ ਦੁੱਲੇ ਭੱਟੀ ਦੇ ਵਡੇਰੇ ਆਪਣੇ ਆਪ ਨੂੰ ਇਸ ਸਾਂਦਲ ਇਲਾਕੇ ਦੇ ਬਾਦਸ਼ਾਹ ਹੀ ਸਮਝਦੇ ਸਨ। ਜਿਸ ਕਰਕੇ ਉਹ ਕਦੇ ਵੀ ਲਗਾਨ ਨਾ ਦਿੰਦੇ। ਬਲਕਿ ਲਗਾਨ ਲੈਣ ਲਈ ਆਏ ਬਾਦਸ਼ਾਹ ਦੇ ਕਰਮਚਾਰੀਆਂ ਦੀ ਮਾਰ ਕੁੱਟ ਕਰਕੇ ਉਹਨਾਂ ਕੋਲੋਂ ਹੋਰਨਾਂ ਲੋਕਾਂ ਤੋਂ ਵਸੂਲਿਆ ਲਗਾਨ ਵੀ ਖੋਹ ਲੈਂਦੇ ਸਨ।
ਅਜਿਹੀਆਂ ਖਬਰਾਂ ਤੋਂ ਤੰਗ ਆਏ ਹੁਮਾਯੂ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਫਰੀਦ ਖਾਂ ਭੱਟੀ ਅਤੇ ਸਾਂਦਲ ਭੱਟੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਵੱਡੀ ਗਿਣਤੀ ਵਿੱਚ ਆਈ ਸ਼ਾਹੀ ਫੌਜ ਨਾਲ ਦੁਲੇ ਭੱਟੀ ਦੇ ਇਹਨਾਂ ਵਡੇਰਿਆਂ ਨੇ ਕਾਫੀ ਸਮਾਂ ਮੁਕਾਬਲਾ ਕੀਤਾ ਪਰੰਤੂ ਫੌਜ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਰਾਜਪੂਤਾਂ ਨੂੰ ਹਾਰ ਹੋਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੋਵਾਂ ਨੂੰ ਮੁਸ਼ਕਾਂ ਬੰਨ ਕੇ ਲਾਹੌਰ ਵਿਖੇ ਹੁਮਾਯੂੰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਉਹਨਾਂ ਦੇ ਸਿਰ ਧੜਾਂ ਤੋਂ ਅਲੱਗ ਕਰਕੇ ਲਾਸ਼ਾਂ ਸ਼ਾਹੀ ਕਿਲੇ ਦੇ ਪਿਛਲੇ ਦਰਵਾਜੇ ਨਾਲ ਲਟਕਾ ਦਿੱਤੀਆਂ ਗਈਆਂ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਬਾਕੀ ਦੇ ਲੋਕਾਂ ਨੂੰ ਇਹ ਸਬਕ ਦਿੱਤਾ ਜਾ ਸਕੇ ਕਿ ਜੋ ਵੀ ਬਾਦਸ਼ਾਹ ਨਾਲ ਬਗਾਵਤ ਕਰੇਗਾ ਉਸ ਦਾ ਇਹੋ ਹਸ਼ਰ ਹੋਵੇਗਾ।

ਦੁੱਲੇ ਭੱਟੀ ਹੋਰੀ ਛੇ ਭਰਾ ਸਨ। ਦੁੱਲਾ ਸਭ ਤੋਂ ਛੋਟਾ ਸੀ। ਸਭ ਤੋਂ ਛੋਟਾ ਹੋਣ ਕਰਕੇ ਸਾਰਿਆਂ ਦਾ ਲਾਡਲਾ ਸੀ ਦੁੱਲਾ ਭੱਟੀ। ਜਿਸ ਕਰਕੇ ਉਹ ਕੁਝ ਜਿਆਦਾ ਹੀ ਸ਼ਰਾਰਤਾਂ ਕਰਿਆ ਕਰਦਾ ਸੀ। ਆਪਣੇ ਦੋਸਤਾਂ ਨਾਲ ਮਿਲ ਕੇ ਉਹਨਾਂ ਨੇ ਕਦੇ ਕਿਸੇ ਦੇ ਪਸ਼ੂ ਖੁੱਲੇ ਛੱਡ ਦੇਣੇ, ਕਦੇ ਪਸ਼ੂਆਂ ਦਾ ਦੁੱਧ ਚੋਰੀ ਕਰ ਲੈਣਾ ਤੇ ਕਈ ਵਾਰ ਖੂਹ ਤੋਂ ਪਾਣੀ ਭਰ ਕੇ ਆਉਂਦੀਆਂ ਮੁਟਿਆਰਾਂ ਦੇ ਘੜੇ ਵੱਟੇ ਮਾਰ ਕੇ ਭੰਨ ਦੇਣੇ। ਇੱਕ ਵਾਰੀ ਪਿੰਡ ਦੇ ਇੱਕ ਮਰਾਸਣ ਦਾ ਘੜਾ ਦੁੱਲੇ ਭੱਟੀ ਨੇ ਵੱਟਾ ਮਾਰ ਕੇ ਭੰਨ ਦਿੱਤਾ ਜਿਸ ਨੇ ਦੁੱਲੇ ਨੂੰ ਬੋਲੀ ਮਾਰੀ (ਮਿਹਣਾ ਮਾਰਿਆ) ਕਿ ਜੇਕਰ ਇੰਨਾ ਹੀ ਬਹਾਦਰ ਹੈ ਤਾਂ ਆਪਣੇ ਪਿਓ ਦਾਦੇ ਦਾ ਬਦਲਾ ਲਾਹੌਰ ਦਰਬਾਰ ਤੋਂ ਜਾ ਕੇ ਲੈ, ਜਿਨਾਂ ਨੇ ਉਹਨਾਂ ਦੀਆਂ ਲਾਸ਼ਾਂ ਕਿਲੇ ਦੇ ਨਾਲ ਲਟਕਾਈਆਂ ਹੋਈਆਂ ਹਨ। ਦੁੱਲੇ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕਿਉਂਕਿ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ ਉਸੇ ਸਾਲ ਦੁੱਲੇ ਦਾ ਜਨਮ ਹੋਇਆ ਸੀ। ਉਹ ਆਪਣੇ ਘਰ ਆ ਕੇ ਆਪਣੀ ਮਾਤਾ ਲੱਧੀ ਦੇ ਗਲ ਪੈ ਗਿਆ ਅਤੇ ਉਸ ਕੋਲੋਂ ਸਾਰੀ ਸੱਚਾਈ ਪੁੱਛਣ ਲੱਗਾ। ਪਹਿਲਾਂ ਤਾਂ ਲੱਧੀ ਨੇ ਟਾਲ ਮਟੋਲ ਕੀਤੀ ਪਰੰਤੂ ਜਦੋਂ ਦੁੱਲਾ ਨਾ ਹਟਿਆ ਤਾਂ ਲੱਧੀ ਨੇ ਉਸਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਹੁਣ ਦੁੱਲਾ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਆਪਣੀ ਫੌਜ ਮਜਬੂਤ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਦੋਸਤਾਂ ਨਾਲ ਮਿਲ ਕੇ ਉਸਨੇ ਸ਼ਾਹੀ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਾਦਸ਼ਾਹ ਅਕਬਰ ਦੇ ਵਿਰੁੱਧ ਬਗਾਵਤ ਕਰ ਦਿੱਤੀ। ਉਹ ਇੱਕ ਬਾਦਸ਼ਾਹ ਦੀ ਤਰ੍ਹਾਂ ਹੀ ਵਿਚਰਨ ਲੱਗਾ ਕਿਉਂਕਿ ਬਹੁਤ ਵੱਡੇ ਇਲਾਕੇ ਵਿੱਚ ਉਸ ਨੂੰ ਨਿਆ ਪਸੰਦ ਬਾਦਸ਼ਾਹ ਹੀ ਸਵੀਕਾਰ ਕੀਤਾ ਗਿਆ।

ਕਿਹਾ ਜਾਂਦਾ ਹੈ ਕਿ ਇੱਕ ਵਾਰ ਅਕਬਰ ਬਾਦਸ਼ਾਹ ਦੀ ਮੈਲੀ ਨਜ਼ਰ ਮੂਲਚੰਦ ਨਾਂ ਦੇ ਇੱਕ ਗਰੀਬ ਹਿੰਦੂ ਦੀ 15 ਸਾਲ ਦੀ ਖੂਬਸੂਰਤ ਧੀ ਮੁੰਦਰੀ ਤੇ ਪੈ ਗਈ। ਅਕਬਰ ਨੇ ਉਸ ਨੂੰ ਸੁਨੇਹਾ ਭੇਜ ਦਿੱਤਾ ਕਿ ਛੇਤੀ ਤੋਂ ਛੇਤੀ ਉਸ ਦੀ ਧੀ ਨਾਲ ਉਹ ਵਿਆਹ ਕਰਵਾ ਕੇ ਆਪਣੀ ਰਾਣੀ ਬਣਾ ਲਵੇਗਾ। ਮੂਲ ਚੰਦ ਘਬਰਾ ਗਿਆ ਅਤੇ ਦੁੱਲੇ ਭੱਟੀ ਕੋਲ ਆ ਫਰਿਆਦੀ ਹੋਇਆ। ਦੁੱਲੇ ਭੱਟੀ ਨੇ ਆਪਣੇ ਦੋਸਤ ਸੁੰਦਰ ਦਾਸ ਸ਼ਾਹੂਕਾਰ ਦੇ ਪੁੱਤਰ ਨਾਲ ਮੂਲ ਚੰਦ ਦੀ ਬੇਟੀ ਦਾ ਵਿਆਹ ਕਰਵਾ ਦਿੱਤਾ। ਇਸੇ ਯਾਦ ਵਿੱਚ ਲੋਹੜੀ ਵਾਲਾ ਗੀਤ ਅੱਜ ਤੱਕ ਲੋਕੀ ਗਾਉਂਦੇ ਹਨ। ਸੁੰਦਰ ਮੁੰਦਰੀ ਏ ਹੋ। ਤੇਰਾ ਕੌਣ ਵਿਚਾਰਾ ਹੋ। ਦੁੱਲਾ ਭੱਟੀ ਵਾਲਾ ਹੋ। ਦੁੱਲੇ ਨੇ ਧੀ ਵਿਆਹੀ ਹੋ। ਸੇਰ ਸ਼ੱਕਰ ਪਾਈ ਹੋ। ਸਿਰ ਤੇ ਲਾਲ ਦੁਪੱਟਾ ਹੋ। ਕੁੜੀ ਦਾ ਸਾਲੂ ਪਾਟਾ ਹੋ…….।
ਪਤਾ ਲੱਗਣ ਤੇ ਬਾਦਸ਼ਾਹ ਅਕਬਰ ਦੰਦ ਪੀਹ ਕੇ ਰਹਿ ਗਿਆ ਇਸੇ ਦੌਰਾਨ ਇਹ ਵੀ ਦੱਸਿਆ ਜਾਂਦਾ ਹੈ ਕਿ ਦੁੱਲੇ ਭੱਟੀ ਨੇ ਬਾਦਸ਼ਾਹ ਅਕਬਰ ਦੀਆਂ ਦੋ ਰਾਣੀਆਂ ਨੂੰ ਅਗਵਾਹ ਕਰ ਲਿਆ ਅਜਿਹਾ ਉਸ ਵੇਲੇ ਕੀਤਾ ਗਿਆ ਜਦੋਂ ਇਹ ਰਾਣੀਆਂ ਸ਼ਾਹੀ ਫੌਜ ਦੀ ਸੁਰੱਖਿਆ ਦੇ ਅਧੀਨ ਹੱਜ ਕਰਨ ਲਈ ਜਾ ਰਹੀਆਂ ਸਨ। ਬਾਦਸ਼ਾਹ ਅਕਬਰ ਨੇ 12 ਹਜਾਰ ਹਥਿਆਰਬੰਦ ਫੌਜ ਨੂੰ ਮਿਰਜਾ ਨਿਜ਼ਾਮੁਦੀਨ ਦੀ ਕਮਾਂਡ ਹੇਠ ਦੁੱਲੇ ਭੱਟੀ ਨੂੰ ਗ੍ਰਿਫਤਾਰ ਕਰਨ ਲਈ ਭੇਜ ਦਿੱਤਾ। ਦੁੱਲਾ ਭੱਟੀ ਉਸ ਵੇਲੇ ਪਿੰਡੀ ਭੱਟੀਆਂ ਵਿੱਚ ਨਹੀਂ ਸੀ ਬਲਕਿ ਆਪਣੇ ਮਾਮੇ ਰਹਿਮਤ ਖਾਂ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚਨੇਓਟ ਗਿਆ ਹੋਇਆ ਸੀ। ਸ਼ਾਹੀ ਫੌਜਾਂ ਪਿੰਡੀ ਭਟੀਆਂ ਆ ਗਈਆਂ ਦੁੱਲੇ ਦੀ ਮਾਤਾ ਲੱਧੀ ਨੇ ਦੁੱਲੇ ਦੇ ਪੁੱਤਰ ਨੂਰ ਖਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਭੇਜਿਆ। ਦੁੱਲੇ ਦੀਆਂ ਦੋਵੇਂ ਪਤਨੀਆਂ ਫੁੱਲਰਾਂ ਅਤੇ ਨੂਰਾਂ, ਦੁੱਲੇ ਦੇ ਬੱਚੇ ਜਹਾਨ ਖਾਂ ਭੱਟੀ, ਕਮਾਲ ਖਾਂ ਭੱਟੀ, ਬੇਟੀ ਬਖਤਉਨੀਸਾ, ਚਚੇਰਾ ਭਰਾ ਮਿਹਰੁਦੀਨ ਪੋਸਤੀ ਅਤੇ ਸਾਰੇ ਹੀ ਪਰਿਵਾਰਿਕ ਮੈਂਬਰ ਸ਼ਾਹੀ ਫੌਜ ਨਾਲ ਕਾਫੀ ਸਮਾਂ ਲੜਦੇ ਰਹੇ ਪ੍ਰੰਤੂ ਇੰਨੀ ਜ਼ਿਆਦਾ ਫੌਜ ਅੱਗੇ ਉਹਨਾਂ ਦੀ ਜ਼ਿਆਦਾ ਸਮਾਂ ਪੇਸ਼ ਨਾ ਗਈ। ਇਸ ਲੜਾਈ ਵਿੱਚ ਦੁੱਲੇ ਦੀ ਧੀ ਬਖਤਉਨੀਸਾ ਅਤੇ ਚਚੇਰਾ ਭਰਾ ਮਿਹਰੂ ਪੋਸਤੀ ਮਾਰੇ ਗਏ। ਦੁੱਲੇ ਦੀਆਂ ਦੋਵੇਂ ਪਤਨੀਆਂ ਫੁੱਲਰਾਂ ਅਤੇ ਨੂਰਾਂ, ਧੀ ਸਲੀਮੋ ਅਤੇ ਪੁੱਤਰ ਨੂਰ ਖਾਂ ਅਤੇ ਮਾਤਾ ਲੱਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸੇ ਦੌਰਾਨ ਲੱਧੀ ਨੇ ਕਿਸੇ ਨਾ ਕਿਸੇ ਤਰੀਕੇ ਦੁੱਲੇ ਭੱਟੀ ਤੱਕ ਇਹ ਸਾਰਾ ਸੁਨੇਹਾ ਪਹੁੰਚਾ ਦਿੱਤਾ ਕਿ ਅਕਬਰ ਨੇ ਪਿੰਡੀ ਭੱਟੀਆਂ ਨੂੰ ਲੁੱਟ ਲਿਆ ਹੈ ਅਤੇ ਉਸਦੀ ਇੱਜਤ ਨੂੰ ਹੱਥ ਪਾਇਆ ਹੈ। ਦੁੱਲਾ ਭੱਟੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਕਬਰ ਦੇ ਵਿਰੁੱਧ ਜੰਗ ਕਰਨ ਲਈ ਤਿਆਰ ਹੋ ਗਿਆ। ਲਾਹੌਰ ਤੋਂ ਕੁਝ ਦੂਰ ਪਹਿਲਾਂ ਹੀ ਦੁੱਲੇ ਭੱਟੀ ਦੇ ਸਾਥੀਆਂ ਨੇ ਸ਼ਾਹੀ ਫੌਜ ਦਾ ਰਸਤਾ ਰੋਕ ਲਿਆ। ਮਿਰਜਾ ਨਿਜ਼ਾਮੂਦੀਨ ਬੜਾ ਚਲਾਕ ਸੀ। ਜਿਸਨੇ ਇੱਕ ਸਾਜਿਸ਼ ਦੇ ਤਹਿਤ ਉਥੋਂ ਆਪਣਾ ਘੋੜਾ ਦੁੜਾ ਲਿਆ। ਦੁੱਲਾ ਭੱਟੀ ਉਸਦੇ ਪਿੱਛੇ ਲੱਗ ਗਿਆ ਅਤੇ ਬਾਕੀ ਸਾਥੀਆਂ ਨਾਲ ਨਿਖੜ ਗਿਆ। ਬਾਅਦ ਵਿੱਚ ਸ਼ਾਹੀ ਫੌਜ ਨੇ ਘੇਰਾ ਪਾ ਕੇ ਉਸ ਨੂੰ ਫੜ ਲਿਆ। ਉਸ ਨੂੰ ਜੰਜੀਰਾਂ ਵਿੱਚ ਬੰਨ ਕੇ ਅਕਬਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਲਾਹੌਰ ਦੇ ਲੰਡਾ ਬਾਜ਼ਾਰ ਦੇ ਮਹੱਲਾ ਨਖਾਸ ਵਿੱਚ, ਨੌ ਲੱਖਾ ਬਾਜ਼ਾਰ ਦੇ ਕੋਲ 26 ਮਾਰਚ 1589 ਈਸਵੀ ਨੂੰ ਦੁੱਲੇ ਭੱਟੀ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।



Leave a Comment